August 29, 2016 admin

ਅੰਮ੍ਰਿਤਸਰ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਅੱਗੇ ਆਵੇ:ਗੁਮਟਾਲਾ

29 ਅਗਸਤ 2016:  ਪੰਜਾਬ ਸਰਕਾਰ  ਸ੍ਰੀ ਗੁਰੂ ਰਾਮ ਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਅੰਮ੍ਰਿਤਸਰ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਨੂੰ ਮੁੜ ਬਹਾਲ ਕਰਵਾਉਣ  ਅਤੇ ਹੋਰ ਏਅਰਲਾਇਨਜ਼ ਵਲੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਦੀ ਥਾਂ ‘ਤੇ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਤਰਲੋਮੱਛੀ ਹੋ ਰਹੀ ਹੈ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਰੀ ਇਕ ਪ੍ਰੈਸ ਬਿਆਨ ਵਿਚ ਪੰਜਾਬ ਦੇ ਸ਼ਹਿਰੀ ਹਵਾਬਾਜੀ ਵਿਭਾਗ ਦੇ ਸਕੱਤਰ ਸ੍ਰੀ ਵਿਸ਼ਵਜੀਤ ਖੰਨਾ ਦੇ ਉਸ ਬਿਆਨ ਦਾ ਜਿਕਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੇ ਕਿ ਚੰਡੀਗੜ੍ਹ ਹਵਾਈ ਅੱਡੇ ਤੋˆ ਯੂ.ਕੇ. ਤੇ ਹੋਰ ਮੁਲਕਾਂ ਲਈ ਦੂਰੀ ਵਾਲੀਆਂ ਉਡਾਨਾਂ ਸ਼ੁਰੂ ਹੋ ਸਕਣ ਤੇ ਇਸ ਲਈ ਚੰਡੀਗੜ੍ਹ ਹਵਾਈ ਅੱਡੇ ਦੀ ਰਨਵੇ ਨੂੰ ਲੰਬਾ ਕੀਤਾ ਜਾ ਰਿਹਾ ਹੈ।

  ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਚੰਡੀਗੜ੍ਹ ਹਵਾਈ ਅੱਡਾ ਕੇਂਦਰੀ ਸਰਕਾਰ ਅਧੀਨ ਹੈ ਜਦ ਅੰਮ੍ਰਿਤਸਰ ਹਵਾਈ ਅੱਡਾ ਪੰਜਾਬ ਵਿੱਚ ਪੈˆਦਾ ਹੈ, ਜਿਸ ਦੀ ਰਨਵੇ ਦਿੱਲੀ ਹਵਾਈ ਅੱਡੇ ਦੇ ਬਰਾਬਰ 12000 ਫੁੱਟ ਲੰਮੀ ਹੈ ਅਤੇ ਇੱਥੇ ਬੋਇੰਗ 747 ਵਰਗਾ ਵੱਡੇ ਤੋˆ ਵੱਡੇ ਹਵਾਈ ਜਹਾਜ ਉਤਰ ਸਕਦਾ ਹੈ।ਇਸ ਲਈ ਪੰਜਾਬ ਸਰਕਾਰ ਨੂੰ  ਚੰਡੀਗੜ੍ਹ ਹਵਾਈ ਅੱਡੇ ਦੀ ਥਾਂ ‘ਤੇ ਅੰਮ੍ਰਿਤਸਰ ਹਵਾਈ ਅੱਡੇ ਦੀ ਸਰਪ੍ਰਸਤੀ ਕਰਨੀ ਚਾਹੀਦੀ ਹੈ ਤਾਂ ਜੋ ਵਿਸ਼ਵ ਭਰ ਦੇ ਯਾਤਰੀ ਸਿੱਖੀ ਦੇ ਕੇਂਦਰ ਸ੍ਰੀ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ। ਮੋਦੀ ਸਾਹਿਬ ਆਪਣੇ ਪਿੱਤਰੀ ਸੂਬੇ ਦੇ ਹਵਾਈ ਅੱਡਿਆਂ ਦੀ ਤਰੱਕੀ ਲਈ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੇ ਹਨ । ਇਸ ਲਈ ਉਨ੍ਹਾਂ ਨੇ ਅੰਮ੍ਰਿਤਸਰ ਦੀ ਲੰਡਨ ਲਈ ਜਾਂਦੀ ਉਡਾਣ ਨੂੰ ਅੰਮ੍ਰਿਤਸਰ ਤੋਂ ਬੰਦ ਕਰਵਾ ਕੇ ਉਸ ਨੂੰ ਅਹਿਮਦਾਬਾਦ ਤੋਂ ਸ਼ੁਰੂ ਕਰਵਾ ਦਿੱਤਾ।

             ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਬੰਦ ਪਈ ਅੰਮ੍ਰਿਤਸਰ- ਲੰਡਨ – ਟੋਰਾਂਟੋ ਉਡਾਣ ਦੁਬਾਰਾ ਸ਼ੁਰੂ ਕਰਾਉਣ ਵਾਸਤੇ ਕਦੀ ਵੀ ਕੋਈ ਯਤਨ ਨਹੀˆ ਕੀਤਾ। ਸ਼ਾਇਦ ਪੰਜਾਬ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਨੂੰ ਪੰਜਾਬ ਦਾ ਹਿੱਸਾ ਨਹੀਂ ਸਮਝਦੀ। ਅੱਜ ਤੱਕ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ ਦੀ ਕਦੀ ਵੀ ਸਰਪ੍ਰਸਤੀ ਨਹੀˆ ਕੀਤੀ ਅਤੇ ਨਾ ਕਦੀ ਅੰਮ੍ਰਿਤਸਰ ਹਵਾਈ ਅੱਡੇ ਤੋˆ ਹੋਰ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਬਾਰੇ ਕਦੀ ਕੋਈ ਦਿਲਚਸਪੀ ਦਿਖਾਈ ਹੈ।

    ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨਾ ਪਸੰਦ ਕਰਦੇ ਹਨ। ਅੰਮ੍ਰਿਤਸਰ ਹਵਾਈ ਅੱਡੇ ਤੇ ਸਾਲ 2015-16 ਦੌਰਾਨ ਯਾਤਰੂਆਂ ਦੀ ਗਿਣਤੀ 12.50 ਲੱਖ ਹੈ ਅਤੇ ਸਾਲ 2016-17 ਦੌਰਾਨ ਇਹ ਗਿਣਤੀ 16-17 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਪ੍ਰੈਲ 2016 ਤੋਂ ਜੂਨ 2016 ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਯਾਤਰੂਆਂ ਦੀ ਗਿਣਤੀ ਵਿੱਚ 59.6 % ਅਤੇ ਘਰੇਲੂ ਯਾਤਰੂਆਂ ਦੀ ਗਿਣਤੀ ਵਿੱਚ 30% ਦਾ ਵਾਧਾ ਹੋਇਆ ਹੈ। ਇਸ ਵੇਲੇ ਅੰਮ੍ਰਿਤਸਰ ਤੋਂ ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਕਤਰ, ਮਲਿੰਡੋ, ਸਕੂਟ, ਸਪਾਈਸ ਜੈਟ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਹਫਤੇ ਦੀਆਂ 45 ਦੇ ਕਰੀਬ ਅੰਤਰਰਾਸ਼ਟਰੀ ਉਡਾਣਾਂ ਚਲ ਰਹੀਆਂ ਹਨ।

 ਜੈਟ ਏਅਰਵੇਜ਼ ਵੱਲੋਂ ਵੀ ਅੰਮ੍ਰਿਤਸਰ ਸਮੇਤ ਛੇ ਸ਼ਹਿਰਾਂ ਤੋˆ ਆਬੂਧਾਬੀ ਲਈ ਉਡਾਣਾਂ ਚਾਲੂ ਕਰਨ ਬਾਰੇ 2012 ਵਿੱਚ ਐਲਾਨ ਕੀਤਾ ਗਿਆ ਸੀ। ਇਹਨਾਂ ਵਿਚੋਂ ਜੈਟ ਏਅਰਵੇਜ਼ ਨੇ 5 ਸ਼ਹਿਰਾਂ ਤੋਂ ਆਬੂਧਾਬੀ ਲਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ, ਲੇਕਿਨ ਅੰਮ੍ਰਿਤਸਰ-ਆਬੂਧਾਬੀ ਉਡਾਨ ਦਿੱਲੀ ਹਵਾਈ ਅੱਡੇ ਦੇ ਆਰਥਿਕ ਹਿੱਤਾਂ ਨੂੰ ਮੁੱਖ ਰੱਖ ਕੇ ਚਾਲੂ ਨਹੀਂ ਕੀਤੀ। ਇਸੇ ਤਰ੍ਹਾਂ ਐਮੀਰੇਟਸ, ਟਰਕਿਸ਼ ਏਅਰਲਾਈਨਜ, ਬੁਲਗਾਰੀਆ ਏਅਰ ਅਤੇ ਏਅਰ ਏਸ਼ੀਆ ਐਕਸ ਵੱਲੋਂ ਵੀ ਅੰਮ੍ਰਿਤਸਰ ਤੋˆ ਉਡਾਣਾਂ ਚਾਲੂ ਕਰਨ ਸਬੰਧੀ ਐਲਾਨ ਕੀਤੇ ਜਾ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ ਜਾ ਰਹੀ। ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋˆ ਟੋਰਾਂਟੋ, ਵੈਨਕੂਵਰ, ਲੰਡਨ ਆਦਿ ਸਿੱਧੀਆਂ ਉਡਾਣਾਂ ਚਾਲੂ ਕਰਾਉਣ ਲਈ ਪੰਜਾਬ ਸਰਕਾਰ ਨੇ ਕਦੀ ਵੀ ਦਿਲਚਸਪੀ ਨਹੀ ਦਿਖਾਈ।

ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਤੋਂ ਲੰਡਨ-ਟੋਰਾਂਟੋ ਦੀਆਂ ਫਲਾਈਟਾਂ ਬੰਦ ਹੋਣ ਕਰਕੇ ਅੰਮ੍ਰਿਤਸਰ ਤੋਂ ਐਕਸਪੋਰਟ ਹੋ ਰਿਹਾ ਪੈਰੀਸ਼ੇਬਲ ਕਾਰਗੋ ਵੀ ਬੰਦ ਹੋ ਚੁੱਕਾ ਹੈ।ਇਸ ਕਰਕੇ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ।

Translate »