Bharat Sandesh Online::
Translate to your language
News categories
Usefull links
Google

     

ਕਿਹੜੇ ਜਾਂ ਕਿਸਦੇ ਕਰਮਾਂ ਦਾ ਫਲ?
18 Nov 2011

ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ ਪਰ ਜੋ ਇਤਹਾਸ ‘ਚ ਵਾਪਰਿਆ ਹੈ ਉਸਦਾ ਜ਼ਿਕਰ ਕਰ ਰਿਹਾ ਹਾਂ। ਚੌਰਾਸੀ ਦੇ ਦੌਰ ਵਿਚ ਕੇ.ਪੀ.ਐਸ.ਗਿਲ ਨੇ ਕਿਹਾ ਸੀ, “ਹੋਸਟਲਾਂ ਵਿਚ ਛਾਪੇ ਮਾਰੋ ਜੋ ਵੀ ਕੇਸਰੀ ਪਟਕੇ ਵਾਲਾ ਦਿਸੇ, ਚੁੱਕ ਲਿਆਓ, ਮੁਕਾਬਲੇ ਵਿਚ ਖਤਮ ਕਰ ਦਿਓ”। ਜਦੋਂ ਮੈਂ ਜਰਮਨੀ ਵਿਚ ਰਹਿੰਦਾ ਸੀ ਤਾਂ ਕਿਤੇ ਨਾ ਕਿਤੇ ਸਮਾਜਕ ਸਰਵੇਖਣ ਅਖਬਾਰ ਵਿਚ ਪੜ੍ਹਨ ਨੂੰ ਮਿਲ ਜਾਂਦਾ ਸੀ ਜਿਵੇਂ ਅਰਬ ਦੇ ਮੁਲਕਾਂ ਦੇ ਬੱਚਿਆਂ ਬਾਰੇ ਅਤੇ ਹੋਸਟਲਾਂ ਵਿਚ ਪੜ੍ਹ ਰਹੇ ਬੱਚਿਆਂ ਬਾਰੇ।
ਅੱਜ ਐਸੀਆਂ ਦੋ ਕਹਾਣੀਆਂ ਦਾ ਜ਼ਿਕਰ ਕਰਕੇ ਜਿਹੜੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਅਤੇ ਇਸ ਜਨਮ ਦੇ ਕਰਮਾਂ ਦੇ ਫਲ ਨੂੰ ਅਗਲੇ ਜਨਮ ਵਿਚ ਭੁਗਤਣ ਦੀ ਗੱਲ ਕਰਦੇ ਹਨ ਉਨ੍ਹਾਂ ਪਾਠਕਾਂ ਨੂੰ ਕੁੱਝ ਸਵਾਲ ਮੁਖਾਤਬ ਹੋਣਗੇ। ਸਿੰਘ ਸਭਾ ਦੇ ਪ੍ਰਚਾਰ ਵਾਸਤੇ ਸਾਨੂੰ ਇਥੋਂ (ਟੋਰਾਂਟੋ) ਤੋਂ 1150 ਕਿ.ਮੀਟਰ ਦੂਰ ਕਿਸੇ ਸਟੇਟ ਵਿਚ ਕਿਸੇ ਡਾਕਟਰ, ਨਿਜੀ ਗੱਲ ਜੱਗ ਜਾਹਰ ਨਹੀਂ ਕਰਣੀ ਚਾਹੀਦੀ ਇਸ ਕਰਕੇ ਉਨ੍ਹਾਂ ਦਾ ਨਾਮ ਨਹੀਂ ਲਿਖਿਆ ਜਾ ਰਿਹਾ, ਨੂੰ ਮਿਲਣ ਦਾ ਸੁਭਾਗਾ ਮੌਕਾ ਮਿਲਿਆ। ਸ਼ਾਮ ਦੇ ਛੇ ਵਜੇ ਤੋਂ ਲੈ ਕੇ ਰਾਤ ਦੇ 12ਰਾਂ ਵਜੇ ਤਕ ਗੱਲਾਂ ਬਾਤਾਂ ਹੋਈਆਂ। ਸਵੇਰ ਹੁੰਦਿਆਂ ਸਾਰ ਹੀ ਘਰ ਦੀ ਸਵਾਣੀ ਨਾਲ ਗੱਲ ਬਾਤ ਸ਼ੁਰੂ ਹੋ ਗਈ ਤੇ ਗੱਲਾਂ ਗੱਲਾਂ ਵਿਚ ਹੀ ਉਹ ਦੱਸ ਗਈ ਕਿ ਮੈਂ ਆਪਣਾ ਪੁੱਤਰ ਖੋਹ ਬੈਠੀ ਹਾਂ। ਫਿਰ ਉਨ੍ਹਾਂ ਦੇ ਪੁੱਤਰ ਬਾਰੇ ਗੱਲ ਚੱਲੀ ਤੇ ਉਸ ਨੇ ਦੱਸਿਆ ਕਿ ਅਸੀਂ ਤਾਂ ਸੋਚਦੇ ਸੀ ਕਿ ਅਸੀਂ ਦੋਵੇਂ ਜੀਅ ਕੰਮ ਕਰਦੇ ਹਾਂ ਤੇ ਬੱਚੇ ਦੀ ਦੇਖ ਭਾਲ ਚੰਗੀ ਤਰ੍ਹਾਂ ਨਹੀਂ ਹੋ ਰਹੀ ਇਸ ਕਰਕੇ ਬੱਚੇ ਨੂੰ ਹੋਸਟਲ ਵਿਚ ਪਾ ਦਿੰਦੇ ਹਾਂ। ਪਰ ਹੋਇਆ ਬਿਲਕੁਲ ਇਸਦੇ ਉਲਟ। ਸਾਡਾ ਬੱਚਾ ਪੜ੍ਹਿਆ ਵੀ ਨਹੀਂ, ਬੱਚਾ ਬੱਚਾ ਵੀ ਬਣਿਆ ਨਹੀਂ, ਉਲਟਾ ਸਾਨੂੰ ਬਲੈਕ ਮੇਲ ਕਰਦਾ ਹੈ, ਖਰਚਾ ਘਰੋਂ ਮੰਗਵਾ ਕੇ ਅਯਾਸ਼ੀ ਕਰਦਾ ਹੈ, ਸਾਨੂੰ ਸ਼ਰੀਰਕ ਤੌਰ ਤੇ ਨੁਕਸਾਨ ਵੀ ਪਹੁੰਚਾ ਸਕਦਾ ਹੈ ਆਦਿ।
1979 ਤੋਂ 1982 ਦੇ ਵਿਚਕਾਰ ਕਿਸੇ ਸਾਲ ਦੀ ਗੱਲ ਹੈ ਕਿ ਜਰਮਨਾਂ ਨੇ ਅਰਬ ਮੁਲਕਾਂ ਦੇ ਸੱਦੇ ਤੇ ਇਸ ਗੱਲ ਦਾ ਸਰਵੇਖਣ ਕੀਤਾ ਕਿ ਉਨ੍ਹਾਂ ਦੇ ਆਪਣੇ ਬੱਚੇ ਅਤੇ ਬੰਦੇ ਕੋਈ ਕੰਮ ਕਿਊਂ ਨਹੀਂ ਕਰਨਾ ਚਾਹੁੰਦੇ ਤੇ ਉਹ ਨਸ਼ਿਆਂ ਪੱਤਿਆਂ ਵਿਚ ਕਿਊਂ ਗਰਕ ਹੋਈ ਜਾ ਰਹੇ ਹਨ? ਇਸ ਸਵਾਲ ਦਾ ਹੱਲ ਜਰਮਨਾਂ ਨੇ ਇਹ ਦਿੱਤਾ ਸੀ ਕਿ ਤੁਹਡੇ ਕੋਲ ਧਰਤੀ ਵਿਚੋਂ ਕਾਲਾ ਸੋਨਾ ਨਿਕਲਣ ਨਾਲ ਅਮੀਰੀ ਤਾਂ ਆ ਗਈ ਪਰ ਸਕੂਲੀ ਵਿਦਿਆ ਪ੍ਰਾਪਤ ਕਰਕੇ ਅਕਲ ਨਾਲ ਅਮੀਰੀ ਨਹੀਂ ਪ੍ਰਾਪਤ ਕੀਤੀ। ਇਸ ਕਰਕੇ ਜਦੋਂ ਕਿਸੇ ਦੇ ਘਰ ਸੁਤਿਆਂ ਪਿਆਂ ਅਮੀਰੀ ਆ ਜਾਏ ਤਾਂ ਅਗਲੀ ਪੀਹੜੀ ਦਾ ਹਾਲ ਏਹੋ ਜਿਹਾ ਹੀ ਹੋਇਆ ਕਰਦਾ ਹੈ। ਜਿਸ ਨੂੰ ਅਸੀਂ ਪੰਜਾਬੀ, ਆਪਣੀ ਮਾਂ ਬੋਲੀ, ਵਿਚ ਇਹੀ ਆਖਦੇ ਹਾਂ ਕਿ ਤੀਜੀ ਪੀਹੜੀ ਬਦਲ ਜਾਂਦੀ ਹੈ। ਇਹ ਗੱਲ 100% ਸੱਚੀ ਹੋਣ ਦਾ ਮੈਂ ਦਾਅਵਾ ਨਹੀਂ ਕਰ ਰਿਹਾ ਸਗੋਂ ਜਿਆਦਾਤਰ ਲੋਕਾਂ ਨਾਲ ਜਿਵੇਂ ਹੁੰਦਾ ਹੈ ਓਹੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਓ ਹੁਣ ਦੇਖਦੇ ਹਾਂ ਕਿ ਗੁਰੂ ਜੀ ਇਸ ਬਾਰੇ ਆਪਣੇ ਕੀ ਵਿਚਾਰ ਦਿੰਦੇ ਹਨ।
ਸੂਹੀ ਮਹਲਾ 1 ॥ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥1॥ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥1॥ ਰਹਾਉ ॥ ਜੈਸਾ ਬੀਜੈ ਸੋ ਲੁਣੇ ਜੋ ਖਟੇ ਸੁੋ ਖਾਇ ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥2॥ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥ ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥3॥ ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥4॥5॥7॥ {ਪੰਨਾ 730}
ਇਸ ਸਾਰੇ ਸਲੋਕ ਦੀਆਂ ਸਾਰੀਆਂ ਪੰਗਤੀਆਂ ਵਿਚ ਵਰਤਨਾਮ ਕਾਲ ਦੀ ਗੱਲ ਕੀਤੀ ਗਈ ਹੈ ਤੇ ਸਿਰਫ ਇਕ ਪੰਗਤੀ ਵਿਚ ਭਵਿਖਤ ਕਾਲ ਦੀ ਗੱਲ ਹੈ। ਉਹ ਇਹ ਪੰਗਤੀ ਹੈ “ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ” ਤੇ ਜੇ ਕਰ ਇਸੇ ਹੀ ਪੰਨੇ ਤੇ ਇਸ ਤੋਂ ਪਹਿਲੇ ਵਾਲਾ ਸਲੋਕ ਵੀ ਵਿਚਾਰਿਆ ਜਾਏ ਤਾਂ ਇਹੀ ਸਿਧਾਂਤ ਉਸ ਸਲੋਕ ਤੇ ਵੀ ਲਾਗੂ ਹੁੰਦਾ ਹੈ। ਉਸ ਸਲੋਕ ਵਿਚ ਵੀ ਭਵਿਖਤ ਕਾਲ ਕਾਲ ਦੀ ਗੱਲ ਸਿਰਫ ਇਕ ਪੰਗਤੀ “ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥” ਗੁਰੂ ਪਿਆਰਿਓ! ਗੁਰੂ ਸਾਹਿਬ ਦੀ ਬਾਣੀ ਤਾਂ ਪੁਕਾਰ ਪੁਕਾਰ ਕੇ ਇਹ ਕਹਿ ਰਹੀ ਹੈ ਕਿ ਭਾਈ ਇਹ ਨਾ ਸਮਝੋ ਕਿ ਮਰਨ ਤੋਂ ਬਾਅਦ ਅਗੇ ਕਿਤੇ ਹੋਰ ਥਾਂ ਜਾ ਕੇ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ ਜਾ ਮਿਲ ਸਕਦਾ ਹੈ।“ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ” । ਇਹ ਪੰਗਤੀ ਵੀ ਇਹੀ ਦੱਸਦੀ ਹੈ ਕਿ ਭਾਈ ਜੋਗੀਆਂ ਵਾਲੇ ਕਰਮ, ਭੋਗੀਆਂ ਵਾਲੇ ਕਰਮ ਤੇ ਤੀਰਥਾਂ ਤੇ ਮਲ ਮਲ ਕੇ ਨਹਾਉਣ ਦੇ ਜਿਹੜੇ ਨਿਸ਼ਾਨ ਹਨ ਭਾਵ ਤਮਗੇ ਜਾਂ ਜਿਹੜਾ ਨਾਮ ਹਾਸਲ ਕੀਤਾ ਗਿਆ ਹੈ ਇਨ੍ਹਾਂ ਦੀ ਪ੍ਰਮਾਤਮਾ ਦੀ ਦਰਗਹ ਵਿਚ ਕੋਈ ਪੁੱਛ ਨਹੀਂ। ਇਨ੍ਹਾਂ ਦਾ ਸਬੰਧ ਤਾਂ ਸਿਰਫ ਬਾਹਰ ਦੀ ਦੁਨੀਆਂ ਨਾਲ ਹੈ ਤੇ ਬਾਹਰੀ ਕਰਮਾਂ ਕਾਡਾਂ ਨੂੰ ਸਿੱਖ ਧਰਮ ਵਿਚ ਕੋਈ ਥਾਂ ਨਹੀਂ। ਸਿਰਫ ‘ਜੋ ਖੱਟੇ ਸੋੁ ਖਾਇ’ ਤੇ ‘ਜੈਸਾ ਬੀਜੈ ਸੋ ਲੁਣੇ’ ਵਾਲਾ ਸਿਧਾਂਤ ਹੀ ਕੰਮ ਆਉਂਦਾ ਹੈ। ਮਨੁੱਖੀ ਜੀਵ ਜਿਹੜੇ ਕੰਮ ਕਰਦਾ ਹੈ ਉਸਦਾ ਇਵਜਾਨਾ ਚੰਗਾ ਜਾਂ ਮਾੜਾ ਹੀ ਉਸਨੂੰ ਮਿਲਦਾ ਹੈ ਜਾਂ ਭੁਗਤਣਾ ਪੈਂਦਾ ਹੈ।
ਜੇ ਇਹ ਗੱਲ ਹੈ ਕਿ ਜੇ ਇਸ ਜਨਮ ਦੇ ਕਰਮਾਂ ਦਾ ਫਲ ਅਗਲੇ ਜਨਮ ਵਿਚ ਤੇ ਪਿਛਲੇ ਜਨਮ ਦਾ ਫਲ਼ ਇਸ ਜਨਮ ਵਿਚ ਮਿਲਦਾ ਹੈ ਤਾਂ ਭਗਤ ਕਬੀਰ ਜੀ ਪੁੱਛਦੇ ਹਨ ਕਿ ਜਦੋ ਇਸ ਧਰਤੀ ਤੇ ਕੋਈ ਇਨਸਾਨ ਹੈ ਹੀ ਨਹੀਂ ਸੀ ਤਾਂ ਇਸ ਦੱਸੋ ਕਿ ਜੋ ਆਦਮੀ ਉਦੋਂ ਆਇਆ ਉਹ ਕਿਹੜੇ ਕਰਮਾਂ ਦੇ ਫਲ਼ ਕਾਰਨ ਆਇਆ।
ਕਰਮ ਬਧ ਤੁਮ ਜੀਉ ਕਹਤ ਹੌ, ਕਰਮਹਿ ਕਿਨਿ ਜੀਉ ਦੀਨੁ ਰੇ ॥2॥ ਹਰਿ ਮਹਿ ਤਨੁ ਹੈ, ਤਨ ਮਹਿ ਹਰਿ ਹੈ, ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ, ਰਾਮ ਨਾਮੁ ਨ ਛੋਡਉ, ਸਹਜੇ ਹੋਇ ਸੁ ਹੋਇ ਰੇ ॥3॥3॥ {ਪੰਨਾ 870}
ਇਸੇ ਸਿਧਾਂਤ ਤੇ ਹੀ ਗੁਰੂ ਅਰਜਨ ਪਾਤਸ਼ਾਹ ਵੀ ਮੋਹਰ ਲਾਉਂਦੇ ਹਨ।
ਸੂਹੀ ਮਹਲਾ 5 ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥1॥ {ਪੰਨਾ 748}
ਅਸਲ ਵਿਚ ਗੁਰਬਾਣੀ ਜਿੰਦਗੀ ਜਿਉਣ ਦੀ ਗੱਲ ਹੈ। ਇਸ ਨੂੰ ਸਮਝਣ ਤੇ ਸਮਝਾਉਣ ਦੀ ਗੱਲ ਹੈ। ਗੁਰਬਾਣੀ ਸਾਨੂੰ ਅਗਲੇ ਪਿਛਲੇ ਜਨਮ ਦੇ ਚੱਕਰਾਂ ਵਿਚੋਂ ਕੱਢਦੀ ਹੈ ਨਾ ਕਿ ਇਨ੍ਹਾਂ ਵਿਚ ਫਸਾਉਂਦੀ ਹੈ। ਇਸੇ ਕਰਕੇ ਇਸੇ ਸਲੋਕ ਦੀ ਅਗਲੀ ਪੰਗਤੀ ਇਹ ਫੁਰਮਾਨ ਕਰਦੀ ਹੈ ਕਿ ਭਾਈ! ਕੁਦਰਤ ਵਿਚ ਹੋਰ ਕੀ ਵਾਪਰ ਰਿਹਾ ਹੈ ਉਸਦੀ ਸਮਝ ਕੁਦਰਤ ਨੂੰ ਹੀ ਹੈ। ਆਪਾਂ ਅਗਿਆਨੀ ਹਾਂ। ਸਾਨੂੰ ਅਸਲ ਧਰਮ ਦੀ ਸਮਝ ਨਹੀਂ। ਪ੍ਰਮਾਤਮਾ ਤੁਸੀਂ ਹੀ ਦਇਆ ਕਰੋ ਕਿ ਸਾਨੂੰ ਤੇਰੇ ਨਿਯੱਮਾਂ ਦੀ ਸਮਝ ਪੈ ਜਾਵੇ।
ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥3॥ ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥ ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥{ਪੰਨਾ 748}
ਇਸ ਸ਼ਕਤੀ ਲਹਿਰ ਨੂੰ ਭਗਤੀ ਲਹਿਰ ਵਿਚ ਬਦਲ ਕੇ ਇਸ ਲਹਿਰ ਦੇ ਸਿਧਾਂਤ ਦੇ ਅਰਥ ਵੀ ਬਦਲ ਦਿੱਤੇ ਗਏ। ਬਹੁਤ ਹੀ ਵਧੀਆ ਕੰਮ ਹੋਇਆ ਕਿ ਗਿਆਨੀ ਸੁਰਜੀਤ ਸਿੰਘ ਮਿਸਨਰੀ ਜੀ ਹੋਰਾਂ ਨੇ ਹੋਰ ਸਿਆਣੇ ਪੁਰਸ਼ਾਂ ਨਾਲ ਮਿਲੇ ਤੇ ਮਿਸ਼ਨਰੀ ਲਹਿਰ ਨੂੰ ਸਥਾਪਤ ਕੀਤਾ। ਪਰ ਅਫਸੋਸ ਇਸ ਗੱਲ ਦਾ ਕਿ ਗਿਆਨੀ ਜੀ ਆਪ 1960ਵਿਆਂ ਦੇ ਵੇਲੇ ਵਿਚ ਹੀ ਫਸ ਗਏ। ਬੌਧਿਕ ਵਿਕਾਸ ਹਮੇਸ਼ਾਂ ਹੁੰਦਾ ਹੀ ਰਹਿਣਾ ਚਾਹੀਦਾ ਹੈ ਤੇ ਇਸਦੇ ਰੁਕਣ ਨਾਲ ਹਰ ਇਕ ਲਹਿਰ ਨੂੰ ਬਹੁਤ ਨੁਕਸਾਨ ਹੁੰਦਾ ਹੈ।

ਗਿਆਨੀ ਸੁਰਜੀਤ ਸਿੰਘ ਮਿਸਨਰੀ ਜੀ  ਇਹ ਦੱਸੋ! ਕਿ ਜਦੋਂ ਪਹਿਲਾ ਮਨੁੱਖੀ ਜੀਵ ਇਸ ਧਰਤੀ ਤੇ ਆਇਆ ਤਾਂ ਉਹ ਕਿਹੜੇ ਕਰਮਾਂ ਦਾ ਫਲ਼ ਭੁਗਤਣ ਆਇਆ ਸੀ?
ਉੱਤਰ ਦੀ ਉਡੀਕ ਵਿਚ।
 
ਧੰਨਵਾਦ।
 
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ)
ਬਰੈਂਪਟਨ ਕੈਨੇਡਾ
ਨੰਬਰ:- 001 716 536 2346।


No Comment posted
Name*
Email(Will not be published)*
Website
Can't read the image? click here to refresh

Enter the above Text*