Bharat Sandesh Online::
Translate to your language
News categories
Usefull links
Google

     

"ਸਿੱਖ ਦੀ ਦੰਦ-ਘਸਾਈ"
18 Nov 2011

        ਸਿੱਖ ਦੀਆਂ ਬ੍ਰਾਹਮਣਵਾਦੀ-ਰੀਤੀਆਂ ਦਾ ਉਲੇਖ ਕੀਤਿਆਂ ਭਾਵੇਂ ਬਹੁਤੀ ਸ਼ੋਭਾ ਤਾਂ ਨਹੀਂ ਬਣਦੀ , ਪਰ ਕਈ ਵਾਰ ਇਨ੍ਹਾਂ ਦੇ ਕਿਰਦਾਰ ਇਹੋ ਜਹੇ ਸ਼ਰਮਨਾਕ ਹਾਲਾਤ ਅਖਤਿਆਰ ਕਰ ਜਾਂਦੇ ਹਨ ਕਿ ਗੁਰੂ ਨਾਨਕ ਨਾਮ-ਲੇਵਾ ਸਿੱਖ ਨਾਲ ਵਿਚਾਰਾਂ ਦੀ ਸਾਂਝ ਪਾਇਆਂ ਰਿਹਾ ਵੀ ਨਹੀਂ ਜਾਂਦਾ । ਇਹ ਉਨ੍ਹਾਂ ਦਿਨ੍ਹਾਂ ਦਾ ਹੀ ਵਾਕਿਆ ਹੈ ਜਦੋਂ ਕਨੇਡਾ'ਚ ਗਰਮੀਆਂ ਦੀਆਂ ਪੂਰੀਆਂ ਗੋਡਣੀਆਂ ਲਗ ਚੁਕੀਆਂ ਸਨ । ਦਰਖਤਾਂ ਦੇ ਰੰਗ ਵਟਾਈ ਝੜਦੇ ਪੱਤੇ , ਠੰਡੀ-ਠੰਡੀ , ਕੂਲੀ-ਕੂਲੀ ਹਵਾ ਦੇ ਝੌਕਿਆਂ ਨਾਲ ਦੂਰ ਤੋੜੀ ਰਿੜਦੇ,ਖਿੜਦੇ, ਡਿਗਦੇ, ਢਹਿੰਦੇ , ਕਦੀ ਇਧਰ ਅਤੇ ਕਦੀ ਉਧਰ ਭੱਜੇ ਜਾਂਦੇ ਸਨ । ਅੰਤ , ਹਾਰ-ਹੰਭ ਕੇ ਨਿਢਾਲ ਹੋਏ ਚੌਫਾੜ ਡਿਗ ਪੈਂਦੇ ਸਨ ।

ਸਰਰ-ਸਰਰ ਕਰਦੀ ਹਵਾ ਬਥੇਰੀਆਂ ਹੁੱਝਾਂ ਮਾਰਦੀ ਪਰ ਢੀਠ ਬਲਦ ਵਾਂਗ ਝਾੜੀਆਂ ਦੇ ਮੁਢੀਂ ਸਾਹ-ਘੜੀਸੀ ਇੱਕਠੇ ਹੋਏ ਜਰਦ ਪੱਤਿਆ ਦੀ ਢੀਠਤਾਈ ਦੀ ਵੀ ਹੱਦ ਹੋਈ ਪਈ ਸੀ । ਖੈਰ    ਅਜੇਹੇ ਸੁਹਾਵਣੇ ਸਮੇਂ ਦੀ ਇੱਕ ਢਲਦੀ ਦੁਪੈਹਰ, ਪਾਰਕ ਵਿੱਚ ਇੱਕਲਾ ਆਪਣੀ ਜਿੰਦਗੀ ਦੇ ਸਵਾਲਾਂ -ਜੁਆਬਾਂ'ਚ ਉਲਝਿਆ ਬੈਠਾ ਸਾਂ ਕਿ ਪੰਜਾਬੀ ਭਾਸ਼ਾਂ'ਚ ਤੂੰ-ਤੂੰ , ਮੈਂ-ਮੈਂ ਕਰਦੇ ਪਿਛਲੇ ਪਾਸਿaੁਂ ਲੰਘਦੇ ਤਿੰਨ-ਚਾਰ ਬੰਦਿਆਂ ਦੀ ਸਰੋਤ ਕੰਨੀ ਪਈ । ਵੇਖਿਆ ਤਾਂ ਪੰਜਾਬੋੰ ਸਿੱਖੀ ਦੇ ਪ੍ਰਚਾਰ ਲਈ ਆਏ ਕਿਸੇ ਗੁਰਦੁਆਰੇ ਦੇ ਸਿੰਘ ਸਨ ।ਠੰਡੇ-ਠਾਰ ਮੌਸਮ ਵਿੱਚ ਇਤਨੀ ਗਰਮੀਂ ? ਇੱਕ-ਦੂਸਰੇ ਨੂੰ ਝਈਆਂ ਲੈ-ਲੈ ਪੈਣ। ਰੌਲੇ-ਗੌਲੇ ਵਿਚ ਸਮਝ ਨਹੀਂ ਸੀ ਪੈ ਰਹੀ ਕਿ ਮਸਲਾ ਕੀ ਹੈ ? ਲੰਘਦੇ-ਵੜਦੇ ਹੋਰ ਲੋਕੀਂ ਵੀ ਛਿਨ-ਭਰ ਲਈ ਨਜ਼ਰ-ਭਰ ਕੇ ਤੱਕਣ ਅਤੇ ਅਗਾਂਹ ਲੰਘ ਜਾਂਣ-ਇੰਝ ਜਾਪੇ ਜਿਵੇਂ ਉਨ੍ਹਾਂ ਭਲਿਆਂ-ਮਾਣਸਾਂ ਨੂੰ ਸਾਡੀ ਖਲਸਤ ਦਾ ਸ਼ਾਇਦ ਪਹਿਲਾਂ ਹੀ ਅਨੁਮਾਨ ਹੈ । ਕਨੇਡਾ ਜਹੇ ਸਭਿਆਚਾਰਕ ਮੁਲਕ ਵਿੱਚ ਸਾਡੀ ਆਪਣਿਆਂ ਦੀ ਦੁਰ-ਦੁਰ ਦੇ ਭੈੜੈ ਪ੍ਰਭਾਵ ਨੂੰ ਰੋਕਣ ਲਈ ਉਠਿਆ । ਇਨ੍ਹਾਂ ਚਿੱਟ-ਕੱਪੜੀਏ ਭੱਦਰ-ਪੁਰਸ਼ਾਂ ਕੋਲ ਗਿਆ ਤਾਂ ਪਤਾ ਚਲਿਆ ਕਿ:'ਕਿ ਘਰ ਵਿੱਚ ਪੰਜਾਂ ਸਿੰਘਾਂ ਨੂੰ ਪਰਸ਼ਾਦਾ ਛਕਾਉਣ ਦੀ ਪ੍ਰੰਪਰਾ ਅਧੀਨ ਕਿਸੇ ਸ਼ਾਤਰ ਦਿਮਾਗ ਵਿਅਕਤੀ ਨੇ ਦੰਦ-ਘਸਾਈ ਵਜੋਂ ਦਿੱਤੀ ਜਾਣ ਵਾਲੀ ਦੱਛਣਾ ਵਾਲੇ ਲਿਫਾਫਿਆਂ ਵਿਚ ਲਿਖ ਕੇ ਪਾ ਦਿਤਾ ਕਿ ਟੁੱਟੇ ਨਾ ਹੋਣ ਕਰਕੇ ਸੌ-ਸੌ ਡਾਲਰ ਦੇ ਦੋ ਨੋਟ ਇੱਕ ਲਿਫਾਫੇ'ਚ ਹਨ-ਵੰਡ ਲੈਂਣੇ । ਘੜਮਸ ਇਹ ਪਿਆ ਕਿ ਇਨ੍ਹਾਂ ਵਿੱਚੋਂ ਕਿਹੜਾ ਭਾਈ ਸਾਰੇ ਡਾਲਰ ਡਕਾਰ ਗਿਆ ?' 'ਆਉ ! ਬੈਠ ਕੇ ਗੱਲ ਕਰਦੇ ਹਾਂ'? ਫਤਹਿ ਸਾਂਝੀ ਕਰਨ ਉਪਰੰਤ ਬਹਾਨੇ ਨਾਲ ਇਕਾਂਤ ਵਿੱਚ ਲਿਆ ਕੇ ਆਪਣਾ ਪਹਿਲਾ ਪ੍ਰਸ਼ਨ ਸੀ ਕਿ ਸਿੱਖ ਧਰਮ ਵਿੱਚ 'ਐਤਵਾਰ ਵਾਲੇ ਦਿਨ ਪੰਜਾਂ ਸਿੰਘਾਂ ਨੂੰ ਘਰ'ਚ ਸੱਦ ਕੇ ਇੰਝ ਪ੍ਰਸ਼ਾਦਾ ਛਕਾਉਣ ਦੀ ਮਰਯਾਦਾ ਕੀ ਹੈ ?'ਭਾਈ ਮਨੀ ਸਿੰਘ ਜੀ ਦੀ ਕ੍ਰਿਤ 'ਗੁਰਮਤਿ ਸਾਖੀ ਸਾਗਰ'ਦੇ ਹਵਾਲੇ ਨਾਲ ਦਸਿਆ ਗਿਆ ਕਿ ਸ਼ਾਂਤੀ ਦੇ ਪੁੰਜ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਦੇ ਇਕ ਅਨਿੰਨ ਸਿੱਖ ਭਾਈ ਸਾਧੂ ਮਹਤਾ ਕੁੱਲ ਕੁਮ੍ਹਿਆਰ ਦੀ ਵਿਚੋਂ ਹੈਸੀ ਤੇ ਬੁਧੂ ਉਸਦਾ ਨਾਉਂ ਹੈਸੀ ਤੇ ਭਗਤ ਨਿਰੰਕਾਰ ਦਾ ਸੀ ਤੇ ਲਹੌਰ ਰਹਿੰਦਾ ਸੀ।ਸ਼ਰਨ ਆਏ ਤਾਂ ਬਚਨ ਹੋਇਆ –ਜੋ ਕਾਰਜ ਅਰੰਭ ਕਰਨਾ ਸੋ ਪਹਿਲੇ ਅਰਦਾਸ ਕਰਕੇ ਕੜਾਹ ਕਰਨਾ ਤੇ ਜੋ ਲਾਹਾ ਵਿੱਚੋਂ ਹੋਵੇ ਤਾਂ ਦਸਵੰਧ ਗੁਰੂ ਕੇ ਨਮਿਤ ਦੇਣਾ ।

ਭਾਈ ਬੁਧੂ ਨੇ ਇੱਟਾਂ ਦਾ ਆਵਾ ਚਾੜ੍ਹਿਆ ਤੇ ਸਿੱਖਾਂ ਨੂੰ ਪ੍ਰਸ਼ਾਦ ਕੀਤਾ ।  ਗਰੀਬ ਸਿੱਖ ਭਾਈ ਲਖੂ ਪਟੋਲੀਆ ਬਾਹਰ ਰਹਿ ਗਿਆ । ਸੰਗਤ ਨੇ ਅਰਦਾਸ ਕੀਤੀ ਕਿ 'ਆਵਾ ਪੱਕਾ' ਪਰ ਬਾਹਰ ਦਰਵਾਜੇ ਨਾਲ ਲਗਾ ਲੋੜ-ਵੰਦ ਭਾਈ ਲਖੂ ਕਹੀ ਜਾਏ, 'ਆਵਾ ਕੱਚਾ' । ਬੁਧੂ ਨੇ ਆਵਾ ਖੋਲ੍ਹਿਆ ਤਾਂ 'ਆਵਾ ਪਿੱਲਾ' ਸੀ । ਬੁਧੂ ਨੇ ਗੁਰੂ ਜੀ ਪਾਸ ਰੋਸ ਕੀਤਾ ਤਾਂ ਬਚਨ ਹੋਇਆ ਕਿ ਤੁਸਾਂ ਮੇਰੇ ਸਿੱਖ ਭਾਈ ਲਖੂ ਦਾ ਆਦਰ-ਸਨਮਾਨ ਨਹੀਂ ਕੀਤਾ , ਓਸ ਪਾਸ ਜਾ ਕੇ ਭੁਲ ਬਖਸ਼ਾਉ ? ਭਾਈ ਲੱਧੇ ਨੂੰ ਨਾਲ ਲੈ ਕੇ ਬੁਧੂ , ਭਾਈ ਲਖੂ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਆਵਾ ਤਾਂ ਨਹੀਂ ਪੱਕੇਗਾ ਪਰ ਪਿੱਲੀਆਂ ਇੱਟਾਂ , ਪੱਕੀਆਂ ਦੇ ਮੁੱਲ ਵਿੱਕਣਗੀਆਂ ! ਬਸ ਜੀ ਉਸ ਸਮੇਂ ਤੋ ਗੁਰੂ ਹੁਕਮ ਅਨੁਸਾਰ ਸਿੱਖਾਂ ਅੰਦਰ ਇਹ ਪੱਕੀ ਧਾਰਨਾ ਬਣ ਗਈ ਕਿ ਖੁਸ਼ਹਾਲੀ ਲਈ , ਕਾਰੋਬਾਰ ਦੀ ਚੜ੍ਹਤ ਲਈ , ਰਾਜ਼ੀ-ਖੁਸ਼ੀ ਲਈ , ਜੀਆਂ ਦੀ ਤੰਦਰੁਸਤੀ ਲਈ ਵਰ੍ਹੇ-ਛਿਮਾਂਹੀ  ਘਰ ਵਿੱਚ ਸਿੰਘਾਂ ਦੇ ਚਰਨ ਪੁਵਾ ਲੈਂਦੇ ਹਨ । ਜਦੋ 'ਗੁਰੂ ਹਜੂਰ' -ਸਿੱਖ ਆਪ ਅਰਦਾਸ ਕਰਨ ਦੇ ਸਮਰਥ ਹੈ ਤਾਂ ਫਿਰ ਇਸ ਪ੍ਰਪੰਚ ਦੀ ਕੀ ਲੋੜ ਹੈ ? ਇਕ ਮੋੜਵਾਂ ਸਵਾਲ ਸੀ ।'ਵੇਖੋ ਜੀ ! ਅੰਨ-ਜਲ ਵੀ ਤਾਂ ਲਾਉਣਾ ਹੋਇਆ । ਸਿੰਘਾਂ ਦੀ ਆਮਦ ਨਾਲ ਘਰ ਪੱਵਿਤਰ ਹੋ ਜਾਂਦਾ ਹੈ। ਗੁਰੂ-ਆਸ਼ੇ ਮੁਤਾਬਕ ਸਿੱਖਾਂ ਦੀ ਦਸਵੰਧ-ਰਾਸ਼ੀ ਵੀ ਸਾਰਥਿਕ ਕੰਮਾਂ'ਚ ਵਰਤੀ ਜਾਂਦੀ ਹੈ ।ਹਿੰਦੂ-ਮੱਤ ਅਨੁਸਾਰ ਸ਼ਰਾਧ ਅਤੇ ਕੰਜਕਾਂ ਬਿਠਾਉਣ ਨਾਲੋ ਇਸ ਰੀਤੀ'ਚ ਕੀ ਅੰਤਰ ਹੈ ?ਜੁਆਬ ਸੀ ਕਿ ਵੇਖੋ ਜੀ ! ਹਿੰਦੂ ਆਪਣੇ ਧਰਮ-ਕਰਮ ਕਰਦੇ ਹਨ , ਸਿੱਖ ਆਪਣੇ ਅਤੇ ਮੁਸਲਮਾਨ ਆਪਣੇ । ਅਸੀਂ ਖਾਹ-ਮੁਖਾਹ ਦੇ ਝਗੜ-ਝੇੜੇ'ਚ ਕਾਹਨੂੰ ਪਈਏ ? ਗੁਰਾਂ ਦੀ ਧਰਤੀ ਮਾਝੇ-ਦੁਆਬੇ ਵਿੱਚ ਇਹ ਬਹੁਤ ਪੁਰਾਣੀ ਰਸਮ ਹੈ । ਤੁਸੀਂ ਕਨੇਡਾ ਆ ਗਏ । ਘਰੀਂ ਸੱਦ ਕੇ ਭੋਜਨ ਛਕਾਉਂਦੇ ਹੋ । ਧੰਨਭਾਗ ! ਐਤਵਾਰ ਵਾਲੇ ਦਿਨ ਤਾਂ ਅਸੀਂ ਵੀ ਬਹੁਤ ਔਖੇ ਹੋ ਜਾਂਦੇ ਹਾਂ । ਗੁਰਦੁਆਰਿਆਂ ਵਿੱਚ ਲਿਸਟਾਂ ਬਣਦੀਆਂ ਹਨ ਕਿ ਫ਼ਲਾਣੇ-ਫ਼ਲਾਣੇ ਜਥੇ ਨੇ ਫਲਾਣੇ-ਫ਼ਲਾਣੇ ਘਰ ਐੈਤਵਾਰ ਨੂੰ ਲੰਗਰ ਛੱਕਣਾ ਹੈ । ਪੰਜਾਂ-ਪੰਜਾਂ , ਛੇਆਂ-ਛੇਆਂ ਘਰਾਂ'ਚੋੰ ਲੰਗਰ ਛੱਕਣ ਜਾਣਾ ਪੈਂਦਾ ਹੈ । ਦਸੋ ਭਲਾ ! ਇਹ ਲੋਕੀਂ ਦਿਨ ਵੰਡ ਕੇ ਲੰਗਰ ਨਹੀਂ ਛਕਾ ਸਕਦੇ ? ਨਾਲੇ ਇਹ ਸੌਖੇ ਰਹਿਣ ਨਾਲੇ ਅਸੀਂ ਵੀ ਅਰਾਮ ਨਾਲ ਭੋਜਨ ਕਰੀਏ । ਪਿਛਲੇ ਹਫਤੇ ਤਿੰਨਾਂ ਘਰਾਂ'ਚੋਂ ਉਪਰੋਥਲੀ ਪੀਸਾ (ਪੀਜ਼ਾ) ਖਾਣਾ ਪਿਆ…..ਬਿਮਾਰ ਹੋ ਗਿਆ ਹਾਂ । ਪਰ ਕੀ ਕਰੀਏ , ਸਰਦਾ ਨਹੀਂ ?'ਕਿਉੁਂ ? ਸਰਦਾ ਕਿਉਂ ਨਹੀ….ਮੋਟੀ ਦੱਛਣਾ ('ਦੰਦ-ਘਸਾਈ) ਮਿਲਦੀ ਹੋਵੇਗੀ ?'ਤੁਹਾਤੋਂ ਕਾਹਦਾ ਲਕੋ ਐ (ਜਿਵੇਂ ਉਨ੍ਹਾਂ ਨੇ ਮੇਰੇ ਵਿੱਚ ਆਪਾ-ਪਨ ਵੇਖ ਲਿਆ ਹੋਵੇ) ਕਈ ਤਾਂ ਸਰਦਾਰ ਜੀ , ਬੜੇ ਦਲੇਰ ਹੁੰਦੇ ਹਨ , ਲਿਫਾਫਿਆਂ'ਚ ਪੰਜਾਹ-ਪੰਜਾਹ ਡਾਲਰ ਦੱਛਣਾ ਪਾ ਦੇਂਦੇ ਹਨ । ਦਿਹਾੜੀ ਚੰਗੀ ਬਣ ਜਾਂਦੀ ਹੈ । (ਗੁਸੇ'ਚ ਕਚੀਚੀ-ਵੱਟ ਕੇ) ਕੰਜੂਸ-ਮੱਖੀ ਚੂਸ ਨ ਹੋਣ ਤਾਂ ਕਿਸੇ ਥਾਂ ਦੇ , ਕਈ ਮਾਂਹ ਦੀ ਦਾਲ ਖੁਆ ਕੇ ਖਾਲੀ ਹੱਥੀਂ ਤੋਰ ਦੇਂਦੇ ਹਨ । ਇਨ੍ਹਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਪੱਤ ਦੀ ਮੈਲ ਵਰਗੀ ਮਾਂਹ ਦੀ ਦਾਲ ਜੋਗੇ ਹੀ ਰਹਿ ਗਏ ? ਮਾਂਹ ਦੀ ਦਾਲ ਨੂੰ ਤਾਂ ਕੁੱਤੇ ਨਹੀਂ ਚੱਟਦੇ । ਆਖਿਰ !ਇਨ੍ਹਾਂ ਦੇ ਗੁਰਦੁਆਰਿਆਂ ਦੇ ਸੇਵਾਦਾਰ ਵੀ ਨਾਲ ਹੀ ਹੁੰਦੇ ਹਨ । ਅਸੀਂ ਗੁਰੂ-ਘਰ ਦੇ ਕੀਰਤਨੀਏ ਹਾਂ । ਕੁਝ ਤਾਂ ਹਯਾ ਕਰਿਆ ਕਰੋ ? ਸੱਚ ਇਹ ਹੈ ਭਾਈ ਸਾਹਿਬ , ਕਿ ਇਨ੍ਹਾਂ ਲੋਕਾਂ ਕੋਲ ਭਾਵੇਂ ਅੰਨ੍ਹੀ ਮਾਇਆ ਹੈ ,ਪਰ  ਦਾਨੀ ਨਹੀਂ। ਕੀ ਵਿਗੜਦਾ ਐ ਜੇ ਦੋ/ਚਾਰ ਸੌ ਡਾਲਰ ਭੇਂਟ ਕਰ ਦੇਣ ਤਾਂ ? ਗੱਲਾਂ ਕਰਦਿਆਂ-ਕਰਦਿਆਂ ਉਨ੍ਹਾਂ ਦੇ ਸੰਘ'ਚ ਇਕ ਵਾਰ ਫਿਰ ਡਾਲਰ ਫਸ ਗਏ ਤਾਂ ਮੈਦਾਨੇ-ਜੰਗ ਭਖ ਪਿਆ । ਬੜੇ ਠਰੰਮੇ ਨਾਲ ਸਮਝਾaੁਂਦਿਆਂ-ਬੁਝਾaੁਂਦਿਆਂ ਗੱਲ ਅਗੇ ਤੁਰੀ।    'ਗੁਰੂ-ਘਰਾਂ ਦੇ ਕਥਾ-ਕੀਰਤਨੀਏ ਤਾਂ ਬਹੁਤ ਸੰਤੋਖੀ ਚਾਹੀਦੇ ਨੇ ?''ਵੇਖੋ ਜੀ ! ਇੱਕ ਰਾਹਦਾਰੀ ਮੰਗਵਾਉਣ ਤੇ ਸਹਿਜੇ ਹੀ ਲੱਖ ਰੁਪਿਆ ਲੱਗ ਜਾਂਦੈ । ਬਾਕੀ ਦਿਨ ਸੁਵੱਲੇ ਹੋਣ , ਵੀਜਾ ਮਿਲ ਜਾਵੇ ਤਾਂ ਦੋ ਕੁ ਲੱਖ ਉਹ ਖ਼ਰਚਾ । ਪੰਜ ਕੁ ਮਹੀਨਿਆਂ'ਚ ਕਥਾਕਾਰ ਤਾਂ ਇਕ ਹੁੰਦੈ, ਚਾਰ ਛਿੱਲੜ ਕਮਾ ਲੈਦਾ ਹੈ ਪਰ ਸਾਨੂੰ ਤਿੰਨਾਂ ਜਣਿਆਂ ਨੂੰ ਬਣਦਾ-ਜੁੜਦਾ ਕੁਝ ਵੀ ਨਹੀਂ। ਕਰੀਏ ਤਾਂ ਕੀ ਕਰੀਏ । ਚਾਰ-ਚਾਰ , ਪੰਜ-ਪੰਜ ਨਿਉਂਦੇ ਖਾ-ਖਾ ਕੇ ਪੇਟ ਵੀ  ਡਾਢੀ ਬੋ ਮਾਰਨ ਲਗ ਪਏ ਹਨ । ਮਰਦੀ ਨੂੰ ਅੱਕ ਚਬਣਾ ਪੈਂਦੇ , ਬੱਚੇ ਜੁ ਪਾਲਣੇ ਹੋਏ ।'ਸਰਬ-ਕਲਿਆਣਕਾਰੀ ਗੁਰੂ ਨਾਨਕ ਦੇ ਦਰਬਾਰੀਆਂ ਦੀ ਏਹ ਤਰਸਯੋਗ ਕਹਾਣੀ ਸੁਣ ਕੇ ਸਾਡੀਆਂ ਅੱਖੀਆਂ'ਚੋਂ ਜਲ ਵਹਿ ਤੁਰਿਆ। ਜੇ ਬਾਹਰੋਂ ਨਹੀਂ ਤਾਂ ਅਤੀ ਗੰਭੀਰ ਹੋਏ ਏਹ ਵੀ ਅੰਦਰੋਂ ਜ਼ਾਰ-ਜ਼ਾਰ ਰੋਂਦੇ ਪਏ ਪ੍ਰਤੀਤ ਹੁੰਦੇ ਸਨ ।' ਕੀ ਹੋਣਾ ਚਾਹੀਦੈ ?' ਕਾਫੀ ਦੇਰ ਬਾਅਦ ਸੰਭਲਦਿਆਂ ਹੋਇਆਂ ਇਨ੍ਹਾਂ ਦੀ ਰਾਇ ਜਾਨਣੀ ਚਾਹੀ।ਬਹੁਤ ਸੰਜੀਦਗੀ ਨਾਲ ਇਨ੍ਹਾਂ ਦਾ ਮੁਖੀਆ ਕਹਿਣ ਲਗਾ, 'ਸਾਡੇ ਵਾਂਗ ਵਿਦੇਸ਼ਾਂ ਵਿੱਚ ਇਸਾਈ ਅਤੇ ਮੁਸਲਮਾਨ ਧਰਮਾਂ ਦੇ ਪ੍ਰਚਾਰਕ ਵੀ ਆਪਣੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਜਾਂਦੇ ਹਨ । ਉਨ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਰਜਵੀਂ ਤੇ ਫ਼ਬਵੀਂ ਤਨਖਾਹ ਉਨ੍ਹਾਂ ਦੇ ਪ੍ਰਵਾਰਾਂ ਕੋਲ ਘਰਾਂ'ਚ ਪੁਚਾਉਂਦੀਆਂ ਹਨ । ਉਨ੍ਹਾਂ ਪ੍ਰਚਾਰਕਾਂ ਨੂੰ ਬਾਹਰ ਆਣ ਕੇ ਕੋਈ ਫਿਕਰ-ਫ਼ਾਕਾ ਨਹੀਂ , ਜੇ ਕੁਝ ਕਰਨਾ ਹੈ ਤਾਂ ਨਿਸ਼ੰਗ ਹੋ ਕੇ ਆਪੋ-ਆਪਣੇ ਮਜ਼ਬ ਦਾ ਪ੍ਰਚਾਰ ।ਬਾਹਰ ਆਣ ਕੇ ਸਤਿਕਾਰ ਵੀ ਰੱਬ ਵਰਗਾ ਮਿਲਦੈ। ਨਿਸ਼ਚਿੰਤ ਹੋ ਕੇ ਤਹਿ-ਦਿਲੋਂ ਨੇਕ-ਨੀਤੀ ਨਾਲ ਆਪਣਾ ਕੰਮ ਕਰਦੇ ਹਨ । ਇਕ ਅਸੀਂ ਹਾਂ , ਰੋਟੀ-ਰੋਜ਼ੀ ਕਮਾਉਣ ਆਉਂਦੇ ਹਾਂ । ਵਿਖਾਵੇ ਮਾਤਰ ਢੱਡ-ਸਾਨਗੀਆਂ ਹਨ , ਅਸਲ ਵਿੱਚ ਤਾਂ ਅਸੀਂ ਆਪਣਾ ਢਿੱਡ ਪਏ ਵਜਾਉਂਦੇ ਫਿਰਦੇ ਹਾਂ ਢਿੱਡ…..' ਸੱਚ ਉਗਲਦਿਆਂ ਹੋਇਆਂ ਉਸ ਦੀ ਧਾਹ ਨਿਕਲ ਗਈ ।ਨੀਵੀ ਪਾਈ ਕਿੰਨਾਂ ਚਿਰ ਸਿਸਕੀਆਂ ਲੈਂਦਾ ਰਿਹਾ ।ਇਤਨੇ'ਚ ਹੀ ਭਾਵਕ ਹੋਏ ਦੂਸਰੇ ਨੇ ਕਵੀਸ਼ਰ ਅਜੈਬ ਸਿੰਘ 'ਅਣਖੀ' ਦੀ ਕਵਿਤਾ 'ਚੋਂ ਇੱਕ ਟੋਟਕਾਬੜੀ ਸੁਰੀਲੀ ਅਵਾਜ਼'ਚ ਗਾ ਕੇ ਸੁਣਾਇਆ:     "ਸਾਰੇ ਧਰਮਾਂ'ਚ ਸਤਿਕਾਰ ਪੁਜਾਰੀਆਂ ਦਾ , ਤੇਰਾ ਸੇਵਾਦਾਰ  ਹੋਵੇ ਖ਼ੁਆਰ ਬਾਬਾ ।     ਪ੍ਰਬੰਧਕ ਦੇਣ ਝਿੜਕਾਂ ਹੱਦੋਂ ਵੱਧ ਆ ਕੇ , ਵਾਂਗ ਦਰਵੇਸ਼ਾਂ ਦੇ ਦੇਣ ਦੁਰਕਾਰ  ਬਾਬਾ।     ਸੌਣ ਵੇਲੇ ਵੀ ਕੰਨਾਂ'ਚ ਪੈਣ 'ਵਾਜ਼ਾਂ , ਕਿਸੇ ਪ੍ਰਬੰਧਕ  ਦਾ  ਜਾਪਦਾ ਫੂਨ ਆਇਆ।    ਦੁਖੀ ਹਿਰਦੇ ਨਾਲ ਬਾਬਾ ਜੀ ਕਹਿ ਰਿਹਾ ਹਾਂ, ਕਾਹੇ ਕੋ ਗ੍ਰੰਥੀ  ਕੀ ਜੂਨ ਆਇਆ ।"ਤੀਸਰਾ ਰਤਾ ਕੁ ਵਡੇਰੀ ਉਮਰ ਦਾ ਹੰਡਿਆ ਹੋਇਆ ਸਿੱਖ ਸੰਗੀ ਕਹਿਣ ਲਗਾ ਕਿ 'ਸੱਚ ਜਾਣਿਉ ! ਗੈਰ-ਧਰਮਾਂ ਵਾਲੇ ਸਿੱਖ ਪ੍ਰਚਾਰਕਾਂ ਦੀ ਤਰਾਸਦੀ ਦਾ ਲਾਭ ਉਠਾਉਦੇ ਹੋਏੇ ਮਾਇਆ ਦੇ ਖੁਲ੍ਹੇ-ਗੱਫਿਆਂ ਨਾਲ ਨਿਵਾਜ ਕੇ ਇਨ੍ਹਾਂ ਨੂੰ ਸਿੱਖੀ-ਸਰੂਪ ਵਿੱਚ ਹੀ (ਛਲਾਵੇ ਨਾਲ )ਸਿੱਖ ਸੰਗਤਾਂ'ਚ ਉਨ੍ਹਾਂ ਦੇ ਧਰਮ ਦੇ ਪ੍ਰਚਾਰ ਲਈ ਮੁਲਾਜਮਤ ਦੇ ਰਹੇ ਹਨ । ਅਫਸੋਸ ! ਕਿ ਸਾਡੀਆਂ ਧਾਰਮਿਕ ਸੰਸਥਾਵਾਂ ਸੁਚੇਤ ਨਹੀਂ ਹਨ ? ਸਿੱਖੀ'ਚ ਆਏ ਨਿਘਾਰ ਦਾ ਇਕ ਇਹ ਵੀ ਕਾਰਨ ਹੈ ।        'ਸੱਜਣੋ ! ਦੂਸਰੇ ਧਰਮਾਂ ਵਾਲੇ ਅਜੇਹੇ ਪ੍ਰਚਾਰਕਾਂ ਨੂੰ ਕਿੰਨੀ ਕੁ ਤਨਖਾਹ ਦਿੰਦੇ ਹੋਣਗੇ ?-ਦਾ ਸਿੱਧ-ਪਧਰਾ ਜੁਆਬ ਸੀ, 'ਜੀ ਮੂੰਹ-ਮੰਗੀ ? ਮਾਇਆ ਖਾਤਰ ਸਾਡੇ ਕਈ ਨਾਮੀ ਵਿਅਕਤੀ ਉਨ੍ਹਾਂ ਨਾਲ ਰਲੇ ਹੋਏ ਹਨ । ਸਮਾਗਮਾਂ ਵਿੱਚ ਉਨ੍ਹਾਂ ਦੇ ਇੱਕ-ਦੋ ਸੂਹੀਏ ਜਰੂਰ ਬੈਠਦੇ ਹਨ । ਅਸੀਂ ਅਵੇਸਲੇ ਹਾਂ ਜੀ । ਸਭ ਕੁਝ ਬਾਬੇ ਨਾਨਕ ਤੇ ਛੱਡ ਰਖਿਆ ਹੈ ।ਢਲਦੀ ਸ਼ਾਮ ਦੇ ਨਾਲ ਨਾਲ ਸ਼ਾਇਦ ਇਨ੍ਹਾਂ ਵਿਚਲਾ ਖੌਲ੍ਹਦਾ ਕ੍ਰੋਧ ਵੀ ਢਲ ਗਿਆ ਸੀ । ਹੌਲੇ ਫੁਲ ਵਰਗੇ 'ਫ਼ਤਹਿ' ਬੁਲਾ ਕੇ ਹੌਲੀ-ਹੌਲੀ ਠੁਮਕ-ਠੁਮਕ ਕਰਦੇ ਤੁਰ ਗਏ । ਭਾਰੀ ਮਨ ਨਾਲ ਉਠਿਆ ਤੇ ਸਿਧਾ ਇਕ ਵਾਕਿਫਕਾਰ ਸਿੱਖ ਦੇ ਘਰ ਪਹੁੰਚ ਗਿਆ ਜਿਸ ਦਾ ਮਿਸ਼ਨਰੀ ਸਪੁੱਤਰ ਅੱਜ ਕਲ ਟਰੱਕ ਚਲਾ ਰਿਹਾ ਸੀ। ਸਿੱਖ ਪ੍ਰਵਾਰ ਨੇ ਚੋਖੀ ਆa-ਭਗਤ ਕੀਤੀ , ਪਰ ਸਾਡੀ ਤਾਂ ਟਿਕ-ਟਿਕੀ ਕਿਧਰੇ ਹੋਰ ਸੀ ।                'ਤੁਸੀਂ ਗੁਰਮਤਿ ਪ੍ਰਚਾਰ ਕਰਦੇ ਸa , ਇਹ ਧੰਦਾ ਕਿਉਂ ਬਦਲਿਆ ?'      ਜੋ ਉਸ ਨੇ ਦਸਿਆ , ਆਗਿਆ ਹੋਵੇ ਤਾਂ ਤੁਹਾਡੇ ਨਾਲ ਵੀ ਸਾਂਝ ਪਾਵਾਂ ?'ਮੇਰੇ ਪੂਜਯ ਪਿਤਾ ਸਮਾਨ ਜੀaੁ ! ਗੁਰਦੁਆਰਿਆਂ ਦੇ ਪ੍ਰਬੰਧਕਾਂ ਵਲੋਂ ਨਿਰੰਕਾਰੀ ਨਾਨਕ ਦੀ ਬਖਸ਼ਿਸ਼ ਬਿਬੇਕ-ਬੁਧੀ ਨਾਲ ਸਿਫਤ-ਸਲਾਹ ਕਰਨ ਵਾਲੇ ਦਰਬਾਰੀਆਂ ਦੇ ਬੇ-ਤਹਾਸ਼ਾ ਸ਼ੋਸ਼ਣ ਤੋਂ ਦੁਖੀ ਹੋ ਕੇ ਇਹ ਪਾਪੜ ਵੇਲਣਾ ਪਿਆ । ਸਾਡੀਆਂ ਨਿੱਕੀਆਂ-ਵੱਡੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਿਖਲਾਈ-ਪ੍ਰਾਪਤ ਮਿਸ਼ਨਰੀਆਂ ਨੂੰ ਦਿਹਾੜੀਦਾਰ ਜਿੰਨੀ ਕੁ ਮਾਮੂਲ਼ੀ ਤਨਖਾਹ ਉਤੇ ਪ੍ਰਚਾਰਕ ਭਰਤੀ ਕਰਦੀਆਂ ਹਨ ਜਿਸ ਨਾਲ ਦੋ-ਡੰਗ ਦੀ ਰੋਟੀ ਵੀ ਨਹੀਂ ਤੁਰਦੀ । ਅਗਾਂਹ ਗੁਰੂ ਜੀ ਪ੍ਰਤੀ ਸ਼ਰਧਾ , ਵਿਸ਼ਵਾਸ, ਪਿਆਰ , ਭਗਤੀ , ਨਿਮ੍ਰਤਾ ਜਹੇ ਦੈਵੀ-ਗੁਣਾਂ ਤੋਂ ਵਿਰਵੇ ਗੁਰਦੁਆਰਿਆਂ ਦੇ ਪ੍ਰਬੰਧਕ ਏਨੇ ਆਕੜ-ਖਾਂ, ਕਿ ਰਾਗੀਆਂ-ਢਾਡੀਆਂ ਨੂੰ ਬੰਦੇ ਹੀ ਨਹੀਂ ਸਮਝਦੇ ? ਫੂੰ-ਫੂੰ ਕਰਦੇ ਆਉਂਦੇ ਹਨ ਭੈੜੀ ਤੋ ਭੈੜੀ ਖ਼ਰਵੀ ਬੋਲੀ'ਚ ਲਾਹ-ਪਾਹ ਕਰਕੇ ਤੁਰ ਜਾਂਦੇ ਹਨ। 'ਇਹ ਮਨ ਤੇਰਾ ਭਾਈ' ਵਾਲੀ ਅਵਸਥਾ ਕਿਥੋਂ ਬਣੇ ? ਸੱਚ ਤਾਂ ਇਹ ਹੈ ਕਿ ਜੇ ਕਿਸੇ ਨੂੰ ਨਾਸਤਿਕ ਬਨਾਉਣਾ ਹੋਵੇ ਤਾਂ ਹੋਰ ਕੁਝ ਨ ਕਰੋ ਬਸ ਉਸਨੂੰ ਗੁਰਦੁਆਰੇ ਦਾ ਪ੍ਰਬੰਧਕ ਬਣਾ ਦਿਉ । ਲੜਾਈਆਂ, ਭਿੜਾਈਆਂ , ਧੜੇ-ਬੰਦੀਆਂ , ਕੁੰਡੇ-ਕਬਜ਼ਿਆਂ ਦੀ ਰਾਜਨੀਤੀ, ਸਭ ਪਾਸੇ ਮਾਰੋ-ਮਾਰ ਹੁੰਦੀ ਪਈ ਐ । ਕਿਸੇ ਨਾਦਰ-ਸ਼ਾਹੀ ਲੁੱਟ ਮਚਾਈ ਹੈ, ਕਿਸੇ ਵਕੀਲਾਂ ਨਾਲ ਜੋਟੀ ਪਾਈ ਹੈ ।ਸਿੱਖੀ ਦੇ ਸਾਰੇ ਧਾਰਮਿਕ ਅਸਥਾਨਾਂ ਦਾ ਬੁਰਾ ਹਾਲ ਤੇ ਬੌਕੇ-ਦਿਹਾੜੇ ਹੋਏ ਪਏ ਹਨ ।ਸਿੱਖ ਧਰਮ ਦਾ ਵੱਡਾ ਦੁਖਾਂਤ ਹੈ ਕਿ ਬਾਬਾ ਮਹਾਂਦੇਵ ਦੀ ਸੋਚ ਦੇ ਪੈਰੋਕਾਰ ਖਾਮੋਸ਼ ਘਰੀਂ ਜਾ ਬੈਠੇ ਅਤੇ ਚੰਦਰੇ ਪਿਰਥੀਏ ਗੁਰੂ ਕੀਆਂ ਗੋਲਕਾਂ ਤੇ ਕਾਬਜ਼ ਹੋ ਗਏ । ਉਹ ਮਨਹੂਸ-ਦਿਨ ਪਰਤ ਆਏ ਹਨ ਜਦੋਂ ਨੂਰੀ-ਬਾਬੇ ਕਿਹਾ ਸੀ ਕਿ "ਧਰਮੁ ਪੰਖ ਕਰ ਉਡਰਿਆ ॥" ਅਕਾਲ ਪੁਰਖ ਤੂੰ ਬੇਅੰਤ ਹੈਂ ਸਾਡੀ ਨਿਮਰ ਜੋਦੜੀ ਹੈ ਕਿ ਤੇਰੇ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦਾ ਬੋਲਬਾਲਾ ਹੋਵੇ।ਅਜੇਹੇ ਭੈੜੇ ਧਾਰਮਿਕ ਨਿਜਾਮ ਦੀ ਬੁੱਲ੍ਹੇ ਸ਼ਾਹ ਨੇ ਵੀ ਖਿੱਲੀ ਉਡਾਈ ਹੈ।ਅਖੀਰ ਮਸੀਤ ਤੋਂ ਵੀ ਉਸ ਦਾ ਚਿੱਤ ਉਕਤਾ ਗਿਆ ਸੀ ।ਉਸਦੀ ਸਿਜਦਾ ਕਰਨ ਦੀ ਰੁਚੀ ਵੀ ਭਸਮ ਹੋ ਗਈ ਸੀ । ਵੇਖੋ ! ਪਾਵਨ ਅਸਥਾਨਾਂ ਦੀ ਪ੍ਰਬੰਧਕ-ਨੀਤੀ ਨੂੰ ਮੂੰਹ-ਚਿੜ੍ਹਾਉਦਿਆਂ ਹੋਇਆਂ ਕਹਿੰਦਾ ਹੈ:    'ਬੁੱਲ੍ਹਿਆ ਧਰਮਸਾਲ ਧੜਵਾਈ ਰਹਿੰਦੇ , ਠਾਕੁਰ ਦੁਆਰੇ ਠੱਗ ।     ਵਿੱਚ ਮਸੀਤੀਂ ਕੁਸਤੀਏ ਰਹਿੰਦੇ  , ਆਸ਼ਕ  ਰਹਿਣ  ਅਲੱਗ ।' 'ਸਿੱਖੀ ਦੇ ਮੂਢਲੇ ਅਸੂਲਾਂ ਮੁਤਾਬਕ ਦਸਾਂ-ਨੌਹਾਂ ਦੀ ਕਿਰਤ ਕਰਦੇ ਹਾਂ । ਚੱਤੇ-ਪਹਿਰ ਚੜ੍ਹਦੀ ਕਲਾ 'ਚ ਰਹੀਦਾ ਏ। ਗੰਧਲਾਏ ਵਾਤਾਵਰਨ ਤੋਂ ਨਿਰਲੇਪ 'ਸਦਾ-ਚਿਤ-ਅਨੰਦ' ਰਹਿੰਦਿਆਂ ਹੋਇਆਂ ਗੁਰੂ ਜੀ ਦੇ ਹੁਕਮ "ਸਾ ਵਡਿਆਈ ਦੇਹ ਜਿਤ ਨਾਮੁ ਤੇਰੇ ਲਾਗ ਰਹਾਂ"-ਅਨੁਸਾਰ ਜੀਵਨ ਬਤੀਤ ਕਰਦੇ ਪਏ ਹਾਂ ਜੀ '।ਗੁਰੂ ਫ਼ਤਹਿ ਬੁਲਾ ਕੇ ਉਹ ਆਪਣੀ ਮੰਜਲ ਵਲ ਤੁਰ ਗਿਆ ,ਅਸੀਂ ਆਪਣੀ ਵੱਲੇ ।


ਤਰਲੋਕ ਸਿੰਘ 'ਹੁੰਦਲ' 
੯-ਐਲਫਰੈਡੋ ਐਵਨਊ
ਬ੍ਰੈਂਮੰ ਨ ,ਟੋਰਾਂਟੋ-ਕਨੇਡਾ।
oo1(905)794-2887


No Comment posted
Name*
Email(Will not be published)*
Website




Can't read the image? click here to refresh

Enter the above Text*