September 15, 2015 admin

ਭਾਸ਼ਾ ਵਿਭਾਗ, ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭ (ਰਜਿ.) ਪਟਿਆਲਾ ਵਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ

 ਭਾਸ਼ਾ ਵਿਭਾਗ, ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭ (ਰਜਿ.) ਪਟਿਆਲਾ ਵਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਮਾਤਾ ਮਾਨ ਕੌਰ ਯਾਦਗਾਰੀ ਸਨਮਾਨ ਉੱਘੇ ਮਿੰਨੀ ਕਹਾਣੀਕਾਰ, ਪੰਜਾਬੀ ਰਸਾਲੇ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ ਨੂੰ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਵਿਚ ਉਨ੍ਹਾਂ ਨੂੰ ਨਕਦ ਰਾਸ਼ੀ, ਦੋਸ਼ਾਲਾ ਅਤੇ ਸ਼ੋਭਾ ਪੱਤਰ ਭੇਟਾ ਕੀਤਾ ਗਿਆ। ਵਰਨਣਯੋਗ ਹੈ ਕਿ ਸੁਰਿੰਦਰ ਕੈਲੇ ਹੋਰਾਂ ਨੇ ਸਨਮਾਨ ਦੀ ਅਹਿਮੀਅਤ ਨੂੰ ਮਹਿਸੂਸਦਿਆਂ ਨਕਦ ਰਾਸ਼ੀ ਸਤਿਕਾਰ ਨਾਲ ਸਾਹਿਤ ਸਭਾ ਨੂੰ ਹੀ ਭੇਟ ਕਰ ਦਿੱਤੀ। ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਚੇਤਨ ਸਿੰਘ, ਆਬਕਾਰੀ ਤੇ ਕਰ ਵਿਭਾਗ ਪੰਜਾਬ ਦੀ ਸਹਾਇਕ ਕਮਿਸ਼ਨਰ ਸ੍ਰੀਮਤੀ ਸੰਗੀਤ ਸ਼ਰਮਾ, ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ, ਸਰਕਾਰੀ ਮਹਿੰਦਰਾ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਇੰਦਰਜੀਤ ਸਿੰਘ ਅਤੇ ਕਹਾਣੀਕਾਰ ਬਾਬੂ ਸਿੰਘ ਰਹਿਲ ਹਾਜ਼ਰ ਸਨ। ਇਸ ਮੌਕੇ ਸੁਖਦੇਵ ਸਿੰਘ ਸ਼ਾਂਤ ਹੋਰਾਂ ਵੱਲੋਂ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀ ਕਲਾ ਬਾਰੇ ਲਿਖਿਆ ਪੇਪਰ ਦਵਿੰਦਰ ਪਟਿਆਲਵੀ ਨੇ ਪੇਸ਼ ਕੀਤਾ। ਸ. ਚੇਤਨ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਹਿਤ ਸਭਾ ਪਟਿਆਲਾ ਨੇ ਇਹ ਸਮਾਗਮ ਕਰਕੇ ਉੱਘਾ ਸਾਹਿਤਕ ਕਾਰਜ ਕੀਤਾ ਹੈ। ਅਜਿਹੇ ਸਮਾਗਮਾਂ ਲਈ ਭਾਸ਼ਾ ਵਿਭਾਗ ਪੰਜਾਬ ਸਾਹਿਤ ਸਭਾਵਾਂ ਨੂੰ ਸਹਿਯੋਗ ਦੇਣ ਲਈ ਤਿਆਰ ਹੈ। ਸ੍ਰੀਮਤੀ ਸੰਗੀਤਾ ਸ਼ਰਮਾ ਨੇ ਮਹਿਸੂਸ ਕੀਤਾ ਕਿ ਇਹ ਸਮਾਗਮ ਉਨ੍ਹਾਂ ਲਈ ਇਕ ਵੱਖਰੇ ਕਿਸਮ ਦਾ ਅਨੁਭਵ ਹੋਇਆ ਹੈ। ਸ੍ਰੀ ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਲੇਖਕ ਮੰਚ ਦੇ ਕਾਰਜਾਂ ਬਾਰੇ ਵਿਸਤ੍ਰਿਤ ਚਾਨਣਾ ਪਾਇਆ। ਡਾ. ਇੰਦਰਜੀਤ ਸਿੰਘ ਚੀਮਾ ਨੇ ਪੰਜਾਬੀ ਮਿੰਨੀ ਕਹਾਣੀ ਖੋਜ ਕਰਨ ਅਤੇ ਕਰਵਾਉਣ ਲਈ ਸੰਭਾਵਨਾਵਾਂ ਤਲਾਸ਼ਣ ‘ਤੇ ਜ਼ੋਰ ਦਿੱਤਾ। ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਕਲਮਕਾਰਾਂ ਦਾ ਹੀ ਫਰਜ ਹੈ ਕਿ ਸਮਾਜ ਨੂੰ ਸਹੀ ਰਸਤਾ ਦਿਖਾਉਣ।



ਇਸ ਮੌਕੇ ਪ੍ਰੋ. ਕ੍ਰਿਪਾਲ ਸਿੰਘ ਕਜਾਕ, ਡਾ. ਗੁਰਬਚਨ ਸਿੰਘ ਰਾਹੀ ਅਤੇ ਗੀਤਕਾਰ ਗਿੱਲ ਸੁਰਜੀਤ ਤੋਂ ਇਲਾਵਾ ਪ੍ਰੋ. ਆਰ.ਕੇ. ਕੱਕੜ, ਡਾ. ਇੰਦਰਪਾਲ ਕੌਰ, ਮਲਕੀਤ ਸਿੰਘ ਗੁਆਰਾ, ਹਰੀ ਸਿੰਘ ਚਮਕ, ਪ੍ਰੀਤਮ ਪਰਵਾਸੀ, ਪਰਵੀਨ ਬਤਰਾ, ਸ਼ੀਸ਼ਪਾਲ ਸਿੰਘ ਮਾਣਪੁਰੀ, ਪ੍ਰਭਲੀਨ ਕੌਰ ਪਰੀ, ਜਸਵੰਤ ਸਿੰਘ ਤੂਰ, ਅੰਮ੍ਰਿਤਵੀਰ ਸਿੰਘ ਗੁਲਾਟੀ, ਕੁਲਵੰਤ ਸਿੰਘ ਨਾਰੀਕੇ, ਸੁਖਵਿੰਦਰ ਕੌਰ ਆਹੀ, ਪ੍ਰੋ. ਜੇ.ਕੇ.ਮਿਗਲਾਨੀ, ਸਜਨੀ, ਸਰਵਣ ਕੁਮਾਰ ਵਰਮਾ, ਸਾਹਿਬ ਬਿੰਦਰ ਸੁਨਾਮ, ਕਮਲਾ ਸ਼ਰਮਾ, ਜੀ. ਐਸ. ਹਰਮਨ, ਪ੍ਰਿ. ਦਲੀਪ ਸਿੰਘ ਨਿਰਮਾਣ, ਗੁਰਦਰਸ਼ਨ ਸਿੰਘ ਗੁਸੀਲ, ਸੁਖਦੇਵ ਕੌਰ, ਅਮਨਿੰਦਰ ਸਿੰਘ, ਜਸਵੰਤ ਸਿੰਘ ਸਿੱਧੂ, ਗੋਪਾਲ, ਜਸਵੰਤ ਸਿੰਘ ਸਿੱਧੂ ਆਦਿ ਬਹੁਤ ਸਾਰੇ ਲੇਖਕ ਹਾਜ਼ਰ ਸਨ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਅਤੇ ਬਾਬੂ ਸਿੰਘ ਰੈਹਲ ਨੇ ਬਾਖ਼ੂਬੀ ਨਿਭਾਇਆ। ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੂੰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਮੇਜਾ ਸਿੰਘ ਜੌਹਲ ਨੇ ਪੁਰਸਕਾਰ ਮਿਲਣ ‘ਤੇ ਵਧਾਈ ਦਿੱਤੀ।







ਗੁਲਜ਼ਾਰ ਸਿੰਘ ਪੰਧੇਰ (ਡਾ.)



ਪ੍ਰੈੱਸ ਸਕੱਤਰ

Translate »