Bharat Sandesh Online::
Translate to your language
News categories
Usefull links
Google

     

ਮੇਰੀਆਂ ਕਹਾਣੀਆਂ ਦੇ ਪਾਤਰ
08 Oct 2011

ਲਾਲ ਸਿੰਘ ਦਸੂਹਾ

 (ਨੇੜੇ ਐਸ. ਡੀ .ਐਮ. ਕੋਰਟ,ਦਸੂਹਾ,

ਜ਼ਿਲਾ : ਹੁਸ਼ਿਆਰਪੁਰ,ਪੰਜਾਬ, ਫੋਨ : 094655-74866)

 

ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ (ਬਿਜਲਈ ਟਿਕਾਣਾ : lalsinghdasuya.yolasite.com )ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ । ਸੱਚ ਦੇ ਸਿਵਾ ਹੋਰ ਕੁਝ ਵੀ ਇਸ ਕਰਕੇ ਨਹੀ ਕਹਾਗਾਂ ਕਿਉ ਜੋ ਇਥੇ ਮੈ ਆਪਣੀ ਆਤਮ-ਕਹਾਣੀ ਜਾਂ ਆਰਸੀ ਨਹੀ ਲਿਖ ਰਿਹਾ ਜਿਸ ਵਿੱਚ ਜੋ ਵੀ ਚਾਹਾਂ ਮੈਂ ਲਿਖੀ ਘਸੋੜੀ ਜਾਵਾਂ ,ਸੱਚ ਹੋਵੇ ਜਾਂ ਝੂਠ ,ਪ੍ਰਸੰਗਕ ਹੋਵੇ ਜਾਂ ਗੈਰ ਪ੍ਰਸੰਗਕ,ਉਚ-ਕਥਨੀ ਹੋਵੇ ਜਾਂ ਨੀਚ ਕਥਨੀ । ਮੈਨੂੰ ਇਹ ਵੀ ਪਤਾ ਹੈ ਜੇ ਮੈਂ ਅਜਿਹਾ ਕਰ ਵੀ ਦਿਆਂ ਤਾਂ ਤੁਸੀ ਉਸ ਨੂੰ ਸੁਧਾ ਸੱਚ ਸਮਝ ਕੇ ਕਬੂਲ ਹੀ ਲਵੋਗੇ ਤੇ ਮੇਰੀ ਨੀਅਤ ਤੇ ਸ਼ੱਕ ਵੀ ਨਹੀ ਕਰੋਗੇ । ਪਰ ਸੱਜਣੋਂ ਇੱਥੇ ਮੈਂ ਕਹਾਣੀ ਪਾਤਰਾਂ ਦੇ ਸਨਮੁੱਖ ਹਾਂ ਉੱਨਾਂ ਦੀ ਰੂਹ ਦੇ ਸਨਮੁੱਖ ਹਾਂ ।ਮੇਰੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਵੀ ਤੁਸੀ ਉਨ੍ਹਾਂ ਨੂੰ ਜਾਣਦੇ ਹੋ । ਚੰਗੀ ਤਰਾਂ ਵਾਕਿਫ ਹੋ,ਉਨ੍ਹਾਂ ਤੋਂ ਤੇ ਉਨਾਂ ਰਾਹੀ ਮੇਰੇ ਵੀ ।

ਇੱਕ ਗੱਲ ਹੋਰ , ਸੱਤਾਂ ਕੁ ਦਹਾਕਿਆਂ ਦੇ ਜੀਵਨ ਸਫਰ ਦਾ ਬਹੁਤਾ ਵਾਹ ਵਾਸਤਾ ਪਿੰਡਾਂ ਨਾਲ ਰਿਹਾ ,ਇਨ੍ਹਾਂ ਵਿੱਚੋਂ ਪੰਜ ਕੁ ਵਰ੍ਹੇ ਭਾਖੜਾ ਨੰਗਲ ਨਾਮੀ ਜ਼ਜ਼ੀਰੇ ਵਿੱਚ ਕੱਟੇ । ਉਹ ਨਾ ਸ਼ਹਿਰ ਸੀ ਤੇ ਨਾ ਪਿੰਡ ਸੀ । ਦਸ ਕੁ ਸਾਲ ਜਲੰਧਰ ਸ਼ਹਿਰ ਤੇ ਸਾਲ ਕੁ ਦਿੱਲੀ ਮਹਾਂ ਨਗਰ ਵਿੱਚ ।ਦਸੂਹੇ ਦੀ ਮੌਜੂਦਾ ਠਹਿਰ ਵਿੱਚ ਸ਼ਹਿਰ ਦਾ ਕੋਈ ਦਖਲ ਨਹੀਂ । ਮੇਰੀ ਬਾੜੀ ( ਹਵੇਲੀ ) ਪਿੰਡ ਨਿਹਾਲਪੁਰ ਵਿੱਚ ਸਥਿਤ ਹੈ ਅਤੇ ਥੋੜੀ ਜਿਹੀ ਭੋਇੰ ਪਿੰਡ ਕਹਿਰਵਾਲੀ ਵਿੱਚ । ਇਹ ਇਸ ਲਈ ਦੱਸ ਰਿਹਾਂ ਹਾ ਕਿ ਮੈਂ ਨੱਬੇ ਪ੍ਰਤੀਸ਼ਤ ਪਿੰਡ ਦੀ ਰਹਿਤਲ ਨਾਲ ਜੁੜਿਆ ਹੋਇਆ ਹਾਂ । ਇਸ ਕਾਰਨ ਮੇਰੀਆਂ ਕਹਾਣੀਆਂ ਦੇ ਕਰੀਬ ਕਰੀਬ ਸਾਰੇ ਪਾਤਰ ਪਿੰਡ ਦੀ ਰਹਿਣੀ ਬਹਿਣੀ ਦਾ ਪ੍ਰੀਚੈ ਕਰਵਾਉਦੇ ਹਨ , ਜੇ ਕਿਧਰੇ ਸ਼ਹਿਰੀ ਪਾਤਰ ਨੈ ਮੈਨੂੰ ਆਪਣੇ ਨਾਲ ਤੋਰਿਆ ਵੀ ਹੈ ਤਾਂ ਉਸ ਦਾ ਪਿਛੋਕੜ ਵੀ ਪਿੰਡ ਦਾ ਹੀ ਰਿਹਾ ਹੈ ।

ਇੱਕ ਛੋਟਾ ਜਿਹਾ ਬਿੰਦੂ ਹੋਰ , ਮੇਰੀਆਂ ਕਹਾਣੀਆਂ ਪੱਛਮ ਦੀਆਂ ਕਹਾਣੀਆਂ ਵਾਂਗ ਵਿਚਾਰ ਪ੍ਰਧਾਨ ਨਹੀਂ ਹਨ , ਇਨ੍ਹਾਂ ਵਿੱਚ ਪਾਤਰ ਦੀ ਪ੍ਰਧਾਨਤਾ ਹੈ । ਇਹ ਮੇਰੀ ਮਾਨਤਾ ਹੈ ਕਿ ਇੱਕ ਸ਼ਸ਼ਕਤ,ਸੰਘਰਸ਼ਸ਼ੀਲ ਤੇ ਇਮਾਨਦਾਰ ਪਾਤਰ ਹੀ ਪਾਠਕੀ ਸਾਇਕੀ ਨੂੰ ਵੱਧ ਪ੍ਰ੍ਰਭਾਵਿਤ ਕਰਕੇ ਉਜਲੇ ਭਵਿੱਖ ਦਾ ਜਾਮਨੀ ਬਣ ਸਕਦਾ ਹੈ ।ਉਹ ਵੀ ਤਾਂ ਜੇ ਲੇਖਕ ਆਪ ਪੇਸ਼ ਕੀਤੇ ਪਾਤਰਾਂ ਵਰਗਾ ਹੋਵੇ । ਇਹ ਸ਼ਾਇਦ ਮੇਰੇ ਅਚੇਤ ਅੰਦਰ ਅੰਤਨ ਚੈਖੋਵ ਦਾ ਕਥਨ ਪਿਆ ਹੋਣਾ ਕਰਕੇ ਹੈ ਕਿ ਲੇਖਕ ਬਨਣ ਤੋਂ ਪਹਿਲਾਂ ਇੱਕ ਚੰਗਾ ਮਨੁੱਖ ਹੋਣਾ ਜਰੂਰੀ ਹੈ । ਲੇਖਕ ਦਾ ਆਪਾ ਉਸ ਦੁਆਰਾਂ ਪੇਸ਼ ਕੀਤੇ ਪਾਤਰਾਂ ਤੋਂ ਪਛਾਣਿਆ ਜਾਣਾ ਚਾਹਿਦੈ । ਇਸ ਕਥਨ ਦੇ ਪ੍ਰਛਾਵੇਂ ਹੇਠ ਮੈਨੂੰ ਅਜਿਹੇ ਵਿਅਕਤੀ ਵਧੇਰੇ ਟੁੰਬਦੇ ਹਨ ਜੋ ਅਮਲ ਤੇ ਵਿਵਹਾਰ ਵਿੱਚ ਸਮਤਲ ਹੋਣ । ਜਿਨ੍ਹਾਂ ਦੀ ਕਹਿਣੀ-ਕਥਨੀ ਤੇ ਵਰਤੋਂ ਵਿਹਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਾ ਹੋਵੇ । ਜੇ ਅਜਿਹਾ ਫਰਕ ਦਿੱਸਦਾ ਹੈ ਤਾਂ ਮੈਨੂੰ ਅਭਿਵਿਅਕਤ ਕਰਦੇ ਮੇਰੇ ਪਾਤਰ ਬਹੁਤੀ ਵਾਰ ਬੋਲਡ ਹੋ ਜਾਂਦੇ ਹਨ । ਉਹ ਸਮਾਜਿਕ ਵਿਸੰਗਤੀਆਂ ਨੂੰ ਨਿਕਾਰਨ ਵਾਲੀ ਧਿਰ ਬਣ ਕੇ ਮੂੰਹ-ਫੱਟ ਹੋ ਨਿੱਬੜਦੇ ਹਨ । ਉਹ ਚੀਨੀ ਕਹਾਣੀ ਦੇਹ ਤੇ ਆਤਮਾ ਤੇ ਨਾਇਕ ਸਿੳਚੀ ਦੀ ਸੁਰ ਨਾਲ ਸੁਰ ਮੇਲਦੇ ਉਸ ਵਰਗਾ ਹੀ ਐਲਾਨ ਕਰ ਮਾਰਦੇ ਹਨ- ਜੇ ਸਾਨੂੰ ਰੋਟੀ ਮਿਲ ਸਕਦੀ ਹੈ ਤਾਂ ਦੁੱਧ ਵੀ ਮਿਲਣਾ ਚਾਹਿਦਾ । ਮੇਰੇ ਆਪੇ ਨੂੰ ਅਭਿਵਿਅਕਤ ਕਰਦਾ ਬਲੌਰ ਕਹਾਣੀ ਦਾ ਨਾਇਕ ਬਹਾਦਰ ਵੀ ਇਹੋ ਕੁਝ ਕਰਦਾ ਹੈ , ਜੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀ ? ਜੇ ਮਿਲਦੀ ਨਹੀਂ ਖੋਹਣੀ ਤਾਂ ਪਵੇਗੀ ਹੀ । ਹੁਣ ਖੋਹ ਕੇ ਖਾਣ ਲਈ ਤਾਣ ਚਾਹਿਦਾ ਵਿਅਕਤੀਗਤ ਵੀ ਤੇ ਜਥੇਬੰਦਕ ਵੀ । ਬਹਾਦਰ ਨੇ ਆਪਣੇ ਹਿੱਸੇ ਦੀ ਵਿਅਕਤੀਗਤ ਦਲੇਰੀ ਤਾਂ ਕਰ ਲਈ ਹੈ । ਕੁਲਫ਼ੀ ਤਾਂ ਉਸ ਨੇ ਖੋਹ ਲਈ ਹੈ ਬਾਲ ਕਿਸ਼ਨ ਤੋਂ , ਪਰ ਉਸ ਦਾ ਸਾਥ ਕੋਈ ਨਹੀ ਦਿੰਦਾ । ਕੇਵਲ ਇੱਕ ਮੁੰਡਾ ਮੀਕਾ ਉਸ ਦੀ ਬਾਂਹ ਫੜਦਾ ਹੈ ,ਸਾਰੇ ਪਿੰਡ ਵਿੱਚ । ਬਾਕੀ ਸਾਰੇ ਸ਼ਾਹਾਂ ਦੀ ਧਿਰ ਬਣ ਜਾਦੇਂ ਹਨ । ਬਹਾਦਰ ਵਿਵਸਥਾਂ ਨੂੰ ਬਦਲ ਦੇਣ ਦੀਆਂ ਟਾਹਰਾਂ ਮਾਰਦੀ ਇੱਕ ਰਾਜਨੀਤਕ ਪਾਰਟੀ ਦੇ ਟੋਟੇ ਹੋਏ ਤਿੰਨ ਗਰੁੱਪਾਂ ਤੱਕ ਪਹੁੰਚ ਵੀ ਕਰਦਾ । ਉਨ੍ਹਾਂ ਸਭਨਾਂ ਨੂੰ ਆਪਣੇ ਮਾਂ ਪਿਉ  ਨੂੰ ਬਰਦਾਸ਼ਤ ਕਰਨੀ ਪੈ ਰਹੀ ਦੁਰਗਤ ਦੀ ਜਾਣਕਾਰੀ ਵੀ ਦਿੰਦਾ ਹੈ ,ਪਰ ਉਹ ਸਾਰੇ ਉਸ ਉੱਤੇ ਆਪਣੇ ਆਪਣੇ ਹਿਸਾਬ ਨਾਲ ਟੋਟੇ ਕੀਤੇ ਸਿਧਾਂਤ ਦੀ ਵਾਛੜ ਤਾਂ ਖੂਬ ਕਰਦੇ ਹਨ,ਅਮਲ ਵਿੱਚ ਉਸ ਨਾਲ ਕੋਈ ਨਹੀ ਤੁਰਦਾ । ਜੇ ਉਸ ਨਾਲ ਕੋਈ ਤੁਰਦਾ ਦਾਂ ਸਾਹਿਤਕਾਰ ਹੈ , ਸਾਹਿਤ ਹੈ । ਸਾਹਿਤਕਾਰਤਾ ਨਾਲ ਸਨੇਹ ਪਾਲਣ ਵਾਲਾ ਕਹਾਣੀਕਾਰ ਸੁਜਾਨ ਸਿੰਘ ਹੈ । ਜਿਸ ਨੇ ਆਪਣੀ ਕਹਾਣੀਆਂ ਵਰਗਾ ਜੀਵਨ ਜੀਣ ਨੂੰ ਸਮਤਲ ਰੱਖਦਿਆਂ ਆਪਣੀਆਂ ਕਹਾਣੀਆਂ ਵਰਗਾ ਜੀਵਨ ਜੀਣ ਦੀ ਨਿੱਗਰ ਉਦਾਹਰਨ ਪੇਸ਼ ਕੀਤੀ ਹੈ । ਦੱਖਣੀ ਭਾਰਤ ਦੀ ਸੰਸਾਰ ਪ੍ਰਸਿੱਧ ਲੇਖਕਾਂ ਅਰੁੰਧਤੀ ਰਾਏ ਦੀ ਵੀ ਇਵੇਂ ਦੀ ਇੱਛਾ ਹੈ । ਉਹ ਚਾਹੁੰਦੀ ਹੈ ਜੋ ਤੁਸੀ ਲਿਖਦੇ ਹੋ,ਉਹ ਹੀ ਜੀਵਿਆ ਜਾਵੇ । ਮੇਰੇ ਨਿੱਜ ਤੇ ਵੀ ਅਜਿਹੀ ਦਾਰਸ਼ਨਿਕਤਾ ਦੀ ਡੂੰਘੀ ਛਾਪ ਉਕਰੀ ਪਈ ਹੈ ।ਮੇਰਾ ਬਹਾਦਰ ਨਾਮੀ ਇਹ ਪਾਤਰ ,ਸਮਾਜਿਕ ਤਬਦੀਲੀ ਦਾ ਅਹਿਦ ਲੈ ਕੇ ਤੁਰੀ ਖੱਬੀ ਰਾਜਨੀਤਕ ਪਾਰਟੀ ਦਾ ਪਹਿਲਾਂ 1962 , ਫਿਰ 1967 ਵਿੱਚ ਕਰੀਬ ਢਾਈ ਦਰਜਨ ਗਰੁੱਪਾਂ ਵਿੱਚ ਵੰਡੀ ਗਈ ਹੋਣ ਕਰਕੇ ਮੇਰੇ ਅੰਦਰ ਪੱਸਰ ਗਈ ਨਿਰਾਸ਼ਾ ਦੀ ਲੱਭਤ ਹੈ ।

ਮੇਰਾ ਪੱਕਾ ਨਿਸ਼ਚਾ ਹੈ ਕਿ ਸਾਹਿਤ ਦੁਆਰਾ ਚੇਤਨ ਹੋਇਆ ਸਮਾਜ ਹੀ ਵਿਵਸਥਾ ਨੂੰ ਬਦਲਣ ਪਲਟਾਉਣ ਵਾਲੀ ਤੋਰ ਤੁਰ ਸਕਦਾ ਹੈ ਭਾਵੇ ਕਿ ਇਸ ਕਾਰਜ ਦੀ ਮੁੱਖ ਭੂਮਿਕਾ ਸਾਹਿਤ ਦੀ ਆਪਣੀ ਨਹੀ,ਰਾਜਸੀ ਕਾਰਜ ਕਰਤਾਵਾਂ ਦੀ ਹੀ ਹੁੰਦੀ ਹੈ । ਇਨ੍ਹਾਂ ਕਾਰਜਕਰਤਾਵਾਂ ਦਾ ਪ੍ਰਤੀਨਿਧ ਪਾਤਰ ਕਹਾਣੀ ਬੂਟਾ ਰਾਮ ਪੂਰਾ ਹੋ ਗਿਆ ਦਾ ਬੂਟਾ ਰਾਮ ਬਾਬਾ ਹੈ , ਜਿਹੜਾ ਕਹਾਣੀ ਵਿੱਚ ਕਾਮਰੇਡ ਹਰਭਜਨ ਵਜੋਂ ਦਰਜ ਹੈ , ਪਰ ਅਸਲੀਅਤ ਦੇ ਵਰਤਾਰੇ ਵਿੱਚ ਉਹ ਰੋਪੜ ਲਾਗੇ ਦੇ ਇੱਕ ਪਿੰਡ ਚਲਾਕੀ ਦਾ ਤਾਰਾ ਸਿੰਘ ਹੈ ।ਇਸ ਤੇ ਹਲਕਿਆਂ ਅਨੁਸਾਰ ਰੱਖੇ ਵੱਖ-ਵੱਖ ਨਾਵਾਂ ਵਿੱਚੋਂ ਕੰਢੀ ਏਰੀਏ ਲਈ ਰੱਖਿਆ ਨਾਂਅ ਮੱਖਣ ਸੀ । ਉਹ ਚਾਰੂ ਮਜ਼ਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਇੱਕ ਸਾਥੀ ਸਤਿਆ ਨਰਾਇਣ ਸਿੰਘ ਦੀ ਆਪਣੀ ਸੀ.ਸੀ. ਦੇ ਪੰਜਾਬ ਅਤੇ ਹਿਮਾਚਲ ਦੇ ਸਕੱਤਰ ਬਲਦੇਵ ਸਿੰਘ ਉੱਚਾ ਪਿੰਡ ਦਾ ਸਹਾਇਕ ਸੀ । ਪਰ ਤਾਰਾ ਸਿੰਘ ਚਲਾਕੀ ਨੂੰ ਦਲਿਤ ਪਰਵਾਰ ਚੋਂ ਹੋਣ ਕਰਕੇ ਉਸ ਦੀ ਕਾਰਗੁਜਾਰੀ ਨੂੰ ਪੂਰੀ ਮਾਨਤਾ ਉਸ ਦਾ ਗਰੇਵਾਲ ਜੱਟ ਸਕੱਤਰ ਨਹੀਂ ਸੀ ਦਿੰਦਾ । ਮੇਰੇ ਇਸ ਪਾਤਰ ਦਾ ਦੂਜਾ ਹਿੱਸਾ ਜ਼ਿਲਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਦੇਂ-ਪੀਦੇਂ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ ਮੋਹਣ ਹੈ । ਮੋਹਣ ਸਾਡੇ ਪਿੰਡ ਝੱਜਾਂ ਤੇ ਚੜਦੇ ਪਾਸੇ ਸਥਿਤ ਇੱਕ ਛੋਟੀ ਜਿਹੀ ਮਟੀ, ਜੋ ਬਣਾ ਸਾਬ੍ਹ ਕਰਕੇ ਜਾਣੀ ਜਾਦੀ ਹੈ,ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿੳ ਨੇ ਕੰਜਰੀ ਬਾਜ਼ਾਰੋ ਆਪਣੇ ਲਈ ਦੂਜੇ ਘਰ ਵਾਲੀ ਲਿਆ ਵਸਾਈ ਸੀ । ਇਸ ਭਲਵਾਨੀ ਜੁੱਸੇ ਵਾਲੇ ਮੋਹਣ ਨੇ ਸਾਰੇ ਪਿੰਡ ਦੇ ਕਰੀਬ ਕਰੀਬ ਸਾਰੇ ਪਾਹੜੂ ਮੁੰਡਿਆ ਨੂੰ ਲੰਗੋਟਧਾਰੀ ਬਣਾਇਆ । ਕੌਡ-ਕਬੱਡੀ ਖੇਡਣੀ ਤੇ ਖਾਸ ਕਰਕੇ ਘੋਲ ਘੁਲਣੇ ਸਿਖਾਏ । ਉਸ ਦਿਨ ਚ ਇੱਕ ਵਾਰ ਪਿੰਡ ਦੀ ਗਜ਼ਾ ਕਰਕੇ ਰੋਟੀ ਲੱਸੀ ਮੰਗ ਲਿਆਉਦਾ ਪਰ ਉਸ ਨੇ ਆਪਣੀ ਭੰਗ ਘੋਟ ਕੇ ਪੀਣ ਦੀ ਕਮਜੋਰੀ ਨੂੰ ਕਿਸੇ ਪਿੰਡ ਵਾਸੀ ਤੇ ਭਾਰੂ ਨਹੀ ਸੀ ਹੋਣ ਦਿੱਤਾ ।ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਗੂੜੀ ਸਾਂਝ ਦੇ ਪਰਛਾਵੇ ਹੇਠ ਉਸਰਿਆ ਮੇਰਾ ਪਾਤਰ ਬੂਟਾ ਰਾਮ ਬਾਬਾ, ਸਮਾਜਿਕ ਤਬਦੀਲੀ ਨੂੰ ਪ੍ਰਣਾਏ ਇੱਕ ਪਾਰਟੀ ਗਰੁੱਪ ਤੇ ਕੁਲਵਕਤੀ ਕਾਮੇ ਵਜੋਂ ਇਸ ਕਹਾਣੀ ਵਿੱਚ ਅੰਕਿਤ ਹੈ । ਉਹ ਆਪਣੇ ਪੜ੍ਹਾਈ ਵਰਿਆਂ ਤੋਂ ਸਰਗਰਮ ਹੋਇਆ ਆਪਣੇ ਉਜਲੇ ਭਵਿੱਖ ਨੂੰ ਲੱਤ ਮਾਰ ਕੇ ਲੋਕ ਹਿੱਤਾਂ ਨੂੰ ਸਮਰਪਿਤ ਹੈ , ਪਰ ਜਾਤੀ ਰੀਜ਼ਰਵੇਸ਼ਨ ਦਾ ਚੂਪਾ ਚੂਸਦਾ ਉਸ ਦਾ ਡਾਕਟਰ ਭਰਾ ਉਸ ਨੂੰ ਰਤੀ ਭਰ ਵੀ ਮੂੰਹ ਨਹੀ ਲਾਉਦਾ । ਉਸ ਨੂੰ ਇੱਕ ਰਾਤ ਘਰ ਰੱਖਣ ਨੂੰ ਤਿਆਰ ਨਹੀ । ਆਖਰ ਹਰਭਜਨ ਨੂੰ ਇੱਕ ਪਿੰਡ ਨੂੰ ਚੇਤਨ ਕਰਨ ਦਾ ਕਾਰਜ ਕਰਨਾ ਪੈਂਦਾ ਹੈ । ਲੋਕਾਂ ਦੇ ਜੰਗਲ ਵਿੱਚ ਲੁਕ ਜਾਣ ਦੀ ਪ੍ਰਕਿਰਿਆ ਦੇ ਯਤਨਾਂ ਵਿੱਚ ਬੂਟਾ ਰਾਮ ਬਾਬਾ ਬਦਲੇ ਹਾਲਾਤਾਂ ਦੀ ਘੁੰਮਣਘੇਰੀ ਚ ਘਿਰ ਕੇ ਖਾਲਿਸਤਾਨੀ ਅੱਤਵਾਦੀਆਂ ਦਾ ਸਹਾਇਕ ਹੋਣ ਦਾ ਦੋਸ਼ੀ ਵੀ ਗਰਦਾਨਿਆ ਜਾਦਾਂ ਹੈ । ਤੇ ਅੰਤ ਵਿੱਚ ਸਟੇਟ ਦੇ ਤਸ਼ੱਦਦ ਦੀ ਭੱਠੀ ਦਾ ਬਾਲਣ ਬਣ ਜਾਣ ਦੀ ਹੋਣੀ ਹੰਢਾਉਦਾ ਹੈ । ਤਾਂ ਵੀ ਉਸ ਦੀ ਮੌਤ ਉਪਰੰਤ , ਉਸ ਦੀ ਕੁਟੀਆ ਅੰਦਰ ਬਲਦੇ ਸੰਧਿਆ ਵੇਲੇ ਦੇ ਦੀਵੇ ਦਾ ਮਿੰਨਾਂ ਮਿੰਨਾਂ ਚਾਨਣ ਪਿੰਡ ਦੇ ਬੰਨਿਆ ਬਨੇਰਿਆ ਤੱਕ ਅਪੜਨੇ ਨਹੀ ਰੁਕਦਾ ।

ਬੂਟਾ ਰਾਮ ਬਾਬੇ ਨਾਮੀ ਪਾਤਰ ਦੀ ਇਹ ਹੋਂਦ ਤੇ ਹੋਣੀ ਰੂਸੀ ਗਣਰਾਜ ਦੇ ਟੁੱਟ ਜਾਣ ਪਿੱਛੋਂ ਵੀ ਸਮਾਜਿਕ ਤਬਦੀਲੀ ਦੇ ਸਿਧਾਂਤ ਦੀ ਅਮਰਤਾ ਨੂੰ ਪ੍ਰਗਟਾਉਦੀਆ ਧਾਰਨਾਵਾਂ ਨਾਲ ਵੀ ਜੋੜੀ ਗਈ ਹੈ ।

ਇਸ ਬੂਟਾ ਰਾਮ ਬਾਬੇ ਉਰਫ਼ ਹਰਭਜਨ ਤੇ ਪਾਤਰ ਨੇ ਜਿਨ੍ਹਾਂ ਸੰਘਰ੍ਸ਼ਸ਼ੀਲ ਨਾਇਕਾਂ , ਸਿਰੜੀ ਯੋਧਿਆਂ,ਬੇਦਾਗ ਦੇਸ਼ ਭਗਤਾਂ ਨੂੰ ਆਪਣੇ ਆਦਰਸ਼ ਮੰਨਿਆ , ਜਿਨ੍ਹਾਂ ਤੇ ਪਾਏ ਪੂਰਨਿਆਂ ਤੇ ਤੁਰਦੇ ਰਹਿਣ ਦਾ ਅਹਿਦ ਲਿਆ, ਜਿਨ੍ਹਾਂ ਵੱਲੋਂ ਤੈਅ ਕੀਤੇ ਪੈਡੇ ਨੂੰ ਹੋਰ ਅੱਗੇ ਤੁਰਦਾ ਰੱਖਣ ਲਈ ਜਾਨ ਤੱਕ ਦੀ ਪ੍ਰਵਾਹ ਨਾ ਕੀਤੀ ,ਉਹ ਜਾ ਉਹਨਾਂ ਵਰਗੇ ਹੋਰ ਗੜ੍ਹੀ ਬਖਸ਼ਾ ਸਿੰਘ ਅਤੇ ਅਕਾਲਗੜ੍ਹ ਨਾਮੀ ਕਹਾਣੀਆਂ ਰਾਹੀ ਆਪਣੀ ਜਾਣ-ਪਛਾਣ ਕਰਵਾਉਦੇ ਹਨ । ਇਹ ਜਾਣ ਪਛਾਣ ਉਨQK ਕਰਮੀਆਂ ਵੱਲੋਂ ਆਪਣੇ ਦੇਸ਼ ਨੂੰ ਬਦੇਸ਼ੀ ਰਾਜਿਆਂ ਤੋਂ ਆਜ਼ਾਦ ਕਰਵਾਉਣ ਦੇ ਸੰਘਰਸ਼ ਤੇ ਨਾਲ ਨਾਲ ਸੱਤਿਆਵਾਨ ਮਨੁੱਖਾਂ ਅੰਦਰਲੀ ਦਿ੍ੜਤਾ,ਉਨਾਂ ਤੇ ਤਿਆਗ, ਅਣਸੁਖਾਵੇA ਸਮਾਜੀ ਵਰਤਾਰੇ ਨੂੰ ਬਦਲਣ ਸੋਧਣ ਲਈ ਲਏ ਗਏ ਨਿਰਣਿਆਂ, ਧਰਮਾਂ-ਮਜ੍ਹਬਾਂ ਦੀ ਸੰਕੀਰਤਨਾ ਤੋਂ ਉਪਰ ਉੱਠ ਕੇ ਆਪਸੀ ਭਾਈਚਾਰਾ ਬਣਾਈ ਰੱਖਣ ਦੇ ਸੰਕਲਪਾਂ,ਪੀੜਤ ਧਿਰਾਂ ਲਈ ਪਨਪਦੀ ਵਿਗਸਦੀ ਰਹੀ ਹਮਦਰਦੀ ਆਦਿ ਵਰਗੇ ਮਾਨਵੀ ਗੁਣਾਂ ਨਾਲ ਇੱਕ ਮਿੱਕ ਹੋਈ ਮਿਲਦੀ ਹੈ । ਇਹ ਦੋਵੇਂ ਕਹਾਣੀਆਂ ਭਾਰਤ ਦੇ ਆਜ਼ਾਦੀ ਸੰਘਰਸ਼ ਦੀਆਂ ਤੇਜਾ ਸਿੰਘ ਸੁਤੰਤਰ,ਬਾਬਾ ਬੂਝਾ ਸਿੰਘ, ਰਾਮ ਕਿਸ਼ਨ ਭੜੋਲੀਆA,ਅੱਛਰ ਸਿੰਘ ਛੀਨਾ,ਹਰਕਿਸ਼ਨ ਸਿੰਘ ਸੁਰਜੀਤ,ਸੋਹਣ ਸਿੰਘ ਭਕਨਾ,ਚੰਨਣ ਸਿੰਘ ਧੂਤ,ਭਾਗ ਸਿੰਘ ਸੱਜਣ,ਗਿਆਨੀ ਕੇਸਰ ਸਿੰਘ ਕੇਸਰ ਵਰਗੀਆਂ ਕੌਮੀ ਪੱਧਰ ਦੀਆਂ ਨਾਮਵਰ ਹਸਤੀਆਂ ਦਾ ਪ੍ਰੀਚੈ ਵੀ ਕਰਵਾਉਦੀਆ ਹਨ ਅਤੇ ਦਸੂਹੇ ਨੇੜਲੇ ਇਤਿਹਾਸਿਕ ਪਿੰਡ ਬੋਦਲਾਂ ਦੇ ਕਾਮਰੇਡ ਗੁਰਬਖਸ਼ ਸਿੰਘ,ਗੰਭੋਵਾਲ ਪਿੰਡ ਦੇ ਕਾਮਰੇਡ ਯੋਗ ਰਾਜ, ਗੜਦੀਵਾਲਾ ਕਸਬੇ ਨੇੜਲੇ ਪਿੰਡ ਮੱਲ੍ਹੇਆਲ ਦੇ ਕਾਮਰੇਡ ਬੇਅੰਤ ਸਿੰਘ,ਆਈ ਐਨ ਐਮ ਏ ਦੇ ਸਿਪਾਹੀ ਸੋਹਣ ਸਿੰਘ ਕੱਲੋਵਾਲ,ਟਾਡਾਂ ਉੜਮੁੜ ਨੇੜਲੇ ਪਿੰਡ ਮੂਣਕਾਂ ਦੇ ਕਾਮਰੇਡ ਗਿਆਨ ਸਿੰਘ,ਝੀਗੜਾਂ ਪਿੰਡ ਦੇ ਮਾਸਟਰ ਬਚਿੱਤਰ ਸਿੰਘ ਅਤੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਛੋਟੇ ਭਰਾ ਮੇਦਨ ਸਿੰਘ ਵਰਗੇ ਜ਼ਿਲਾਂ ਪੱਧਰਾਂ ਤੇ ਸਰਗਰਮ ਕਾਰਕੁੰਨਾਂ ਦੀਆਂ ਗਤੀਵਿਧੀਆਂ ਨਾਲ ਵੀ ਪਾਠਕਾਂ ਦੀ ਸਾਂਝ ਪੁਆਉਦੀਆ ਹਨ ।

ਕਹਾਣੀਆਂ ਅੰਦਰ ਦਰਜ ਇਹਨਾਂ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਇਤਿਹਾਸ ਦੇ ਪੰਨਿਆਂ ਤੋਂ ਵੱਧ ਲੋਕ-ਚੇਤਿਆਂ ਅੰਦਰ ਅੰਕਿਤ ਹੋਈ ਲੱਭੀ ਹੈ । ਮੇਰਾ ਕੰਮ ਇਨਾਂ ਪਾਤਰਾਂ ਦੇ ਘਰਾਂ,ਪਿੰਡਾਂ,ਯਾਰਾਂ,ਬੇਲੀਆਂ ਤੱਕ ਪੁੱਜ ਕੇ ਤੱਥ ਇਕੱਠੇ ਕਰਨਾ ਸੀ ਅਤੇ ਸਮਿੱਤਰ ਤੇ  ਪਿਆਰਾ ਨਾਮੀ ਦੋ ਪਾਤਰਾਂ ਦੇ ਗਲਪੀ ਉਸਾਰ ਰਾਹੀ ਉਪਰੋਤਕ ਨਾਇਕਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਹਿੰਮਤ ਕਰਨਾ ਹੀ ਸੀ ।

ਇਥੇ ਮੈਨੂੰ ਮੰਨ ਲੈਣ ਵਿੱਚ ਕੋਈ ਝਿਜਕ ਨਹੀ ਕਿ ਬਲੌਰ ਦੇ ਬਹਾਦਰ , ਬੂਟਾ ਰਾਮ ਪੂਰਾ ਹੋ ਗਿਆ ਦੇ ਬੂਟਾ ਰਾਮ ਬਾਬੇ , ਗੜ੍ਹੀ ਬਖ਼ਸ਼ਾ ਸਿੰਘ ਦੇ ਕਾਮਰੇਡ ਗੁਰਬਖ਼ਸ਼ ਸਿੰਘ ਬੋਦਲ,ਅਕਾਲਗੜ੍ਹ ਕਹਾਣੀ ਦੇ ਕਾਮਰੇਡ ਬੇਅੰਤ ਸਿੰਘ ਮੱਲੇਆਲ ਆਦਿ ਵਰਗੇ ਪਾਤਰਾਂ ਦੀ ਤਲਾਸ਼ ਤੇ ਪੇਸ਼ਕਾਰੀ ਮੇਰੇ ਧੁਰ ਅੰਦਰ ਡੂੰਘੇ ਪੱਸਰੇ ਇੱਕ ਤਰ੍ਹਾਂ ਤੇ ਖਲਾਅ ਨੂੰ ਭਰਨ ਪੂਰਨ ਦੇ ਯਤਨਾਂ ਵਜੋਂ ਹੀ ਹੋਈ ਹੈ ।ਸ਼ਾਇਦ ਇਸ ਕਾਰਨ ਇਹ ਪਾਤਰ ਮੇਰੇ ਤੇ ਦਾਬੂ ਹਨ । ਇਨ੍ਹਾਂ ਦੀ ਮਨੁੱਖੀ ਇਤਿਹਾਸ ਨੂੰ ਦੇਣ ਹੀ ਏਨੀ ਮਿਸਾਲੀ ਹੈ ਕਿ ਮੇਰੇ ਵਰਗੇ ਗੱਲਾਂ ਦਾ ਕੜਾਹ ਬਣਾਉਣ ਵਾਲਾ ਲੜਾ-ਲਿਖਾਰੀ ਇਨ੍ਹਾਂ ਅੱਗੇ ਚੂੰ ਨਹੀਂ ਕਰ ਸਕਦਾ । ਹਾਂ ਜਿਨ੍ਹਾਂ ਅੱਗੇ ਮੈਂ ਅੜ ਖਲੋਂਦਾ ਹਾਂ, ਜਿਨ੍ਹਾਂ ਨੂੰ ਮੈਂ ਆਪਣੀ ਚਾਹਤ ਅਨੁਸਾਰ ਲਿਖਦਾ-ਘੜਦਾ ਹਾਂ , ਉਹ ਹਨ ਛਿੰਝ ਕਹਾਣੀ ਦੇ ਬਾਪੂ ਜੀ , ਧੁੱਪ-ਛਾਂ ਦੇ ਸੰਘੇ-ਸਿੰਘਪੁਰੀ ਸਰਦਾਰ,ਚੀਕ ਬੁਲਬਲੀ ਦਾ ਗੁਰਭਗਤ ਸਿੰਘ ਸੰਧੂ , ਐਚਕਨ ਕਹਾਣੀ ਦਾ ਗਿਆਨੀ ਗੁਰਮੁਖਜੀਤ ਸਿੰਘ ਸ਼ਾਹੀ ( ਜ਼ੈਲਦਾਰ ),ਪਿੜੀਆਂ ਦਾ ਭੱਠਾ ਮਾਲਕ ਦੀਨ ਦਿਆਲ , ਜੜ੍ਹ ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬੜ,ਵੱਡੀ ਗੱਲ ਦੇ ਪੁਜਾਰੀ ਜੀ , ਹਥਿਆਰ ਕਹਾਣੀ ਦਾ ਜੈਲਦਾਰ ਜੱਸਾ ਸਿੰਘ , ਆਪਣੀ ਧਿਰ ਪਰਾਈ ਧਿਰ ਦੇ ਸਿਰੀਰਾਮ ਤੇ ਅਲਾਟੀਏ , ਚਿੱਟੀ ਬੇਈ-ਕਾਲੀ ਬੇਈ ਤੇ ਖੇਤ-ਖੱਤੇ ਤੇ ਫਾਰਮ,ਵਾਰੀ ਸਿਰ ਦਾ ਮਾਮਾ ਜੀ ਬੀ ਡੀ ਮਹਾਜਨ ਤੇ ਮਾਮੀ ਜੀ , ਮਾਰਖੋਰੇ ਕਹਾਣੀ ਦਾ ਪ੍ਰੋ: ਕੌੜਾ , ਮੋਮਬੱਤੀਆਂ ਦਾ ਸ਼ੈਲਰ ਮਾਲਕ ਗਿਆਨ ਸ਼ਾਹ, ਰੁਮਾਲੀ ਦਾ ਮੋਹਣਾ ,ਉਚੇ ਰੁਖਾਂ ਦੀ ਛਾਂ ਦਾ  ਵੱਡਾ ਸੰਤ, ਪੈਰਾਂ ਭਾਰ ਹੱਥਾਂ ਭਾਰ ਕਹਾਣੀ ਦਾ ਸੋਢੀ ਸਰਦਾਰ,ਸੌਰੀ ਜਗਨ ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ, ਅੱਧੇ ਅਧੂਰੇ ਦਾ ਪੀ ਟੀ ਆਈ ਗਿੱਲ , ਜਿੰਨ ਕਹਾਣੀ ਦਾ ਚਰਨੀ ਉਰਫ ਰੱਬ ਜੀ, ਇੱਕ ਕੰਢੇ ਵਾਲਾ ਦਰਿਆ ਦੇ ਕੁਮਾਰ ਜੀ ਤੇ ਵਰਮਾ ਵਰਗੇ ਹੋਰ ਵੀ ਕਈ ਪਾਤਰ ਹਨ , ਜਿਨ੍ਹਾਂ ਦੀਆਂ ਤਲਾਵਾਂ ਮੈਂ ਬਹੁਤ ਖਿੱਚ ਕੇ ਫੜੀ ਰੱਖਣ ਦੇ ਯਤਨ ਕਰਦਾ ਹਾਂ । ਪਰ ਇਹ ਹਨ ਕਿ ਆਪਣੇ ਕਿਰਦਾਰੀ ਨਿਭਾ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਦੇਂ ਹਨ । ਮੇਰੀ ਸਮਝ ਮੁਤਾਬਕ ਸਾਡੇ ਸਮਾਜਿਕ ,ਧਾਰਮਿਕ ,ਰਾਜਸੀ, ਸੱਭਿਆਚਾਰਕ ਤਾਣੇ-ਬਾਣੇ ਅੰਦਰਲੇ ਵਿਗਾੜ ਦੀ ਮੁੱਢਲੀ ਚੂਲ ਉਪਰੋਤਕ ਕਹਾਣੀਆਂ ਅੰਦਰ ਦਰਜ ਹੋਏ ਪਾਤਰਾਂ ਦਾ ਇੱਕ ਪੂਰੇ ਦਾ ਪੂਰਾ ਸੰਸਾਰ ਹੈ । ਇਨ੍ਹਾਂ ਦਾ ਮੁੱਖ ਸਰੋਕਾਰ ਨਿੱਜ ਦੀ ਪਾਲਣਾ-ਪੋਸ਼੍ਣਾ,ਸਵੈ ਦੇ ਵਿਕਾਸ,ਆਪਣੀ ਹੀ ਹਉਂ ਦੀ ਚੜਤ, ਬਣਾਈ ਰੱਖਣ ਤੱਕ ਸੀਮਤ ਹੈ। ਇਨ੍ਹਾਂ ਦੇ ਆਸ ਪਾਸ ਵਿਚਰਦੇ ਮਨੁੱਖੀ ਸਮੂਹ ਤਾਂ ਜਿਵੇਂ ਕੀੜਿਆਂ-ਮਕੌੜਿਆਂ ਤੋਂ ਵੱਧ ਕੁਝ ਵੀ ਨਹੀਂ । ਇਨ੍ਹਾਂ ਦੀ ਇਸ ਤਰਾਂ ਦੀ ਕਾਰਕਰਦਗੀ, ਵਿਵਸਥਾਂ ਦੀਆਂ ਪ੍ਰਬੰਧਕੀ ਪ੍ਰਸ਼ਾਸਕੀ ਧਿਰਾਂ ਦੇ ਬਹੁਤ ਫਿੱਟ ਬੈਠਦੀ ਹੈ। ਇਨ੍ਹਾਂ ਚੋਂ ਕਿਸੇ ਨੇ ਧਰਮ ਦੀ ਆੜ ਤੇ ਡੇਰਾਬਾਜ਼ੀ ਕਰਕੇ ਜਨ ਸਮੂਹ ਨੇ ਬੁੱਧੂ ਬਣਾਇਆ ਹੋਇਆ, ਕਿਸੇ ਨੇ ਰਾਜਸੀ ਪੈਤੜੇਬਾਜ਼ੀ ਕਰਕੇ ਬਹੁਤ ਸਾਰੇ ਭੋਇੰ ਮਾਲਕੀ ਦੀ ਹਊਂ ਚ ਫਸੇ ਗੁੱਸੇ ਆਪਣਾ ਆਪ ਭੁੱਲੀ ਬੈਠੇ ਹਨ , ਕਈ ਚੁਸਤੀਆਂ ਚਲਾਕੀਆਂ ਆਸਰੇ ਹੀ ਆਪਣਾ ਫੁਲਕਾ ਪਾਣੀ ਤੋਰੀ ਤੁਰੀ ਜਾਂਦੇ ਹਨ । ਕੈਨੇਡੀਅਨ ਲੇਖਕ ਫਾਰਲੇ ਮਵਾੜ ਵਰਗੇ ਤਾਂ ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ ਮਨੁੱਖੀ ਨਸਲ ਤੋਂ ਹੀ ਅਸਤੀਫਾ ਦੇਣ ਦਾ ਮਨ ਬਣਾ ਬੈਠਦੇ ਹਨ , ਪਰ ਮੇਰੀ ਚਾਹਤ ਦੇ ਪਾਤਰ ਇਵੇਂ ਦੀ ਢੇਰੀ ਨਹੀਂ ਢਾਹੁੰਦੇ । ਇਹ ਉਪਰੋਤਕ ਕਿਸਮ ਦੇ ਪਾਤਰਾਂ ਨੂੰ ਖੁੱਲ ਖੋਲਣ ਦੀ ਆਗਿਆ ਵੀ ਨਹੀA ਦਿੰਦੇ । ਇਹ ਉਨ੍ਹਾਂ ਦੀ ਲਗਾਮ ਘੁੱਟ ਕੇ ਫੜੀ ਰੱਖਣ ਲਈ ਮੈਨੂੰ ਵੀ ਮਜਬੂਰ ਕਰੀ ਰੱਖਦੇ ਹਨ । ਸਿੱਟੇ ਵਜੋਂ ਮੇਰੇ ਤੇ ਫਾਰਮੂਲਾ ਕਹਾਣੀ ਲੇਖਕ ਹੋਣ ਦਾ ਇਲਜ਼ਾਮ ਲੱਗਦਾ ਹੈ , ਜਾਂ ਸਪਾਟ ਲੇਖਣੀ ਦੇ ਲੇਖਕ ਦਾ। ਮੈਂ ਇਨ੍ਹਾਂ ਇਲਜ਼ਾਮਾਂ ਨੂੰ ਹੁਣ ਤੱਕ ਖਿੜੇ ਮੱਥੇ ਇਸ ਲਈ ਕਬੂਲਦਾ ਆਇਆਂ ਕਿ ਇਹ ਨੰਗੇਜ਼ਵਾਦੀ , ਲੱਚਰਵਾਦੀ,ਬਿਰਤਾਂਤਕਾਰ ਹੋਣ ਨਾਲੋਂ ਕਈ ਗੁਣਾਂ ਚੰਗੇ ਹਨ । ਉਂਝ ਵੀ ਮੈਨੂੰ ਡਾ: ਟੀ. ਆਰ. ਵਿਨੋਦ ਦੀ ਟਿੱਪਣੀ ਹਮੇਸ਼ਾਂ ਯਾਦ ਰਹਿੰਦੀ ਹੈ । ਉਨ੍ਹਾਂ ਦੇ ਮੱਤ ਹੈ – ਕਾਮ ਬਾਰੇ ਵਰਜਿੱਤ ਗੱਲਾਂ ਸਾਡੀ ਖੱਸੀ ਮੱਧ ਸ਼ੇਣੀ ਨੂੰ ਮੁਬਾਰਿਕ,ਜਿਹੜੀ ਜਿਨਸੀ ਅੰਗਾਂ ਦੀ ਨੁਮਾਇਸ਼ ਵਿੱਚੋਂ ਸੰਤੋਸ਼ ਭਾਲਦੀ ਹੈ । ਸਰਮਾਏਦਾਰੀ ਨੇ ਜਿਨਸੀ ਸੰਬੰਧਾਂ ਨੂੰ ਮੰਡੀ ਦੀ ਵਸਤ ਬਣਾ ਛੱਡਿਆ ਹੈ । ਮੈਨੂੰ ਇਸ ਕਿਸਮ ਦੀ ਬਿਰਤਾਂਤਕਾਰੀ ਪਿੱਛੋਂ ਕਾਰਜਸ਼ੀਲ ਕਿਸੇ ਯੋਜਨਾ ਬੱਧ ਛੜਜੰਤਰ ਦਾ ਝਉਂਲਾ ਪੈਂਦਾ । ਕਾਰਪੋਰੇਟ ਸੈਕਟਰ ਵੱਲੋਂ ਮਿਲਦੇ ਥਾਪੜੇ ਦਾ ਸਿੱਟਾ ਜਾਪਦਾ ਹੈ  ਇਹ ਸਾਰਾ ਕੁਝ ।  ਨਹੀਂ ਤਾਂ ਕੋਈ ਕਾਰਨ ਨਹੀ ਕਿ ਆਦਰਸ਼ਮੁਖੀ,ਸੁਧਾਰਮੁਖੀ-ਯਥਾਰਥਵਾਦੀ,ਰੁਮਾਂਸਵਾਦੀ ਕਹਾਣੀ ਵਰਗੇ ਸੱਭਿਅਕ ਵਿਸ਼ੇਸ਼ਣਾਂ ਤੋਂ ਵਾਂਝੀ ਹੋਈ,ਅੱਜ ਦੀ ਬਹੁ-ਗਿਣਤੀ ਪੰਜਾਬੀ ਕਹਾਣੀ ਯੋਗ-ਅਯੋਗ ਲਿੰਗਕ ਰਿਸ਼ਤਿਆਂ ਦੀ ਪੇਸ਼ਕਾਰੀ ਚ ਜਿੰਨੀ ਭੱਲ ਖੱਟ ਚੁੱਕੀ ਹੈ , ਉਸ ਨੂੰ ਪੜ੍ਹ ਕੇ ਤਾਂ ਕੋਕ-ਸ਼ਾਸ਼ਤਰ ਦਾ ਲੇਖਕ ਵੀ ਸ਼ਰਮਸ਼ਾਰ ਹੋ ਸਕਦਾ ਹੈ ।


No Comment posted
Name*
Email(Will not be published)*
Website
Can't read the image? click here to refresh

Enter the above Text*