January 12, 2012 admin

ਭਾਰਤ ਵਿੱਚ ਪਾਰਟੀ ਮੈਂਬਰਾਂ ਦੀ ਕੋਈ ਪੁੱਛ ਗਿੱਛ ਨਹੀਂ

ਭਾਰਤ ਵਿੱਚ ਪਾਰਟੀ ਮੈਂਬਰਾਂ ਦੀ ਕੋਈ ਪੁੱਛ ਗਿੱਛ ਨਹੀਂ
– ਡਾ. ਚਰਨਜੀਤ ਸਿੰਘ ਗੁਮਟਾਲਾ

    ਮੈਂਬਰਾਂ ਦੇ ਸਮੂਹ ਨੂੰ ਪਾਰਟੀ ਕਹਿੰਦੇ ਹਨ। ਰਾਜਨੀਤਕ ਪਾਰਟੀਆਂ ਦੇ ਮੈਂਬਰ ਪਾਰਟੀ ਦੀ ਜਿੰਦ ਜਾਨ ਹੁੰਦੇ ਹਨ। ਅਮਰੀਕਾ ਦੀ ਮਿਸਾਲ ਸਾਡੇ ਸਾਹਮਣੇ ਹੈ, ਅਗਲੇ ਸਾਲ ਉੱਥੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਹੋਣੀ ਹੈ, ਹੁਣੇ ਹੀ ੳੱੁਥੇ ਵੱਖ ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਮ ਆ ਰਹੇ ਹਨ। ਹਰੇਕ ਪਾਰਟੀ ਦੇ ਉਮੀਦਵਾਰ ਜਿਹੜੇ ਚੋਣ ਲੜਨੀ ਚਾਹੁੰਦੇ ਹਨ, ਉਹ ਉਨ੍ਹਾਂ ਵਿੱਚੋਂ ਕਿਸ ਨੇ ਚੋਣ ਲੜਨੀ ਹੈ, ਉਸ ਦਾ ਫੈਸਲਾ ਉੱਥੋਂ ਦੀ ਪਾਰਟੀ ਦੇ ਮੈਂਬਰਾਂ ਨੇ ਕਰਨਾ ਹੈ। ਪਿਛਲੀਆਂ ਚੋਣਾਂ ਸਮੇਂ ਹੈਰੀ ਕਲਿੰਗਟਨ ਤੇ ਬਰਾਕ ਹੁਸੈਨ ਓਬਾਮਾ ਨੇ ਪਾਰਟੀ ਪੱਧਰ ‘ਤੇ ਆਪਸ ਵਿੱਚ ਚੋਣ ਲੜੀ। ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਦੀ ਬਹੁ-ਸੰਮਤੀ ਨੇ ਬਰਾਕ ਹੁਸੈਨ ਓਬਾਮਾ ਦੇ ਹੱਕ ਵਿੱਚ ਫਤਵਾ ਦਿੱਤਾ ਤੇ ਉਹ  ਪਾਰਟੀ ਦੇ  ਉਮੀਦਵਾਰ ਬਣੇ ਤੇ ਚੋਣ ਜਿੱਤ ਗਏ। ਪਾਰਟੀ ਚੋਣਾਂ ਸਮੇਂ ਦੋਵਾਂ ਉਮੀਦਵਾਰਾਂ ਨੇ ਇੱਕ ਦੂਜੇ ਵਿਰੁੱਧ ਦੂਸ਼ਨਬਾਜੀ ਕੀਤੀ, ਪਰ ਚੋਣਾਂ ਜਿੱਤਣ ਪਿੱਛੋਂ ਉਹ ਦੋਵੇਂ ਹੁਣ ਮਿਲ ਕੇ ਕੰਮ ਕਰ ਰਹੇ ਹਨ। ਅਜਿਹੀ ਹੀ ਵਿਵਸਥਾ ੳੱੁਥੇ ਕਾਰਪੋਰੇਸ਼ਨ ਤੇ ਗਵਰਨਰ ਦੀ ਚੋਣ ਲਈ ਵੀ ਹੈ।
    ਬਾਕੀ ਦੇਸ਼ਾਂ ਜਿਵੇਂ ਕਨੇਡਾ,ਇੰਗਲੈਂਡ  ਜਿੱਥੇ ਸਾਡੇ ਵਾਂਗ ਪਾਰਲੀਮੈਂਟਰੀ ਨਿਜ਼ਾਮ ਹੈ, ਉੱਥੇ ਵੀ ਐਮ|ਐਲ|ਏ|, ਐਮ|ਪੀ| ਆਦਿ ਦੀ ਚੋਣ ਕਿਸ ਨੇ ਲੜਨੀ ਹੈ, ਇਹ ਸਬੰਧਤ ਪਾਰਟੀ ਦੇ ਮੈਂਬਰ ਫੈਸਲਾ ਕਰਦੇ ਹਨ। ਇਸ ਦੇ ਟਾਕਰੇ ‘ਤੇ ਭਾਰਤ ਵਿੱਚ ਅਜੇ ਵੀ ਸ਼ਕਤੀਆਂ ਦਾ ਕੇਂਦਰੀਕਰਨ ਹੈ। ਸਾਰੀ ਸ਼ਕਤੀ ਪਾਰਟੀ ਪ੍ਰਧਾਨਾਂ ਦੇ ਹੱਥ ਹੈ। ਕੌਂਸਲਰ ਤੋਂ ਲੈ ਕੇ ਵਿਧਾਇਕਾਂ, ਲੋਕ ਸਭਾ, ਰਾਜ ਸਭਾ ਤੇ ਇੱਥੋਂ ਤੀਕ ਕਿ ਮੁੱਖ ਮੰਤਰੀਆਂ ਦਾ ਫੈਸਲਾ ਸਬੰਧਤ ਪਾਰਟੀ ਦਾ ਪ੍ਰਧਾਨ ਕਰਦਾ ਹੈ। ਇਹੋ ਕਾਰਨ ਹੈ ਕਿ ਕਾਂਗਰਸੀ, ਭਾਜਪਾ ਤੇ ਹੋਰ ਕੌਮੀ ਪਾਰਟੀਆਂ ਦੇ ਮੈਂਬਰ ਦਿੱਲੀ ਟਿਕਟਾਂ ਲੈਣ ਲਈ ਗੇੜੇ ਮਾਰਦੇ ਰਹਿੰਦੇ ਹਨ, ਜਦਕਿ ਅਕਾਲੀ ਦਲ ਦੀ ਚੋਣ ਲੜਨ ਦੇ ਚਾਹਵਾਨ ਚੰਡੀਗੜ੍ਹ ਦੇ ਫੇਰੇ ਲਗਾਉਂਦੇ ਹਨ। ਇਹੋ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ। ਇਸ ਦੇ ਪ੍ਰਧਾਨ ਦਾ ਫੈਸਲਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤਾ ਜਾਂਦਾ ਹੈ।ਮੈਂਬਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਅਕਾਲੀ ਵਰਕਰਾਂ ਨੂੰ ਕੋਈ ਨਹੀਂ ਪੁੱਛਦਾ। ਟਿਕਟਾਂ ਦੀ ਸਾਰੀ ਵੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੀ ਜਾਂਦੀ ਹੈ। ਪੰਜਾਬ ਅਸੈਂਬਲੀ ਚੋਣਾਂ 30 ਨੂੰ ਹੋਣ ਜਾ ਰਹੀਆਂ ਲਈ ਕਾਂਗਰਸ ਪਾਰਟੀ ਵਲੋਂ ਸੂਚੀ ਇਸ ਕਰਕੇ ਦੇਰੀ ਨਾਲ ਜਾਰੀ ਕੀਤੀ ਗਈ ਕਿਉਂਕਿ ਕਾਂਗਰਸ ਹਾਈ ਕਮਾਨ ਨੇ ਦੇਰ ਨਾਲ ਉਮੀਦਵਾਰਾਂ ਦਾ ਫ਼ੈਸਲਾ ਕੀਤਾ।ਇਹੋ ਸਥਿਤੀ ਭਾਰਤੀ ਜਨਤਾ ਪਾਰਟੀ ਦੀ ਰਹੀ।ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ  ਸੂਚੀ ਜਾਰੀ ਕੀਤੀ,ਉਸ ਵਿਰੁਧ ਵਿਰੋਧੀਸੁਰਾਂ ਇਸ ਲਈ ਉੱਠੀਆਂ ਕਿ ਪੁਰਾਣੇਂ ਟਕਸਾਲੀ ਵਰਕਰਾਂ ਨੂੰ ਅਣਡਿੱਠ ਕਰਕੇ ਮਨਮਰਜ਼ੀ ਨਾਲ ਨਵੇਂ ਜਾਂ ਦੂਸਰੀਆਂ ਪਾਰਟੀਆਂ ਵਿਚੋਂ ਆਏ ਜਾਂ ਹਲਕੇ ਦੇ ਬਾਹਰਲਿਆਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਹਨ।ਵਰਕਰਾਂ ਨੂੰ ਬਿਲਕੁਲ ਪੁਛਿਆ ਨਹੀਂ ਗਿਆ।ਅੰਮ੍ਰਿਤਸਰ ਤੋਂ ਸ| ਗੁਰਪ੍ਰਤਾਪ ਸਿੰਘ ਟਿੱਕਾ, ਸੰਤ ਅਜੀਤ ਸਿੰਘ ਤੇ ਹੋਰ ਅਕਾਲੀ ਆਗੂਆਂ ਨੇ ਬਾਦਲ ਅਕਾਲੀ ਦਲ ਨੂੰ ਇਸੇ ਲਈ ਅੱਲਵਿੱਦਾ ਕਹੀ ਹੈ ਕਿ ਉਨ੍ਹਾਂ ਦੀ ਪਾਰਟੀ ਵਿਚ ਕੋਈ ਪੁੱਛ ਪਰਤੀਤ ਨਹੀਂ।ਇਹੋ ਹਾਲ ਭਾਜਪਾ ਤੇ ਕਾਂਗਰਸ ਪਾਰਟੀਆਂ ਦਾ ਹੋਇਆ।ਇਨ੍ਹਾਂ ਪਾਰਟੀਆਂ ਵਿਚ ਵੀ ਵਿਰੋਧੀ ਸੁਰਾਂ ਉੱਠ ਰਹੀਆਂ ਹਨ।ਕਈ ਭਾਜਪਾ ਤੇ ਕਾਂਗਰਸੀ ਆਗੂ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ ਤੇ ਆਉਂਦੇ ਸਮੇਂ ਹੋਰਨਾਂ ਵਲੋਂ ਵੀ ਅਲਵਿਦਾ ਕਹਿ ਜਾਣ ਦੀ ਸੰਭਾਵਨਾ ਹੈ। ਸਾਰੀਆਂ ਪਾਰਟੀਆਂ ਵਿਚ ਪਰਵਾਰਵਾਦ ਨੂੰ ਪਹਿਲ ਦਿੱਤੀ ਗਈ ਹੈ।ਵੱਡੇ ਲੀਡਰਾਂ ਨੈ ਪੁਰਾਣੇ ਮਿਹਨਤੀ ਵਰਕਰਾਂ ਨੂੰ ਅਣਡਿੱਠ ਕਰਕੇ ਆਪਣੇ ਪਰਵਾਰਿਕ ਮੈਂਬਰਾਂ,ਰਿਸ਼ਤੇਦਾਰਾਂ ਜਾਂ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਹਨ।ਪਾਰਟੀ ਵਰਕਰ ਦਰੀਆਂ ਵਿਛਾਉਣ ਜੋਗੇ ਰਹਿ ਗਏ ਹਨ।ਇਸ ਤਰ੍ਹਾਂ ਸਿਆਸਤ ਸੇਵਾ ਨਾ ਰਹਿ ਕਿ ਵਪਾਰ ਬਣ ਗਈ ਹੈ।ਭਾਈ ਭਤੀਜਾਵਾਦ ਤੇ ਪੈਸੇ ਦਾ ਵਡੇ ਪੱਧਰ ਤੇ ਖ਼ਰਚ ਕਰਕੇ ਹਰ ਹੀਲੇ ਚੋਣਾਂ ਜਿਤਣ ਦੇ ਰੁਝਾਨ ਨੇ ਕਦਰਾਂ ਕੀਮਤਾਂ ਦੀਆਂ ਧਜੀਆਂ ਉੱਡਾ ਦਿੱਤੀਆਂ ਹਨ।
        ਇੰਝ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਉਹ ਜਮਹੂਰੀਅਤ ਅਜੇ ਤੱਕ ਕਾਇਮ ਨਹੀਂ ਹੋ ਸਕੀ, ਜੋ ਕਿ ਇੰਗਲੈਂਡ, ਕਨੇਡਾ, ਅਮਰੀਕਾ ਆਦਿ ਦੇਸ਼ਾਂ ਵਿੱਚ ਹੈ।ਪੰਜਾਬ ਹੀ ਨਹੀਂ ਸਗੋਂ ਭਾਰਤੀ ਸਿਆਸਤ ਵਿੱਚ ਕੁੱਝ ਪਰਿਵਾਰਾਂ ਦਾ ਕਬਜਾ ਹੈ। ਭਾਰਤ ਦੇ 65 ਸਾਲਾਂ ਦੇ ਰਾਜਨੀਤਕ ਇਤਿਹਾਸ ਵਿੱਚ ਕੁੱਝ ਸਮੇਂ ਨੂੰ ਛੱਡ ਕੇ ਨਹਿਰੂ ਖਾਨਦਾਨ ਦਾ ਹੀ ਕਬਜ਼ਾ ਰਿਹਾ ਹੈ, ਜੋ ਕਿ ਅਜੇ ਤੱਕ ਵੀ ਬਰਕਰਾਰ ਹੈ। ਇਹੋ ਹਾਲ ਪੰਜਾਬ ਦਾ ਹੈ। ਇੱਥੋਂ ਦੀ ਸਿਆਸਤ ਵਿੱਚ ਕੁੱਝ ਪਰਿਵਾਰ ਹੀ ਛਾਏ ਰਹੇ ਹਨ। ਜੇ ਅਸੀਂ ਚਾਹੁੰਦੇ ਹਾਂ ਕਿ  ਭਾਰਤ ਵਿੱਚ ਵੀ ਲੋਕ ਦੂਜੇ ਦੇਸ਼ਾਂ ਵਾਂਗ ਅਜ਼ਾਦੀ ਦਾ ਨਿੱਘ ਮਾਣ ਸਕਣ ਤਾਂ ਸਾਨੂੰ ਵੀ ਪਰਿਵਾਰਵਾਦ ਨੂੰ ਖ਼ਤਮ ਕਰਕੇ ਰਾਜਸੀ ਸ਼ਕਤੀ ਪਾਰਟੀ ਵਰਕਰਾਂ ਨੂੰ ਦੇਣੀ ਚਾਹੀਦੀ ਹੈ। ਪਾਰਟੀ ਵਰਕਰਾਂ ਨੂੰ ਰੀਡ ਦੀ ਹੱਡੀ ਬਨਾਉਣਾ ਪਵੇਗਾ, ਤਾਂ ਹੀ ਅਸੀਂ ਦੇਸ਼ ਵਿੱਚੋਂ ਰਿਸ਼ਵਤਖੋਰੀ ਵਰਗੀਆਂ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। 30 ਜਨਵਰੀ ਨੂੰ ਪੈਣ ਜਾ ਰਹੀਆਂ ਵੋਟ ਵਿਚ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਨੇਕ ਇਮਾਨਦਾਰ ਉਮੀਦਵਾਰਾਂ ਨੂੰ ਵੋਟ ਪਾਉਣ ਤਾਂ ਜੋ ਆਉਣਵਾਲੇ ਸਮੇਂ ਵਿਚ ਉਨ੍ਹਾਂ ਨੂੰ ਰੁਜ਼ਗਾਰ ਲਈ ਪੁਲਿਸ ਦੀਆਂ ਡਾਂਗਾਂ ਨਾ ਖਾਣੀਆਂ ਪੈਣ ਤੇ ਮੰਗਾਂ ਮੰਨਵਾਉਣ ਲਈ ਅਰਥੀਫ਼ੂਕ ਮੁਜ਼ਾਹਰੇ ਨਾ ਕਰਨੇ ਪੈਣ।
ਡਾ. ਚਰਨਜੀਤ ਸਿੰਘ ਗੁਮਟਾਲਾ
253, ਅਜੀਤ ਨਗਰ, ਅੰਮ੍ਰਿਤਸਰ
9417533060
 

Translate »