Bharat Sandesh Online::
Translate to your language
News categories
Usefull links
Google

     

ਕੌਣ ਹੈ, ਜੋ ਸਿੱਖੀ ਬਚਾਉਣ ਪ੍ਰਤੀ ਈਮਾਨਦਾਰ ਹੋਵੇਗਾ?
13 Nov 2011


 
-ਜਸਵੰਤ ਸਿੰਘ 'ਅਜੀਤ'
ਅਣ-ਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ, ਅੱਜ ਸਮੁੱਚਾ ਸਿੱਖ-ਪੰਥ ਹੀ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਅਤੇ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਰਾਹ ਤਕ ਨਹੀਂ ਮਿਲ ਪਾ ਰਿਹਾ। ਆਪਣੇ ਵਿੱਚ ਉਸਨੂੰ ਕੋਈ ਅਜਿਹੀ ਸ਼ਖਸੀਅਤ ਵੀ ਨਜ਼ਰ ਨਹੀਂ ਆ ਰਹੀ, ਜੋ ਸਿੱਖੀ ਨੂੰ ਬਚਾਉਣ ਪ੍ਰਤੀ ਸੁਹਿਰਦ ਹੋ, ਚਾਨਣ-ਮਨਾਰਾ ਬਣ, ਉਸਨੂੰ ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਉਸਦਾ ਮਾਰਗ-ਦਰਸ਼ਨ ਕਰ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਦੀ ਅਣਹੋਂਦ ਕਾਰਣ, ਉਹ ਵਿਵਾਦਾਂ ਦੀਆਂ ਇਨ੍ਹਾਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਤਕ ਨੂੰ ਹੀ ਗੁਆ ਬੈਠੇਗਾ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ ਕੇ ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਉਣ ਵਿਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿੱਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।
ਇਕ ਪਾਸੇ ਤਾਂ ਉਹ ਸ਼ਕਤੀਆਂ ਹਨ, ਜੋ ਆਪਣੇ ਨਿਜੀ ਰਾਜਸੀ ਸਵਾਰਥ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰਂ ਦਾਅ 'ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਸ਼ਕਤੀਆਂ ਹਨ, ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਰਾਜਸੀ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਉਣ ਦਾ ਦਾਅਵਾ ਕਰਦਿਆਂ, ਜਾਣੇ-ਅਣਜਾਣੇ ਮੂਲ ਰਾਹ ਤੋਂ ਭਟਕ, ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ, ਜੋ ਕੌਮ ਵਿਚ ਵੱਧ ਤੋਂ ਵੱਧ ਵਿਵਾਦ ਪੈਦਾ ਕਰ, ਆਪਣੀ ਦੁਕਾਨਦਾਰੀ ਚਮਕਾਉਣ ਵਿਚ ਜੁਟੇ ਹੋਏ ਹਨ।
ਵਿਵਾਦ ਪੈਦਾ ਕਰਨ ਵਾਲੇ, ਇਹ ਲੋਕੀਂ ਉਹ ਹਨ, ਜੋ ਇਕ ਪਾਸੇ ਤਾਂ ਸਿੱਖੀ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਹੀ ਮਾਨਤਾਵਾਂ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ, ਲਗਾਤਾਰ ਵਿਵਾਦਾਂ ਨੂੰ ਕੇਵਲ ਜਨਮ ਹੀ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨੂੰ ਵਧਾਉਣ ਵਿਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਅਜਿਹੇ ਦੁਬਿੱਧਾ ਭਰੇ ਹਾਲਾਤ ਪੈਦਾ ਕਰਨ ਵਾਲਿਆਂ ਦੀ ਜਾਣੇ-ਅਨਜਾਣੇ ਸਰਪ੍ਰਸਤੀ ਕਰ ਰਹੇ 'ਪੰਥ ਦਰਦੀਆਂ' ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਪਾ ਰਿਹਾ, ਕਿ ਇਨ੍ਹਾਂ ਲੋਕਾਂ ਵਲੋਂ ਪੈਦਾ ਕੀਤੇ ਵਿਵਾਦਾਂ ਕਾਰਣ ਹੀ, ਸਥਾਪਤ ਇਤਿਹਾਸਕ ਅਤੇ ਧਾਰਮਕ ਮਾਨਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਥਾਂ ਅਜਿਹਾ ਰਾਜਸੀ ਸੁਆਰਥ ਲੈਂਦਾ ਜਾ ਰਿਹਾ ਹੈ, ਜਿਸਦੇ ਫਲਸਰੂਪ ਅੱਜ ਦਾ ਸਿੱਖ ਨੌਜਵਾਨ ਭੰਬਲ-ਭੂਸਿਆਂ ਵਿਚ ਪੈ ਭਟਕ ਰਿਹਾ ਹੈ। ਇਨ੍ਹਾਂ ਭੰਬਲ-ਭੂਸਿਆਂ ਵਿਚੋਂ ਉਭਰਨ ਦਾ ਕੋਈ ਰਾਹ ਨਾ ਮਿਲ ਪਾਣ ਦੇ ਕਾਰਣ ਹੀ, ਉਹ ਨਿਰਾਸ਼ ਹੋ, ਸਿੱਖੀ ਵਿਰਸੇ ਨਾਲੋਂ ਟੁੱਟਦਾ ਅਤੇ ਸਿੱਖੀ ਸਰੂਪ ਨੂੰ ਤਿਆਗਦਾ ਜਾ ਰਿਹਾ ਹੈ।  
ਅਣਗੋਲਿਆ ਪੱਖ: ਘੋਖਿਆ ਅਤੇ ਵਿਚਾਰਿਆ ਜਾਏ ਤਾਂ ਕਈ ਅਜਿਹੇ ਅਣਗੋਲੇ ਪੱਖ ਹਨ, ਜੋ ਸਿੱਖੀ ਨੂੰ ਢਾਹ ਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਹੀ ਅਣਗੋਲੇ ਕੀਤੇ ਜਾ ਰਹੇ ਪੱਖਾਂ ਵਿਚੋਂ ਇਕ ਦਾ ਜ਼ਿਕਰ ਇਥੇ ਕਰਨਾ ਕੁਥਾਊਂ ਨਹੀਂ ਹੋਵੇਗਾ। ਅਖਬਾਰਾਂ ਦੇ ਮੈਟਰੀਮੋਨੀਅਲ ਕਾਲਮਾਂ ਵਿਚ ਛਪੇ ਉਹ ਇਸ਼ਿਤਿਹਾਰ, ਸਿੱਖਾਂ ਦੇ ਰਾਖੇ ਹੋਣ ਦੇ ਦਾਅਵੇ ਨਾਲ, ਆਪੋ ਵਿੱਚ ਚੁੰਝ ਲੜਾ ਰਿਹਾਂ ਦਾ ਧਿਆਨ ਤੱਕ ਨਹੀਂ ਖਿੱਚਦੇ, ਜਿਨ੍ਹਾਂ ਵਿਚ ਮੋਟੇ-ਮੋਟੇ ਅੱਖਰਾਂ ਵਿਚ 'ਕਲੀਨ-ਸ਼ੇਵਨ' ਮੁੰਡੇ ਲਈ 'ਸਿੱਖ' ਕੁੜੀ ਦੀ ਅਤੇ 'ਸਿੱਖ' ਕੁੜੀ ਲਈ 'ਕਲੀਨ-ਸ਼ੇਵਨ' ਮੁੰਡੇ ਦੀ ਮੰਗ, ਇਸ ਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਮੁੰਡੇ ਦਾ 'ਕਲੀਨ ਸ਼ੇਵਨ' ਹੋਣਾ ਉਸਦੀ ਬਹੁਤ ਵੱਡੀ ਤੇ ਪ੍ਰਸ਼ੰਸਾ-ਯੋਗ ਯੋਗਤਾ ਹੋਵੇ।
ਜੇ ਇਹ ਇਸ਼ਤਿਹਾਰ ਕਿਸੇ 'ਸਿੱਖੀ ਦੇ ਰਾਖੇ' ਦਾ ਧਿਆਨ ਖਿੱਚਦੇ ਵੀ ਹਨ, ਤਾਂ ਇਨ੍ਹਾਂ ਨੂੰ ਪੜ੍ਹ ਕੇ ਨਾ ਤਾਂ ਉਸਦੀ ਆਤਮਾ ਟੁੰਬੀ ਜਾਂਦੀ ਹੈ, ਨਾ ਹੀ ਉਸਦੀ ਅਣਖ ਜਾਗਦੀ ਹੈ, ਨਾ ਹੀ ਉਸਦੀਆਂ ਸਿੱਖੀ ਭਾਵਨਾਵਾਂ ਨੂੰ ਕੋਈ ਠੇਸ ਪੁੱਜਦੀ ਹੈ। ਹੋਰ ਤਾਂ ਹੋਰ ਉਸਦੇ ਦਿਲ ਵਿੱਚ ਕੋਈ ਹਲਚਲ ਵੀ ਪੈਦਾ ਨਹੀਂ ਹੁੰਦੀ। ਸ਼ਾਇਦ ਇਨ੍ਹਾਂ ਇਸ਼ਤਿਹਾਰਾਂ ਨੂੰ ਪੜ੍ਹ ਕੇ ਉਸਨੂੰ ਇਸ ਗੱਲ ਪੁਰ 'ਅਭਿਮਾਨ' ਹੀ ਹੋਣ ਲਗਦਾ ਹੋਵੇਗਾ ਕਿ ਇਹ ਮੁੰਡਾ 'ਕਲੀਨ-ਸ਼ੇਵਨ' ਹੁੰਦਿਆਂ ਹੋਇਆਂ ਵੀ 'ਸਿੱਖ' ਹੋਣ ਤੇ ਮਾਣ ਕਰ ਰਿਹਾ ਹੈ ਤੇ 'ਸਿੱਖ' ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ 'ਸਿੱਖ' ਕੁੜੀ 'ਕਲੀਨ-ਸ਼ੇਵਨ ਸਿੱਖ' ਮੁੰਡੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ, ਕਿਸੇ ਗੈਰ-ਸਿੱਖ ਨਾਲ ਨਹੀਂ।
ਜਾਤਾਂ ਦਾ ਕੋਹੜ: ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿਚ ਲਗਭਗ ਢਾਈ ਸਦੀਆਂ ਦੀ ਜੱਦੋ-ਜਹਿਦ ਅਤੇ ਕੁਰਬਾਨੀਆਂ ਰਾਹੀਂ ਮਨੁਖਾ ਸਮਾਜ ਵਿਚੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ 'ਖਾਲਸੇ' ਦੀ ਸਿਰਜਣਾ ਕੀਤੀ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਆਪਣੀ ਸਿੱਖੀ ਵਿਚ ਕੇਵਲ ਇਸ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਜਾਤ-ਅਭਿਮਾਨੀ ਦੂਜੀਆਂ ਜਾਤਾਂ ਵਾਲਿਆਂ ਨੂੰ ਨਾਲ ਬਿਠਾਉਣ ਜਾਂ ਉਨ੍ਹਾਂ ਨਾਲ ਬੈਠਣ ਲਈ ਤਿਆਰ ਨਹੀਂ ਸਨ ਹੋਏ। ਅੱਜ ਉਸੇ ਹੀ ਜਾਤ-ਪਾਤ ਦਾ ਕੋਹੜ 'ਮਹਾਮਾਰੀ' ਬਣ, ਸਿੱਖੀ ਵਿਚ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਾਤ-ਪਾਤ ਨੂੰ ਖਤਮ ਕਰ, ਬਰਾਬਰਤਾ ਦਾ ਸਨਮਾਨ ਦੇਣ ਲਈ, ਬਖਸ਼ੇ ਗਏ 'ਅੰਮ੍ਰਿਤ' ਦੇ ਧਾਰਣੀ, 'ਅੰਮ੍ਰਿਤਧਾਰੀ' ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ 'ਦਲਿਤ ਸਿੱਖਾਂ' ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ ਹੁੰਦੇ। ਇਥੋਂ ਤਕ ਕਿ ਉਹ ਗੁਰੂ ਸਾਹਿਬਾਨ ਵਲੋਂ ਸਮਾਜ ਵਿਚ ਬਰਾਬਰਤਾ ਲਿਆਉਣ ਲਈ ਅਰੰਭੀ 'ਪੰਗਤ' ਦੀ ਪ੍ਰੰਪਰਾ ਦਾ ਪਾਲਣ ਕਰਨ ਤੋਂ ਵੀ ਇਨਕਾਰੀ ਹੋ ਰਹੇ ਹਨ।
ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਦੇਸ਼-ਵਿਦੇਸ਼ ਵਿਚ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਉਸਾਰੇ ਜਾ ਰਹੇ ਹਨ।  ਜਿਨ੍ਹਾਂ ਦੇ ਮੁੱਖ ਦਰਵਾਜ਼ਿਆਂ ਪੁਰ ਬਹੁਤ ਹੀ ਸੁੰਦਰ ਅਤੇ ਸਜਾਵਟੀ ਅੱਖਰਾਂ ਵਿਚ 'ਗੁਰਦੁਆਰਾ ਰਾਮਗੜ੍ਹੀਆਂ', 'ਗੁਰਦੁਆਰਾ ਪਿਸ਼ੌਰੀਆਂ', 'ਗੁਰਦੁਆਰਾ ਜੱਟਾਂ', 'ਗੁਰਦੁਆਰਾ ਭਾਪਿਆਂ', 'ਗੁਰਦੁਆਰਾ ਰਾਮਦਾਸੀਆਂ' ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਹ 'ਗੁਰਦੁਆਰੇ' ਹੁਣ ਸਤਿਗੁਰਾਂ ਦੇ 'ਸਰਬ-ਸਾਂਝੇ' ਦੁਆਰੇ ਨਾ ਰਹਿ ਕੇ ਵੱਖ-ਵੱਖ ਜਾਤੀਆਂ ਦੇ ਬਣ ਗਏ ਹੋਏ ਹਨ। ਪਰ ਕੋਈ ਇਸ ਗੱਲ ਤੋਂ ਨਾ ਤਾਂ ਚਿੰਤਤ ਜਾਪਦਾ ਹੈ ਅਤੇ ਨਾ ਹੀ ਪ੍ਰੇਸ਼ਾਨ। ਨਾ ਹੀ ਉਹ ਇਸ ਗੱਲ ਤੇ ਵਿਚਾਰ ਕਰਨ ਲਈ ਤਿਆਰ ਹੈ ਕਿ ਜੇ ਸਿੱਖੀ ਇਸੇ ਤਰ੍ਹਾਂ ਜਾਤਾਂ ਵਿਚ ਵੰਡੀ ਜਾਂਦੀ ਰਹੀ ਤਾਂ ਉਸਦਾ ਅੰਤ ਕਿੱਥੇ ਜਾ ਕੇ ਹੋਵੇਗਾ?
ਨਾਨਕਸ਼ਾਹੀ ਕੈਲੰਡਰ ਦਾ ਵਿਵਾਦ: ਇਸ ਸਮੇਂ ਸਿੱਖ ਜਗਤ ਵਿੱਚ ਸਭ ਤੋਂ ਗੰਭੀਰ ਵਿਵਾਦ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਹੋ ਰਿਹਾ ਹੈ। ਇਸਦੇ ਲਈ ਮੁੱਖ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਜ਼ਿਮੇਂਦਾਰ ਗਰਦਾਨਿਆ ਜਾਂਦਾ ਹੈ, ਜਿਸ ਨੇ ਸੰਨ-੨੦੦੩ ਵਿੱਚ ਸਿੱਖ ਜਗਤ ਦੇ ਦੋ ਪ੍ਰਮੁੱਖ ਤਖ਼ਤਾਂ, ਤਖ਼ਤ ਸੱਚਖੰਡ ਹਜ਼ੂਰ ਸਾਹਿਬ, ਤਖ਼ਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਅਤੇ ਕਈ ਹੋਰ ਵਰਗਾਂ ਦੇ ਵਿਰੋਧ ਦੇ ਬਾਵਜੂਦ, ਇਸਨੂੰ ਕਮੇਟੀ ਦੇ ਜਨਰਲ ਇਜਲਾਸ ਤੋਂ ਪਾਸ ਕਰਵਾ ਕੇ ਅਤੇ ਸ੍ਰੀ ਅਕਾਲ ਤਖ਼ਤ ਦੀ ਮੋਹਰ ਲਗਵਾ ਕੇ ਇਹ ਦਾਅਵਾ ਕਰਦਿਆਂ ਜਾਰੀ ਕਰਵਾਇਆ, ਕਿ ਇਸਦੇ ਲਾਗੂ ਹੋ ਜਾਣ ਦੇ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰ ਪਛਾਣ ਨੂੰ ਮਾਨਤਾ ਮਿਲ ਜਾਇਗੀ। ਫਿਰ ਤਕਰੀਬਨ ਛੇ ਵਰ੍ਹੇ ਬਾਅਦ ਸੰਨ-੨੦੦੯ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤ੍ਰ ਸ. ਸੁਖਦੇਵ ਸਿੰਘ ਭੌਰ ਸਮੇਤ ਕੁਝ ਮੈਂਬਰਾਂ ਅਤੇ ਦੋ ਸਾਬਕਾ ਪ੍ਰਧਾਨਾਂ ਦੇ ਵਿਰੋਧ ਦੇ ਬਾਵਜੂਦ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਵਰਕਿੰਗ ਕਮੇਟੀ ਦੇ ਬਹੁਮਤ ਨਾਲ ਪਾਸ ਕਰਵਾ, ਸ੍ਰੀ ਅਕਾਲ ਤਖ਼ਤ ਦੀ ਮੋਹਰ ਨਾਲ ਸੋਧਿਆ ਕੈਲੰਡਰ ਜਾਰੀ ਕਰਵਾ ਦਿੱਤਾ ਗਿਆ। ਅਜਿਹਾ ਕਰਦਿਆਂ ਦਾਅਵਾ ਇਹ ਕੀਤਾ ਗਿਆ ਕਿ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਏਕਤਾ ਕਾਇਮ ਕਰਨ ਲਈ ਇਹ ਸੋਧਾਂ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ।
ਨਤੀਜਾ ਇਹ ਹੋਇਆ ਸਿੱਖਾਂ ਵਿੱਚ ਵੰਡੀਆਂ ਪੈ ਗਈਆਂ। ਛੇ ਵਰ੍ਹੇ ਪਹਿਲਾਂ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਪ੍ਰਤੀ ਵੀ ਸਰਬ-ਸੰਮਤੀ ਨਹੀਂ ਸੀ ਹੋਈ ਅਤੇ ਨਾ ਹੀ ਉਸਦਾ ਉਦੇਸ਼, ਕਿ ਇਸਦੇ ਲਾਗੂ ਹੋਣ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਇਗੀ, ਪੂਰਾ ਹੋ ਸਕਿਆ। ਇਸੇ ਤਰ੍ਹਾਂ ਪਿਛਲੇ ਵਰ੍ਹੇ ਸੋਧਾਂ ਕਰ, ਜਾਰੀ ਕੀਤੇ ਗਏ ਕੈਲੰਡਰ ਪੁਰ ਵੀ ਸਰਬ-ਸੰਮਤੀ ਨਹੀਂ ਹੋ ਸਕੀ ਅਤੇ ਨਾ ਹੀ ਉਦੇਸ਼, ਕਿ ਪੰਥ ਵਿੱਚ ਏਕਤਾ ਕਾਇਮ ਕਰਨ ਲਈ, ਇਸ ਵਿੱਚ ਲੋੜੀਂਦੀਆਂ ਸੋਧਾਂ ਕਰ ਕੇ ਲਾਗੂ ਕੀਤਾ ਗਿਆ ਹੈ, ਪੂਰਾ ਹੋ ਸਕਿਆ ਹੈ।  ਹਾਂ, ਇਨ੍ਹਾਂ ਦੋਹਾਂ ਸਥਿਤੀਆਂ ਨੇ ਸਿੱਖ ਜਗਤ ਵਿੱਚ ਵਿਵਾਦਾਂ ਨੂੰ ਵਧਾਉਣ ਵਿੱਚ ਹੀ ਆਪਣਾ ਯੋਗਦਾਨ ਪਾਇਆ।
ਭਾਵੇਂ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ ਕੀਤੇ ਜਾ ਰਹੇ ਵਿਵਾਦ ਨੂੰ ਧਾਰਮਕ ਭਾਵਨਾਵਾਂ ਨਾਲ ਸਬੰਧਤ ਪ੍ਰਚਾਰਿਆ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਨਾ ਤਾਂ ਛੇ ਵਰ੍ਹੇ ਪਹਿਲਾਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੇ ਨਾਲ ਧਾਰਮਕ ਭਾਵਨਾਵਾਂ ਸਬੰਧਤ ਸਨ ਅਤੇ ਨਾ ਹੀ ਛੇ ਵਰ੍ਹੇ ਬਾਅਦ, ਉਸਨੂੰ ਸੋਧ ਕੇ ਜਾਰੀ ਕਰਨ ਦੇ ਨਾਲ ਸ਼ੁਰੂ ਹੋਇਆ ਵਿਵਾਦ ਧਾਰਮਕ ਭਾਵਨਾਵਾਂ ਸਬੰਧਤ ਹੈ। ਇਸ ਪਿਛੇ ਜੇ ਕੋਈ ਭਾਵਨਾ ਕੰਮ ਕਰ ਰਹੀ ਹੈ ਤਾਂ ਉਹ ਕੇਵਲ ਤੇ ਕੇਵਲ ਸੁਆਰਥ, ਜੋ ਹਊਮੈ ਅਤੇ ਵਿਰੋਧੀ ਨੂੰ ਠਿੱਬੀ ਲਾਉਣ ਨਾਲ ਸਬੰਧਤ, ਰਾਜਨੀਤੀ ਤੋਂ ਪ੍ਰੇਰਤ ਭਾਵਨਾ ਹੀ ਹੋ ਸਕਦੀ ਹੈ।
…ਅਤੇ ਅੰਤ ਵਿਚ : ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖਾਂ ਵਿਚ ਕਈ ਅਜਿਹੀਆਂ ਸੂਝਵਾਨ, ਅਤੇ ਸਿੱਖੀ ਜੀਵਨ ਵਿਚ ਪਰਪੱਕ ਅਤੇ ਵਿਵਾਦਾਂ ਤੋਂ ਨਿਰਲੇਪ ਸ਼ਖਸੀਅਤਾਂ ਵੀ ਹਨ, ਜੋ ਸਮਰਪਤ ਭਾਵਨਾ ਨਾਲ ਸਿੱਖ ਬਚਿਆਂ ਨੂੰ ਸਿੱਖੀ ਜੀਵਨ ਨਾਲ ਜੋੜਨ ਵਿਚ ਪ੍ਰਸ਼ੰਸਾ-ਯੋਗ ਭੂਮਿਕਾ ਨਿਭਾ ਰਹੀਆਂ ਹਨ। ਇਹ ਉਹ ਸ਼ਖਸੀਅਤਾਂ ਹਨ, ਜੋ ਪ੍ਰਚਾਰ ਨਾਲੋਂ ਵੱਧ ਕੰਮ ਕਰਨ ਵਿਚ, ਆਪਣੇ ਮਨੋਰਥ ਦੀ ਸਿੱਧੀ ਸਵੀਕਾਰਦੀਆਂ ਹਨ। ਜਦੋਂ ਇਨ੍ਹਾਂ ਨੂੰ ਕੋਈ ਇਹ ਆਖਦਾ ਹੈ ਕਿ ਉਨ੍ਹਾਂ ਨੂੰ ਕੀਤੀ ਜਾ ਰਹੀ ਆਪਣੀ ਸੇਵਾ ਨੂੰ ਪ੍ਰਚਾਰ ਰਾਹੀਂ ਲੋਕਾਂ ਤਕ ਪਹੁੰਚਾਣਾ ਚਾਹੀਦਾ ਹੇ, ਤਾਂ ਜੋ ਉਨ੍ਹਾਂ ਦੀ ਸੇਵਾ-ਭਾਵਨਾ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਸਜਣ ਇਸ ਪਾਸੇ ਅਗੇ ਆ ਸਕਣ, ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਦੇ ਪ੍ਰਚਾਰ ਤੋਂ ਕਿੰਨੇ-ਕੁ ਪ੍ਰੇਰਨਾ ਲੈਣਗੇ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਸੇਵਾ ਦਾ ਪ੍ਰਚਾਰ ਹੋਇਆ ਤੇ ਕੁਝ ਇਕ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਤੀ, ਤਾਂ ਉਨ੍ਹਾਂ ਦੇ ਿਦਲ ਵਿਚ ਹੰਕਾਰ ਦੀ ਭਾਵਨਾ ਜ਼ਰੂਰ ਉਜਾਗਰ ਹੋ ਜਾਇਗੀ ਤੇ ਉਹ ਵੀ ਆਪਣੇ ਆਸ਼ੇ ਅਤੇ ਮਨੋਰਥ ਤੋਂ ਥਿੜਕ ਜਾਣਗੇ।

No Comment posted
Name*
Email(Will not be published)*
Website
Can't read the image? click here to refresh

Enter the above Text*