Bharat Sandesh Online::
Translate to your language
News categories
Usefull links
Google

     

ਮਨਜੀਤ ਸਿੰਘ ਕਲਕੱਤਾ ਵਲੋਂ ਦਿੱਲੀ ਵਿਖੇ ਸ਼ਹੀਦੀ ਯਾਦਗਾਰ ਸਬੰਧੀ , ਜਥੇਦਾਰ ,ਸ੍ਰੀ ਅਕਾਲ ਤਖਤ ਸਾਹਿਬ ਨੁੰ 15 ਜੂਨ 2013 ਨੂੰ ਲਿਖੇ ਪੱਤਰ ਦੀ ਨਕਲ
17 Jun 2013

15 ਜੂਨ 2013

ਜਥੇਦਾਰ ਸਾਹਿਬ

ਸ੍ਰੀ ਅਕਾਲ ਤਖਤ ਸਾਹਿਬ

ਸ੍ਰੀ ਅੰਮ੍ਰਿਤਸਰ

ਸਤਿਕਾਰਯੋਗ ਸਿੰਘ ਸਾਹਿਬ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਪਾਵਨ ਤੇ ਇਤਿਹਾਸਕ ਅਸਥਾਨ ਤੇ ਇਕ ਸਮਾਰਕ ਉਸਾਰੇ ਜਾਣ ਦਾ ਨੀਂਹ ਪੱਥਰ ਰੱਖਿਆ ,ਜੋ ਕਿ ਸਿੱਖ ਸਿਧਾਂਤਾਂ ਦੇ ਪ੍ਰਤੀਕੂਲ,ਇਤਿਹਾਸ ਵਿਚ ਰੱਲਾ ਤੇ ਰੋਲ ਘਚੋਲਾ ਪਾਉਣ ਦਾ ਅਪਰਾਧ ਤੇ ਇਤਿਹਾਸਕ ਰਵਾਇਤਾਂ ਦੀ ਘੋਰ ਉਲੰਘਣਾ ਹੈ ,ਇਸਦਾ ਮੈਨੂੰ ਹਾਰਦਿਕ ਅਫਸੋਸ ਤੇ ਰੰਜ ਹੈ ।

ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਗੁਰਦੁਆਰੇ ਨੂੰ ਪ੍ਰੀਭਾਸ਼ਤ ਕਰਦਿਆਂ ਦਸਦੇ ਹਨ ਕਿ ‘ਗੁਰਦੁਆਰਾ ਕਿਸੇ ਵਿਅਕਤੀ ਜਾਂ ਪ੍ਰਬੰਧਕ ਕਮੇਟੀ ਦੀ ਨਿਜੀ ਜਾਇਦਾਦ ਨਹੀ ਹੈ ਸਗੋਂ ਸਿੱਖ ਸੰਗਤ ਦਾ ਹੈ ਜਿਸ ਕਰਕੇ ਹਰ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਝੂਲਦਾ ਹੈ ,ਇਸ਼ਟ ਕੋਈ ਬੁੱਤ ਜਾਂ ਤਸਵੀਰ ਨਹੀ ਹੈ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ,ਗੁਰਬਾਣੀ ਦਾ ਪਾਠ ,ਕਥਾ ਕੀਰਤਨ ਤੇ ਅਰਦਾਸ ਹੀ ਸਿੱਖ ਦੀ ਇਬਾਦਤ ਹੈ । ਹਰ ਗੁਰਦੁਆਰੇ ਵਿਚ ਲੰਗਰ ,ਯਾਤਰੀ ਨਿਵਾਸ ਦਾ ਪ੍ਰਬੰਧ ,ਵਿਦਿਆ ਲਈ ਪਾਠਸ਼ਾਲਾ ਖੋਲੇ ਜਾਂਦੇ ਰਹੇ ਹਨ ,ਦੀਨ ਧਰਮ ਦੀ ਰਾਖੀ ਤੇ ਨਿਰਬਲਾਂ ਦੀ ਰਾਖੀ ਲਈ ਲੋਹਮਈ ਦੁਰਗ ਦੀ ਸ਼ਕਲ ਵੀ ਅਖਤਿਆਰ ਕਰਦਾ ਹੈ ਗੁਰਦੁਆਰਾ ,ਲੇਕਿਨ ਗੁਰਦੁਆਰਿਆਂ ਵਿਚ ਸਮਾਰਕ ਨਹੀ ਉਸਾਰੇ ਜਾਂਦੇ,ਸ਼ਹੀਦਾਂ ਦੀ ਯਾਦ ਵਿਚ ਅਲੱਗ ਗੁਰਦੁਆਰੇ ਜਰੂਰ ਉਸਾਰੇ ਜਾਂਦੇ ਹਨ ਲੇਕਿਨ ਕਿਸੇ ਹੋਰ ਸਥਾਪਿਤ ਇਤਿਹਾਸਕ ਗੁਰਦੁਆਰੇ ਵਿਚ ਨਹੀਂ

ਗੁੁਰਦੁਆਰਾ ਰਕਾਬਗੰਜ ਸਾਹਿਬ ਜਿਥੇ ਪਾਵਨ ਤੇ ਇਤਿਹਾਸਕ ਅਸਥਾਨ ,ਜਿਥੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਦੇਹ ਦਾ ਸਸਕਾਰ ,ਭਾਈ ਲਖੀ ਸ਼ਾਹ ਵਣਜਾਰਾ ਨੇ ਆਪਣਾ ਘਰ ਫੁਕ ਕੇ ਕੀਤਾ ਹੋਵੇ ,ਅਜੇਹੇ ਗੁਰਦੁਆਰਾ ਸਾਹਿਬ ਕੰਪਲ਼ੈਕਸ ਵਿਖੇ ਕੋਈ ਸਮਾਰਕ ਤਿਆਰ ਕਰਨਾ,ਗੁਰੁ ਪਾਤਸ਼ਾਹ ਪ੍ਰਤੀ ਸਾਡੀ ਆਸਥਾ ਦੀ ਕਮਜਰੀ ਅਤੇ ਅਸ਼ਰਧਕ ਕਾਰਵਾਈ ਹੈ ।

ਨਵੰਬਰ 1984 ਵਿਚ ਜੋ ਜੁਲਮ ,ਕਤਲੇਆਮ ਤੇ ਨਰ ਸਿੰਘਾਰ ,ਬੇਦੋਸ਼ੇ ਸਿੱਖਾਂ ਦਾ ਦਿੱਲੀ ਅਤੇ ਦੇਸ਼ ਦੇ ਹੋਰ ਪ੍ਰਮੁਖ ਸ਼ਹਿਰਾਂ ਵਿਚ ਹੋਇਆ ,ਵਿਸ਼ਵ ਦੇ ਇਤਿਹਾਸ ਵਿਚ ਨਾਜੀਆਂ ਵਲੋਂ ਯਹੂਦੀਆਂ ਦੀ ਕੀਤੀ ਨਸਲਕੁਸ਼ੀ ਨਾਲੋਂ ਵੀ ਘ੍ਰਿਣਤ ਕਾਰਾ ਹੈ ।ਦੁਨੀਆਂ ਦੇ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਦੇਸ਼ ਦੇ ਮੱਥੇ ਤੇ ਬਦਨੁਮਾ ਕਾਲਾ ਦਾਗ ਜੋ ਸਦੀਆ ਤੀਕ ਇਸਦੇ ਸਭਿਅਕ ਤੇ ਲੋਕ ਰਾਜੀ ਨਿਜਾਮ ਤੇ ਲਾਹਨਤਾਂ ਪਾਉਂਦਾ ਰਹੇਗਾ।

ਇਸ ਸਾਕੇ ਨੂੰ ਕਦੇ ਵੀ ਨੀ ਭੁਲਾਇਆ ਜਾ ਸਕਦਾ ਅਤੇ ਇਸਦੀ ਢੁਕਵੀਂ ਯਾਦਗਾਰ ਬਨਣੀ ਵੀ ਜਰੂਰ ਚਾਹੀਦੀ ਹੈ ਲੇਕਿਨ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਨਹੀ । ਕਾਰਣ ਸਪਸ਼ਟ ਹਨ ਕਿ :

· ਕਿਸੇ ਵੀ ਇਤਿਹਾਸਕ ਗੁਰਦੂਆਰਾ ਸਾਹਿਬ,ਜਿਸਨੂੰ ਗੁਰੂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਹੈ ,ਉਥੇ ਕਦੇ ਵੀ ਕਿਸੇ ਹੋਰ ਸ਼ਹੀਦ ਜਾਂ ਸ਼ਹਾਦਤ ਦਾ ਕੋਈ ਹੋਰ ਸਮਾਰਕ ਨਹੀ ਬਣਾਇਆ ਗਿਆ।

· ਧਰਮ ਦੀ ਅਜਾਦੀ ਵਿਚ ਸਰਕਾਰੀ ਦਖਲ ਅੰਦਾਜੀ ਖਿਲਾਫ ਆਪਣਾ ਸੀਸ ਦੇਣ ਵਾਲੇ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਸ ਜਗ੍ਹਾ ਸ਼ਹਾਦਤ ਹੋਈ ਉਸ ਅਸਥਾਨ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸ਼ਸ਼ੋਭਿਤ ਹੈ ਲੇਕਿਨ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ,ਭਾਈ ਮਤੀ ਦਾਸ ,ਭਾਈ ਸਤੀ ਦਾਸ ,ਭਾਈ ਦਇਆਲਾ,ਜਿਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਹੀ ਸ਼ਹਾਦਤ ਪਾਈ ,ਦਾ ਕੋਈ ਵੀ ਸਮਾਰਕ ਨਹੀ ਹੈ। ਹਾਂ ਉਸ ਚੌਕ ਅਤੇ ਦਿੱਲੀ ਕਮੇਟੀ ਦੀ ਇਕ ਸਰਾਂ ਦਾ ਨਾਮ ਭਾਈ ਮਤੀ ਦਾਸ ਜੀ ਦੇ ਨਾਮ ਤੇ।

· ਦਸਮੇਸ਼ ਪਿਤਾ ਦੇ ਦੋ ਵੱਡੇ ਸਾਹਿਬਜਾਦਿਆਂ ਅਤੇ ਦੋ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਅਸਥਾਨ ਤੇ ਕਰਮਵਾਰ ਗੁਰਦੁਆਰਾ ਚਮਕੌਰ ਸਾਹਿਬ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਸੋਭਿਤ ਹਨ ਲੇਕਿਨ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਪਿਆਉਣ ਵਾਲੇ ਭਾਈ ਮੋਤੀ ਦਾਸ ਜੀ ਮਹਿਰਾ ਦਾ ਸਮੁਚਾ ਪ੍ਰੀਵਾਰ ਤਤਕਾਲੀਨ ਜਾਲਮ ਸਰਕਾਰ ਨੇ ਕੋਹਲੂ ਵਿਚ ਪੀੜ੍ਹ ਦਿੱਤਾ ਸੀ ,ਉਸ ਪ੍ਰੀਵਾਰ ਦੀ ਯਾਦ ਵਿਚ ਕੋਈ ਸਮਾਰਕ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਨਹੀ ਹੈ।

· ਸ੍ਰੀ ਦਰਬਾਰ ਸਾਹਿਬ ਦੀ ਬੇਰੁਹਮਤੀ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਕਲਮ ਕਰਕੇ ਸਿੱਖ ਸੰਗਤ ਦੇ ਭੇਟ ਕਰਨ ਵਾਲੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਕੋਈ ਸਮਾਰਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਨਹੀ ਹੈ।

· ਸ੍ਰੀ ਦਰਬਾਰ ਸਾਹਿਬ ਵਿਖੇ ਲੱਗੀ ਹੋਈ ਇਕ ਇਕ ਸਿੱਲ ਹੇਠ ਅਨਗਿਣਤ ਸਿੰਘ ਸਿੰਘਣੀਆਂ ਦੇ ਸੀਸ ਹਨ ਜੋ ਸਮੇਂ ਦੀ ਸਰਕਾਰ ਨੂੰ ਲਲਕਾਰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪ ਜਗਾਉਣ ਲਈ ਪੁਜਦੇ ਰਹੇ।

· ਸਿੱਖ ਇਤਿਹਾਸ ਦੇ ਛੋਟੇ ਘਲੂਘਾਰੇ ਵਿਚ 10-15 ਹਜਾਰ ਸਿੰਘ ਸ਼ਹੀਦ ਹੋਏ ਤੇ ਵੱਡੇ ਘਲੂਘਾਰੇ ਵਿਚ 30 ਹਜਾਰ ਸਿੰਘ ਸ਼ਹੀਦ ਹੋਏ । ਹਰ ਥਾਂ ਤੇ ਗੁਰਦੁਆਰਾ ਉਸਾਰਿਆ ਗਿਆ,ਸਮਾਰਕ ਬਣਾਏ ਗਏ ਲੇਕਿਨ ਪਹਿਲਾਂ ਤੋਂ ਸਥਾਪਿਤ ਕਿਸੇ ਗੁਰਦੁਆਰਾ ਸਹਿਬ ਵਿਖੇ ਨਹੀ।

· ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਮੁਗਲਾਂ ਨਾਲ ਜੂਝਕੇ ਸ਼ਹਾਦਤਾਂ ਪਾਣ ਵਾਲੇ ਬਾਬਾ ਗੁਰਬਖਸ਼ ਸਿੰਘ ,ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀਆਂ ਯਾਦਗਾਰਾਂ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਸਨ । 1984 ਦੇ ਫੌਜੀ ਹਮਲੇ ਬਾਅਦ ਹੀ ਕੰਪਲੈਕਸ ਦਾ ਘੇਰੇ ਵੱਡਾ ਕਰਦਿਆਂ ਬਾਬਾ ਗੁਰਬਖਸ ਸਿੰਘ ਦਾ ਅਸਥਾਨ ਕੰਪਲੈਕਸ ਅੰਦਰ ਆਇਆ।

· ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹਾਦਤ ਪਾਣ ਵਾਲੇ ਤਕਰੀਬਨ 8 ਸੌ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਕੁਤਬ ਮੀਨਾਰ ਨੇੜੇ ਬਣਾਇਆ ਗਿਆ ਸੀ।

ਸਾਲ 1982 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਦੇ ਇਕ ਨਾਇਕ ਸ੍ਰ ਪਰਕਾਸ਼ ਸਿੰਘ ਬਾਦਲ ਵੀ ਹਨ ।ਇਸ ਮੋਰਚੇ ਨੂੰ ਖਤਮ ਕਰਨ ਲਈ ਹੀ ਤਤਕਾਲੀਨ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ।ਉਸ ਵੇਲੇ ਦੀ ਪ੍ਰਮੁਖ ਵਿਰੋਧੀ ਧਿਰ ਜਨਸੰਘ,ਹੁਣ ਭਾਜਪਾ ਨੇ ਕੇਂਦਰ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਮਜਬੂਰ ਕੀਤਾ ,ਇਹ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਸਵੈ ਜੀਵਨੀ ‘ਮਾਈ ਕੰਟਰੀ ਮਾਈ ਲਾਈਫ’ ਵਿਚ ਅੰਕਤ ਹੈ ।ਫੌਜੀ ਹਮਲੇ ਦੇ ਹੱਕ ਵਿਚ ਖੁਸ਼ੀ ਦੇ ਲੱਡੂ ਵੰਡਣ ਵਾਲੀ ਇਹ ਭਾਜਪਾ ਹੀ ਸੀ ਤੇ ਸੰਤ ਜਰਨੈਲ ਸਿੰਘ ਦੀ ਤੁਲਨਾ ਭਸਮਾਸੁਰ ਨਾਲ ਕਰਦੀ ਸੀ ।ਨਵੰਬਰ 84 ਵਿਚ ਦਿੱਲੀ ਵਿਚ ਸਿੱਖਾਂ ਤੇ ਹਮਲੇ ਕਰਨ ਵਾਲੇ ਤੇ ਕਤਲ ਕਰਨ ਵਾਲਿਆਂ ਨੂੰ ਇਸ ਭਾਜਪਾ ਨੇ ਆਪਣੇ 6 ਸਾਲਾ ਸ਼ਾਸ਼ਨਕਾਲ ਵਿਚ ਕੀ ਸਜਾ ਦਿੱਤੀ?

ਇਹੀ ਭਾਜਪਾ ਪੰਜਾਬ ਵਿਚ ਸ਼ਹੀਦੀ ਯਾਦਗਾਰ ਅਤੇ ਯਾਦਗਾਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਮ ਅੰਕਤ ਕਰਨ ਖਿਲਾਫ ਪੱਬਾਂ ਭਾਰ ਹੈ ਜਦਕਿ ਦਿੱਲੀ ਦੇ ਸਮਾਰਕ ਲਈ ਉਦਘਾਟਨ ਸਮੇਂ ਹਾਜਰੀ ਭਰਦੀ ਹੈ।

ਹਰ ਸਿੱਖ ਦੀ ਦਿੱਲੀ ਤੇ ਤੀਬਰ ਇੱਛਾ ਹੈ ਕਿ ਕੌਮ ਦੇ ਸ਼ਹੀਦਾਂ ਦੀਆਂ ਇਹ ਦੋ ਯਾਦਗਾਰਾਂ ਬਣਕੇ ਸੰਸਾਰ ਦੇ ਸਾਹਮਣੇ ਆਣ ਤੇ ਇਤਿਹਾਸ ਦਾ ਅੰਗ ਬਨਣ। ਸਿੱਖਾਂ ਤੇ ਹੋਏ ਬੇਇੰਤਹਾ ਜੁਲਮੋ ਜਬਰ ਦੀ ਸਾਖੀ ਭਰਨ ਲੇਕਿਨ ਇਹ ਸਿੱਖ ਪ੍ਰੰਪਰਾਵਾਂ ਤੇ ਸਿਧਾਂਤ ਅਨੁਸਾਰ ਬਨਣ।

ਸ੍ਰੀ ਅਕਾਲ ਤਖਤ ਸਾਹਿਬ ਸਮੁਚੇ ਪੰਥ ਦਾ ਹੈ,ਇਸਦੇ ਫੈਸਲੇ ਸਿਆਸੀ ਆਗੂਆਂ ਦੇ ਹਿੱਤਾਂ ਅਨੁਸਾਰ ਨਾ ਹੋਕੇ ਪੰਥ ਦੇ ਉਜਵਲ ਭਵਿੱਖ ਲਈ ਲੈਣੇ ਹੀ ਸ਼ੋਭਨੀਕ ਹਨ।

ਭੁਲ ਚੁਕ ਦੀ ਖਿਮਾ

ਸਤਿਕਾਰ ਤੇ ਧੰਨਵਾਦਿ ਸਹਿਤ

ਗੁਰੂ ਪੰਥ ਦਾ ਦਾਸ

ਮਨਜੀਤ ਸਿੰਘ ਕਲਕੱਤਾ

ਸਾਬਕਾ ਮੰਤਰੀ ਪੰਜਾਬ

ਮੋ:98140-50679

 


No Comment posted
Name*
Email(Will not be published)*
Website
Can't read the image? click here to refresh

Enter the above Text*