Bharat Sandesh Online::
Translate to your language
News categories
Usefull links
Google

     

ਸਿੱਖ ਕੌਮ ਦੀ ਖੁਆਰੀ ਦੋ ਬੇੜੀਆਂ ਵਿੱਚ ਸਵਾਰ ਹੋਣਾ
18 Nov 2011

ਸਿੱਖ ਕੌਮ ਇੱਕ ਨਿਰੰਕਾਰ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕੌਮ ਹੈ। ਇਸ ਕੌਮ ਦੇ ਬਾਨੀ ਵੀ ਨਾਨਕ ਨਿਰੰਕਾਰੀ ਹਨ ਜਿਨ੍ਹਾਂ ਨੇ ਨਿਰੰਕਾਰ ਭਾਵ ਨਿਰ-ਅਕਾਰ ਕਰਤਾਰ ਨੂੰ ਹੀ ਅਰਾਧਿਆ ਅਤੇ ਸਮੁੱਚੇ ਜਗਤ ਨੂੰ "ਏਕੋ ਸਿਮਰੋ ਨਾਨਕਾ" ਦਾ ਹੀ ਉਪਦੇਸ਼ ਦਿੱਤਾ ਅਤੇ ਇਹ ਵੀ ਕਿਹਾ ਕਿ "ਏਕ ਛੋਡਿ ਦੂਜੈ ਲਗੇ ਡੂਬੇ ਸੇ ਵਣਜਾਰਿਆ" ਪੰਜਾਬੀ ਦੀ ਆਮ ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ ਸਗੋਂ ਡੁਬਦਾ ਹੀ ਹੈ। ਅੱਜ ਕੌਮ ਇੱਕ ਨਿਰੰਕਾਰ ਦਾ ਅਰਾਧਣ ਕਰਨ ਦੀ ਬਜਾਏ ਗੁਰੂਆਂ, ਭਗਤਾਂ ਅਤੇ ਸੰਤ ਬਾਬਿਆਂ ਦੀਆਂ ਵੱਡ ਅਕਾਰੀ ਤਸਵੀਰਾਂ ਦਾ ਅਰਾਧਣ ਕਰ ਰਹੀ ਹੈ। ਬਾਬਾ ਨਾਨਕ ਤਾਂ ਨਿਰੰਕਾਰ ਦਾ ਉਪਦੇਸ਼ ਦਿੰਦੇ ਹਨ ਨਾਂ ਕਿ ਕਿਸੇ ਅਕਾਰ ਵਾਲੇ ਗੁਰੂ ਭਗਤ ਜਾਂ ਸੰਤ ਬਾਬੇ ਦਾ। ਜਦ ਸਿੱਖ ਅਰਦਾਸ ਕਰਦਾ ਹੈ ਤਾਂ ਉਸ ਨੇ ਇੱਕ ਕਰਤਾਰ ਨਿਰੰਕਾਰ ਸਨਮੁਖ ਹੀ ਕਰਨੀ ਹੈ ਪਰ ਅੱਜ ਦਾ ਸਿੱਖ ਧੰਨ ਧੰਨ ਬਾਬਾ ਫਲਾਨਾਂ ਜੀ ਮਹਾਂਰਾਜ, ਤੇ ਹੋਰ ਪਤਾ ਨਹੀਂ ਕਿੰਨੇਕੁ ਬਾਬਿਆਂ ਦੇ ਨਾਂ ਲੈ ਕੇ ਕਰ ਰਿਹਾ ਹੈ। ਜਦ ਕਿ ਅਰਦਾਸ ਕੇਵਲ ਕਰਤਾਰ ਅੱਗੇ ਹੀ ਕਰਨੀ ਚਾਹੀਦੀ ਹੈ ਅਤੇ ਇੱਕ ਦੋ ਗੁਰੂਆਂ ਭਗਤਾਂ ਦਾ ਨਾਂ ਲੈਣ ਦੀ ਬਜਾਏ ਗੁਰੂਆਂ-ਭਗਤਾਂ ਦਾ ਸਾਂਝਾ ਨਾਂ ਲੈਣਾ ਚਾਹੀਦਾ ਹੈ ਕਿਉਂਕਿ ਗੁਰੂਆਂ ਭਗਤਾਂ ਦੀ ਜੋਤ ਇੱਕ ਹੈ।  ਅਜੋਕਾ ਸਿੱਖ "ਪੂਜਾ ਅਕਾਲ ਕੀ" ਦੇ ਸਿਧਾਂਤ ਨੂੰ ਛੱਡ ਕੇ ਪੂਜਾ ਫੋਟੋਆਂ ਦੀ ਕਰ ਰਿਹਾ ਹੈ। "ਇਕਾ ਬਾਣੀ ਇਕਿ ਗੁਰ ਇਕੋ ਸਬਦ ਵੀਚਾਰ" ਨੂੰ ਵਿਸਾਰ ਕੇ ਅਨੇਕਾਂ ਬਾਣੀਆਂ ਮੰਨੀ ਫਿਰਦਾ ਹੈ ਅਤੇ ਸ਼ਬਦ ਦੇ ਇੱਕ ਅਰਥ ਕਰਨ ਦੀ ਬਜਾਏ ਵਾਲ ਦੀ ਖੱਲ ਉਧੇੜਦਾ ਹੋਇਆ ਵਿਦਵਤਾ ਦਿਖਾਉਣ ਦੀ ਖਾਤਰ ਕਈ ਕਈ ਅਰਥ ਕਰੀ ਜਾ ਰਿਹਾ ਹੈ। ਇੱਕ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਆਪਾ ਵਿਰੋਧੀ ਗ੍ਰੰਥਾਂ ਦੇ ਵੀ ਮਗਰ ਲੱਗਾ ਫਿਰਦਾ ਹੈ ਅਤੇ ਥਾਂ ਥਾਂ ਤੇ ਸੀਸ ਝੁਕਾ ਰਿਹਾ ਹੈ। ਇੱਕ ਗੁਰੂ ਪੰਥ ਨੂੰ ਛੱਡ ਕੇ ਅਨੇਕਾਂ ਟਕਸਾਲੀ ਅਤੇ ਸੰਪ੍ਰਦਾਈ ਪੰਥਾਂ ਵਿੱਚ ਵੰਡਿਆ ਪਿਆ ਹੈ ਤੇ ਇਹ ਭੁੱਲ ਹੀ ਗਿਆ ਹੈ ਕਿ ਗੁਰੂ ਨੇ ਸਿੱਖ ਪੰਥ-ਖਾਲਸਾ ਪੰਥ ਚਲਾਇਆ ਤੇ ਸਾਜਿਆ ਸੀ ਨਾਂ ਕਿ ਅਨੇਕ ਭਾਂਤੀ ਡੇਰੇ ਅਤੇ ਟਕਸਾਲਾਂ। ਗੁਰੂ ਨੇ ਸਿੱਖਾਂ ਨੂੰ ਇੱਕੋ ਰਹਿਤ ਮਰਯਾਦਾ ਦਿੱਤੀ ਸੀ ਪਰ ਅੱਜ ਜਿੰਨੀਆਂ ਟਕਸਾਲਾਂ ਜਿੰਨੇ ਡੇਰੇ ਅਤੇ ਜਿੰਨੇ ਸੰਤ ਸਭ ਨੇ ਆਪਣੀ ਵੱਖਰੀ ਵੱਖਰੀ ਮਰਯਾਦਾ ਚਲਾਈ ਹੋਈ ਹੈ। ਸਿੱਖ ਦੋ ਬੇੜੀਆਂ ਵਿੱਚ ਸਵਾਰ ਹੋ ਗਏ ਹਨ। ਇੱਕ ਪੰਥਕ ਰਹਿਤ ਮਰਯਾਦਾ ਨੂੰ ਛੱਡ ਕੇ ਡੇਰਿਆਂ ਤੇ ਟਕਸਾਲਾਂ ਦੀ ਮਰਯਾਦਾ ਦੀ ਪਾਲਨਾ ਕਰ ਰਹੇ ਹਨ। ਟਾਹਰਾਂ ਅਕਾਲ ਤਖਤ ਦੇ ਨਾਂ ਦੀਆਂ ਮਾਰਦੇ ਹਨ ਪਰ ਅਕਾਲ ਤਖਤ ਦੀ ਮਰਯਾਦਾ ਗੁਰਦੁਆਰਿਆਂ ਚੋਂ ਕਤਲ ਕਰ ਰਹੇ ਹਨ। ਗੁਰੂ ਨੇ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਰਚੀ ਸੀ ਪਰ ਅਜੋਕੇ ਬਹੁਤੇ ਸਿੱਖ ਬ੍ਰਾਹਮਣਾਂ ਵਾਂਗ ਪੂਜਾ ਕਰਦੇ ਹੋਏ ਮੰਤਰ ਜਾਪ ਹੀ ਕਰ ਰਹੇ ਹਨ। ਇੱਕ ਦੂਜੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਜੋੜ ਕੇ ਇੱਕੋ ਥਾਂ ਪਾਠਾਂ ਦੀਆਂ ਲੜੀਆਂ ਚਲਾ ਕੇ ਪੈਸੇ ਕਮਾ ਰਹੇ ਹਨ। ਗੁਰੂ ਦਾ ਤਾਂ ਹੁਕਮ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਸੀ ਨਾਂ ਕਿ ਤੋਤਾ ਰਟਨੀ ਭਾੜੇ ਦੇ ਪਾਠ ਕਰਾਈ ਜਾਣ ਦਾ। ਇਹ ਦੋ ਬੇੜੀਆਂ ਵਿੱਚ ਪੈਰ ਨਹੀਂ ਤਾਂ ਹੋਰ ਕੀ ਹੈ? ਸਿੱਖ ਨੇ ਹੁਕਮ ਗੁਰੂ ਦਾ ਮੰਨਣਾ ਹੈ ਜਾਂ ਕਿਸੇ ਟਕਸਾਲੀ ਸੰਤ ਜਾਂ ਡੇਰੇਦਾਰ ਦਾ? ਗੁਰੂ ਜੀ ਹਿੰਦੂ ਦੇਵੀ ਦੇਵਤਿਆਂ ਵਾਲੀ ਸਮੱਗਰੀ ਦਾ ਖੰਡਨ ਕਰਦੇ ਹਨ ਪਰ ਸਾਡੇ ਅਜੋਕੇ ਗ੍ਰੰਥੀ ਅਤੇ ਪ੍ਰਬੰਧਕ ਇਹ ਸਾਰੀ ਸਮੱਗਰੀ ਗੁਰੂ ਗ੍ਰੰਥ ਨਾਲ ਰੱਖੀ ਜਾ ਰਹੇ ਹਨ। ਗੁਰੂ ਨੇ ਫਜੂਲ ਦੀਆਂ ਆਰਤੀ ਜੋਤਾਂ ਦਾ ਜਗਨਨਾਥ ਪੁਰੀ ਵਿਖੇ ਵਿਰੋਧ ਕੀਤਾ ਸੀ ਪਰ ਅਜੋਕੇ ਸਿੱਖ ਆਰਤੀਆਂ ਤੇ ਜੋਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਾਲ ਰਹੇ ਤੇ ਥਾਲੀਆਂ ਘੁਮਾ ਰਹੇ ਹਨ। ਗੁਰੂ ਨੇ ਬ੍ਰਾਹਮਣੀ ਥਿੱਤਾਂ ਵਾਰਾਂ ਦਾ ਖੰਡਨ ਕੀਤਾ ਹੈ ਪਰ ਅਜੋਕੇ ਸਿੱਖ ਸੰਗ੍ਰਾਂਦ, ਮਸਿਆਂ, ਪੰਚਕਾਂ ਅਤੇ ਪੂਰਨਮਾਸ਼ੀਆਂ ਹੀ ਗੁਰੂ ਘਰਾਂ ਵਿੱਚ ਮਨਾਈ ਜਾ ਰਹੇ ਹਨ। ਇਹ ਸਭ ਕੁਛ ਮਹੰਤਾਂ ਨੇ ਗੁਰੂ ਘਰਾਂ ਵਿੱਚ ਵਾੜਿਆ ਸੀ ਸਿੱਖਾਂ ਨੇ ਮਹੰਤ ਤਾਂ ਕੱਢ ਦਿੱਤੇ ਪਰ ਉਨ੍ਹਾਂ ਦੀਆਂ ਚਲਾਈਆਂ ਰੀਤਾਂ ਨਹੀਂ ਕੱਢੀਆਂ। ਗੁਰੂ ਨਾਨਕ ਨੇ ਤਾਂ ਕਿਹਾ ਸੀ "ਜਾਲਉ ਐਸੀ ਰੀਤ" ਪਰ ਸਾਡੀ ਪੈ ਗਈ ਇਨ੍ਹਾਂ ਨਾਲ ਪਰੀਤ। ਗੁਰੂ ਨੇ ਮਰਦ ਤੇ ਔਰਤ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸਨ ਪਰ ਅਜੋਕੇ ਸਿੱਖਾਂ ਨੇ ਸਾਧਾਂ ਦੇ ਮਗਰ ਲੱਗ ਕੇ ਔਰਤਾਂ ਤੋਂ ਖੋਹੇ ਹਨ। ਗੁਰੂਆਂ ਨੇ ਸਭ ਵਿੱਚ ਰੱਬੀ ਜੋਤ ਦਰਸਾਈ ਸੀ ਜਦ ਜੋਤ ਇੱਕ ਫਿਰ ਜਾਤਾਂ ਪਾਤਾਂ ਕਿਵੇਂ ਉੱਚੀਆਂ ਨੀਵੀਆਂ ਹੋ ਗਈਆਂ।

ਗੱਲ ਕੀ ਹਰੇਕ ਪਾਸੇ ਦੋਗਲਾਪਨ ਭਾਵ ਦੋ ਬੇੜੀਆਂ ਵਿੱਚ ਪੈਰ। ਇੱਕ ਥਾਂ ਤੇ ਅਨੇਕ ਦੀ ਪੂਜਾ, ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੂਸਰਾ ਦਸਮ ਗ੍ਰੰਥ, ਇੱਕ ਸਿੱਖ ਰਹਿਤ ਮਰਯਾਦਾ ਨਾਲ ਦੂਜੀ ਸੰਤਾਂ ਦੀ ਮਰਯਾਦਾ, ਇੱਕ ਨਾਨਕਸ਼ਾਹੀ ਕੈਲੰਡਰ ਨਾਲ ਦੂਜਾ ਬਿਕ੍ਰਮੀ ਨਾਨਕਸ਼ਾਹੀ ਕੈਲੰਡਰ, ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਦੂਜੀ ਜਪੁਜੀ ਦੀ ਪੋਥੀ, ਇੱਕ ਪਾਸੇ ਅਖੰਡ ਪਾਠ ਦੂਜੇ ਪਾਸੇ ਸੰਪਟ ਤੇ ਸਪਤਾਹਕ ਪਾਠ, ਸਿੱਖ ਤਿਉਹਾਰਾਂ ਦੇ ਨਾਲ ਬ੍ਰਾਹਮਣੀ ਤਿਉਹਾਰ। ਰਾਗਮਾਲਾ ਪੜ੍ਹੋ ਜਾਂ ਨਾਂ ਪੜ੍ਹੋ ਦਾ ਦੋਗਲਾਪਨ,  ਰਹਿਰਾਸ ਵਿੱਚ ਫਰਕ ਵੱਡੀ ਕਿ ਛੋਟੀ, ਬ੍ਰਾਹਮਣਾਂ ਨੂੰ ਘਰਾਂ ਵਿੱਚ ਭੋਜਨ ਖਵਾਉਣ ਅਤੇ ਦੱਖਸ਼ਣਾ ਵਾਂਗ ਪੰਜ ਗ੍ਰੰਥੀਆਂ ਨੂੰ ਬੁਲਾ ਕੇ ਭੋਜਨ ਤੇ ਦੱਖਣਾ ਅਤੇ ਇੱਕ ਖਾਲਸਾ ਪੰਥ ਦੀ ਥਾਂ ਅਨੇਕ ਡੇਰੇ ਤੇ ਸੰਪ੍ਰਦਾਵਾਂ ਆਦਿ ਨੂੰ ਮਾਨਤਾ ਅਜਿਹਆਂ ਦੋ ਬੇੜੀਆਂ ਵਿੱਚ ਸਵਾਰ ਹੋਣਾ ਹੀ ਸਿੱਖਾਂ ਦੀ ਖੁਆਰੀ ਦਾ ਮੁੱਖ ਕਾਰਨ ਹੈ। ਯਾਦ ਰੱਖੋ ਦੋ ਬੇੜੀਆਂ ਦਾ ਸਵਾਰ ਕਦੇ ਵੀ ਪਾਰ ਨਹੀਂ ਲੰਘਦਾ ਸਗੋਂ ਰਸਤੇ ਵਿੱਚ ਹੀ ਡੱਕੇ-ਡੋਲੇ ਖਾਂਦਾ ਹੋਇਆ ਡੁੱਬ ਜਾਂਦਾ ਹੈ। ਅੱਜ ਕੌਮ ਨੂੰ ਦੋਗਲਾਪਨ ਛੱਡਣਾ ਪਵੇਗਾ ਭਾਵ ਦੋ ਬੇੜੀਆਂ ਦੀ ਸਵਾਰੀ ਛੱਡਣੀ ਪਵੇਗੀ ਹਰੇਕ ਪੱਖ ਤੇ ਦੋ ਮੂੰਹੀਆਂ ਚਾਲਾਂ ਛੱਡੀਆਂ ਪੈਣਗੀਆਂ, ਧੜੇਬੰਧੀਆਂ ਤੋਂ ਉੱਪਰ ਉੱਠ ਕੇ ਇੱਕ ਗੁਰੂ ਪੰਥ ਦੇ ਮੈਂਬਰ ਬਣਨਾਂ ਪਵੇਗਾ ਸਾਰੇ ਸੰਤ ਤੇ ਡੇਰੇ ਛੱਡਣੇ ਪੈਣਗੇ। ਬਸ ਗੁਰੂ ਗੁਰੂ ਅਤੇ ਸਿੱਖ ਸਿੱਖ ਹੀ ਹੈ ਦੇ ਸਿਧਾਂਤ ਨੂੰ ਅਪਨਾਉਣਾ ਪਵੇਗਾ, ਨਫਰਤਾਂ ਤੇ ਤੰਗਦਿਲੀਆਂ ਛੱਡਣੀਆਂ ਪੈਣਗੀਆਂ, "ਗੁਰਸਿੱਖਾਂ ਇਕੋ ਪਿਆਰ ਗੁਰ ਮਿਤਾਂ ਪੁਤਾਂ ਭਾਈਆਂ" ਦੇ ਸਿਧਾਂਤ ਤੇ ਪਹਿਰਾ ਦੇਣਾ ਪਵੇਗਾ, ਤਨੋਂ ਮਨੋਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸੁਪਰੀਮ ਮੰਨਣਾ ਪਵੇਗਾ ਵਰਨਾ ਦੋ ਬੇੜੀਆਂ ਵਿੱਚ ਹੀ ਸਵਾਰ ਰਹਿਣ ਨਾਲ ਕੌਮ ਦੇ ਗਲ ਹੋਰ ਖੁਆਰੀਆਂ ਹੀ ਪੈਣਗੀਆਂ। ਵਾਸਤਾ ਰੱਬ ਦਾ! ਸਿੱਖੋ ਦੋ ਬੇੜੀਆਂ ਵਿੱਚ ਸਵਾਰ ਹੋਣਾ ਛੱਡ ਕੇ ਗੁਰੂ ਦੇ ਬੇੜੇ ਵਿੱਚ ਸਵਾਰ ਹੋ ਜਾਵੋ ਫਿਰ ਅਗਿਆਨਤਾ ਦੇ ਸਾਗਰ ਵਿੱਚ ਡੁੱਬਣ ਤੋਂ ਬਚ ਜਾਓਗੇ। ਪੰਥ ਦੇ ਮਹਾਂਨ ਦਾਰਸ਼ਨਿਕ ਵਿਦਵਾਨ ਕਵੀ ਭਾਈ ਨੰਦ ਲਾਲ ਵੀ ਦਰਸਾਉਂਦੇ ਹਨ ਕਿ "ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ" ਸਮਝ ਕੇ ਚੱਲਣ ਵਿੱਚ ਹੀ ਕੌਮ ਦਾ ਭਲਾ ਹੈ।

ਅਵਤਾਰ ਸਿੰਘ ਮਿਸ਼ਨਰੀ
(510-432-5827)


No Comment posted
Name*
Email(Will not be published)*
Website
Can't read the image? click here to refresh

Enter the above Text*