Bharat Sandesh Online::
Translate to your language
News categories
Usefull links
Google

     

ਆਪੋ ਆਪਣਾ ਟੁੱਲ
26 Jan 2012

– ਜਨਮੇਜਾ ਸਿੰਘ ਜੌਹਲ
ਬਹੁਤ ਸਾਲ ਪਹਿਲੋਂ ਜਦੋਂ ਇਹ ਸ਼ਬਦ ਸੁਣਿਆ ਸੀ ਤਾਂ ਉਦੋਂ ਮੈਂ ਹਾਲੇ ਕਾਲਜ ਵਿੱਚ ਨਵਾਂ ਨਵਾਂ ਦਾਖਲ ਹੋਇਆ ਸੀ। ਮੇਰੇ ਇੱਕ ਜਮਾਤੀ ਨੇ ਦੂਸਰੇ ਨੂੰ ਕਿਹਾ ਸੀ, 'ਕਿਉਂ ਐਵੇਂ ਟੁੱਲ ਲਾਈ ਜਾਨਾ'। ਮੈਨੂੰ ਆਲੇ ਦੁਆਲੇ ਕੋਈ ਮੁੰਡਾ 'ਗੁੱਲੀ ਡੰਡਾ' ਖੇਲਦਾ ਨਜ਼ਰੀ ਨਹੀਂ ਪਿਆ ਸੀ ਤੇ ਨਾ ਹੀ ਉਸ ਜਮਾਤੀ ਕੋਲ 'ਡੰਡਾ ਜਾਂ ਗੁੱਲੀ' ਸੀ।
ਜਿਸ ਦਿਨ ਮੈਨੂੰ ਇਹ ਗੱਲ ਸਮਝ ਲੱਗੀ, ਉਸ ਦਿਨ ਤੋਂ ਬਾਅਦ ਇਸ ਦੇ ਬਹੁ ਪਰਤੀ ਮਤਲਬ ਰੋਜ਼ ਹੀ ਸਮਝ ਆਉਂਦੇ ਗਏ। ਥਾਂ ਥਾਂ ਲੱਗਦੇ 'ਟੁੱਲ' ਦਿਸਣ ਲੱਗ ਪਏ ਤੇ ਲੱਗੇ ਹੋਏ 'ਟੁੱਲਾਂ' ਦੀਆਂ ਸੱਟਾਂ ਰਿੱਸਦੀਆਂ ਮਹਿਸੂਸ ਹੋਣ ਲੱਗ ਪਈਆਂ। ਕਈ ਵਾਰੀ ਕਿਸੇ ਦਾ ਲੱਗਾ 'ਟੁੱਲ' ਉਸਨੂੰ ਫਰਸ਼ੋਂ, ਅਰਸ਼ ਤੇ ਪਹੁੰਚਾ ਦੇਂਦਾ ਹੈ ਤੇ ਫੇਰ ਕਿਸੇ ਹੋਰ ਦੇ 'ਟੁੱਲ' ਨਾਲ ਉਹ ਕਿਸੇ ਥਾਂ ਜੋਗਾ ਨਹੀਂ ਰਹਿੰਦਾ। ਕਈ ਵਾਰੀ ਕਈ ਲੋਕ ਵੱਗਦੀ ਗੰਗਾ ਵਿੱਚੋਂ ਵੀ 'ਟੁੱਲ' ਲਾ ਜਾਂਦੇ ਹਨ। ਲੜਾਈ ਕਿਸੇ ਹੋਰ ਦੀ ਹੁੰਦੀ ਹੈ, ਸਮਝੌਤੇ ਦੀ ਆੜ ਹੇਠ ਮਾਂਜਾ ਦੋਨਾਂ ਧਿਰਾਂ ਨੂੰ ਫੇਰ ਜਾਂਦੇ ਹਨ। ਜਿਵੇਂ ਸਾਡੇ ਇੱਕ ਜਾਣਕਾਰ ਦੇ ਨਿਪਾਲੀ ਡਰਾਈਵਰ ਦੀ ਹਾਦਸੇ ਵਿਚ ਮੌਤ ਹੋ ਗਈ। ਉਸਨੇ ਇਨਸਾਨੀਅਤ ਦੇ ਨਾਤੇ 7 ਲੱਖ ਉਸਦੀ ਪਤਨੀ ਨੂੰ ਦੇਣ ਦਾ ਵਿਚਾਰ ਬਣਾ ਲਿਆ। ਪਰ ਵਿਚੇ ਹੀ ਘੜਮ ਚੌਧਰੀ ਆ ਵੜੇ, 'ਅਖੇ ਸਾਡੇ ਨਾਲ ਸਮਝੌਤਾ ਕਰੋ'। ਉਹ ਡਰ ਗਿਆ, ਪਰ ਫੇਰ ਵੀ ਵਫਾਦਾਰ ਕਿਰਤੀ ਖਾਤਰ ਮੰਨ ਗਿਆ ਤੇ ਸਮਝੌਤੇ ਲਈ ਰਾਜ਼ੀ ਹੋ ਗਿਆ। ਘੜਮ ਚੌਧਰੀਆਂ ਨੇ 2 ਲੱਖ ਦੀ ਮੰਗ ਰੱਖ ਦਿੱਤੀ। ਜਾਣਕਾਰ ਬੜਾ ਹੈਰਾਨ ਹੋਇਆ। ਬਾਅਦ ਵਿਚ ਪਤਾ ਲੱਗਾ ਕਿ ਸਸਕਾਰ 'ਤੇ ਹੋਰ ਪ੍ਰਬੰਧਾਂ ਲਈ ਉਹ ਕਿਰਤੀ ਦੀ ਪਤਨੀ ਤੋਂ ਲੱਖ ਰੁਪਿਆ ਤਾਂ ਉਦੋਂ ਹੀ ਲੈ ਗਏ। ਬਾਕੀ ਪੈਸੇ ਵੀ ਉਸ ਔਰਤ ਨੂੰ ਮਿਲੇ ਕਿ ਨਹੀਂ, ਇਹ ਤਾਂ 'ਟੁੱਲ' ਲਾਉਣ ਵਾਲੇ ਹੀ ਜਾਨਣ। ਕਈ ਲੋਕ ਤਾਂ 'ਟੁੱਲ' ਲਾਉਣ ਲਈ ਹਮੇਸ਼ਾਂ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਸਮਾਜਿਕ ਉੱਥਲ ਪੁੱਥਲ ਹੋਵੇ ਜਾਂ ਲਾਟਰੀ ਸ਼ਾਟਰੀ ਨਿਕਲ ਆਵੇ, ਇਹ ਮੌਕੇ ਦੇ ਰੰਗ ਅਨੁਸਾਰ ਪਰਨੇ ਪਾਕੇ ਕਿਤੇ ਨਾ ਕਿਤੇ 'ਟੁੱਲ' ਲਾ ਹੀ ਲੈਂਦੇ ਹਨ।
ਜਿਵੇਂ ਅੱਜਕਲ• ਚੋਣਾਂ ਦਾ ਸਮਾਂ ਹੈ। ਇਹੋ ਜਿਹੇ ਮੌਕੇ ਪੱਤਰਕਾਰਾਂ ਨੂੰ ਵੀ 'ਟੁੱਲ' ਲਗਾਉਣੇ ਅਨੁਕੂਲ ਲੱਗਦੇ ਹਨ। ਪੇਡ ਖਬਰਾਂ ਇਸੇ 'ਟੁੱਲ' ਦਾ ਭਾਗ ਹਨ। ਪਿਛਲੇ ਦਿਨੀਂ ਇੱਕ ਮਾਲਕੀ ਵਾਲੀ ਅਖਬਾਰ ਦੇ ਇੱਕ ਸਫੇ 'ਤੇ ਇੱਕੋ ਵਿਧਾਨ ਸਭਾ ਹਲਕੇ ਦੇ ਦੋ ਉਮੀਦਵਾਰਾਂ ਦੀ ਉੱਤੇ ਥੱਲੇ ਖਬਰ ਵੀ ਇੱਕੋ ਜਿਹੀ ਛਪੀ ਕਿ 'ਬਾਜ਼ੀ ਜਿੱਤ ਲਈ'। ਹੁਣ ਦੱਸੋ ਦੋ ਜਣਿਆਂ ਨੂੰ ਇੱਕ ਪੱਤਰਕਾਰ, ਇੱਕੋ ਸਮੇਂ ਇੱਕੋ ਥਾਂ ਤੋਂ ਕਿਵੇਂ ਜਿਤਾ ਸਕਦਾ ਹੈ। ਬਸ ਇੱਕੋ ਗੱਲ ਹੋ ਸਕਦੀ ਹੈ, ਉਸਦਾ ਦੋਵੇਂ ਉਮੀਦਵਾਰਾਂ 'ਤੇ 'ਟੁੱਲ' ਲਗ ਗਿਆ ਹੋਣਾ। ਸ਼ਾਇਦ ਇਸੇ ਲਈ 'ਪੀਲੀ ਪੱਤਰਕਾਰੀ' ਹੁਣ 'ਟੁੱਲ ਪੱਤਰਕਾਰੀ' ਦਾ ਨਾਮ ਲੈ ਲਵੇ। ਹੋਰ ਤਾਂ ਹੋਰ ਇੱਕ ਸੰਤ ਜੋ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਅਖਵਾਉਂਦਾ ਹੈ, ਆਪਣਾ ਹੀ 'ਟੁੱਲ' ਲਾਈ ਜਾ ਰਿਹਾ ਹੈ, 'ਅਖੇ ਸਾਰੇ ਉਮੀਦਵਾਰ ਵਾਤਾਵਰਣ ਦੀ ਸੰਭਾਲ ਲਈ ਸੌਂਹਾਂ ਖਾਣ'। ਉਸਨੂੰ ਇਹ ਨਹੀਂ ਪਤਾ ਕਿ ਇਹ ਝੂਠੀਆਂ ਸੌਂਹਾਂ ਖਾਣ ਦੇ ਆਦੀ ਸਿਆਸੀ ਲੋਕ ਸਿਰਫ ਇਸੇ ਲਈ ਫੋਟੋ ਖਿਚਵਾਉਂਦੇ ਹਨ ਤਾਂ ਕਿ ਬਾਬੇ ਦੇ ਬਹਾਨੇ ਉਹਨਾਂ ਦੀ ਫੋਟੋ ਅਖਬਾਰ ਵਿਚ ਛਪਣ ਦਾ 'ਟੁੱਲ' ਲਗ ਜਾਵੇ। ਜੇ ਗੱਲ ਨੂੰ ਅੱਗੇ ਤੋਰਨਾ ਹੋਵੇ ਤਾਂ ਸੈਂਕੜੇ ਉਦਾਹਰਣਾ ਦਿੱਤੀਆਂ ਜਾ ਸਕਦੀਆਂ ਹਨ ਪਰ ਮੈਨੂੰ ਲੱਗਦਾ ਹੈ ਕਿ ਮੇਰਾ ਏਨਾ ਕੁ 'ਟੁੱਲ' ਹੀ ਕਾਫੀ ਹੈ।


No Comment posted
Name*
Email(Will not be published)*
Website
Can't read the image? click here to refresh

Enter the above Text*