Bharat Sandesh Online::
Translate to your language
News categories
Usefull links
Google

     

ਗੁਰਬਾਣੀ ਅਨੁਸਾਰ ਕੁਦਰਤ ਦਾ ਕੋਈ ਅੰਤ ਨਹੀਂ
10 Dec 2011

ਕੁਦਰਤ ਨੇ ਮਨੁੱਖ ਨੂੰ ਸੋਚਣ ਸ਼ਕਤੀ ਦਿੱਤੀ ਹੈ, ਇਸ ਸੂਝ ਸਦਕਾ ਮਨੁੱਖ ਆਪਣੇ ਸੀਮਿਤ ਸਾਧਨਾ ਦਾ ਵਿਸਥਾਰ ਕਰਨ ਲਈ ਹਮੇਸ਼ਾਂ ਉਪਰਾਲਾ ਕਰਦਾ ਰਿਹਾ ਹੈ। ਗਿਆਨ ਤੇ ਸਹੂਲਤਾਂ ਨੂੰ ਵਧਾਉਣ ਲਈ, ਨਵੀਆਂ ਖੋਜਾਂ ਕਰਨ ਦੀ ਕੋਸ਼ਿਸ਼ ਸਦਾ ਜਾਰੀ ਰਹੀ ਹੈ। ਕੁਦਰਤ ਦੇ ਖੇਲ ਨੂੰ ਜਾਨਣ ਲਈ ਮਨੁੱਖ ਦੀ ਸਦੀਵੀ ਕਾਲ ਤੋਂ ਖਾਹਸ਼ ਰਹੀ, ਜਿਸ ਕਰਕੇ ਗਿਆਨ ਵਿਚ ਹਮੇਸ਼ਾਂ ਵਾਧਾ ਹੁੰਦਾ ਰਿਹਾ। ਤਰਤੀਬ ਅਨੁਸਾਰ ਕੁਦਰਤ, ਉਸ ਦੇ ਨਿਯਮ ਅਤੇ ਵਿਧੀਆਂ ਦੇ ਬਾਰੇ ਇਕੱਠੇ ਕੀਤੇ ਗਏ ਗਿਆਨ ਨੂੰ ਸਾਇੰਸ ਕਿਹਾ ਜਾਂਦਾ ਹੈ। ਸਾਇੰਸ ਪਦਾਰਥ ਤੇ ਉਸ ਨਾਲ ਹੋ ਰਹੀਆਂ ਕਿਰਿਆਵਾਂ ਨੂੰ ਸਮਝ ਕੇ ਦੁਨੀਆਂ ਦੀ ਅਸਲੀਅਤ, ਸਮਝਣ ਵੱਲ ਜਾਂਦੀ ਹੈ।
ਜੀਵਨ ਦੇ ਆਧਾਰ ਨੂੰ ਧਿਆਨ ਵਿਚ ਰੱਖਦੇ ਹੋਏ ੫ ਤੱਤ ਸਮਝੇ ਜਾਂਦੇ ਸਨ। ਇਸ ਪਰਿਭਾਸ਼ਾ ਅਨੁਸਾਰ ਕੁਦਰਤ ਦੇ ਪਹਿਲਾਂ ਵੀ ੫ ਤੱਤ ਸਨ ਤੇ ਅੱਜ ਵੀ ੫ ਹੀ ਹਨ। ਸਾਇੰਸ ਦੇ ਮੁਤਾਬਕ ਤੱਤ ਦੀ ਪਰਿਭਾਸ਼ਾ ਕੁਝ ਹੋਰ ਹੈ ਤੇ ਬਾਣੀ ਵਿਚ ਵਰਤੇ ਗਏ ਤੱਤਾਂ ਦੀ ਕੁਝ ਹੋਰ। ਪਰੰਤੂ ਸਾਇੰਸ ਦੇ ਤੱਤਾਂ ਦੀ ਗਿਣਤੀ ਵਧਦੀ ਰਹੀ ਹੈ, ਤੇ ਹੋਰ ਹੋਰ ਖੋਜਾਂ ਨਾਲ ਇਸ ਵਿਚ ਵਾਧਾ ਹੁੰਦਾ ਰਿਹਾ ਹੈ। ਇਹ ਗਿਣਤੀ ੭੭ ਤੋਂ ੮੩, ੮੩ ਤੋਂ ੯੨, ਤੇ ੯੨ ਤੋਂ ਹੌਲੀ ਹੌਲੀ ਵਧ ਕੇ ਹੁਣ ੧੧੮ ਤੱਕ ਹੋ ਗਈ ਹੈ। ਸਮੇਂ ਨਾਲ ਇਸ ਵਿਚ ਹੋਰ ਵਾਧਾ ਹੋ ਸਕਦਾ ਹੈ। ਸਾਇੰਸ ਦੀ ਇਹ ਖੋਜ਼ ਸਾਬਤ ਕਰਦੀ ਹੈ ਕਿ ਅਕਾਲ ਪੁਰਖੁ ਦੀ ਪੈਦਾ ਕੀਤੀ ਹੋਈ ਕੁਦਰਤ ਦਾ ਕੋਈ ਅੰਤ ਨਹੀਂ।
ਕੁਦਰਤ ਦੇ ਅਨੇਕ ਜੀਵਾਂ ਅਤੇ ਬੇਅੰਤ ਪਦਾਰਥਾਂ ਦੇ ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ ਉਨ੍ਹਾਂ ਦੇ ਥਾਂ ਟਿਕਾਣੇ ਹਨ। ਕੁਦਰਤ ਵਿਚ ਅਸੰਖਾਂ ਹੀ ਭਵਣ ਹਨ, ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ। ਕੁਦਰਤ ਦਾ ਲੇਖਾ ਕਰਨ ਵਾਸਤੇ ਸ਼ਬਦ 'ਅਸੰਖ' ਵੀ ਕਾਫੀ ਨਹੀਂ, ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਵੀ ਲਫ਼ਜ਼ ਵੀ ਕਾਫ਼ੀ ਨਹੀਂ। ਆਪਸ ਵਿਚ ਸਾਂਝਾ ਕਰਨ ਲਈ ਅਕਾਲ ਪੁਰਖ ਦਾ ਨਾਮ ਅੱਖਰਾਂ ਰਾਹੀਂ ਲਿਆ ਜਾ ਸਕਦਾ ਹੈ, ਉਸ ਦੀ ਸਿਫ਼ਿਤ-ਸਾਲਾਹ ਵੀ ਅੱਖਰਾਂ ਦੀ ਰਾਹੀਂ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਰਾਹੀਂ ਵਿਚਾਰਿਆ ਜਾ ਸਕਦਾ ਹੈ। ਅੱਖਰਾਂ ਰਾਹੀਂ ਉਸਦੇ ਗੀਤ ਅਤੇ ਗੁਣਾਂ ਬਾਰੇ ਵਾਕਫ਼ ਹੋ ਸਕਦੇ ਹਾਂ। ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਦੀ ਰਾਹੀਂ ਦੱਸਿਆ ਜਾ ਸਕਦਾ ਹੈ। ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਜੋਗ ਦੇ ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ, ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ। ਜਿਸ ਤਰ੍ਹਾਂ ਅਕਾਲ ਪੁਰਖ ਹੁਕਮੁ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਹਨ। ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ। "ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ"।
ਕੋਈ ਥਾਂ ਅਕਾਲ ਪੁਰਖੁ ਦੇ ਸਰੂਪ ਤੋਂ ਖ਼ਾਲੀ ਨਹੀਂ, ਭਾਵ, ਜਿਹੜੀ ਥਾਂ, ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ। ਕਰਤਾਰ ਦੀ ਬਣਾਈ ਗਈ ਕੁਦਰਤ ਸਬੰਧੀ ਪੂਰਨ ਵੀਚਾਰ ਮਨੁੱਖ ਦੀ ਸਮਰੱਥਾ ਤੋਂ ਬਾਹਰ ਹੈ। ਅਕਾਲ ਪੁਰਖ ਦੇ ਮੁਕਾਬਲੇ ਮਨੁੱਖ ਦੀ ਹਸਤੀ ਇਕ ਤੁੱਛ ਦੇ ਬਰਾਬਰ ਹੈ। ਅਕਾਲ ਪੁਰਖੁ ਸਦਾ-ਥਿਰ ਰਹਿਣ ਵਾਲਾ ਹੈਂ, ਜੋ ਉਸ ਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, ਭਾਵ, ਉਸ ਦੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ। ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਅਕਾਲ ਪੁਰਖ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਨਹੀਂ ਜੋ ਇਹ ਲੇਖਾ ਦੱਸ ਸਕੇ। ਬੋਲੀ ਵੀ ਅਕਾਲ ਪੁਰਖੁ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ, ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਰਾਹੀਂ ਮਨੁੱਖ ਅਕਾਲ ਪੁਰਖੁ ਦਾ ਅੰਤ ਪਾ ਸਕੇ। ਬੇਅੰਤ ਹੈ ਉਸ ਦੀ ਕੁਦਰਤ ਤੇ ਇਸ ਵਿਚ ਜਿਧਰ ਤੱਕੋ, ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ।
ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥ ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥ (੪)
ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, ਬੇਅੰਤ ਰਿਸ਼ੀ ਮੁਨੀ ਇਨ੍ਹਾਂ ਦੇ ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, ਪਰ ਲੱਭ ਨਹੀਂ ਸਕੇ। ਹਿੰਦੂ ਮਤ ਅਨੁਸਾਰ ੭ ਪਾਤਾਲ ਤੇ ੭ ਆਗਾਸ ਹਨ, ਭਾਵ ਕੁਲ ੧੪ ਹਨ। ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ ਕਤੇਬਾਂ ਆਖਦੀਆਂ ਹਨ, ਕਿ ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ। ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ 'ਹਜ਼ਾਰਾਂ' ਤੇ 'ਲੱਖਾਂ' ਵੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿੱਖ ਸਕਦੇ ਹਾਂ, ਜੇ ਕਰ ਲੇਖਾ ਹੋ ਸਕੇ। ਲੇਖਾ ਕਰਦਿਆਂ ਕਰਦਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ, ਪਰ ਇਹ ਲੇਖਾ ਪੂਰਾ ਨਹੀਂ ਹੋ ਸਕਦਾ। ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿਚ ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। ਸਿੱਖ ਮਤ ਅਨੁਸਾਰ ਕੁਦਰਤ ਬੇਅੰਤ ਹੈ ਤੇ ਉਸ ਦੀ ਗਿਣਤੀ ਨਹੀਂ ਹੋ ਸਕਦੀ ਹੈ, ਭਾਵ ਅਣਗਿਣਤ ਹੈ, (ਅਸੰਖ= ਜਿਸ ਦੀ ਸੰਖਿਆ ਨਾ ਹੋ ਸਕੇ, ਮਿਣਤੀ ਨਾ ਹੋ ਸਕੇ)। ਅੱਜਕਲ ਦੀਆਂ ਵੱਡੀਆਂ ਵੱਡੀਆਂ ਦੂਰਬੀਨਾਂ ਸਾਬਤ ਕਰ ਰਹੀਆਂ ਹਨ, ਕਿ ਅਨੇਕਾਂ ਹੀ ਤਾਰੇ ਤੇ ਗਲੈਕਸੀਆਂ ਹਨ। ਗੁਰੂ ਸਾਹਿਬ ਨੇ ਬਿਨਾ ਦੂਰਬੀਨ ਦੇ ੫੦੦ ਸਾਲ ਪਹਿਲਾਂ ਇਹ ਸੱਭ ਕੁਝ ਸਮਝਾ ਦਿੱਤਾ ਸੀ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ (੫)
ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ, ਗਿਣਨ ਨਾਲ ਵੀ ਗੁਣਾਂ ਦਾ ਅੰਤ ਨਹੀਂ ਪਾ ਸਕਦੇ, ਭਾਵ ਗਿਣੇ ਨਹੀਂ ਜਾ ਸਕਦੇ। ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪਾ ਸਕਦੇ। ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਹ ਜਗਤ ਜੋ ਸਾਨੂੰ ਦਿੱਸ ਰਿਹਾ ਹੈ, ਉਹ ਸੱਭ ਅਕਾਲ ਪੁਰਖ ਨੇ ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਰਲਾ ਬੰਨਾ ਕੋਈ ਨਹੀਂ ਦਿੱਸਦਾ। ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ। ਅਕਾਲ ਪੁਰਖ ਦੇ ਗੁਣਾਂ ਦਾ ਇਹ ਹੱਦ-ਬੰਨਾ ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ, ਕੋਈ ਮਨੁੱਖ ਨਹੀਂ ਪਾ ਸਕਦਾ। ਅੱਜਕਲ ਹੁਣ ਸਇੰਸ ਦੀਆਂ ਖੌਜਾਂ ਨਾਲ ਵੀ ਸਮਝ ਆ ਰਹੀ ਹੈ, ਕਿ ਅੰਤ ਨਹੀਂ ਪਾਇਆ ਜਾ ਸਕਦਾ ਹੈ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਅਕਾਲ ਪੁਰਖੁ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਵੀ ਉੱਚਾ ਹੈ। ਜਿਸ ਤਰ੍ਹਾਂ ਕਿਸੇ ਚੀਜ ਨੂੰ ਮਾਪਣ ਲਈ ਉਸ ਤੋਂ ਵੱਡੀ ਸਕੇਲ ਲੈਣੀ ਪੈਦੀ ਹੈ, ਇਸੇ ਤਰ੍ਹਾਂ ਉਸ ਉੱਚੇ ਅਕਾਲ ਪੁਰਖ ਨੂੰ ਉਹ ਹੀ ਸਮਝ ਸਕਦਾ ਹੈ, ਜਿਹੜਾ ਉਸ ਜਿਨ੍ਹਾਂ ਵੱਡਾ ਹੋਵੇ। ਇਸ ਲਈ ਇਹ ਪਤਾ ਨਹੀਂ ਲਗ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ। ਅਕਾਲ ਪੁਰਖ ਆਪ ਹੀ ਜਾਣਦਾ ਹੈ, ਕਿ ਉਹ ਆਪ ਕੇਡਾ ਵੱਡਾ ਹੈ। ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖੁ ਦੀ ਬਖ਼ਸ਼ਸ਼ ਨਾਲ ਮਿਲਦੀ ਹੈ।
ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥ (੫)
ਅਕਾਲ ਪੁਰਖ ਦੀ ਰਚਨਾ ਵਿਚ ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮਾ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ। ਅਕਾਲ ਪੁਰਖ ਦੀ ਕੁਦਰਤ ਵਿਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ। ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ। ਆਮ ਰਵਾਇਤਾ ਅਨੁਸਾਰ ਭਾਂਵੇਂ ੪ ਖਾਣੀਆਂ ਹਨ, ਪਰ ਗੁਰਬਾਣੀ ਅਨੁਸਾਰ ਬੇਅੰਤ ਖਾਣੀਆਂ ਹਨ, ਜੀਵਾਂ ਦੀਆਂ ਬੇਅੰਤ ਬੋਲੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ, ਜੋ ਜੀਵ ਮਨ ਦੁਆਰਾ ਲਾਉਂਦੇ ਹਨ, ਬੇਅੰਤ ਸੇਵਕ ਹਨ। ਇਸ ਦਾ ਕੋਈ ਅੰਤ ਨਹੀਂ ਪੈ ਸਕਦਾ।
ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ (੭)
ਸਾਇੰਸ ਬਹੁਤ ਸਾਰੇ ਜੰਤਰਾਂ ਤੇ ਤਜਰਬਿਆਂ ਨਾਲ ਹੁਣ ਸਮਝ ਰਹੀ ਹੈ, ਕਿ ਕੁਦਰਤ ਦਾ ਕੋਈ ਅੰਤ ਨਹੀਂ ਹੈ, ਪਰੰਤੂ ਗੁਰੂ ਨਾਨਕ ਸਾਹਿਬ ਨੇ ਇਸ ਬਾਰੇ ਜਪੁਜੀ ਸਾਹਿਬ ਵਿਚ ੫੦੦ ਸਾਲ ਪਹਿਲਾਂ ਹੀ ਸਮਝਾ ਦਿਤਾ ਸੀ, ਕਿ ਅਕਾਲ ਪੁਰਖੁ ਦੀ ਰਚਨਾ ਬੇਅੰਤ ਹੈ। ਗੁਰੂ ਸਾਹਿਬ ਨੇ ਬਿਨਾ ਟੈਲੀਸਕੋਪ ਦੇ ਕਈ ਸਾਲ ਪਹਿਲਾਂ ਲਿੱਖ ਦਿਤਾ ਸੀ ਕਿ ਚੰਦ, ਸੂਰਜ, ਤਾਰੇ, ਧਰਤੀਆਂ ਅਣਗਿਣਤ ਹਨ। ਅੱਜ ਦੀ ਸਾਇੰਸ ਕੁਝ ਦਹਾਕੇ ਪਹਿਲਾਂ ਤੋਂ ਹੀ ਅਨੇਕ ਗੈਲੈਕਸੀਆਂ ਬਾਰੇ ਗੱਲ ਕਰ ਰਹੀ ਹੈ। ਗੁਰਬਾਣੀ ਵਿਚ ਅਨੇਕਾਂ ਹੀ ਹੋਰ ਸ਼ਬਦ ਪ੍ਰਮਾਣ ਦੇ ਤੌਰ ਤੇ ਮਿਲਦੇ ਹਨ, ਜਿਨ੍ਹਾਂ ਵਿਚ ਸਮਝਾਇਆ ਗਿਆ ਹੈ ਕਿ ਕੁਦਰਤ ਦਾ ਕੋਈ ਅੰਤ ਨਹੀਂ।
ਕਈ ਕੋਟਿ ਸਿਧ ਜਤੀ ਜੋਗੀ ॥ ਕਈ ਕੋਟਿ ਰਾਜੇ ਰਸ ਭੋਗੀ ॥ ਕਈ ਕੋਟਿ ਪੰਖੀ ਸਰਪ ਉਪਾਏ ॥ ਕਈ ਕੋਟਿ ਪਾਥਰ ਬਿਰਖ ਨਿਪਜਾਏ ॥ ਕਈ ਕੋਟਿ ਪਵਣ ਪਾਣੀ ਬੈਸੰਤਰ ॥ ਕਈ ਕੋਟਿ ਦੇਸ ਭੂ ਮੰਡਲ ॥ ਕਈ ਕੋਟਿ  ਸਸੀਅਰ ਸੂਰ ਨਖ´ਤ੍ਰ ॥ ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥ (੨੭੫,੨੭੬)

ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ (੨੭੫,੨੭੬)
ਅਕਾਲ ਪੁਰਖ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ, ਉਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ, ਅਤੇ ਕ੍ਰੋੜਾਂ ਹੀ ਬ੍ਰਹਮਾ ਉਸ ਦੇ ਦਰ ਤੇ ਵੇਦ ਉਚਾਰ ਰਹੇ ਹਨ। ਅਕਾਲ ਪੁਰਖ ਦੇ ਦਰ ਤੇ ਕ੍ਰੋੜਾਂ ਚੰਦ੍ਰਮੇ ਰੌਸ਼ਨੀ ਕਰਦੇ ਹਨ, ਉਸ ਦੇ ਦਰ ਤੋਂ ਅਨੇਕਾਂ ਤੇਤੀ ਕ੍ਰੋੜਾਂ ਦੇਵਤੇ ਭੋਜਨ ਛਕਦੇ ਹਨ, ਕ੍ਰੋੜਾਂ ਹੀ ਨੌ ਗ੍ਰਹਿ ਉਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ, ਅਤੇ ਕ੍ਰੋੜਾਂ ਹੀ ਧਰਮ-ਰਾਜ ਦੇ ਦਰਬਾਨ ਹਨ। ਕ੍ਰੋੜਾਂ ਹਵਾਵਾਂ ਚੱਲਦੀਆਂ ਹਨ, ਕ੍ਰੋੜਾਂ ਸ਼ੇਸ਼ਨਾਗ ਉਸ ਦੀ ਸੇਜ ਵਿਛਾਉਂਦੇ ਹਨ, ਕ੍ਰੋੜਾਂ ਸਮੁੰਦਰ ਉਸ ਦੇ ਪਾਣੀ ਭਰਨ ਵਾਲੇ ਹਨ, ਅਤੇ ਕ੍ਰੋੜਾਂ ਹੀ ਬਨਸਪਤੀ ਹੈ ਜੋ ਕਿ ਮਾਨੋ ਉਸ ਦੇ ਜਿਸਮ ਦੇ ਰੋਮ ਹਨ। ਕ੍ਰੋੜਾਂ ਹੀ ਕੁਬੇਰ ਦੇਵਤੇ ਉਸ ਦੇ ਖ਼ਜਾਨੇ ਭਰਦੇ ਹਨ, ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ, ਕ੍ਰੋੜਾਂ ਹੀ ਪਾਪ ਤੇ ਪੁੰਨ ਹੋ ਰਹੇ ਹਨ, ਕ੍ਰੋੜਾਂ ਹੀ ਇੰਦਰ ਦੇਵਤੇ ਉਸ ਦੇ ਦਰ ਤੇ ਸੇਵਾ ਕਰ ਰਹੇ ਹਨ। ਛਪਿੰਜਾ ਕਰੋੜ, ਭਾਵ ਅਨੇਕਾਂ ਬੱਦਲ ਉਸ ਦੇ ਦਰਬਾਨ ਹਨ, ਜੋ ਥਾਂ ਥਾਂ ਤੇ ਚਮਕ ਰਹੇ ਹਨ, ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ, ਤੇ ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਉਸ ਦੇ ਦਰ ਤੇ ਮੌਜੂਦ ਹਨ। ਕ੍ਰੋੜਾਂ ਜੱਗ ਹੋ ਰਹੇ ਹਨ, ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ, ਕ੍ਰੋੜਾਂ ਹੀ ਲੋਕ ਆਪਣੀ ਵਿੱਦਿਆ ਦੁਆਰਾ, ਉਸ ਦੇ ਬੇਅੰਤ ਗੁਣ ਬਿਆਨ ਕਰ ਰਹੇ ਹਨ, ਪਰ ਫਿਰ ਵੀ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
ਕੋਟਿ ਚੰਦ੍ਰਮੇ  ਕਰਹਿ ਚਰਾਕ ॥ ਸੁਰ ਤੇਤੀਸਉ ਜੇਵਹਿ ਪਾਕ ॥ ਨਵ ਗ੍ਰਹ ਕੋਟਿ ਠਾਢੇ ਦਰਬਾਰ ॥ ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥ ਪਵਨ ਕੋਟਿ ਚਉਬਾਰੇ ਫਿਰਹਿ ॥ ਬਾਸਕ ਕੋਟਿ ਸੇਜ ਬਿਸਥਰਹਿ ॥ ਸਮੁੰਦ ਕੋਟਿ ਜਾ ਕੇ ਪਾਨੀਹਾਰ ॥ ਰੋਮਾਵਲਿ ਕੋਟਿ ਅਠਾਰਹ ਭਾਰ ॥੩॥ (੧੧੬੨, ੧੧੬੩)
ਅਨਿਕ ਪਵਨ ਪਾਵਕ ਅਰੁ ਨੀਰ ॥ ਅਨਿਕ ਰਤਨ ਸਾਗਰ ਦਧਿ ਖੀਰ ॥ ਅਨਿਕ ਸੂਰ ਸਸੀਅਰ ਨਖਿਆਤਿ ॥ ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥ ਅਨਿਕ ਬਸੁਧਾ ਅਨਿਕ ਕਾਮਧੇਨ ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥ ਅਨਿਕ ਅਕਾਸ ਅਨਿਕ ਪਾਤਾਲ ॥ ਅਨਿਕ ਮੁਖੀ ਜਪੀਐ ਗੋਪਾਲ ॥੫॥ (੧੨੩੬)
ਪਉੜੀ ॥ ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥ ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥ ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥ (੧੨੮੩)
ਅੰਤ ਵਿਚ ਅਸੀਂ ਕਹਿ ਸਕਦੇ ਹਾਂ, ਕਿ ਜਿਸ ਅਕਾਲ ਪੁਰਖੁ ਦਾ ਇਹ ਜਗਤ ਹੈ, ਉਹ ਆਪ ਇਸ ਨੂੰ ਬਨਾਉਣ ਵਾਲਾ ਹੈ, ਤੇ ਆਪ ਹੀ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ ਹੈ। ਕਰਤੇ ਦੀ ਵਿਸ਼ਾਲ ਰਚਨਾ ਨੂੰ ਕੋਈ ਹੋਰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਤੇ ਨਾ ਹੀ ਅਕਾਲ ਪੁਰਖੁ ਦਾ ਪੈਦਾ ਕੀਤਾ ਹੋਇਆ ਮਨੁੱਖ ਉਸ ਬਾਰੇ ਅੰਦਾਜ਼ਾ ਲਗਾ ਸਕਦਾ ਹੈ। ਜੋ ਕੁਝ ਉਸ ਅਕਾਲ ਪੁਰਖੁ ਨੂੰ ਭਾਉਂਦਾ ਹੈ, ਉਹੀ ਇਸ ਜਗਤ ਵਿਚ ਹੋ ਰਿਹਾ ਹੈ।
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥ ਅਵਰ ਨ ਬੂਝਿ ਕਰਤ ਬੀਚਾਰੁ ॥ ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥ (੨੮੪,੨੮੫)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ ਕਿ ਗੁਰੁ ਸਾਹਿਬਾਂ ਨੇ ੫੦੦ ਸਾਲ ਪਹਿਲਾਂ ਹੀ ਲਿਖ ਦਿਤਾ ਸੀ, ਕਿ ਅਕਾਲ ਪੁਰਖ ਦੀ ਰਚਨਾਂ ਬੇਅੰਤ ਹੈ। ਕਰਤੇ ਦੀ ਵਿਸ਼ਾਲਤਾ ਸਬੰਧੀ ਮਨੁੱਖ ਆਪਣੀ ਸਮਝ ਤੇ ਸਾਇੰਸ ਦੀਆਂ ਖੋਜਾਂ ਨਾਲ ਹੌਲੀ ਹੌਲੀ ਆਪਣੀ ਅਗਿਆਨਤਾ ਦਾ ਅੰਧੇਰਾ ਦੂਰ ਕਰ ਰਿਹਾ ਹੈ। ਇਸ ਕਈ ਹਰੇਕ ਸਿੱਖ ਦਾ ਫਰਜ਼ ਬਣ ਜਾਂਦਾ ਹੈ, ਕਿ ਉਹ ਗੁਰਬਾਣੀ ਵਿਚ ਦਰਸਾਈਆਂ ਗਈਆਂ ਸਚਾਈਆਂ ਤੇ ਵਿਸ਼ਵਾਸ ਕਰੇ, ਉਨ੍ਹਾਂ ਨੂੰ ਖੋਜੇ ਤੇ ਆਪਣਾ ਜੀਵਨ ਸਫਲ ਕਰਨ ਦੇ ਨਾਲ ਨਾਲ ਮਨੁੱਖਤਾ ਦਾ ਭਲਾ ਕਰੇ। ਜੇ ਕਰ ਸਮਾਂ ਨਾ ਸੰਭਾਲਿਆ, ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਨਾ ਪੈਦਾ ਕੀਤੇ ਤਾਂ ਇਹ ਮਨੁੱਖਾ ਜਨਮ ਦੁਬਾਰਾ ਨਹੀਂ ਮਿਲਣਾ ਤੇ ਨਾ ਹੀ ਬੀਤ ਗਿਆ ਸਮਾਂ ਦੁਬਾਰਾ ਹੱਥ ਆਉਂਣਾਂ ਹੈ। ਸਾਇੰਸ ਦੀਆਂ ਖੋਜਾਂ ਨਾਲ ਪੂਰੀ ਸਚਾਈ ਤਕ ਪਹੁੰਚਣ ਲਈ ਅਨੇਕਾਂ ਸਾਲ ਲੱਗ ਸਕਦੇ ਹਨ, ਪਰੰਤੂ ਮਨੁੱਖਾ ਜੀਵਨ ਤਾਂ ਕੁਝ ਦਹਾਕਿਆਂ ਦਾ ਹੀ ਹੁੰਦਾ ਹੈ। ਇਸ ਲਈ ਫਾਇਦਾ ਇਸੇ ਵਿਚ ਹੈ, ਕਿ ਸਾਡੇ ਕੋਲ ਜੋ ਗੁਰਬਾਣੀ ਦਾ ਖ਼ਜਾਨਾ ਹੈ, ਉਸ ਨੂੰ ਸੰਭਾਲੀਏ ਤੇ ਵਰਤੀਏ, ਅਤੇ ਸਾਇੰਸ ਦੁਆਰਾ ਜੋ ਸਪਸ਼ਟੀਕਰਨ ਤੇ ਸਹੂਲਤਾਂ ਮਿਲ ਰਹੀਆਂ ਹਨ, ਉਨ੍ਹਾਂ ਦੀ ਸਹਾਇਤਾ ਨਾਲ ਗੁਰਬਾਣੀ ਦਾ ਸੰਦੇਸ਼ਾ ਪੂਰੀ ਦੁਨੀਆਂ ਤੱਕ ਪਹੁੰਚਾਈਏ। ਇਸ ਲਈ ਆਓ ਸਾਰੇ ਜਾਣੇ ਸਬਦ ਗੁਰੂ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸੱਚੀ ਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ, ਖੋਜੀਏ ਤੇ ਜੀਵਨ ਦੀ ਅਸਲੀਅਤ ਨੂੰ ਸਮਝੀਏ। ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸਬਦ ਗੁਰੂ ਦੁਆਰਾ ਆਪਣੇ ਅੰਦਰ ਚਾਨਣ ਪੈਦਾ ਕਰੀਏ ਅਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ ਉਪਰਾਲਾ ਕਰੀਏ।
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫-੩੦੬)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

( ਡਾ: ਸਰਬਜੀਤ ਸਿੰਘ )


No Comment posted
Name*
Email(Will not be published)*
Website
Can't read the image? click here to refresh

Enter the above Text*