Bharat Sandesh Online::
Translate to your language
News categories
Usefull links
Google

     

ਅਮਰੀਕੀ ਬੀਮਾ ਪ੍ਰਣਾਲੀ ਦੀਆਂ ਵਿਲੱਖਣਤਾਵਾਂ
30 Dec 2011

ਅਮਰੀਕਾ ਦੀ  ਬੀਮਾ ਪ੍ਰਣਾਲੀ ਦੀਆਂ ਕੁਝ ਵਿਲੱਖਣਤਾਵਾਂ ਹਨ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।ਇਸ ਸਬੰਧੀ  ਗਿੱਲ ਇਨਸ਼ੁਅਰੈਂਸ ਦੇ ਮਾਲਕ ਸ. ਹਰਿੰਦਰ ਸਿੰਘ ਗਿੱਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ (ਯੂ.ਐਸ.ਏ.) ਦੇ ਚੇਅਰਮੈਨ ਹਨ, ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਪੰਜਾਬ ਮੇਲ ਦੇ ਮੁੱਖ ਸੰਪਾਦਕ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਫਰਿਜ਼ਨੋ ਵਿਖੇ ਹੋਏ ਗਦਰੀ ਬਾਬਿਆਂ ਦੇ ਮੇਲੇ ਵਿੱਚ ਜੋ ਕਿ ਇੰਡੋ-ਯੂ-ਐਸ ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ ਨੇ ਕਰਵਾਇਆ ਸੀ, ਸਮੇਂ ਉਨ੍ਹਾਂ ਨਾਲ ਮੇਰੀ ਜਾਣ-ਪਛਾਣ ਕਰਵਾਈ। ਚੰਡੀਗੜ੍ਹ ਦੇ ਜੰਮਪਲ ਤੇ ਡੀ.ਏ.ਵੀ. ਕਾਲਜ ਚੰਡੀਗੜ੍ਹ ਦੇ ਗ੍ਰੈਜੂਏਟ ਹਰਿੰਦਰ ਸਿੰਘ ਗਿੱਲ ਜਿੰਨ੍ਹਾਂ ਨੂੰ ਅਮਰੀਕਾ ਵਿੱਚ ਹੈਰੀ ਗਿੱਲ ਕਰਕੇ ਜਾਣਿਆ ਜਾਂਦਾ ਹੈ, ਪਹਿਲਾਂ 1980 ਵਿੱਚ ਕੈਨੇਡਾ ਦੇ ਪ੍ਰਸਿੱਧ ਸ਼ਹਿਰ ਮੋਂਟਰੀਅਲ ਵਿਖੇ ਪ੍ਰੀਵਾਰ ਸਮੇਤ ਆਏ। ਮਾਰਚ 1988 ਵਿੱਚ ਉਨ੍ਹਾਂ ਦੀ ਸ਼ਾਦੀ ਜਲੰਧਰ ਨਿਵਾਸੀ ਬੀਬੀ ਜੀਵਨਜੋਤ ਕੌਰ ਨਾਲ ਹੋਈ ਤੇ ਅਕਤੂਬਰ 1988 ਵਿੱਚ ਆਪਣੇ ਵੱਡੇ ਭਰਾ ਸ. ਅਵਤਾਰ ਸਿੰਘ ਗਿੱਲ ਕੋਲ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਫਰਿਜ਼ਨੋ ਆ ਗਏ ਜੋ ਕਿ ਇੱਥੇ 1980 ਤੋਂ ਗਿੱਲ ਇਨਸ਼ੋਰੇਂਸ ਏਜੰਸੀ ਚਲਾ ਰਹੇ ਹਨ।
    ਅਮਰੀਕੀ ਬੀਮਾ ਪ੍ਰਣਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇੱਥੇ ਹਰੇਕ ਚੀਜ਼ ਦਾ ਬੀਮਾ ਕੀਤਾ ਜਾਂਦਾ ਹੈ ਤੇ ਬੀਮੇ ਬਗੈਰ ਕਿਸੇ ਦਾ ਗੁਜ਼ਾਰਾ ਨਹੀਂ।ਮਨੁੱਖੀ ਬੀਮੇ ਤੋਂ ਇਲਾਵਾ ਘਰ, ਕਾਰ, ਫ਼ਸਲ, ਮੋਟਲ, ਹੋਟਲ ਤੇ ਹੋਰ ਵਪਾਰਕ ਅਦਾਰਿਆਂ ਦਾ ਅਲੱਗ ਅਲੱਗ ਬੀਮਾ ਹੈ। ਮਨੁੱਖੀ ਬੀਮੇ ਵਿੱਚ ਦੰਦਾਂ, ਅੱਖਾਂ ਤੇ ਬਾਕੀ ਸਰੀਰ ਦੇ ਲਈ ਅਲੱਗ ਅਲੱਗ ਬੀਮਾ ਕਰਾਉਣਾ ਪੈਂਦਾ ਹੈ। ਇੱਥੇ ਕੋਈ ਸਰਕਾਰੀ ਹਸਪਤਾਲ ਨਹੀਂ ।ਪ੍ਰਾਈਵੇਟ ਹਸਪਤਾਲ ਹੋਣ ਕਰਕੇ  ਇੱਥੇ ਇਲਾਜ ਬਹੁਤ ਮਹਿੰਗਾ ਹੈ। ਇਸ ਲਈ ਬੀਮੇ ਤੋਂ ਬਗੈਰ ਗੁਜ਼ਾਰਾ ਨਹੀਂ। ਬਾਈਪਾਸ ਸਰਜਰੀ ਦੇ ਤਕਰੀਬਨ 1 ਲੱਖ ਡਾਲਰ ਦੇ ਕ੍ਰੀਬ ਖ਼ਰਚਾ ਆਉਂਦਾ ਹੈ। ਗੋਡੇ ਬਦਲਾਉਣ ਦਾ ਖਰਚਾ ਕੋਈ 50-60 ਹਜ਼ਾਰ ਡਾਲਰ  ਹੈ। ਜਿੰਨ੍ਹਾਂ ਨੇ ਬੀਮਾ ਕਰਵਾਇਆ ਹੁੰਦਾ ਹੈ ਉਨ੍ਹਾਂ ਨੂੰ ਐਕਸ-ਰੇ ਅਤੇ   ਟੈਸਟਾਂ ਵਗੈਰਾ ਦੇ ਬਹੁਤ ਘੱਟ ਪੈਸੇ ਦੇਣੇ ਪੈਂਦੇ ਹਨ। ਇਸ ਲਈ ਲੋਕਾਂ ਨੂੰ ਆਪਣੀ ਲੋੜ ਲਈ ਬੀਮਾ ਕਰਵਾਉਣਾ ਪੈਂਦਾ ਹੈ।
    ਇਕ ਵਿਸ਼ੇਸ਼ ਗੱਲ ਜੋ ਕਿ ਫਸਲੀ ਬੀਮੇ ਬਾਰੇ ਉਹ ਇਹ ਹੈ ਕਿ ਅਮਰੀਕਾ ਦੀ ਕੇਂਦਰੀ ਸਰਕਾਰ ਜਿਸ ਨੂੰ ਫੈਡਰਲ ਗੌਰਮਿੰਟ ਕਿਹਾ ਜਾਂਦਾ ਹੈ, ਵਲੋਂ ਕਿਸਾਨਾਂ ਦੀ ਸਹਾਇਤਾ ਲਈ ਫਸਲੀ ਬੀਮਾ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਨੂੰ ਚਲਾਉਂਦੇ ਭਾਵੇਂ ਏਜੰਟ ਤੇ ਪ੍ਰਾਈਵੇਟ ਕੰਪਨੀਆਂ ਹਨ ਪਰ ਇਸ ਦਾ ਖਰਚਾ ਕੇਂਦਰੀ ਸਰਕਾਰ ਕਰਦੀ ਹੈ। ਪਹਿਲਾਂ ਪ੍ਰਾਈਵੇਟ ਕੰਪਨੀਆਂ ਸਨ ਪਰ ਘਾਟਾ ਪੈਣ ਕਰਕੇ ਉਹ ਕੰਪਨੀਆਂ ਕਿਸਾਨਾਂ ਦੀਆਂ ਆਸਾਂ ਉਪਰ ਪੂਰਾ ਨਹੀਂ ਸਨ ਉਤਰਦੀਆਂ, ਜਿਸ ਕਰਕੇ ਇਹ ਕੰਮ ਫੈਡਰਲ ਗੌਰਮਿੰਟ ਨੇ ਲੈ ਲਿਆ।
    ਫਸਲੀ ਬੀਮੇ ਵਿੱਚ 7 ਸਾਲ ਤੋਂ 10 ਸਾਲ ਦੀ ਜੋ ਫਸਲ ਹੋਈ ਪੈਦਾ ਹੁੰਦੀ ਹੈ, ਉਸਦੀ ਔਸਤ ਲੈ ਲਈ ਜਾਂਦੀ ਹੈ। ਉਸ ਔਸਤ ਦਾ 75 ਪ੍ਰਤੀਸ਼ਤ ਦਾ ਬੀਮਾ ਕੀਤਾ ਜਾਂਦਾ ਹੈ। ਜੇ ਫਸਲ ਤਬਾਹ ਹੋ ਜਾਂਦੀ ਹੈ ਜਾਂ ਝਾੜ 75 ਪ੍ਰਤੀਸ਼ਤ ਤੋਂ ਘੱਟ ਨਿਕਲਦਾ ਹੈ ਤਾਂ ਉਸ ਕਿਸਾਨ ਨੂੰ ਬੀਮੇ ਵਿਚੋਂ ਪੈਸੇ ਦਿੱਤੇ ਜਾਂਦੇ ਹਨ। ਇੱਥੇ ਫਸਲ ਬੀਜਣ ਤੋਂ 6 ਮਹੀਨੇ ਪਹਿਲਾਂ ਫਸਲਾਂ ਦੀ ਕੀਮਤ ਤਹਿ ਹੋ ਜਾਂਦੀ ਹੈ ਤੇ ਉਸ ਹਿਸਾਬ ਨਾਲ ਬੀਮਾ ਕੀਤਾ ਜਾਂਦਾ ਹੈ ਤੇ ਅਦਾਇਗੀ ਵੀ ਕੀਤੀ ਜਾਂਦੀ ਹੈ। ਕਈ ਵੇਰ ਜਦ ਫਸਲ ਪੱਕ ਕੇ ਬਜ਼ਾਰ ਵਿੱਚ ਆਉਂਦੀ ਹੈ ਤਾਂ ਕਈ ਵੇਰ ਉਸ ਦਾ ਰੇਟ ਬੀਮੇ ਦੀ ਦਰ ਨਾਲੋਂ ਦੁਗਣਾ ਵੀ ਹੁੰਦਾ ਹੈ।             ਫਸਲੀ ਬੀਮੇ ਦੀ ਹੋਰ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਿਸਾਨਾਂ ਨੂੰ ਅਗਾਊਂ ਪੈਸੇ ਨਹੀਂ ਦੇਣੇ ਪੈਂਦੇ। ਫਸਲ ਵੇਚਣ ਪਿਛੋਂ ਉਸ ਨੂੰ ਬੀਮੇ ਦਾ ਪ੍ਰੀਮਿਅਮ ਦੇਣਾ ਪੈਂਦਾ ਹੈ, ਜੇ ਉਹ ਅਦਾਇਗੀ ਨਹੀਂ ਕਰਦਾ ਤਾਂ ਉਸਦਾ ਅਗਲੇ ਸਾਲ ਬੀਮਾ ਨਹੀਂ ਕੀਤਾ ਜਾਂਦਾ। ਜੇ ਫਸਲ ਤਬਾਹ ਹੋ ਜਾਂਦੀ ਹੈ ਤਾਂ ਜਿਹੜੀ ਕਿਸਾਨ ਨੂੰ ਬੀਮੇ ਦੀ ਰਕਮ ਦਿੱਤੀ ਜਾਂਦੀ ਹੈ, ਉਸ ਵਿਚੋਂ ਪ੍ਰੀਮਿਅਮ ਕੱਟ ਲਿਆ ਜਾਂਦਾ ਹੈ।
    ਇੱਥੇ ਇਕ ‘ਵਰਕਰਜ਼ ਕੰਪਨਸ਼ੇਸ਼ਨ ਇਨਸੁਐਂਰਸ’ ਹੈ। ਜਿਸ ਅਧੀਨ ਕੋਈ ਵੀ ਕਿਰਤੀ ਘਰੋਂ ਕੰਮ ‘ਤੇ ਜਾਂਦਾ ਹੈ ਤੇ ਜਿੰਨੀ ਦੇਰ ਤੀਕ ਉਹ ਘਰ ਵਾਪਸ ਸਹੀ ਸਲਾਮਤ ਨਹੀਂ ਆ ਜਾਂਦਾ, ਉਸ ਦਾ ਕੰਮ ਕਰਦਿਆਂ ਜਾਂ ਰਸਤੇ ਵਿੱਚ ਜਾਂਦਿਆਂ ਆਉਂਦਿਆਂ ਹੋਇਆਂ ਨੁਕਸਾਨ ਹੋ ਜਾਂਦਾ ਹੈ, ਜਾ ਕੋਈ ਅੰਗ ਨਕਾਰਾ ਹੋ ਜਾਂਦਾ ਹੈ, ਜਿਵੇਂ ਕਿ ਖੇਤਾਂ ਵਿੱਚ ਕੰਮ ਕਰਦਿਆਂ ਹੱਥ ਕਟਿਆ ਜਾਂਦਾ ਹੈ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਬੀਮੇ ਅਧੀਨ ਅਦਾਇਗੀ ਕੀਤੀ ਜਾਂਦੀ ਹੈ।
    ਜਿੱਥੋਂ ਤੀਕ ਕਾਰਾਂ ਦਾ ਸੰਬੰਧ ਹੈ, ਜੇ ਕਿਸੇ ਕਾਰ ਦੀ ਸੜਕੀ ਦੁਰਘਟਨਾ ਕਰਕੇ ਵਰਕਸ਼ਾਪ ਭੇਜਣੀ ਪਵੇ ਤਾਂ ਕੰਪਨੀ ਗਾਹਕ ਨੂੰ ਆਪਣੇ ਖਰਚੇ ‘ਤੇ ਕਾਰ ਕਿਰਾਏ ‘ਤੇ ਲੈ ਕੇ ਦਿੰਦੀ ਹੈ ਜਿੰਨੀ ਦੇਰ ਤੀਕ ਉਸ ਨੂੰ ਉਸ ਦੀ ਕਾਰ ਵਾਪਸ ਨਹੀਂ ਮਿਲਦੀ।
    ਇਸੇ ਤਰ੍ਹਾਂ ਕਿਸੇ ਦਾ ਘਰ ਅੱਗ ਨਾਲ ਤਬਾਹ ਹੋ ਜਾਂਦਾ ਹੈ ਤਾਂ ਕੰਪਨੀ ਉਸ ਦੀ ਰਿਹਾਇਸ਼ ਉਸ ਦੇ ਖਾਣ ਪੀਣ ਤੇ ਉਸ ਦੇ ਰਹਿਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਕਰੇਗੀ, ਜਿੰਨੀ ਦੇਰ ਤੀਕ ਉਹ ਨਵਾਂ ਘਰ ਨਹੀਂ ਬਣਾ ਲੈਂਦਾ।ਜੇ ਕੋਈ ਵਪਾਰਕ ਅਦਾਰਾ ਅੱਗ ਨਾਲ ਸੜ੍ਹ ਜਾਂਦਾ ਹੈ ਤਾਂ ਬੀਮਾ ਕੰਪਨੀ ਉਸ ਦੇ ਕਰਜ਼ੇ ਦੀਆਂ ਕਿਸ਼ਤਾਂ ਦੇਵੇਗੀ।ਜਿੰਨੀ ਦੇਰ ਸਟੋਰ ਬੰਦ ਰਹਿੰਦਾ ਹੈ,ਉਸ ਸਮੇਂ ਦਾ ਜੋ ਮੁਨਾਫ਼ਾ ਹੋਣਾ ਸੀ ,ਉਹ ਰਕਮ ਵੀ ਬੀਮਾ ਕੰਪਨੀ ਦੇਵੇਗੀ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਹੋਰ ਹਨ।
 ਉਨ੍ਹਾਂ ਦੀ ਕੰਪਨੀ ਵਿਚ12 ਕਰਮਚਾਰੀ ਹਨ।ਦਫ਼ਤਰ ਦਾ ਸਾਰਾ ਕੰਮ ਉਨ੍ਹਾਂ ਦੀ ਸਪਤਨੀ ਸੰਭਾਲਦੀ ਹੈ ਕਿਉਂਕਿ ਉਨ੍ਹਾਂ ਪਾਸ ਫ਼ੀਲਡ ਦਾ ਕੰਮ ਹੈ।
  ਸ. ਹਰਿੰਦਰ ਸਿੰਘ ਗਿਲ  ਬਹੁ-ਪੱਖੀ ਸ਼ਖ਼ਸੀਅਤ  ਹਨ।ਬਹੁਤ ਹੀ ਹਸਮੁਖ ਤੇ ਮਿਲਾਪੜੇ ਸੁਬਾਅ ਦੇ ਮਾਲਕ ਗਿਲ ਨੂੰ ਕਈ ਸਨਮਾਨਾਂ ਨਾਲ ਨਵਾਜ਼ਿਆ ਗਿਆ ਹੈ।ਬੀਮਾ ਹੀ ਨਹੀਂ ਬਲਕਿ ਅਮਰੀਕੀ ਤੇ ਭਾਰਤੀ ਰਾਜਨੀਤੀ ਵਿਚ ਉਹ ਡੂੰਘੀ ਦਿਲਚਸਪੀ ਰਖਦੇ ਹਨ।ਉਨ੍ਹਾਂ ਨੂੰ  ਪੋਟਰੇਟ ਆਫ਼ ਸਕਸੈਸ ਅਵਾਰਡ 2007,ਆਇਕਨ ਆਫ਼ ਡੈਮੋਕਰੇਸੀ ਅਵਾਰਡ2011, ਕੈਲੀਫੋਰਨੀਆ ਸਮਾਲ ਬਿਜ਼ਨੈਸ ਆਫ਼ ਦਾ ਯੀਅਰ ਅਵਾਰਡ 2006,ਡਾ.ਮਾਰਟਿਨ ਲੂਥਰ ਕਿੰਗ ਜੂਨੀਅਰ ਅਵਾਰਡ,,ਕਮਿਉਨਿਟੀ ਐਕਟੀਵਿਜ਼ਿ ਅਵਾਰਡ 2005, ਨੇਸ਼ਨ ਵਾਇਡ ਐਗਰੀ ਬਿਜ਼ਨੈਸ ਪ੍ਰੋਡੂਸ ਆਫ਼ ਦਾ ਯੀਅਰ ਅਵਾਰਡ 2010

ਡਾ.ਚਰਨਜੀਤ ਸਿੰਘ ਗੁਮਟਾਲਾ
9417533060,01832582323,

253 ਅਜੀਤ ਨਗਰ,ਅੰਮ੍ਰਿਤਸਰ