December 30, 2011 admin

ਸਟੈਟਿਕ ਟੀਮਾਂ ਦੀ ਜ਼ਿਲ੍ਹਾ ਚੋਣ ਅਫਸਰ ਤੇ ਐਸ.ਐਸ.ਪੀ ਵੱਲੋਂ ਅਚਨਚੇਤੀ ਚੈਕਿੰਗ

ਬਠਿੰਡਾ, 30 ਦਸੰਬਰ – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਧੰਨ ਦੀ ਗੈਰ-ਕਾਨੂੰਨੀ ਵਰਤੋਂ, ਨਸ਼ਿਆਂ ਦੀ ਵੰਡ ਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਮੁਕੰਮਲ ਰੂਪ ਵਿੱਚ ਰੋਕਣ ਲਈ  ਵੱਖ-ਵੱਖ ਥਾਈ ਨਾਕਾਬੰਦੀਆਂ ਉੱਪਰ ਤਾਇਨਾਤ ਸਟੈਟਿਕ ਟੀਮਾਂ ਦੇ ਕੰਮ ਕਾਜ ਦੀ ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਅਚਨਚੇਤੀ ਚੈਕਿੰਗ ਕੀਤੀ ਗਈ। ਇਸੇ ਦੌਰਾਨ ਸਥਾਨਕ ਸਿਵਲ ਹਸਪਤਾਲ ਨਜ਼ਦੀਕ ਤਾਇਨਾਤ ਟੀਮ ਨੂੰ ਚੈਕਿੰਗ ਦੌਰਾਨ ਇੱਕ ਵਾਹਨ ਵਿੱਚੋਂ 1 ਲੱਖ 60 ਹਜ਼ਾਰ ਰੁਪਏ ਮਿਲੇ ਤੇ ਅਗਲੀ ਕਾਰਵਾਈ ਲਈ ਇਹ ਮਾਮਲਾ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੂੰ ਸੌਂਪ ਦਿੱਤਾ ਗਿਆ।
                                ਸ੍ਰੀ ਯਾਦਵ ਤੇ ਸ੍ਰੀ ਗਿੱਲ ਨੇ ਸਭ ਤੋਂ ਪਹਿਲਾਂ ਰੋਜ਼ ਗਾਰਡਨ ਪਾਸ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਗੋਪਾਲ ਗਗਨੇਜਾ ਦੀ ਅਗਵਾਈ ਵਿੱਚ ਤਾਇਨਾਤ ਸਟੈਟਿਕ ਟੀਮ ਦੁਆਰਾ ਕੀਤੇ ਜਾ ਰਹੇ ਕੰਮ ਨੂੰ ਵੇਖਣ ਲਈ ਅਚਨਚੇਤੀ ਚੈਕਿੰਗ ਕੀਤੀ। ਉਨ੍ਹਾਂ ਤਾਇਨਾਤ ਅਧਿਕਾਰੀਆਂ ਤੇ ਬਾਕੀ ਅਮਲੇ ਨੂੰ ਹਦਾਇਤ ਕੀਤੀ ਕਿ ਜਿਸ ਵੀ ਵਾਹਨ ਦੀ ਚੈਕਿੰਗ ਕੀਤੀ ਜਾਵੇ ਉਸ ਵਿੱਚ ਬੈਠੇ ਵਿਅਕਤੀਆਂ ਨਾਲ ਪਿਆਰ ਤੇ ਨਿਮਰਤਾ ਨਾਲ ਪੇਸ਼ ਆਇਆ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਇਸ ਚੈਕਿੰਗ ਦੌਰਾਨ ਮੁਸ਼ਕਿਲ ਪੇਸ਼ ਨਾ ਆਵੇ। ਸ੍ਰੀ ਯਾਦਵ ਨੇ ਕਿਹਾ ਕਿ ਕਾਰਾਂ ਦੇ ਨਾਲ-ਨਾਲ ਦੁਪਹੀਆ ਵਾਹਨ ਤੇ ਬੱਸਾਂ ਤੇ ਹੋਰ ਵੱਡੀਆਂ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵਾਹਨ ਉੱਪਰ ਸ਼ੱਕ ਪਵੇ ਜਾਂ ਜੋ ਵਿਅਕਤੀ ਗੱਡੀ ਭਜਾਉਣ ਦੀ ਕੋਸ਼ਿਸ਼ ਕਰੇ ਉਸ ਵਾਹਨ ਦੀ ਤਲਾਸ਼ੀ ਬਾਰੀਕੀ ਵਿੱਚ ਲਈ ਜਾਵੇ। ਇਸ ਉਪਰੰਤ ਜ਼ਿਲ੍ਹਾ ਚੋਣ ਅਫਸਰ ਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਪਰਸਰਾਮ ਨਗਰ ਵਿਖੇ ਤਾਇਨਾਤ ਟੀਮ ਦੇ ਕੰਮ ਕਾਜ਼ ਨੂੰ ਵੀ ਵੇਖਿਆ।
                        ਸ੍ਰੀ ਯਾਦਵ ਤੇ ਸ੍ਰੀ ਗਿੱਲ ਨੇ ਅਧਿਕਾਰੀਆਂ ਨੂੰ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਤੇ ਇਹ ਖਿਆਲ ਰੱਖਿਆ ਜਾਵੇ ਕਿ ਕੋਈ ਵੀ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾਂ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਟੀਮਾਂ ਚੋਣਾਂ ਵਿੱਚ ਧੰਨ ਦੀ ਦੁਰਵਰਤੋ, ਨਸ਼ਿਆਂ ਦੀ ਵੰਡ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆ ਨੂੰ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਦੀ ਲੋਕਤੰਤਰਿਕ ਪ੍ਰਕ੍ਰਿਆ ਨੂੰ ਮਜ਼ਬੂਤ ਰੱਖਣ ਵਿੱਚ ਪ੍ਰਸ਼ਾਸਨ ਨਾਲ ਸਹਿਯੋਗ ਕਰਨ।

Translate »