Bharat Sandesh Online::
Translate to your language
News categories
Usefull links
Google

     

ਸਿੱਖ ਧਰਮ ਵਿੱਚ ਅਕਾਲ ਤਖ਼ਤ ਤੇ ਪੰਜ ਪਿਆਰਿਆਂ ਦਾ ਸੰਕਲਪ
18 Nov 2011

ਚਿਰਕਾਲ ਤੋਂ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ, ਪੰਜ ਪਿਆਰਿਆਂ ਦੇ ਰੂਪ ਵਿਚ ਕੀਤੇ ਜਾਂਦੇ ਚਲੇ ਆ ਰਹੇ ਫ਼ੈਸਲਿਆਂ ਪੁਰ ਕਿੰਤੂ-ਪ੍ਰੰਤੂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਇਥੋਂ ਤਕ ਕਿ ਪੰਜਾਂ ਪਿਆਰਿਆਂ ਦੇ ਰੂਪ ਵਿਚ ਕੀਤੇ ਜਾਂਦੇ ਕਈ ਫ਼ੈਸਲਿਆਂ ਦੇ ਸਬੰਧ ਵਿਚ ਤਾਂ ਇਹ ਵੀ ਕਿਹਾ ਗਿਆ, ਕਿ ਉਹ ਰਾਜਨੀਤੀ ਤੋਂ ਹੀ ਪ੍ਰੇਰਿਤ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ, ਜੋ ਉਨ੍ਹਾਂ ਦੀ ਨਿਯੁਕਤੀ ਕਰਦੇ ਹਨ, ਦੇ ਹਿਤਾਂ ਨੂੰ ਮੁੱਖ ਰਖ ਕੇ ਕੀਤੇ ਗਏ ਹੋਏ ਹਨ। ਇਕ ਸਮਾਂ ਤਾਂ ਇਹ ਵੀ ਆਇਆ, ਜਦੋਂ ਇਹ ਵੀ ਕਿਹਾ ਜਾਣ ਲਗ ਪਿਆ, ਕਿ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਕਮੇਟੀ ਦੇ ਸੱਤਾਧਾਰੀਆਂ ਦੇ ਨਾਲ ਹੀ ਨਿਜ ਹਿਤਾਂ ਨੂੰ ਵੀ ਮੁੱਖ ਰਖਿਆ ਜਾਣ ਲਗਾ ਹੈ। 

ਇਸਤਰ੍ਹਾਂ ਸ਼ੰਕਾਵਾਂ ਤੇ ਕਿੰਤੂ-ਪ੍ਰੰਤੂ ਦਾ ਦੌਰ ਚਲਦਿਆਂ ਹੋਇਆਂ ਵੀ ਵਿਰੋਧੀ ਫ਼ੈਸਲਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਵੀ ਨਾ ਚਾਹੁੰਦਿਆਂ ਹੋਇਆਂ, ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਕੀਤੇ ਗਏ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਪਿਆ। ਉਨ੍ਹਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਨਤਮਸਤਕ ਹੋ ਧਾਰਮਕ ਸਜ਼ਾ (ਤਨਖ਼ਾਹ) ਲਗਵਾਈ ਅਤੇ ਉਸਨੂੰ ਪੂਰਿਆਂ ਵੀ ਕੀਤਾ। ਇਤਿਹਾਸ ਗੁਆਹ ਹੈ ਕਿ ਮਹਾਰਾਜਾ ਰਣਜੀਤ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫ਼ਤਹ ਸਿੰਘ, ਸ. ਸੁਰਜੀਤ ਸਿੰਘ ਬਰਨਾਲਾ, ਜ. ਸੰਤੋਖ ਸਿੰਘ, ਜ. ਰਛਪਾਲ ਸਿੰਘ, ਸ. ਮਹਿੰਦਰ ਸਿੰਘ ਮਥਾਰੂ. ਜ. ਅਵਤਾਰ ਸਿੰਘ ਹਿਤ ਆਦਿ ਸਮੇਤ ਅਨੇਕਾਂ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨਤ ਅਹੁਦਿਆਂ ਪੁਰ ਹੁੰਦਿਆਂ ਵੀ, ਅਕਾਲ ਤਖ਼ਤ ਤੋਂ ਆਪਣੇ ਵਿਰੁਧ, ਵਿਵਾਦਤ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਪਿਆ।

ਇਥੋਂ ਤਕ ਕਿ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਪੁਰ ਰਹਿੰਦਿਆਂ, ਉਸ ਗਿਆਨੀ ਜ਼ੈਲ ਸਿੰਘ ਨੂੰ ਵੀ ਆਪਣੇ ਪੁਰ ਲਗੇ ਦੋਸ਼ ਦੇ ਲਈ ਅਕਾਲ ਤਖ਼ਤ ਪੁਰ ਪੰਜਾਂ ਪਿਆਰਿਆਂ ਸਾਹਮਣੇ ਸਪਸ਼ਟੀਕਰਣ ਦੇਣ ਲਈ ਮਜਬੂਰ ਹੋਣਾ ਪਿਆ, ਜਿਸ ਨੇ ਕਿਸੇ ਸਮੇਂ ਕੇਂਦ੍ਰੀ ਗ੍ਰਹਿ ਮੰਤਰੀ ਦੇ ਅਹੁਦੇ ਪੁਰ ਹੁੰਦਿਆਂ, ਜ. ਸੰਤੋਖ ਸਿੰਘ ਨੂੰ ਆਪਣੇ ਪੁਰ ਲਗੇ ਦੋਸ਼ਾਂ ਲਈ ਸਪਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਤੇ ਜਾਣ ਤੋਂ ਰੋਕਣ ਦੀ, ਸਿਰ-ਤੋੜ ਕੌਸ਼ਿਸ਼ ਕੀਤੀ ਸੀ। ਆਪਣੇ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਨੂੰ ਵੀ ਅਕਾਲ ਤਖ਼ਤ ਪੁਰ ਹਾਜ਼ਰ ਹੋ ਕੇ ਧਾਰਮਕ ਸਜ਼ਾ ਲੁਆਉਣਾ ਪੈ ਹੀ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਕਾਫ਼ੀ ਸਮਾਂ ਇਸ ਤੋਂ ਬਚਿਆਂ ਰਹਿਣ ਦੀ ਹਥ-ਪੈਰ ਮਾਰੇ ਸਨ।

ਜ. ਸੰਤੋਖ ਸਿੰਘ ਨੇ ਵੀ ਪਹਿਲਾਂ ਤਾਂ ਆਪਣੇ ਪੁਰ ਲਗੇ ਦੋਸ਼ਾਂ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਇਸ ਉਦੇਸ਼ ਲਈ ਉਨ੍ਹਾਂ ਇਕ ਅਜਿਹਾ ਕਿਤਾਬਚਾ ‘ਪ੍ਰਤੀਕਰਮ’ ਛਪਵਾ ਕੇ ਪ੍ਰਚਾਰਤ ਤੇ ਪ੍ਰਸਾਰਤ ਵੀ ਕੀਤਾ ਸੀ, ਜਿਸ ਵਿਚ ਅਕਾਲ ਤਖ਼ਤ ਤੋਂ ਆਪਣੇ ਵਿਰੁਧ ਹੋਏ ਫੈਸਲੇ ਨੂੰ ਚੁਨੌਤੀ ਦਿੰਦਿਆਂ, ਜਥੇਦਾਰ ਦੀ ਇਮਾਨਦਾਰੀ ਪੁਰ ਗੰਭੀਰ ਸੁਆਲ ਵੀ ਉਠਾਏ ਗਏ ਹੋਏ ਸਨ। ਇਸਦੇ ਬਾਵਜੂਦ ਉਨ੍ਹਾਂ ਨੇ ਅਕਾਲ ਤਖ਼ਤ ਤੇ ਹਾਜ਼ਰ ਹੋ ਕੇ ਆਪਣੇ ਪੁਰ ਲਗੇ, ਨਾ-ਸਵੀਕਾਰਨ-ਯੋਗ ਦੋਸ਼ਾਂ ਨੂੰ ਵੀ ਸਵੀਕਾਰ ਕਰ ਲੈਣ ਵਿਚ ਹੀ ਆਪਣੀ ਭਲਾਈ ਸਮਝੀ ਸੀ। ਜ. ਅਵਤਾਰ ਸਿੰਘ ਹਿਤ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਪੁਰ ਲਾਏ ਗਏ ਕਥਤ ਦੋਸ਼ਾਂ ਤੋਂ ਮੁਕਤੀ ਹਾਸਲ ਕਰਨ ਲਈ, ਲਗਭਗ ਸੱਠ ਲੱਖ ਰੁਪਏ ਦੀ ਕੀਮਤ ਅਦਾ ਕਰਨੀ ਪਈ ਸੀ। ਦਸਿਆ ਜਾਂਦਾ ਹੈ ਕਿ ਇਸੇ ਤਰ੍ਹਾਂ ਕਈ ਹੋਰਾਂ ਨੇ ਵੀ ਪੰਥ ਵਾਪਸੀ ਅਤੇ ਦੋਸ਼ ਮੁਕਤੀ ਲਈ ਭਾਰੀ ਕੀਮਤ ਚੁਕਾਈ ਸੀ। ਇਕ ਕੀਰਤਨੀਏ ਨੇ ਤਾਂ ਦੋਸ਼-ਮੁਕਤ ਹੋਣ ਤੋਂ ਬਾਅਦ ਇਹ ਦਾਅਵਾ ਵੀ ਕੀਤਾ ਕਿ ਉਸਨੂੰ ਪਤਾ ਚਲ ਗਿਆ ਹੈ ਕਿ ਕਿਵੇਂ ਅਕਾਲ ਤਖ਼ਤ ਤੋਂ ਦੋਸ਼-ਮੁਕਤ ਹੋਇਆ ਜਾ ਸਕਦਾ ਹੈ।

ਇਸੇ ਤਰ੍ਹਾਂ ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਸਿੰਘ ਸਾਹਿਬਾਨ ਵਲੋਂ ਕੀਤੇ ਗਏ ਹੋਰ ਵੀ ਕਈ ਅਜਿਹੇ ਵਿਵਾਦਤ ਫ਼ੈਸਲੇ ਹਨ, ਜੋ ਕਥਿਤ ਦੋਸ਼ੀਆਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਸਵੀਕਾਰ ਕਰਨ ਤੇ ਮਜਬੂਰ ਹੋਣਾ ਪਿਆ। ਇਸਦਾ ਕਾਰਣ ਮੁੱਖ ਰੂਪ ਵਿਚ ਸ਼ਾਇਦ ਇਹੀ ਰਿਹਾ ਹੈ ਕਿ ਅਕਾਲ ਤਖ਼ਤ ਅਤੇ ਪੰਜਾਂ ਪਿਆਰਿਆਂ ਦੀ ਸੰਸਥਾ ਨੂੰ ਸਿੱਖ-ਪੰਥ ਵਿਚ ਨਿਰਪੱਖ ਤੇ ਸਰਵੁਚ ਧਾਰਮਕ ਸੰਸਥਾ ਵਜੋਂ ਮਾਨਤਾ ਪ੍ਰਾਪਤ ਹੈ। ਉਥੋਂ ਜਾਰੀ ਹੋਣ ਵਾਲੇ ਹਰ ਆਦੇਸ਼ ਨੂੰ ‘ਹੁਕਮਨਾਮਾ’ ਮੰਨ, ਉਸਦੇ ਸਾਹਮਣੇ ਸਿਰ ਝੁਕਾ ਦੇਣਾ ਹੀ ਸਿੱਖੀ ਪ੍ਰਤੀ ਧਾਰਮਕ ਨਿਸ਼ਠਾ ਦੀ, ਸਥਾਪਤ ਪਰੰਪਰਾ ਚਲੀ ਆ ਰਹੀ ਹੈ। ਭਾਵੇਂ ਬੀਤੇ ਕੁਝ ਸਮੇਂ ਤੋਂ ਕਈ ਰਾਜਸੀ, ਧਾਰਮਕ ਸ਼ਖ਼ਸੀਅਤਾਂ ਅਤੇ ਬੁਧੀਜੀਵੀਆਂ ਵਲੋਂ ਖੁਲ੍ਹ ਕੇ ਪੰਜਾਂ ਪਿਆਰਿਆਂ ਦੇ ਰੂਪ ਵਿਚ ਸਿੰਘ ਸਾਹਿਬਾਨ ਵਲੋਂ ਅਕਾਲ ਤਖ਼ਤ ਤੋਂ ਜਾਰੀ ਕੀਤੇ ਜਾ ਰਹੇ ਅਦੇਸ਼ਾਂ (ਹੁਕਮਨਾਮਿਆਂ) ਪੁਰ, ਕਿੰਤੂ-ਪ੍ਰੰਤੂ ਕਰਨ ਦੇ ਨਾਲ ਹੀ ਚੁਨੌਤੀ ਦਿਤਾ ਜਾਣਾ ਵੀ ਚਲਿਆ ਆਉਣ ਲਗ ਪਿਆ ਹੈ। ਬੀਤੇ ਦਿਨੀਂ ਤਾਂ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਨੂੰ ਅਦਾਲਤ ਵਿਚ ਚੁਨੌਤੀ ਦੇਣ ਤੋਂ ਵੀ ਸੰਕੋਚ ਨਹੀਂ ਸੀ ਕੀਤਾ ਗਿਆ। ਇਸ ਸਥਿਤੀ ਕਾਰਣ, ਜੋ ਭੰਬਲ-ਭੂਸਾ ਪੈਦਾ ਹੋਣ ਲਗਾ ਹੈ, ਉਸਦੇ ਫਲ਼ਸਰੂਪ ਨੌਜਵਾਨਾਂ ਦੀ ਸੋਚ ਭਟਕਣ ਲਗ ਪਈ ਹੈ ਅਤੇ ਉਨ੍ਹਾਂ ਦਾ ਧਾਰਮਕ ਵਿਸ਼ਵਾਸ ਡਗਮਗਾਣ ਲਗਾ ਹੈ, ਨਤੀਜਨ ਉਹ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ। ਫਿਰ ਵੀ ਬਹੁਗਿਣਤੀ ਆਮ ਸਿੱਖਾਂ ਦਾ ਦਿਲ ਸਿੰਘ ਸਾਹਿਬਾਨ ਵਲੋਂ ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਜਾਰੀ ਕੀਤੇ ਜਾਂਦੇ ਆਦੇਸ਼ਾਂ ਨੂੰ ਚੁਨੌਤੀ ਦਿਤਾ ਜਾਣਾ ਸਵੀਕਾਰ ਨਹੀਂ ਕਰ ਪਾ ਰਿਹਾ। ਉਨ੍ਹਾਂ ਦੇ ਦਿਲ ਵਿਚ ਅਜੇ ਵੀ ਧਾਰਮਕ ਭਾਵਨਾ ਅਧੀਨ ਸ੍ਰੀ ਅਕਾਲ ਤਖ਼ਤ ਅਤੇ ਪੰਜਾਂ ਪਿਆਰਿਆਂ ਦੀ ਸੰਸਥਾ ਪ੍ਰਤੀ ਨਿਸ਼ਠਾ ਬਣੀ ਹੋਈ ਹੈ।

ਪ੍ਰੰਤੂ ਜੋ ਹਾਲਾਤ ਬਣਦੇ ਵਿਖਾਈ ਦੇ ਰਹੇ ਹਨ, ਉਨ੍ਹਾਂ ਕਾਰਣ ਇਹ ਨਿਸ਼ਠਾ ਕਦੋਂ ਤਕ ਬਣੀ ਰਹਿ ਸਕੇਗੀ? ਜੇ ਅਕਾਲ ਤਖ਼ਤ ਅਤੇ ਪੰਜ ਪਿਆਰਿਆਂ ਦੀ ਸਿਰਜਨਾ ਦੇ ਸਿਧਾਂਤ ਅਤੇ ਸੰਕਲਪ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਏ ਤਾਂ ਇਸ ਸੁਆਲ ਦਾ ਜਵਾਬ ਸਹਿਜੇ ਹੀ ਊਭਰ ਕੇ ਸਾਹਮਣੇ ਆ ਜਾਇਗਾ।

ਅਕਾਲ ਤਖ਼ਤ ਦੀ ਸਿਰਜਣਾ: ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਅਕਾਲ ਤਖਤ ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ, ਇਸ ਉਦੇਸ਼ ਦੇ ਨਾਲ ਕੀਤੀ ਸੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਦੇਸ-ਵਾਸੀਆਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰ ਸਕੇਗਾ, ਜਿਸਦੇ ਸਹਾਰੇ ਉਹ ਆਤਮ-ਰਖਿਆ ਲਈ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਦਾ ਖਾਤਮਾ ਕਰ ਸਕਣ ਦੇ ਜਜ਼ਬੇ ਦੇ ਨਾਲ ਸਰਸ਼ਾਰ ਹੋ ਸਕਣਗੇ।

ਅਕਾਲ ਤਖ਼ਤ, ਗੁਰੂ ਦਾ ਉਹ ਦਰ ਹੈ, ਜਿਥੇ ਹਰ ਕੋਈ ਸਹਿਮਿਆ-ਡਰਿਆ ਨਹੀਂ, ਸਗੋਂ ਇਸ ਵਿਸ਼ਵਾਸ ਦੇ ਨਾਲ ਆਉਂਦਾ ਹੈ ਕਿ ਉਸ ਕੋਲੋਂ ਜੇ ਕੋਈ ਭੁਲ ਹੋ ਗਈ ਹੈ ਤਾਂ ਉਹ ਇਥੋਂ ਬਖ਼ਸ਼ੀ ਜਾਇਗੀ। ਗੁਰੂ ਬਖ਼ਸ਼ਣਹਾਰ ਹੈ, ਗੁਰੂ ਘਰ ਤੋਂ ਦੋਸ਼ ਨਹੀਂ ਲਗਦੇ, ਸਜ਼ਾ ਨਹੀਂ ਮਿਲਦੀ। ਸਗੋਂ ਸੱਚੇ ਦਿਲੋਂ ਭੁਲ ਸਵੀਕਾਰ ਕਰਦਿਆਂ ਹੀ ਬਖ਼ਸ਼ੀ ਜਾਂਦੀ ਹੈ। ਗੁਰੂ ਦੇ ਦਰ ਤੇ ਇਹੀ ਇਕੋ-ਇਕ ਸਿਧਾਂਤ ਕੰਮ ਕਰਦਾ ਹੈ: ‘ਨਾਨਕ ਬਖਸੇ ਪੂਛ ਨ ਹੋਇ’। ਹੋਰ : ‘ਪਿਛਲੇ ਅਉਗਣ ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ’।  ਗੁਰੂ ਸਾਹਿਬ ਦੇ ਇਹ ਬਚਨ ਇਸ ਗਲ ਦੇ ਸਾਖੀ ਹਨ ਕਿ ਗੁਰੂ ਅਤੇ ਗੁਰੂ ਦਾ ਦਰ ਬਖਸ਼ਣਹਾਰ ਹੈ, ਜੇ ਕੋਈ ਗੁਰੂ ਦਾ ਨਾਂ ਲੇ ਕੇ ਕਿਸੇ ਨੂੰ ਦੋਸ਼ੀ ਠਹਿਰਾ ਕੇ ਉਸਨੂੰ ਸਜ਼ਾ ਦਿੰਦਾ ਹੈ, ਤਾਂ ਉਹ ਗੁਰੂ ਸਾਹਿਬ ਵਲੋਂ ਸਥਾਪਤ ਸਿਧਾਂਤ ਅਤੇ ਆਦਰਸ਼ ਦੀ ਉਲੰਘਣਾ ਕਰਨ ਦਾ ਦੋਸ਼ੀ ਹੈ ਅਤੇ ਜੋ ਇਸ ਡਰੋਂ ਗੁਰੂ ਦਰ ਤੇ ਜਾ ਕੇ ਭੁਲ ਸਵੀਕਾਰ ਕਰਨ ਤੋਂ ਸੰਕੋਚ ਕਰਦਾ ਹੈ, ਕਿ ਜੇ ਉਸਨੇ ਭੁਲ ਸਵੀਕਾਰ ਕਰ ਲਈ ਤਾਂ ਉਸਨੂੰ ਲੋਕਾਂ ਸਾਹਮਣੇ ਸ਼ਰਮਿੰਦਿਆਂ ਹੋਣਾ ਪਵੇਗਾ, ਤਾਂ ਉਹ ਕਦੀ ਵੀ ਕੀਤੀ ਭੁਲ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ। ਉਸਦੀ ਆਪਣੀ ਆਤਮਾ ਹੀ ਉਸਨੂੰ ਕੀਤੀ ਗਈ ਭੁਲ ਦੇ ਲਈ ਕਚੋਟਦੀ ਰਹੇਗੀ।

ਪੰਜ ਪਿਆਰਿਆਂ ਦਾ ਸੰਕਲਪ: ਸਿੱਖ ਸਾਹਿਤ ਦੇ ਵਿਦਵਾਨਾਂ ਦੀ ਮਾਨਤਾ ਹੈ ਕਿ, ਸਿੱਖ ਪਰੰਪਰਾ ਅਨੁਸਾਰ, ਪੰਜ ਪਿਆਰੇ ਲੋਕਤਾਂਤ੍ਰਿਕ ਸੱਤਾ ਵਿਧਾਨ ਦੇ ਪ੍ਰਤੀਕ ਹਨ। ਪਰ ਧਿਆਨ ਰਖਣ ਵਾਲੀ ਗਲ ਇਹ ਵੀ ਹੈ ਕਿ ਨਾ ਤਾਂ ਪੰਜ ਪਿਆਰੇ ਨਾਮਜ਼ਦ ਹੋ ਸਕਦੇ ਹਨ ਅਤੇ ਨਾ ਹੀ ਲੋਕਾਂ ਰਾਹੀਂ ਚੁਣੇ ਜਾ ਸਕਦੇ ਹਨ। ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਪਿਆਰੇ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ, ਉਹ ਨਿਜੀ ਗੁਣਾ ਕਾਰਣ ਅਤਿ-ਕਠਨ ਪ੍ਰੀਖਿਆ ਵਿਚੋਂ ਖਰੇ ਉਤਰੇ ਸਨ ਅਤੇ ਸਿਰ ਅਰਪਣ ਕਰਕੇ ਹੀ ਪਿਆਰੇ ਬਣਨ ਦਾ ਮਾਣ ਪ੍ਰਾਪਤ ਕਰ ਸਕੇ ਸਨ। ਇਸਤਰ੍ਹਾਂ ਗੁਰੂ ਸਾਹਿਬ ਨੇ ਇਹ ਗਲ ਨਿਸ਼ਚਿਤ ਕਰ ਦਿਤੀ ਸੀ ਕਿ ਸੱਤਾ ਉਸ ਪਾਸ ਰਹਿਣੀ ਚਾਹੀਦੀ ਹੈ ਜਾਂ ਰਹੇਗੀ, ਜਿਸ ਕੋਲ ਲੋਕ-ਹਿਤ ਵਿਚ ਸਿਰ ਦੇਣ ਦੀ ਸਮਰਥਾ ਹੋਵੇਗੀ। ਇਸਦੇ ਨਾਲ ਹੀ ਇਨ੍ਹਾਂ ਵਿਦਵਾਨਾਂ ਦੀ ਇਹ ਵੀ ਮਾਨਤਾ ਹੈ ਕਿ ਤਨਖ਼ਾਹਦਾਰ-ਮੁਲਾਜ਼ਮ ਪੰਜ ਪਿਆਰੇ ਨਹੀਂ ਹੋ ਸਕਦੇ।      

ਰਾਜਸੱਤਾ ਦਾ ਸਿੱਖ ਸੰਕਲਪ: ਸਿੱਖ ਵਿਦਵਾਨ ਰਾਜਸੱਤਾ ਦੇ ਸਿੱਖ ਸੰਕਲਪ ਦੇ ਮੁੱਦੇ ਤੇ ਇਕ ਮਤ ਨਹੀਂ ਹਨ। ਇਕ ਵਰਗ ਦਾ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਲੱਖਾ ਸਿੰਘ ਅਨੁਸਾਰ: ‘ਰਾਜ ਜੋਗ ਤੁਮ ਕਹ ਮੈ ਦੀਨਾ। ਪਰਮ ਜੋਤਿ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ। ਅਚਲ ਰਾਜ ਧਰਨੀ ਮਹਿ ਕੀਜੈ’, ਸਿੱਖਾਂ ਨੂੰ ਰਾਜੇ ਹੋਣ ਦਾ ਵਰ ਦੇ ਦਿਤਾ ਹੋਇਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਗ਼ਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣਾ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਵਿਚ ਉਹ ਭਾਈ ਕੋਇਰ ਸਿੰਘ ਲਿਖਤ ‘ਗੁਰਬਿਲਾਸ’ ਵਿਚੋਂ ਇਹ ਟੂਕ ਵੀ ਦਿੰਦੇ ਹਨ; ‘ਮੈਂ ਅਸਿਪਾਨਜ (ਖੜਗਧਾਰੀ) ਤਦ ਸੁ ਕਹਾਊਂ, ਚਿੜੀਅਨ ਪੈ ਜੋ ਬਾਜ ਤੁੜਾਊਂ। ਕਿਰਸਾਨੀ ਜਗ ਮੈ ਭਏ ਰਾਜਾ’। ਹੋਰ: ‘ਅਬ ਦਯੈ ਪਾਤਸਾਹੀ ਗਰੀਬਨ ਉਠਾਇ, ਵੈ ਜਾਨੈ ਗੁਰ ਦਈ ਮਾਹਿ’।                                         

ਦੂਜੇ ਵਰਗ ਦਾ ਪੱਖ ਇਹ ਦਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਜ਼ੁਲਮ ਅਤੇ ਜ਼ਾਲਮ ਵਿਰੁਧ ਸਦੀਵੀ ਸੰਘਰਸ਼ ਜਾਰੀ ਰਖਣ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਕੀਤੀ ਹੈ। ਇਸਦੇ ਵਿਰੁਧ ਰਾਜਸੱਤਾ ਇਸਤੋਂ ਬਿਨਾਂ ਨਾ ਤਾਂ ਕਾਇਮ ਹੋ ਸਕਦੀ ਹੈ, ਅਤੇ ਨਾ ਹੀ ਕਾਇਮ ਰਖੀ ਜਾ ਸਕਦੀ ਹੈ। ਜਿਸ ਕਾਰਣ ਰਾਜਸੱਤਾ ਅਤੇ ਖਾਲਸੇ ਵਿਚਕਾਰ ਅਰੰਭ ਤੋਂ ਹੀ ਟਕਰਾਉ ਬਣਿਆ ਚਲਿਆ ਆ ਰਿਹਾ ਹੈ। ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਬਖ਼ਸ਼ੀ ਗਈ ਪਾਤਸਾਹੀ ਨੂੰ ‘ਮਹਿਮਾ ਪ੍ਰਕਾਸ਼’ ਦੇ ਇਨ੍ਹਾਂ ਸ਼ਬਦਾਂ-‘ਐਸਾ ਪੰਥ ਸਤਿਗੁਰ ਰਚਾ, ਸਗਲ ਜਗਤ ਹੈਰਾਨ। ਬਿਨ ਧਨ ਭੂਮ ਰਾਜਾ ਬਨੈ, ਬਿਨ ਪਦ ਬਢੇ ਮਹਾਨ’ ਦੀ ਰੋਸ਼ਨੀ ਵਿਚ ਲਿਆ ਜਾਣਾ ਚਾਹੀਦਾ ਹੇ।

…ਅਤੇ ਅੰਤ ਵਿਚ: ਜਿਉਂ-ਜਿਉਂ ਅਕਾਲ ਤਖ਼ਤ ਤੋਂ ਜਾਰੀ ਆਦੇਸ਼ਾਂ ਦੇ ਸਬੰਧ ਵਿਚ ਵਿਵਾਦ ਉਭਰਦੇ ਚਲੇ ਜਾ ਰਹੇ ਹਨ, ਤਿਉਂ-ਤਿਉਂ ਆਮ ਸਿੱਖਾਂ ਵਿਚ ਇਹ ਧਾਰਣਾ ਦ੍ਰਿੜ੍ਹ ਹੁੰਦੀ ਜਾ ਰਹੀ ਹੈ ਕਿ ਅਕਾਲ ਤਖ਼ਤ ਪੁਰ ਵਿਵਾਦਤ ਮੁੱਦਿਆਂ ਪੁਰ ਵਿਚਾਰ ਕੀਤੀ ਜਾਣੀ ਹੋਵੇ ਤਾਂ ਉਨ੍ਹਾਂ ਪੁਰ ਵਿਚਾਰ ਕਰਨ ਲਈ ਦੋਹਾਂ ਧਿਰਾਂ ਦੇ ਪ੍ਰਵਾਨਤ ਪੰਜ ਪਿਆਰੇ ਹੋਣੇ ਚਾਹੀਦੇ ਹਨ। ਇਕ ਵਿਚਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਕਾਲ ਤਖ਼ਤ ਪੁਰ ਰਾਜਸੀ ਮੁੱਦੇ ਬਿਲਕੁਲ ਹੀ ਨਹੀਂ ਵਿਚਾਰੇ ਜਾਣੇ ਚਾਹੀਦੇ, ਕੇਵਲ ਧਾਰਮਕ ਮੁੱਦੇ ਹੀ ਵਿਚਾਰ-ਅਧੀਨ ਲਿਆਏ ਜਾਣੇ ਚਾਹੀਦੇ ਹਨ। ਇਸਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਦੇ ਨਾਲ ਇਕ ਸਕ੍ਰੀਨਿੰਗ ਕਮੇਟੀ ਹੋਣੀ ਚਾਹੀਦੀ ਹੈ, ਜੋ ਅਕਾਲ ਤਖ਼ਤ ਪੁਰ ਵਿਚਾਰ ਲਈ ਆਉਣ ਵਾਲੇ ਮੁੱਦਿਆਂ ਦੇ ਸਬੰਧ ਵਿਚ ਪੁਣ-ਛਾਣ ਕਰੇ ਅਤੇ ਬਹੁਤ ਮਹਤਵਪੁਰਣ ਮੁੱਦੇ ਹੀ ਸਿੰਘ ਸਾਹਿਬਾਨ ਦੇ ਸਾਹਮਣੇ ਵਿਚਾਰ ਲਈ ਪੇਸ਼ ਕਰੇ। ਜਿਨ੍ਹਾਂ ਦਾ ਆਧਾਰ ਜਾਤੀ ਵਿਰੋਧ ਅਤੇ ਰਾਜਨੀਤੀ ਹੋਵੇ ਉਨ੍ਹਾਂ ਨੂੰ ਹੇਠਲੀ ਪੱਧਰ ਤੇ ਹੀ ਵਾਪਸ ਜਾਂ ਰੱਦ ਕਰ ਦਿਤਾ ਜਾਇਆ ਕਰੇ।

(Mobile: +91 98 68 91 77 31)
E-mail: jaswantsinghajit@gmail.comThis e-mail address is being protected from spam bots, you need javascript enabled to view it

Address: Jaswant Singh ‘Ajit’,
64-C, U&V/B, Shalimar Bagh, DELHI-110088


No Comment posted
Name*
Email(Will not be published)*
Website




Can't read the image? click here to refresh

Enter the above Text*