October 30, 2011 admin

ਸੇਵਾ ਦਾ ਅਧਿਕਾਰ ਕਾਨੂੰਨ’ ਲਾਗੂ ਹੋਣ ਨਾਲ ਪੰਜਾਬ ਵਿੱਚ ਸਮਾਜਿਕ ਕ੍ਰਾਂਤੀ ਆਵੇਗੀ-ਚੰਦੂਮਾਜਰਾ

ਫਤਹਿਗੜ੍ਹ ਸਾਹਿਬ – ਪੰਜਾਬ ਸਰਕਾਰ ਨੇ ਦੇਸ਼ ਭਰ ਵਿੱਚੋਂ ਸਭ ਤੋਂ ਪਹਿਲਾਂ ਪੰਜਾਬ ਵਿੱਚ  ‘ਸੇਵਾ ਦਾ ਅਧਿਕਾਰ ਕਾਨੂੰਨ’ ਲਾਗੂ ਕਰਕੇ ਇੱਕ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਰੋਜ਼ਮਰਾ ਦੀਆਂ 67 ਸੇਵਾਵਾਂ ਨੂੰ ਇਸ ਕਾਨੂੰਨ ਅਧੀਨ ਸਮਾਂ ਬੱਧ ਕੀਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਵਾਰ ਵਾਰ ਚੱਕਰ ਨਾ ਮਾਰਨੇ ਪੈਣ ਅਤੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਹਿਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡੀਵੈਲਪਮੈਟ ਸੋਸਾਇਟੀ ਦੇ ਚੇਅਰਮੈਨ ਸ: ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਮੰਗਲ ਪੈਲੇਸ ਸਰਹਿੰਦ ਮੰਡੀ ਵਿਖੇ ਆਯੋਜਤ ਵਿਸ਼ਾਲ ਸਮਾਜਿਕ ਭਲਾਈ ਅਤੇ ਕਾਨੂੰਨੀ ਸਹਾਇਤਾ ਕੈਂਪ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਆਖਿਆ ਕਿ ਸੋਸਾਇਟੀ ਵੱਲੋਂ ਸਮਾਜ ਭਲਾਈ ਦੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਕੀਮਾਂ ਅਤੇ ਲੋਕ ਭਲਾਈ ਦੇ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋੜਵੰਦ ਲਾਭਪਾਤਰ ਭਲਾਈ ਸਕੀਮਾਂ ਦੀ ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ।
 ਪ੍ਰੋ: ਚੰਦੂਮਾਜਰਾ ਨੇ ਆਖਿਆ ਕਿ ਸੋਸਾਇਟੀ ਵੱਲੋਂ ਜਿੱਥੇ ਨਸ਼ਿਆਂ ਦੀ ਰੋਕਥਾਮ ,ਵਾਤਾਵਰਣ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਨਾਲ ਹੀ ਆਮ ਲੋਕਾਂ ਨੂੰ ਲੋਕ ਭਲਾਈ ਦੀਆਂ ਸਕੀਮਾਂ ਅਤੇ ਕਾਨੂੰਨਾਂ ਬਾਰੇ ਹੇਠਲੇ ਪੱਧਰ ਤੱਕ ਜਾਗਰੂਕ ਕਰਨ ਲਈ ਇਸ ਸੋਸਾਇਟੀ ਵੱਲੋਂ ਬਲਾਕ ਪੱਧਰ ਤੇ ਅਜਿਹੇ ਕੈਂਪ ਆਯੋਜਤ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਨੌਜਵਾਨ ਵਰਗ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ, ਉੱਥੇ ਬਜ਼ੁਰਗਾਂ ਨੂੰ ਵੀ ਇੱਕ ਜੁੱਟ ਹੋ ਕੇ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ ਤਾਂ ਜੋ ਸਮੁੱਚੇ ਸਮਾਜ ਨੁੰ ਇਨ੍ਹਾਂ ਬੁਰਾਈਆਂ ਤੋਂ ਨਿਜਾਤ ਦੁਆਈ ਜਾ ਸਕੇ।
ਏ.ਡੀ.ਸੀ. ਵਿਕਾਸ ਸ: ਪ੍ਰਦੀਪ ਸਿੰਘ ਕਾਲੇਕਾ ਨੇ ਇਸ ਕੈਂਪ ਵਿੱਚ ਮਨਰੇਗਾ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ ਵੱਲੋਂ ਇਸ ਸਕੀਮ ਅਧੀਨ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਵਧੇਰੇ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 25 ਹਜ਼ਾਰ ਤੋਂ ਵੱਧ ਜਾਬ ਕਾਰਡ ਬਣਾਏ ਗਏ ਹਨ ਅਤੇ ਇਸ ਸਾਲ ਵੱਧ ਤੋਂ ਵੱਧ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 5 ਕਰੋੜ 32 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਜਿੱਥੇ ਪਹਿਲਾਂ ਇੱਕ ਦਿਨ ਦਾ ਮਿਹਨਤਾਨਾ 123 ਰੁਪਏ ਦਿੱਤਾ ਜਾਂਦਾ ਸੀ, ਉੱਥੇ ਇਹ ਮਿਹਨਤਾਨਾ ਵਧਾ ਕੇ ਹੁਣ 153 ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਦਰਾ ਆਵਾਸ ਯੋਜਨਾ ਅਧੀਨ 127ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਅਤੇ 94 ਘਰਾਂ ਦੀ ਮੁਰੰਮਤ ਤੇ 71 ਲੱਖ 25 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਹੋਰ ਦੱਸਿਆ ਕਿ ਪਿੰਡਾਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਦੇ ਘਰਾਂ ਵਿੱਚ 6 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ 5628 ਪਖਾਨਿਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਜਿਹਨਾਂ ਵਿੱਚੋਂ ਹੁਣ ਤੱਕ ਕਰੀਬ 3000 ਪਖਾਨੇ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ਅਧੀਨ ਜ਼ਿਲ੍ਹੇ ਦੀਆਂ 3 ਹਜ਼ਾਰ 98 ਲੜਕੀਆਂ ਨੂੰ 4 ਕਰੋੜ 64 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 11ਵੀਂ ਤੇ 12ਵੀਂ ਜਮਾਤ ਦੀਆਂ ਲੜਕੀਆਂ ਨੂੰ ਸਾਈਕਲ ਵੰਡੇ ਜਾ ਰਹੇ ਹਨ, ਉੱਥੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿੰਮ ਖੋਲ੍ਹੇ ਜਾ ਰਹੇ ਹਨ ਅਤੇ ਖੇਡਾਂ ਦਾ ਸਮਾਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੋਸਾਇਟੀ ਵੱਲੋਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਰੰਭੀ ਗਈ ਮੁਹਿੰਮ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।
ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਜਗਦੀਪ ਸਿੰਘ ਚੀਮਾ ਨੇ ਸੋਸਾਇਟੀ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਘਾ ਕਰਦਿਆਂ ਕਿਹਾ ਕਿ ਨੌਜਵਾਨ ਸ਼ਕਤੀ ਸਮਾਜ ਵਿੱਚੋਂ ਨਸ਼ੇਬਾਜੀ, ਭਰੂਣ ਹੱਤਿਆ, ਦਹੇਜ ਪ੍ਰਥਾ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਜੋ ਉਪਰਾਲੇ ਕਰ ਰਹੀ ਹੈ ਉਸ ਦੇ ਭਵਿੱਖ ਵਿੱਚ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਸੋਸਾਇਟੀ ਦੇ ਮੈਬਰਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਆਮ ਲੋਕਾਂ ਨੂੰ ਭਲਾਈ ਸਕੀਮਾਂ ਅਤੇ ਸੇਵਾ ਦਾ ਅਧਿਕਾਰ ਕਾਨੂੰਨ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਲਈ ਵੱਧ ਤੋਂ ਵੱਧ ਕੈਪਾਂ ਦਾ ਆਯੋਜਨ ਕਰਨ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਸੋਸਾਇਟੀ ਦੇ ਚੇਅਰਮੈਨ ਸ: ਬਲਜੀਤ ਸਿੰਘ ਭੁੱਟਾ,ਸੋਸਾਇਟੀ ਦੇ ਸਰਪਰਸਤ ਸ੍ਰੀ ਗੁਲਸ਼ਨ ਕੁਮਾਰ ਅਰੋੜਾ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ ਸ: ਕੁਲਦੀਪ ਸਿੰਘ ਜੋਸਨ ਨੇ ਵੀ ਸੰਬੋਧਨ ਕੀਤਾ।  ਇਸ ਕੈਂਪ ਵਿੱਚ ਸਾਬਕਾ ਮੰਤਰੀ ਅਤੇ ਮੈਂਬਰ ਐਸ.ਜੀ.ਪੀ.ਸੀ. ਸ: ਰਣਧੀਰ ਸਿੰਘ ਚੀਮਾ, ਮੈਂਬਰ ਐਸ.ਜੀ.ਪੀ.ਸੀ. ਸ: ਅਵਤਾਰ ਸਿੰਘ ਰਿਆ, ਮੈਂਬਰ ਐਸ.ਜੀ.ਪੀ.ਸੀ. ਸ: ਰਵਿੰਦਰ ਸਿੰਘ ਖਾਲਸਾ, ਸਾਬਕਾ ਮੈਂਬਰ ਐਸ.ਜੀ.ਪੀ.ਸੀ ਬੀਬੀ ਸੁਰਿੰਦਰ ਕੌਰ, ਸ੍ਰ: ਹਰਭਜਨ ਸਿੰਘ ਚਨਾਰਥਲ, ਸ: ਮਨਮੋਹਨ ਸਿੰਘ ਮੁਕਾਰੋਂਪੁਰ, ਸ੍ਰ: ਸੁਖਬੀਰ ਸਿੰਘ ਅਬਲੋਵਾਲ, ਸ: ਮਲਕੀਤ ਸਿੰਘ ਮਠਾੜੂ, ਸ੍ਰ: ਬਬਲਜੀਤ ਸਿੰਘ ਪ੍ਰਿੰਸੀ, ਸ੍ਰ: ਜਸਵਿੰਦਰ ਸਿੰਘ ਭੰਗੂ, ਸ: ਜਗਜੀਤ ਸਿੰਘ ਪੰਜੋਲੀ , ਡਾ: ਮਹਿੰਦਰ ਸਿੰਘ ਚੁੰਨੀ ਕਲਾਂ ਤੋਂ ਇਲਾਵਾ ਸੋਸਾਇਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਪਤਵੰਤੇ ਸ਼ਾਮਲ ਹੋਏ।

Translate »