November 30, 2011 admin

ਯੂਥ ਅਕਾਲੀ ਦਲ (ਬਾਦਲ) ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ : ਬਿਕਰਮ ਸਿੰਘ ਮਜੀਠੀਆ

ਪਟਿਆਲਾ (30 ਨਵੰਬਰ 2011) : ਯੂਥ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪਟਿਆਲਾ ਸ਼ਹਿਰ ਵਿੱਚ ਸਥਿਤ ਖਾਲਸਾ ਕਾਲਜ ਤੋਂ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ । ਯੂਥ ਅਕਾਲੀ ਦਲ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਖਾਲਸਾ ਕਾਲਜ ਪਟਿਆਲਾ ਦੇ ਖੁਲ੍ਹੇ ਮੈਦਾਨ ਵਿੱਚ ਹੋਏ ਇੱਕ ਸਮਾਗਮ ਤੋਂ ਮਗਰੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ ਵਿਰੁੱਧ ਵਿਸ਼ਾਲ ‘ਮੈਰਾਥਨ’ ਦੌੜ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਵਿਦਿਆਰਥੀਆਂ, ਵਿਦਿਆਰਥਣਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ । ਇਸ ਦੌਰਾਨ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਿੰਮਤੀ ਅਤੇ ਅਗਾਂਹਵਧੂ ਨੌਜਵਾਨਾਂ ਦੇ ਸਿਰਾਂ ‘ਤੇ ਅਹੁਦੇਦਾਰੀਆਂ ਦੇ ਤਾਜ ਰੱਖਣ ਦੇ ਨਾਲ-ਨਾਲ ਇਨ੍ਹਾਂ ਨੌਜਵਾਨਾਂ ਨੂੰ ਸਮਾਜ ਦੇ ਭਲੇ ਲਈ ਹਮੇਸ਼ਾਂ ਸਰਗਰਮ ਰਹਿਣ ਦਾ ਥਾਪੜਾ ਦਿੱਤਾ ਹੈ ਅਤੇ ਯੂਥ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਇਸ ਸਰਗਰਮੀ ਨੂੰ ਜਾਰੀ ਰੱਖਦੇ ਹੋਏ ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣਗੇ । ਸਰਦਾਰ ਮਜੀਠੀਆ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਯੋਗ ਰਹਿਨੁਮਾਈ ਹੇਠ ਸਾਰੇ ਵਰਗਾਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਸਰਦਾਰ ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਪੰਜਾਬ ਭਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ । ਸਰਦਾਰ ਮਜੀਠੀਆ ਨੇ ਕਿਹਾ ਕਿ ਨੋਜਵਾਨ ਵਰਗ ਹੀ ਪੰਜਾਬ ਦੇ ਭਵਿੱਖ ਨੂੰ ਸੰਵਾਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ । ਸ. ਮਜੀਠੀਆ ਨੇ ਇਹ ਵੀ ਕਿਹਾ ਕਿ ‘ਮੈਰਾਥਨ’ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਲਾਮਬੰਦ ਕਰਨਾ ਹੈ ਅਤੇ ਨੌਜਵਾਨ ਅਜਿਹੀ ਜਾਗਰੂਕਤਾ ਫੈਲਾਉਣ ਵਿੱਚ ਮੋਹਰੀ ਭੁਮਿਕਾ ਅਦਾ ਕਰ ਸਕਦੇ ਹਨ । ਉਨ੍ਹਾਂ ਨੇ ਜਾਗਰੂਕਤਾ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਮਾਜ ਪ੍ਰਤੀ ਬਣਦੀਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜਾਂ ਨੂੰ ਨਿਭਾਉਂਦੇ ਹੋਏ ਸਮਾਜ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ।

ਇਸ ਮੌਕੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਯੂਥ ਅਕਾਲੀ ਦਲ ਨਾਲ ਜੁੜੇ ਸਮੂਹ ਨੋਜਵਾਨਾਂ ਵੱਲੋਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕਸ ਲਈਆਂ ਗਈਆਂ ਹਨ ਅਤੇ ਪੰਜਾਬ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਯੂਥ ਅਕਾਲੀ ਦਲ ਬਾਦਲ ਵੱਲੋਂ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਜਾਵੇਗੀ ।  ਉਨ੍ਹਾਂ ਨੇ ਕਿਹਾ ਕਿ ‘ਮੈਰਾਥਨ’ ਦੌੜ ਵਿੱਚ ਸ਼ਾਮਲ ਹੋਣ ਵਾਲੇ ਬੱਚੇ ਅਤੇ ਜਵਾਨ ਇਹ ਸੰਦੇਸ਼ ਘਰ-ਘਰ ਪਹੁੰਚਾਉਣਗੇ ਕਿ ਨਸ਼ਿਆਂ ਵਿਰੁੱਧ ਸਾਰੇ ਜਾਗਰੂਕ ਹੋ ਚੁੱਕੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਭਵਿੱਖ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸਣ ਨਹੀਂ ਦਿੱਤਾ ਜਾਵੇਗਾ । ਕੈਪਟਨ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਜੋ ਇਤਿਹਾਸਕ ਉਪਰਾਲਾ ਕੀਤਾ ਹੈ ਉਸ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਵਧਾਈ ਦੇ ਹੱਕਦਾਰ ਹਨ । ਕੈਪਟਨ ਪ੍ਰੀਤਇੰਦਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਯੂਥ ਅਕਾਲੀ ਦਲ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਇਸ ਲਹਿਰ ਦੀ ਮਜ਼ਬੂਤੀ ਲਈ ਸਾਰੇ ਨੌਜਵਾਨ ਦਿਨ ਰਾਤ ਮਿਹਨਤ ਕਰਨਗੇ ।

ਇਸ ਸਮਾਗਮ ਵਿੱਚ ਸੀਨੀਅਰ ਅਕਾਲੀ ਨੇਤਾ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਵੀ ਸੰਬੋਧਨ ਕੀਤਾ । ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਵਿੱਚ ਨਸ਼ਿਆਂ ਦੇ ਖਿਲਾਫ ਚੇਤਨਾ ਪੈਦਾ ਕਰਨ ਵਿੱਚ ਪੰਜਾਬ ਸਰਕਾਰ ਦਾ ਵੱਡਮੁੱਲਾ ਯੋਗਦਾਨ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਵਿੱਚ ਵੀ ਪੰਜਾਬ ਸਰਕਾਰ ਨੇ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ । ਇਸ ਮੌਕੇ ਪਟਿਆਲਾ ਦੀ ਹੀ ਸਿਰਕੱਢ ਮਹਿਲਾ ਅਕਾਲੀ ਨੇਤਾ ਸ਼੍ਰੀਮਤੀ ਮੰਜੂ ਕੁਰੈਸ਼ੀ ਨੇ ਵੀ ਯੂਥ ਅਕਾਲੀ ਦਲ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਸਰਾਹਿਆ ਅਤੇ ਸਾਰੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋ ਕੇ ਸਮਾਜਕ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ ।

ਇਸ ਮੌਕੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ, ਕੌਮੀ ਜਨਰਲ ਸਕੱਤਰ ਹਰਪਾਲ ਜੁਨੇਜਾ, ਕੌਂਸਲਰ ਅਮਰਿੰਦਰ ਸਿੰਘ ਬਜਾਜ, ਜਨਰਲ ਸਕੱਤਰ ਸੁੱਖੀ ਰੱਖੜਾ ਤੇ ਹੋਰ ਨੌਜਵਾਨ ਆਗੂਆਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਸਨਮਾਨਿਤ ਕੀਤਾ । ਇਸ ਤੋਂ ਮਗਰੋਂ ਸਰਦਾਰ ਮਜੀਠੀਆ ਨੇ ‘ਮੈਰਾਥਨ’ ਦੌੜ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ‘ਮੈਰਾਥਨ’ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਨਸ਼ਿਆਂ ਵਿਰੁਧ ਆਪਣੀ ਜੰਗ ਜਾਰੀ ਰੱਖਣ ਦੀ ਅਪੀਲ ਕੀਤੀ । ਸਮਾਗਮ ਦੌਰਾਨ ਪਟਿਆਲਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਜੈਬ ਸਿੰਘ ਮੁਖਮੇਲਪੁਰ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਰਿੰਦਰਪਾਲ ਸਿੰਘ ਟੋਹੜਾ,  ਹਰਮੀਤ ਸਿੰਘ ਪਠਾਨਮਾਜਰਾ, ਸੁਖਚੈਨ ਸਿੰਘ ਚੀਮਾ ਭਲਵਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਅਜੀਤਪਾਲ ਸਿਘ ਕੋਹਲੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਕੌਂਸਲਰ ਜਸਪਾਲ ਸਿੰਘ ਪ੍ਰਧਾਨ , ਤਜਿੰਦਰਪਾਲ ਸਿੰਘ ਸੰਧੂ, ਸਤਿਬੀਰ ਸਿੰਘ ਖੱਟੜਾ, ਮਨੀ  ਲੱਸੀ, ਅਜੇ ਲਿਬੜਾ ਸਮੇਤ ਹਜ਼ਾਰਾਂ ਯੂਥ ਆਗੂ ਤੇ ਵਰਕਰ ਹਾਜ਼ਰ ਸਨ ।

Translate »