September 14, 2015 admin

ਸ੍ਰ: ਠੰਡਲ ਨੇ ਖੁੱਲ੍ਹਾ ਦਰਬਾਰ ਲਗਾ ਕੇ ਪਿੰਡ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ

 ਸ੍ਰ: ਠੰਡਲ ਨੇ ਖੁੱਲ੍ਹਾ ਦਰਬਾਰ ਲਗਾ ਕੇ ਪਿੰਡ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ



ਹੁਸ਼ਿਆਰਪੁਰ, 14 ਸਤੰਬਰ:                     



                  ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਮਾਹਿਲਪੁਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਬਲਾਕ ਮਾਹਿਲਪੁਰ ਦੇ ਕੰਢੀ ਇਲਾਕੇ ਦੇ ਕਰੀਬ 35 ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ।



                  ਸਾਰੇ ਪਿੰਡਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸ੍ਰ: ਸੋਹਨ ਸਿੰਘ ਠੰਡਲ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਅੱਜ ਖੁੱਲ੍ਹਾ ਦਰਬਾਰ ਲਗਾ ਕੇ ਪਿੰਡ ਦੇ ਸਰਪੰਚਾਂ ਵੱਲੋਂ ਸਮੱਸਿਆਵਾਂ ਸੁਣੀਆਂ ਗਈਆਂ ਹਨ। ਉਨ੍ਹਾਂ ਨੇ ਸਰਪੰਚਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਪਿੰਡ ਵਿੱਚ ਜੋ ਵੀ ਨਵੇਂ ਵਿਕਾਸ ਕਾਰਜ ਕਰਵਾਉਣੇ ਹਨ, ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇੱਕ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਲੋੜੀਂਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਸਕੇ।  ਜੇਕਰ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਜਾਂ ਲੀਕੇਜ਼ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕਰਵਾਇਆ ਜਾਏ। ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ ਵਿੱਚ ਅਜੇ ਤੱਕ ਕੱਚੀਆਂ ਸੜਕਾਂ ਹਨ, ਉਨ੍ਹਾਂ ਨੂੰ ਪੱਕੀਆਂ ਕਰਨ ਲਈ ਪਹਿਲ ਕੀਤੀ ਜਾਵੇਗੀ।



                  ਇਸ ਦੌਰਾਨ ਸ੍ਰ: ਠੰਡਲ ਨੇ ਪਿੰਡ ਦੇ ਸਰਪੰਚਾਂ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਪਿੰਡਾਂ ਵਿੱਚ ਪੈਣ ਵਾਲੇ ਛੱਪੜਾਂ ‘ਤੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਸਾਰਿਆਂ ਨੂੰ ਮਿਲ ਬੈਠ ਕੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਯੋਗ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਮਿਲਣਾ ਚਾਹੀਦਾ ਹੈ। ਪੰਜਾਬ ਸਰਕਾਰ ਵੀ ਇਹ ਯਤਨ ਕਰ ਰਹੀ ਹੈ ਕਿ ਜਲਦ ਹੀ ਬੁਢਾਪਾ ਪੈਨਸ਼ਨ ਨੂੰ ਵਧਾ ਕੇ ਦੁਗਣਾ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਯੋਗ ਵਿਅਕਤੀ ਦੀ ਨੀਲੇ ਕਾਰਡ ਦੀ ਸੂਚੀ ਵਿੱਚੋਂ ਵੀ ਨਾਮ ਨਾ ਕੱਟ ਹੋਵੇ, ਇਸ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।



                  ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਗੰਦੇ ਪਾਣੀ ਦੀ ਨਿਕਾਸੀ, ਸਾਫ਼ ਪਾਣੀ ਦੇ ਪ੍ਰਬੰਧ, ਸੜਕਾਂ ਦੀ ਰਿਪੇਅਰ, ਪਿੰਡ ਦੀਆਂ ਫਿਰਨੀਆਂ ਨੂੰ ਪੱਕਾ ਕਰਨ, ਛੱਪੜਾਂ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਸਬੰਧੀ ਸ੍ਰ: ਠੰਡਲ ਨੂੰ ਜਾਣੂ ਕਰਵਾਇਆ। ਇਸ ਦੌਰਾਨ ਸ੍ਰ: ਠੰਡਲ ਨੇ ਚਾਣਥੂ ਬ੍ਰਾਹਮਣਾ, ਕਾਲੇਵਾਲ ਭਗਤਾਂ, ਨੰਗਲ ਚੋਰਾਂ, ਪਰਸੋਵਾਲ, ਘੁੱਕਰਵਾਲ, ਤਾਜੇਵਾਲ, ਮੈਲੀ, ਮੈਲੀ ਪਨਾਹਪੁਰ, ਮੱਖਣਗੜ੍ਹ, ਬਿਲਾਸਪੁਰ, ਹੱਲੂਵਾਲ, ਕਹਾਰਪੁਰ, ਕੈਂਡੋਵਾਲ, ਕੋਠੀ, ਫਤਹਿਪੁਰ, ਸਾਰੰਗਵਾਲ, ਸੂਨਾ, ਨਸਰਾਂ, ਬਧਣਾਂ, ਜੰਡੋਲੀ, ਭੂਲੇਵਾਲ ਰਾਠਾਂ, ਭੇੜੂਆਂ, ਝੂਗੀਆਂ, ਚੱਕ ਮੱਲਾਂ, ਸ਼ੇਰਪੁਰ, ਢੱਕੋਂ, ਭੂਲੇਵਾਲ ਗੁਜਰਾਂ, ਬਾਹੋਵਾਲ, ਬਾੜੀਆਂ ਕਲਾਂ, ਮੋਤੀਆਂ, ਮੂਖੋਮਜਾਰਾ, ਬਾੜੀਆਂ ਖੁਰਦ ਅਤੇ ਸਿੰਘਪੁਰ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ।



                  ਇਸ ਮੌਕੇ ‘ਤੇ ਰਵਿੰਦਰ ਠੰਡਲ, ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ ਸਰਵਨ ਸਿੰਘ ਰਸੂਲਪੁਰ, ਮੈਂਬਰ ਜਨਰਲ ਕੌਂਸਲ ਇਕਬਾਲ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਪਰਮਜੀਤ ਸਿੰਘ ਪੰਜੌੜ, ਮਾਸਟਰ ਰਛਪਾਲ ਸਿੰਘ, ਭਾਜਪਾ ਆਗੂ ਸੰਜੀਵ ਕਚਨੰਗਲ,  ਬੀ ਡੀ ਪੀ ਓ ਮਾਹਿਲਪੁਰ ਹਰਬਿਲਾਸ ਬਾਗਲਾ ਅਤੇ ਪਿੰਡ ਵਾਸੀ  ਮੌਜੂਦ ਸਨ।



+

Translate »