September 15, 2015 admin

ਖੋਜ ਸੰਸਥਾ ਨਾਦ ਪ੍ਰਗਾਸੁ ਨੇ ਕੀਤਾ ਆਤਮ-ਚਿੰਤਨ ਸਮਾਰੋਹ

ਖੋਜ ਸੰਸਥਾ ਨਾਦ ਪ੍ਰਗਾਸੁ ਨੇ ਕੀਤਾ ਆਤਮ-ਚਿੰਤਨ ਸਮਾਰੋਹ

ਸੰਸਥਾ ਨੇ ਪਿਛਲੇ ੧੦ ਸਾਲਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਦਾ ਕੀਤਾ ਮੁਲਾਂਕਣ
ਅੰਮ੍ਰਿਤਸਰ ੧੩ ਸਤੰਬਰ, ੨੦੧੫ (              ) ਪਿਛਲੇ ਦਸ ਸਾਲਾਂ ਤੋਂ ਅਕਾਦਮਿਕ ਖੋਜ ਅਤੇ ਚਿੰਤਨ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਨਾਦ ਪ੍ਰਗਾਸੁ: ਵਿਜ਼ਨ, ਐਕਟੀਵਿਟੀ ਐਂਡ ਪ੍ਰੌਸਪੈਕਟ ਦੇ ਸਿਰਲੇਖ ਤਹਿਤ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਸੰਸਥਾ ਵੱਲੋਂ ਪਿਛਲੇ ੧੦ ਸਾਲਾਂ ਦੌਰਾਨ ਵੱਖ-ਵੱਖ ਅਨੁਸ਼ਾਸਨਾਂ ਵਿਚ ਕੀਤੇ ਖੋਜ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਭਵਿੱਖਮੁਖੀ ਅਕਾਦਮਿਕ ਖੋਜ ਅਤੇ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਜਾਬ, ਦਿੱਲੀ, ਚੰਡੀਗੜ੍ਹ, ਹਰਿਆਣਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਤੋਂ ਇਲਾਵਾ ਖੋਜ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਇਸ ਵਿਚ ਭਾਗ ਲਿਆ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ, ਪ੍ਰੋ. ਟੀ. ਐਸ. ਬੇਨੀਪਾਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਬੀਬੀ ਕਿਰਨਜੋਤ ਕੌਰ, ਡਾ. ਹਰਮੋਹਿੰਦਰ ਸਿੰਘ ਬੇਦੀ., ਪ੍ਰਿੰਸੀਪਲ ਡਾ. ਗੁਰਨਾਮ ਕੌਰ ਬੇਦੀ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਡਾ. ਸੁਰਜੀਤ ਸਿੰਘ ਨਾਰੰਗ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਇਸ ਮੌਕੇ ਹਾਜ਼ਰ ਸਨ।
ਇਸ ਮੌਕੇ ਅਕਾਦਮਿਕ ਖੇਤਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੇ ਸੰਸਥਾ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਦ ਪ੍ਰਗਾਸੁ ਨੇ ਖੋਜ ਅਤੇ ਚਿੰਤਨ ਵਿਚ ਨਵੇਂ ਮਾਪਦੰਡ ਪੈਦਾ ਕੀਤੇ ਹਨ ਅਤੇ ਪੰਜਾਬੀ ਚਿੰਤਨ ਨੂੰ ਅੰਤਰਰਾਸ਼ਟਰੀ ਮੁਹਾਂਦਰਾ ਪ੍ਰਦਾਨ ਕਰਨ ਵਿਚ ਯੋਗਦਾਨ ਪਾਇਆ ਹੈ। ਬੁਲਾਰਿਆਂ ਨੇ ਕਿਹਾ ਕਿ ਸੰਸਥਾ ਦੁਆਰਾ ਕੀਤੇ ਕਾਰਜਾਂ ਦੀ ਵਿਸ਼ੇਸ਼ਤਾ ਬਹੁਤ ਪੱਖੀ ਅਧਿਐਨ ਅਤੇ ਵਿਸ਼ਲੇਸ਼ਣ ਵਿਚ ਹੈ, ਜਿਸ ਵਿਚ ਏਸ਼ੀਆ ਅਤੇ ਭਾਰਤ ਦੀਆਂ ਮੌਲਿਕ ਗਿਆਨ ਸੰਰਚਨਾਵਾਂ ਦੀ ਗੈਰ-ਹਾਜ਼ਰੀ ਵੱਲ ਧਿਆਨ ਦਿਵਾਇਆ ਜੋ ਪ੍ਰਚਲਿਤ ਪੱਛਮੀ ਮਿਆਰਾਂ ਦੇ ਸ਼ੋਰ ਥੱਲੇ ਗੁੰਮ ਹੋ ਚੁੱਕੀਆਂ ਹਨ। 
ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਾਦ ਪ੍ਰਗਾਸੁ ਦਾ ਮੁੱਖ ਮੰਤਵ ਸ਼ਬਦ ਅਨੁਭਵ ਦੇ ਦ੍ਰਿਸ਼ਟੀਕੋਣ ਤੋਂ ਪੰਜਾਬ ਦੀਆਂ ਆਪਣੀਆਂ ਮੌਲਿਕ ਗਿਆਨ ਸੰਰਚਨਾਵਾਂ ਦੀ ਸਿਰਜਣਾ ਕਰਨਾ ਹੈ।  ਇਹ ਕਾਰਜ ਲੰਮੇਰਾ ਅਤੇ ਔਖਾ ਹੋਣ ਕਰਕੇ ਸਹਿਜ ਅਤੇ ਸਬਰ ਦੀ ਮੰਗ ਵੀ ਕਰਦਾ ਹੈ। ਇਸ ਕਰਕੇ ਚਿੰਤਨ ਅਤੇ ਸਿਰਜਣਾ ਵਿਚ ਕਾਰਜਸ਼ੀਲ ਪੰਜਾਬ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਤੇ ਸ਼ਾਸਤਰੀ ਸਾਹਿਤ ਨਾਲ ਜੋੜਨ ਦੀ ਲੋੜ ਹੈ। ਮੌਜੂਦਾ ਸਮੇਂ ਪੰਜਾਬ ਤ੍ਰੈ-ਮੁਖੀ ਸੰਕਟ ਦਾ ਸ਼ਿਕਾਰ ਹੈ, ਜਿਸ ਵਿਚ ਅਕਾਦਮਿਕਤਾ, ਸਮਾਜ ਅਤੇ ਅਧਿਆਤਮਿਕਤਾ ਅਲਹਿਦਗੀ ਵਿਚ ਚੱਲ ਰਹੀਆਂ ਹਨ। ਇਨ੍ਹਾਂ ਤਿੰਨਾਂ ਕੇਂਦਰਾਂ ਦੀ ਬਾਹਰੋਂ ਵਿਖਾਈ ਦਿੰਦੀ ਨੇੜਤਾ ਨੂੰ ਰਾਜਨੀਤਿਕ ਉਲਾਰਾਂ ਤੋਂ ਮੁਕਤ ਨਹੀਂ ਮੰਨਿਆ ਜਾ ਸਕਦਾ।  
ਪ੍ਰੋ. ਬੇਨੀਪਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਜੋ ਆਰਥਿਕ, ਰਾਜਨੀਤਿਕ, ਸਮਾਜਿਕ ਆਦਿ ਸੰਕਟ ਜੋ ਸਿਖਿਆ ਦੇ ਵਪਾਰੀਕਰਨ ਅਤੇ ਪਦਾਰਥਕ ਲੋੜਾਂ ਦੀ ਤਰਜੀਹ ਨਾਲ ਜੁੜੇ ਹੋਏ ਹਨ, ਦੇ ਵਿੱਚੋਂ ਗਿਆਨ ਜਾਂ ਵਿਦਿਆ ਦੇ ਸਾਧਨ ਰਾਹੀਂ ਹੀ ਨਿਕਲਿਆ ਜਾ ਸਕਦਾ ਹੈ। ਡਾ. ਨਾਰੰਗ ਨੇ ਕਿਹਾ ਕਿ ਪੰਜਾਬ ਦੇ ਖੋਜਾਰਥੀਆਂ ਨੂੰ ਹਰ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਨਾਲ ਜੁੜਨ ਲਈ ਵਿਦਿਆਰਥੀਆਂ ਅਤੇ ਵਿਦਵਾਨ ਅਧਿਆਪਕਾਂ ਨੂੰ ਇਕ ਮੰਚ ‘ਤੇ ਆਉਣਾ ਚਾਹੀਦਾ ਹੈ। ਨਾਦ ਪ੍ਰਗਾਸੁ ਸੰਸਥਾ ਨੇ ਸਿੱਖ ਸਮਾਜ ਨੂੰ ਵਿਸ਼ਵ ਗਿਆਨ ਨਾਲ ਜੋੜਨ ਦੀ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਇਸ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਇਸਦੇ ਖੋਜ ਪ੍ਰੋਜੈਕਟਾਂ ਨਾਲ ਜੁੜਨਾ ਚਾਹੀਦਾ ਹੈ। 
ਇਸ ਮੌਕੇ ਡਾ. ਬੇਦੀ ਨੇ ਆਪਣੇ ਸੁਝਾਅ ਪੇਸ਼ ਕਰਦਿਆਂ ਕਿਹਾ ਕਿ ਸੰਸਥਾ ਦੁਆਰਾ ਕੀਤੇ ਖੋਜ ਕਾਰਜਾਂ ਨੂੰ ਲਿਖਤ ਰੂਪ ਵਿਚ ਪ੍ਰਕਾਸ਼ਿਤ ਕੀਤੇ ਜਾਣਾ ਚਾਹੀਦਾ ਹੈ ਤਾਂ ਜੋ ਗਿਆਨ ਦੇ ਖੇਤਰ ਵਿਚ ਕੀਤੇ ਜਾ ਰਹੇ ਤਜ਼ਰਬੇ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ/ਖੋਜਾਰਥੀਆਂ ਨਾਲ ਵੀ ਸਾਂਝੇ ਕੀਤੇ ਜਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਇਮਾਰਤਾਂ ਵਿਚ ਕੈਦ ਹਨ ਜਦੋਂਕਿ ਨਾਦ ਪ੍ਰਗਾਸੁ ਚਲਦੀ ਫਿਰਦੀ  ਖੋਜ ਸੰਸਥਾ ਹੈ। ਇਸ ਕੋਲ ਭਾਵੇਂ ਸਥੂਲ ਰੂਪ ਵਿਚ ਭਵਨ ਨਾ ਵੀ ਹੋਵੇ ਪਰ ਇਸ ਨੇ ਗਿਆਨ ਦੇ ਭਵਨ ਉਸਾਰੇ ਹੋਏ ਹਨ। ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਅਕਾਦਮਿਕ ਖੋਜ ਦੇ ਕਿੱਤੇ ਨੂੰ ਸਿਰਫ ਨੌਕਰੀ ਵਜੋਂ ਨਹੀਂ ਸਗੋਂ ਮਾਨਵੀ ਸਮਾਜਿਕ ਜ਼ਿੰਮੇਵਾਰੀ ਨਾਲ ਜੋੜ ਕੇ ਵੀ ਵੇਖਣਾ ਚਾਹੀਦਾ ਹੈ। 
ਇਸ ਮੌਕੇ ਖੋਜਾਰਥੀਆਂ ਵੱਲੋਂ ਨਾਦ ਪ੍ਰਗਾਸੁ ਦੇ ਮੁੱਢਲੇ ਸਹਿਯੋਗੀਆਂ ਨੂੰ ਯਾਦ ਕੀਤਾ ਗਿਆ ਜੋ ਇਸ ਦੁਨੀਆਂ ਵਿਚ ਨਹੀਂ ਰਹੇ ਜਿਨ੍ਹਾਂ ਵਿਚ ਮੁਹੰਮਦ ਰਮਜ਼ਾਨ (ਮਲੇਰਕੋਟਲਾ), ਡਾ. ਜਤਿੰਦਰਪਾਲ ਸਿੰਘ ਜੌਲੀ, ਡਾ. ਸਤਿੰਦਰ ਸਿੰਘ ਨੂਰ, ਡਾ. ਗੁਰਭਗਤ ਸਿੰਘ, ਡਾ. ਬਿਕਰਮ ਸਿੰਘ ਪਟਿਆਲਾ, ਸਵਾਮੀ ਬ੍ਰਹਮਦੇਵ ਉਦਾਸੀ, ਡਾ. ਜਸਵੰਤ ਸਿੰਘ ਨੇਕੀ ਸ਼ਾਮਿਲ ਸਨ।   
ਇਸ ਸਮਾਗਮ ਵਿਚ ਡਾ. ਸੂਬਾ ਸਿੰਘ, ਡਾ. ਜਸਵਿੰਦਰ ਕੌਰ ਮਾਹਲ, ਡਾ. ਪਰਵੀਨ ਕੁਮਾਰ, ਸ. ਗੁਰਸਾਗਰ ਸਿੰਘ, ਡਾ. ਚਰਨਦੀਪ ਸਿੰਘ, ਪ੍ਰੋ. ਸ਼ਾਮ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰਿੰਸੀਪਲ ਖੁਸ਼ਹਾਲ ਸਿੰਘ, ਸ. ਅਰਵਿੰਦਰ ਸਿੰਘ, ਸ. ਵੀ.ਪੀ. ਸਿੰਘ, ਸ. ਆਰ.ਪੀ. ਸਿੰਘ, ਪ੍ਰੋ. ਬਿਕਰਮ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਪ੍ਰਿੰਸੀਪਲ ਰਵਿੰਦਰ ਸਿੰਘ, ਪ੍ਰੋ. ਗੁਰਬਖਸ਼ ਸਿੰਘ, ਪ੍ਰੋ. ਜਸੰਵਤ ਸਿੰਘ, ਪ੍ਰੋ. ਜਸਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਸ਼ਖਸੀਅਤਾਂ ਨੇ ਵੀ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਸੰਸਥਾ ਦੇ ਖੋਜਾਰਥੀਆਂ ਸ. ਅਮਨਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਉਦੇਸ਼ਾਂ, ਡਾ. ਜਸਵਿੰਦਰ ਸਿੰਘ ਨੇ ਸੰਸਥਾ ਦੀਆਂ ਗਤੀਵਿਧੀਆਂ ਅਤੇ ਨਵਜੋਤ ਕੌਰ ਨੇ ਭਵਿੱਖਤ ਯੋਜਨਾਵਾਂ ‘ਤੇ ਚਾਨਣਾ ਪਾਇਆ। ਇਸ ਮੌਕੇ ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਨੇ ਕੀਤਾ।

Translate »