Bharat Sandesh Online::
Translate to your language
News categories
Usefull links
Google

     

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
19 Dec 2011

ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਦਸੰਬਰ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿੱਚ ਫੋਰਮ ਦੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਅਤੇ ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰੀਂ ਸ਼ਾਮਲ ਹੋਏ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।
    ਅੱਜ ਦੀ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਫੋਰਮ ਸਕੱਤਰ ਨੇ ਤਾਰਿਕ ਮਲਿਕ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ 20 ਸਾਲ ਦੀ ਸ਼ਾਨਦਾਰ ਸਰਵਿਸ ਤੇ ਮਿਲੇ ਮੈਡਲ ਦੀ ਵਧਾਈ ਦਿੰਦਿਆਂ ਉਹਨਾਂ ਨੂੰ ਪਹਿਲੇ ਬੁਲਾਰੇ ਵੱਜੋਂ ਸੱਦਾ ਦਿੱਤਾ।
    ਤਾਰਿਕ ਮਲਿਕ ਹੋਰਾਂ ਇਹ ਖ਼ੁਸ਼ੀ ਸਾਂਝਿਆਂ ਕਰਦੇ ਹੋਏ ਕਿਹਾ ਕਿ ਇਹ ਇਸ ਦੇਸ਼ ਕੈਨੇਡਾ ਦੀ ਖ਼ੂਬਸੂਰਤੀ ਹੈ ਕਿ ਏਥੇ ਹਰ ਇਨਸਾਨ ਨੂੰ ਆਪਣੀ ਕਾਬਲੀਯਤ ਦਿਖਾਉਣ ਦਾ ਪੂਰਾ-ਪੂਰਾ ਮੌਕਾ ਮਿਲਦਾ ਹੈ, ਚਾਹੇ ਉਹ ਕਿਸੇ ਵੀ ਧਰਮ ਜਾਂ ਮੁਲਕ ਦਾ ਹੋਵੇ। ਉਹਨਾਂ ਸਟੈਮ ਸੈਲ ਨਾਲ ਸੰਬਧਤ ਬਿਮਾਰੀ ਦੀ ਵੀ ਚਰਚਾ ਕਰਦਿਆਂ ਦੱਸਿਆ ਕਿ ਕੈਨੇਡਾ ਵਿੱਚ ਸਟੈਮ ਸੈਲਸ ਦੀ, ਖ਼ਾਸ ਕਰਕੇ ਏਸ਼ੀਅਨ ਲੋਕਾਂ ਦੇ ਸਟੈਮ ਸੈਲਜ਼ ਦੀ, ਬਹੁਤ ਕਮੀ ਹੈ। ਇਸ ਕਮੀ ਨੂੰ ਧਿਆਨ ਵਿੱਚ ਰਖਦੇ ਹੋਏ ਸਾਨੂੰ, ਏਸ਼ੀਅਨ ਮੂਲ ਦੇ ਲੋਕਾਂ ਨੂੰ, ਸਟੈਮ ਸੈਲ ਦਾਨ ਕਰਨ ਲਈ ਖ਼ਾਸ ਉਪਰਾਲਾ ਕਰਨ ਦੀ ਜ਼ਰੂਰਤ ਹੈ। ਹੋਰ ਜਾਨਕਾਰੀ ਲਈ ਤੁਸੀਂ ਵੈਬ ਸਾਈਟ ‘ਵਨਮੈਚ.ਸੀਐ’ ਜਾਂ 1888-236-6283 ਤੇ ਫੋਨ ਕਰ ਸਕਦੇ ਹੋ।
ਹਮੇਸ਼ਾ ਦੀ ਤਰਾਂ ਉਹਨਾਂ ਉਰਦੂ ਦੇ ਕੁਝ ਸ਼ੇਅਰ ਸਾਂਝੇ ਕੀਤੇ, ਜਿਨ੍ਹਾਂ ਵਿੱਚ ਅਹਮਦ ਫ਼ਰਾਜ਼ ਦਾ ਇਹ ਸ਼ੇਅਰ ਵੀ ਸੀ –
ਤੂ ਅਪਨੀ ਸ਼ੀਸ਼ਾ-ਗਰੀ ਕਾ ਹੁਨਰ ਨ ਕਰ ਜ਼ਾਯਾ
ਮੈਂ  ਆਈਨਾ ਹੂੰ ਮੁਝੇ ਟੂਟਨੇ ਕੀ  ਆਦਤ  ਹੈ।
ਜਤਿੰਦਰ ਸਿੰਘ ‘ਸਵੈਚ’ ਨੇ ਸਮਾਜ ਵਿੱਚ ਬੁਰੀ ਤਰਾਂ ਫੈਲੀ ਹੋਈ ਨਸ਼ਿਆਂ ਦੀ ਬਿਮਾਰੀ ਬਾਰੇ ਆਪਣੀ ਕਵਿਤਾ ‘ਨਸ਼ਾ ਛਡਾਊ ਅਰਜ਼’ ਰਾਹੀਂ ਇਹ ਸੁਨੇਹਾ ਦਿੱਤਾ -
ਕਰਾਂ  ਅਰਜ਼  ਗੁਜਾਰ,  ਤੱਕੋ  ਅਪਣੀ  ਨੁਹਾਰ
ਕੀਤਾ ਅਪਣਾ ਕਿੳਂ ਮੰਦੜਾ ਏਹ ਹਾਲ ਵੀਰਿਓ।
ਜ਼ਿੰਦਗਾਨੀ ਦਿਨ ਚਾਰ, ਨਹੀਂੳਂ ਲੱਭਣੀ ਦੁਬਾਰ
ਕਰੋ  ਨਸ਼ਿਆਂ ਤੋਂ  ਇਸਦੀ  ਸੰਭਾਲ  ਵੀਰਿਓ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਰੁਬਾਈਆਂ ਅਤੇ ਗ਼ਲਤ ਤਰੀਕੇ ਨਾਲ ਆਏ ਇਮੀਗ੍ਰੈਂਟਾਂ ਬਾਰੇ ਇਕ ਭਾਵਪੂਰਣ ਕਵਿਤਾ ਸੁਣਾਕੇ ਸਭਦੀ ਵਾਹ-ਵਾਹ ਲੈ ਲਈ –
ਸੁਪਨਾ ਆਇਆ ਸੱਜਣਾ ਦਾ, ਉਹ ਦਿੱਸੇ ਨੇ ਗ਼ਮਗੀਨ ਬੜੇ
ਕੱਲ੍ਹ ਦੀ ਗੱਲ ਹੈ, ਕਲੀਆਂ ਵਰਗੇ, ਹੁੰਦੇ ਸਨ ਹੁਸੀਨ ਬੜੇ।
ਬੁੱਤਾਂ ਦੀ ਨਗਰੀ ਵਿੱਚ ‘ਪੰਨੂੰਆ’ ਉਹ ਵੀ ਪੱਥਰ ਹੋ ਗਏ
ਹੱਸਦੀ ਗਾਉਂਦੀ ਦੁਨੀਆ ਵਿੱਚ ਪਰ ਹੁੰਦੇ ਸਨ ਰੰਗੀਨ ਬੜੇ।
ਪ੍ਰਭਦੇਵ ਸਿੰਘ ਗਿੱਲ ਨੇ ਆਪਣੀ ਇਹ ਖ਼ੂਬਸੂਰਤ ਰਚਨਾ ਸਾਂਝੀ ਕੀਤੀ –
ਇਹ ਪੈਸਿਆਂ ਦਾ ਸ਼ਹਿਰ ਹੈ, ਹਰ ਚੀਜ਼ ਏਥੇ ਵਿੱਕ ਰਹੀ
 ਫਿਰ ਪਿਆਰ ਕੀ ਇਕਰਾਰ ਕੀ, ਇਜ਼ਹਾਰ ਕੀ ਇਨਕਾਰ ਕੀ।
ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਆਪਣੀਆਂ ਤਿਨ ਉਰਦੂ ਨਜ਼ਮਾਂ ਸਾਂਝੀਆਂ ਕੀਤੀਆਂ –
1-ਪੂਛਾ ਉਨਹੋਂ ਨੇਂ ਜੋ ਹਾਲੇ-ਦਿਲ, ਕੁਛ ਕਹਿ ਨ ਸਕੇ ਕੁਛ ਕਹਿ ਭੀ ਗਏ
   ਰੋਕੇ ਤੋ ਥੇ ਆਂਸੂ ਬਹੁਤ ਲੇਕਿਨ ਕੁਛ ਰੁਕ ਭੀ ਗਏ ਕੁਛ ਬਹਿ ਭੀ ਗਏ।
2-ਨਾ ਜਾਨੇ  ਵੋ  ਕਿਸਕੀ  ਕਜ਼ਾ ਥੀ  ਉਸੇ ਆ  ਗਈ ਹੈ
   ਇਕ ਮੁਸਲਸਲ ਕਰਬ ਔਰ ਖ਼ਾਮੋਸ਼ੀ ਉਸੇ ਖਾ ਗਈ ਹੈ।                             
ਜੱਸ ਚਾਹਲ, ਨੇ ਆਪਣੀ ਇਹ ਉਰਦੂ ਰਚਨਾ ਸਾਂਝੀ ਕੀਤੀ –
ਹਮ ਕਹਾਂ ਸੇ ਕਹਾਂ ਹੈ ਆ ਪਹੁੰਚੇ
ਸ਼ੁਕ੍ਰ ਰੱਬ ਕਾ ਯਹਾਂ ਹੈ ਆ ਪਹੁੰਚੇ
ਲੋਗ  ਵਰਨਾ, ਤਲਾਸ਼ੇ - ਰੋਜ਼ੀ ਮੇਂ
ਪਸੇ - ਦੋ ਜਹਾਂ  ਹੈ  ਜਾ  ਪਹੁੰਚੇ।
ਜਸਵੀਰ ਸਿੰਘ ਸਿਹੋਤਾ ਨੇ ਬੀਤੇ ਵੇਲੇ ਦੇ ਅਤੇ ਅੱਜਕੱਲ ਦੇ ਜੀਵਨ ਦੇ ਫ਼ਰਕ ਨੂੰ ਸਮਝਾਂਦੀ ਇਹ ਕਵਿਤਾ ਸੁਣਾਈ -
ਦਸੋ ਆਹੰਦੇ ਸੀ ਜੋ ਹੁਣ ਅਸੀਂ ਅਸਲੀਅਤ ਤੋਂ ਦੂਰ
  ਅੱਜ ਪਹਿਲਾਂ ਨਾਲੋਂ ਵੱਧ ਚਮਕ-ਦਮਕ ਹੈ ਜ਼ਰੂਰ
ਇਕ ਨਹੀਂ ਸਾਰੇ  ਮਾਣਦੇ ਸੀ  ਮੌਜ-ਮੇਲਾ ਡਾਢਾ
ਸਾਰੇ  ਖ਼ੁਸ਼ ਸੀ ਬੇਅੰਤ ਭਾਵੇਂ ਜੀਵਨ ਸੀ ਸਾਦਾ।
ਸੁਰਿੰਦਰ ਸਿੰਘ ਢਿਲੋਂ ਨੇ ਆਪਣੀ ਇੰਡੀਆ ਫੇਰੀ ਦੋਰਾਨ ਹੋਇਆਂ ਕੁਝ ਖ਼ਾਸ ਘਟਨਾਵਾਂ, ਅੱਨਾ ਹਜ਼ਾਰੇ ਮੂਵਮੈਂਟ ਅਤੇ ਮਸ਼ਹੂਰ ਗ਼ਜ਼ਲ ਗਾਇਕ ਜਗਜੀਤ ਸਿੰਘ ਦੇ ਨਿਧਨ ਬਾਰੇ ਜਾਨਕਾਰੀ ਸਾਂਝੀ ਕੀਤੀ ਅਤੇ ਪੁਰਾਨੀ ਪਾਕਿਸਤਾਨੀ ਫਿਲਮ ‘ਸਵੇਰਾ’ ਦਾ ਇਹ ਗਾਣਾ ਤਰੱਨਮ ਵਿੱਚ ਗਾਇਆ –
ਤੂੰ ਜੋ  ਨਹੀਂ  ਹੈ ਤੋ  ਕੁਛ ਭੀ  ਨਹੀਂ ਹੈ
ਯੇ ਮਾਨਾ ਕਿ ਮਹਫ਼ਿਲ ਜਵਾਂ ਹੈ ਹਸੀਂ ਹੈ।
ਇਹਨਾਂ ਬੁਲਾਰਿਆਂ ਤੋਂ ਇਲਾਵਾ ਸ਼ਿੰਗਾਰਾ ਸਿੰਘ ਪਰਮਾਰ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।
ਜੱਸ ਚਾਹਲ ਨੇ ਬਰਫ਼ਬਾਰੀ ਕਾਰਨ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਸਭਾ ਵਿੱਚ ਆਉਣ ਲਈ ਸਭ ਦਾ ਸਭਦਾ ਧੰਨਵਾਦ ਕੀਤਾ ਅਤੇ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
    ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
    ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ 7 ਜਨਵਰੀ 2012 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ।
 


No Comment posted
Name*
Email(Will not be published)*
Website
Can't read the image? click here to refresh

Enter the above Text*