Bharat Sandesh Online::
Translate to your language
News categories
Usefull links
Google

     

ਥਰਸਟੀ ਕਰੋਅ (ਪੰਜਾਬੀ ਕਹਾਣੀ)
13 Nov 2011

-ਲਾਲ ਸਿੰਘ ਦਸੂਹਾ-

ਵਨਸ ਦੇਅਰ ਵਾਜ਼ ਏ ਕਰੋਅ ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ । ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ ਇੰਨ .... ਅਗਲੇ ਹੀ ਛਿੰਨ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਮੇਰੇ ਮੌਰਾਂ ‘ਤੇ ਆ ਵੱਜੀ । ਨਾਲ ਹੀ ਜ਼ੋਰਦਾਰ ਝਿੜਕ – “ ਬੱਸ , ਬੱਸ ...ਖੜਾ ਰਹਿ ਤੂੰ ਵੱਡਿਆ ਤਾਨਸੈਨਾਂ ! ...ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ , ਸਟੋਰੀ ਤੇਤੋਂ ਇਕ ਨਈ ਯਾਦ ਹੋਈ , ਦਸਾਂ ਦਿਨਾਂ ‘ਚ....।“

ਮੌਰਾਂ ‘ਤੇ ਲੱਗੀ ਸੱਟ ਨੂੰ ਪਲੋਸਦਾ ਮੈਂ ਅਬੜਵਾਹੇ ਉੱਠ ਬੈਠਦਾ ਹਾਂ । ਆਸ-ਪਾਸ ਦੇਖਦਾ ਹਾਂ । ਨਾ ਅੱਠਵੀਂ ਜਮਾਤ ਦਾ ਕਮਰਾ , ਨਾ ਅੰਗਰੇਜ਼ੀ ਮਾਸਟਰ ਦੀਨਾ ਨਾਥ ,ਨਾ ਉਸਦੀ ਖੂੰਟੀ । ਧੜਕਦਾ ਦਿਲ ਕਾਬੂ ਕਰਕੇ ,ਮੈਂ ਐਨੇਂ ਵਰ੍ਹਿਆਂ ਪਿੱਛੋਂ ਇਸ ਘਟਨਾ ਦੇ ਮੁੜ ਵਾਪਰਨ ਦਾ ਪਿੱਛਾ ਕੀਤਾ ਹੈ । ਛੇਤੀ ਹੀ ਇਸਦੀ ਮੋਟੀ-ਠੁੱਲੀ ਤੰਦ ਮੇਰੇ ਹੱਥ ਆ ਗਈ ਹੈ –ਕਲ੍ਹ ਸ਼ਾਮੀਂ ਟੀ.ਵੀ . ਸਾਹਮਣੇ ਬੈਠੀ ਮੇਰੀ ਛੋਟੀ ਬੇਟੀ ਪਿੰਕੀ ਮੇਰੇ ਜ਼ਿਹਨ ‘ਚ ਉੱਤਰ ਆਈ ਹੈ । ਉਹ ਥਰਸਟੀ-ਕਰੋਅ ਨੂੰ ਘੋਟਾ ਲਾ ਰਹੀ ਸੀ । ਨਿਗਾਹ ਉਸਦੀ ਸਕਰੀਨ ‘ਤੇ ਗੱਡੀ ਪਈ ਸੀ । ਉਸਦੇ ਕਮਰੇ ‘ਚ ਦਾਖਲ ਹੋ ਕੇ ਮੈਂ ਉਸਨੂੰ ਪੋਲਾ ਜਿਹਾ ਘੂਰਦਿਆਂ ਆਖਿਆ ਸੀ – “ ਪਹਿਲਾਂ ਹੋਮਵਰਕ ਕਰ ਲੈਅ, ਫੇਏ ਟੀ.ਵੀ. ਦੇਖ ਲਈਂ ।“ ਉਸ ਨੇ ਮੇਰੇ ਆਖੇ ਵਲ੍ਹ ਰਤੀ ਭਰ ਵੀ ਧਿਆਨ ਨਹੀਂ ਸੀ ਦਿੱਤਾ । ਮੈਂ ਵੀ ਉਸ ਨੂੰ ਬਹੁਤਾ ਤਾੜ ਕੇ ਨਹੀਂ ਸੀ ਕਹਿ ਸਕਿਆ । ਆਪਣੀ ਧੁੰਨ ‘ਚ ਖੁੱਭੀ ਦੀਆਂ ਉਸਦੀਆਂ ਅੱਖਾਂ ਸਕਰੀਨ ‘ਤੇ ਪ੍ਰਦਰਸ਼ਤ ਹੁੰਦੀਆਂ ਕੱਜੀਆਂ ਅੱਧ-ਕੱਜੀਆਂ ਕੁੜੀਆਂ ਦੇ ਤੋੜ-ਮਰੋੜ ਹੁੰਦੇ ਅੰਗਾਂ –ਪੈਰਾਂ ‘ਤੇ ਟਿੱਕੀਆਂ ਰਹੀਆਂ । ਨਾਲ ਦੀ ਨਾਲ ਥਰਸਟੀ ਕਰੋਅ ਦਾ ਰਟਨ ਵੀ ਜਾਰੀ ਰਿਹਾ। ਮੈਂ ਉਸਨੂੰ ਦੋਬਾਰਾ ਰੋਕਣ-ਟੋਕਣ ਦਾ ਹੌਸਲਾ ਨਹੀਂ ਸੀ ਕਰ ਸਕਿਆ । ਮੇਰੇ ਸਾਹਮਣੇ ਮੇਰੇ ਆਪਣੇ ਸਕੂਲੀ ਦਿਨਾਂ ਨੇ ਪੈਰ ਪਸਾਰ ਲਏ ਸਨ । ...ਹਾਲ ਮੇਰਾ ਵੀਂ ਇਵੇਂ ਦਾ ਹੀ ਰਿਹਾ ਸੀ , ਪਿੰਕੀ ਵਰਗਾ । ਸੁਰਤੀ-ਬਿਰਤੀ ਮੇਰੀ ਵੀ ਇਵੇਂ ਹੀ ਵੰਡੀ-ਖਿੰਡੀ ਰਹਿੰਦੀ ਸੀ , ਕਈ ਪਾਸੇ । ਇਸ ਦਾ ਵੱਡਾ ਹਿੱਸਾ ਸੁਰਾਂ ਕੱਢਣ ਨਾਲ ਜੁੜਿਆ ਰਹਿੰਦਾ , ਥੋੜ੍ਹਾ ਕੁ ਪਾਠ-ਪ੍ਰਕਿਆ ਵਲ੍ਹ । ਬਾਕੀ ਬਚਦਾ ਐਧਰ-ਉਧਰ ਝਾਕਣ ਵਲ੍ਹ । ਜਮਾਤ

‘ ਚ ਪਿਛਲੇ ਬੈਂਚ ‘ਤੇ ਬੈਠੇ ਦੀਆਂ ਉਂਗਲਾਂ ਵੇਲਾ ਤਾੜਦੀਆਂ ਰਹਿੰਦੀਆਂ – ‘ ਕਦ ਘੰਟੀ ਮੁੱਕੇ , ਕਦ ਮਾਸਟਰ ਕਲਾਸ ਤੋਂ ਬਾਹਰ ਜਾਏ ,ਕਦ ਮੈਂ ਅਪਣੀ ਕਿਰਿਆ ਸ਼ੁਰੂ ਕਰਾਂ ।‘ ਤਾਲ ਕੱਢਣ ਦੀ ਕਿਰਿਆ। ਡੈਸਕ ਦਾ ਜਾਂ ਬੈਂਚ ਦਾ ਵੱਟਾ ਵਜਾ ਕੇ । ਪੜ੍ਹਨ-ਲਿਖਣ , ਸਵਾਲ ਕੱਢਣ , ਸਾਰੇ ਸਾਰੇ ਵਿਸ਼ਿਆਂ ਦੀਆਂ ਐਮ.ਬੀ. ਡੀਆਂ ਤੇ ਹੱਲ ਹੋਏ ,ਕੁਲ-ਵਟਾ-ਕੁਲ ਪ੍ਰਸ਼ਨਾਂ ‘ਚੋਂ ਘਰ ਦੇ ਕੰਮ ਲਈ ਦੱਸੇ ਦੋ-ਚਾਰ ਸਵਾਲਾਂ ਦੇ ਉੱਤਰਾਂ ਦਾ ਉੱਤਰ –ਕਾਪੀਆਂ ‘ਤੇ ਉਤਾਰਾ ਕਰਨ ਦੀ ਵੀ ਮੈਂ ਕਦੀ ਬਹੁਤੀ ਚਿੰਤਾ ਨਹੀਂ ਸੀ ਕੀਤੀ । ਜੇ ਕਿਧਰੇ ਜੀਅ ਕੀਤਾ ਤਾਂ ਚਾਰ ਅੱਖਰ ਝਰੀਟ ਲਏ , ਨਹੀਂ ਤਾਂ ਖੈਰ ਸੱਲਾ !

ਉਸ ਵਾਰ .....ਉਸ ਦਿਨ ਐਉਂ ਨਹੀਂ ਸੀ ਹੋਈ । ਵੱਡੇ ਦਿਨਾਂ ਦੀਆਂ ਛੁੱਟੀਆਂ ਲਈ ਮਿਲਿਆ ਅੰਗਰੇਜ਼ੀ ਕੰਮ ਮੈਂ ਅਪਣੀ ਵੱਲੋਂ ਮਨ-ਚਿੱਤ ਲਾ ਕੇ ਲਿਖ ਵੀ ਲਿਆ ਸੀ ਤੇ ਚੇਤੇ ਵੀ ਕਰ ਲਿਆ ਸੀ । ਨਵੇਂ ਸਾਲ ਦਾ ਦੂਜਾ ਦਿਨ ਸੀ ਜਾਂ ਤੀਜਾ । ਅੰਗਰੇਜ਼ੀ ਮਾਸਟਰ ਨੇ ਜਮਾਤ ‘ਚ ਆਉਂਦਿਆਂ ਸਾਰ ਸਾਡਾ ਜਾਣਿਆਂ –ਪਛਾਣਿਆਂ ਹੋਕਰਾ ਮਾਰਿਆ – “ਕਿਉਂ ਬਈ ਛੁੱਟੀਆਂ ਦਾ ਕੰਮ ਲੇਇੱਖ ਲਿਆਏ ਸਾਰੇ...?” ਅੱਗੋਂ ਪੂਰੀ ਦੀ ਪੂਰੀ ਜਮਾਤ ਨੇ ਪੂਰੀ ਤਰ੍ਹਾਂ ਸੁਰ-ਬੱਧ ਹੋ ਕੇ ਉੱਤਰ ਦਿੱਤਾ ਸੀ – “ ਲਿਖ ਲਿਆਏ ਜੀਈ...।“ ਇਨ੍ਹਾਂ ਵਿੱਚ ਉਹ ਵੀ ਸ਼ਾਮਿਲ ਸਨ । ਜਿਨ੍ਹਾਂ ਨੇ ਅੱਖਰ ਤੱਕ ਨਹੀਂ ਸੀ ਝਰੀਟਿਆ । ਸੱਭਨਾਂ ਦੀ ਇੱਕ-ਸਾਰ ਹੇਕ ਤੋਂ ਉਤਾਸ਼ਾਹਤ ਹੋਏ ਮਾਸਟਰ ਜੀ ਹੋਰ ਅੱਗੇ ਤੁਰ ਸਨ – “ ਸਟੋਰੀਆਂ , ਐਸਏ-ਲੈਟਰ ਚੇਤੇ ਕਰ ਲਿਆਂਦੇ ਜਿੰਨੈ ਦੱਸੇ ਸੀਈ ..?” ਜਮਾਤ ਨੇ ਪਹਿਲੀ ਨਾਲੋਂ ਵੀ ਉੱਚੀ –ਤਿੱਖੀ ਆਵਾਜ਼ ‘ਚ ਤਰ੍ਹਾ-ਮਿਸਰਾ ਜੋੜਿਆ ਸੀ - “ ਕਰ ਲਿਆਏ ਜੀਈ ।“

ਇਸ ਦੋ-ਪਾਸੀ ਪ੍ਰਕਿਰਿਆ ‘ਚ ਮੇਰੀ ਆਵਾਜ਼ ਸੱਭ ਤੋਂ ਤਿੱਖੀ ਉੱਭਰੀ ਸੀ ।

“ ਚੱਲ ਉਠ ...ਪਹਿਲਾਂ ਤੂੰ ਉੱਠ , ਤਾਨਸੈਨਾਂ ! ਤੂੰ ...ਤੂੰ ਐਂ ਕਰ , ਸਟੋਰੀ ਸੁਣਾ ਥਰਸਟੀ ਕਰੋਅ ਆਲੀ ...। “ ਅੰਗਰੇਜ਼ੀ ਮਾਸਟਰ ਬਹੁਤੀ ਵਾਰ ਮੈਨੂੰ ਇਸੇ ਨਾਂ ਨਾਲ ਬਲਾਉਂਦਾ ।

ਅਪਣੀ ਵੱਲੋਂ ਤਿਆਰ-ਬਰ-ਤਿਆਰ ,ਮੈਂ ਉਸ ਦਿਨ ਜਿਵੇਂ ਛੜੱਪਾ ਮਾਰ ਕੇ ਉੱਠਿਆ ਸਾਂ । ਥਰਸਟੀ ਕਰੋਅ ਨੂੰ ਲਾਇਆ ਰੱਟਾ ਫ਼ਟਾ-ਫੱਟ ਉੱਗਲਣ ਲੱਗ ਪਿਆ ਸੀ , ਪਰ ਦੋ-ਤਿੰਨ ਵਾਕਾਂ ਪਿੱਛੋਂ ਚਾਚਾ ਨਹਿਰੂ ਦੇ ਪ੍ਰਸਤਾਵ ਦਾ ਮਸੌਦਾ ਪਤਾ ਨਹੀਂ ਕਿਵੇਂ ਸਟੋਰੀ ਦੀ ਅਬਾਰਤ ਵਿੱਚ ਆ ਫਸਿਆ । ਅਗਲੇ ਹੀ ਪਲ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਠਾਹ ਕਰਦੀ ਮੇਰੇ ਮੌਰਾਂ ‘ਤੇ ਆ ਵੱਜੀ ਸੀ । ਨਾਲ ਹੀ ਜ਼ੋਰਦਾਰ ਝਿੜਕ –“ ਬੱਸ , ਬੱਸ ਖੜਾ ਰੈਹ ਤੂੰ ਵੱਡਿਆਂ ਤਾਨਸੈਨਾਂ ! ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ, ਸਟੋਰੀ ਤੇਤੋਂ ਦਸਾਂ ਦਿਨਾਂ ‘ਚ ਇਕ ਨਈਂ ਯਾਦ ਹੋਈ । “ ਮੌਰਾਂ ਤੱਕ ਜਾ ਪੁੱਜੇ ਹੱਥ ਨੂੰ ਮੁੜ ਥਾਂ ਸਿਰ ਕਰਦਾ , ਮੈਂ ਸੁਪਨੇ ਦੀ ਜੱਦ ‘ਚੋਂ ਬਾਹਰ ਆਉਂਦਾ ਹਾਂ । ਅਪਣਾ ਆਪ ਸੰਭਾਲਦਾ ਹਾਂ । ਪਰ ਅਗਲੇ ਹੀ ਛਿੰਨ , ਇਸ ਦੀ ਪਰਛਾਈ ਮੈਨੂੰ ਕਿੰਨੇ ਵਰ੍ਹੇ ਪਿਛਾਂਹ ਵਲ੍ਹ ਨੁੰ ਮੋੜ ਕੇ , ਮੈਨੂੰ ਬਾਲਪਨ ਦੇ ਅਤੀਤ ਨਾਲ ਜੋੜ ਦਿੰਦੀ ਹੈ ।

ਇੱਟ ਫਾਊਂਡ ਏ ਜੱਗ ਇੰਨ ਦਾ ਗਾਰਡਨ ......

ਮੇਰਾ ਬਾਪ ਅੰਬਾਂ ਦਾ ਬਾਗ ‘ਮੁੱਲ ’ਲਿਆ ਕਰਦਾ ਸੀ । ਸਾਉਣ-ਭਾਦੋਂ ਦੇ ਦਿਨੀਂ ਅਸੀਂ ਬਾਹਰ ਹੀ ਰਹਿੰਦੇ ਸਾਂ , ਬਾਗਾਂ ‘ਚ । ਹੋਰ ਵੀ ਕਈ ਜਣੇ ਹੁੰਦੇ ਸਨ ਵਿਹੜੇ ਦੇ । ਭਾਗੂ ਚਾਚਾ , ਤਾਇਆ ਨਾਮਾਂ , ਮੀਕਾ , ਤਾਪੀ , ਤਾਰਾ ਅੱਤਰੀ ਦਾ , ਤਾਰੂ ਲੱਛੋ ਦਾ । ਸੱਭ ਦੀ ਅਪਣੀ ਅਪਣੀ ਕੁੱਲੀ ਹੁੰਦੀ , ਅਪਣਾ ਅਪਣਾ ਬਾਗ਼ । ਕਿਸੇ ਪਾਸ ਦਸ ਬੂਟੇ , ਕਿਸੇ ਕੋਲ ਬਾਰਾਂ ਪੰਦਰਾਂ । ਸੱਭ ਦਾ ਟੱਬਰ –ਟੀਰ , ਪਸ਼ੂ-ਡੰਗਰ ਬਾਹਰ । ਪਿੰਡ ਵਾਲੇ ਕੱਚੇ-ਪੱਕੇ ਛੱਤੜੇ ਇਨ੍ਹੀਂ ਦਿਨੀਂ ਮੀਂਹ-ਪਾਣੀ ਹਵਾਲੇ । ਕਿਸੇ ਨੂੰ ਫੁਰਸਤ ਹੁੰਦੀ ਤਾਂ ਗੇੜਾ ਮਾਰ ਆਉਂਦਾ ਪਿੰਡ ,ਨਹੀਂ ਤਾਂ ਨਹੀਂ । ਸਾਰੇ ਜਣੇ ਦਿਨ ਵੇਲੇ ਕੱਚੇ-ਪੱਕੇ ਅੰਬ ਲੈ ਕੇ ਫੇਰੀ ‘ਤੇ ਨਿਕਲ ਜਾਂਦੇ । ਬਾਪੂ ਇਕ ਲੱਤੋਂ ਲੰਙਾਂ ਹੋਣ ਕਰਕੇ ਦੂਰ ਪਾਰ ਨਹੀਂ ਸੀ ਜਾ ਸਕਦਾ । ਉਹ ਥੋੜ੍ਹਾ ਕੁ ਹਟਵੇਂ ਵੱਡੇ ਰਾਹ ਕੰਢੇ ਬੋਰੀਆਂ ਵਿਛਾ ਕੇ ‘ਹੱਟੀ’ ਸਜ਼ਾ ਲੈਂਦਾ । ਇਕ ਟੋਕਰੀ ‘ਚ ਅਚਾਰੀ ਅੰਬ , ਦੂਜੀ ‘ਚ ਸੰਧੂਰੀ , ਤੀਜੀ ‘ਚ ਛਾਂਟ , ਚੌਥੀ ‘ ਚ ਦੜਾ । ਉਹ ਕਰੀਬ-ਕਰੀਬ ਸਾਰਾ ਦਿਨ ਹੱਟੀ ‘ਤੇ ਬੈਠਦਾ । ਬੀਬੀ ਰੋਟੀ-ਪਾਣੀ ਦਾ ਆਹਰ-ਪਾਹਰ ਵੀ ਕਰਦੀ , ਮੈਂਹ-ਗਾਂ ਲਈ ਘਾਅ-ਪੱਠਾ ਵੀ ਲਿਆਉਂਦੀ । ਅਸੀਂ ਤਿਨੋਂ ਭੈਣ-ਭਰਾ ਅੰਬਾਂ ਦੀ ਰਾਖੀ ਕਰਦੇ । ਹੋਕਰੇ ਮਾਰਦੇ , ਗੋਪੀਏ ਚਲਾਉਂਦੇ , ਪੀਪਾ ਖੜਕਾਉਂਦੇ ਵਾਰੀ ਸਿਰ । ਮੇਰੀ ਵਾਰੀ ਲੱਗਦੀ ਤਾਂ ਮੈਨੂੰ ਪੀਪੇ ‘ਚ ਵੱਜਣ ਵਾਲੀ ਸੋਟੀ ਕਿਸੇ ਤਰਤੀਬ ਸਿਰ ਵੱਜਦੀ ਜਾਪਦੀ । ਇਸ ਤਰਤੀਬ ਅੰਦਰ ਕੋਈ ਸੁਰ ਸ਼ਾਮਿਲ ਸੀ , ਇਸ ਦੀ ਸਮਝ ਮੈਨੂੰ ਨਾਲ ਦੇ ਪਿੰਡ ਵੱਡੇ ਸਕੂਲੇ ਛੇਵੀਂ ‘ਚ ਦਾਖਲ ਹੋਣ ਪਿੱਛੋਂ ਲੱਗੀ ।ਸਵੇਰੇ ਪ੍ਰਾਰਥਨਾ ਥੜ੍ਹੇ ‘ਤੇ ਵੱਜਦਾ ਵੱਡਾ ਢੋਲ ਮੈਨੂੰ ਅੰਬਾਂ ਦਿਨੀਂ ਬਜਾਏ ਪੀਪੇ ਦੇ ਤਾਲ ਨਾਲ ਰਲ੍ਹਦਾ-ਮਿਲ੍ਹਦਾ ਲੱਗਦਾ । ਅਗਲੇ ਵਰ੍ਹੇ ਮੇਰਾ ਇਹ ਪੀਪਾ-ਤਾਲ ਸਕੂਲੇ , ਥੜ੍ਹੇ ‘ਤੇ ਵੱਜਦੇ ਢੋਲ ਦੀ ਡਗਾ-ਗਿਣਤੀ ਨਾਲ ਸਹਿ –ਸੁਭਾ ਹੀ ਇਕ –ਸੁਰ ਹੋ ਗਿਆ –ਤਿੰਨ ਵਾਰ ਤਿੰਨ-ਤਿੰਨ ਡਗੇ , ਚੌਥੀ ਵਾਰ ਸੱਤ ,ਪੰਜਵੀਂ ਵਾਰ ਚੌਦਾਂ । ਪੰਜ ਵਾਰ ਚੌਂਦਾਂ-ਚੌਂਦਾਂ ਮਾਰ ਕੇ ਮੁੜਦੀ ਵਲ੍ਹ ਨੂੰ ਸੱਤ ,ਫਿਰ ਤਿੰਨ ਵਾਰ ਤਿੰਨ-ਤਿੰਨ । ਇਹ ਇਕ ਗੇੜ ਹੁੰਦਾ । ਦੂਜੇ ਗੇੜ ਦੀ ਫਿਰ ਉਹੀ ਗਿਣਤੀ ।

ਬਾਗ਼ ਦੀ ਰਾਖੀ ਕਰਦੇ ਦੀ ਇਹ ਡਗਾ-ਤਬਤੀਬ ਹੋਰ ਵੀ ਸੁਰ-ਬੱਧ ਹੁੰਦੀ ਗਈ ਸੀ , ਅਪਣੀ ਧੁੰਨ ‘ਚ ਮਸਤ ਹੋਇਆ ਮੈਂ ਹੋਕਰਾਂ ਮਾਰਨਾ ਵੀ ਭੁੱਲ ਜਾਂਦਾ । ਕੱਚੇ-ਪੱਕੇ ਅੰਬਾਂ ਨੂੰ ਟੁੱਟਦੇ ਜਨੌਰ-ਤੋਤੇ , ਅਪਣੇ ਕੰਮ ‘ਚ ਰੁੱਝੇ ਰਹਿੰਦੇ । ਬਾਪੂ ਨੂੰ ਮੇਰੇ ਛਿੱਤਰ-ਪੌਲਾ ਫੇਰਨ ਲਈ ਇਕ ਹੋਰ ਮੱਦ ਲੱਭ ਗਈ । ਉਸ ਨੇ ਕਿਸੇ ਵੀ ਹੱਥ ਲੱਗੀ ਸੋਟੀ-ਪਰੈਣੀ ਨਾਲ ਮੇਰੇ ਮੌਰ-ਕੁੱਲ੍ਹੇ ਕਈ ਵਾਰ ਸੇਕੇ ਸਨ । ਕਈ ਵਾਰ ਤਾਂ ਉਸਦਾ ਗੰਦਾ-ਮੰਦਾ ਗਾਲ੍ਹੀ-ਗਲੋਚ ਮੇਰੀ ਪੀਪਾ-ਸੁਰ ਤੋਂ ਵੀ ਉੱਚੀ ਸੁਰ ‘ਚ ਗੜ੍ਹਕਿਆ ਸੀ । ਮੈਨੁੰ ਸਮਝ ਨਹੀਂ ਸੀ ਲੱਗਦੀ ਕਿ ਬਾਪੂ ਮੇਰੀ ਝਾੜ-ਝੰਭ , ਕੁੱਟ-ਮਾਰ ਟੁੱਕੇ ਹੋਏ , ਨੁਕਸਾਨ ਗਏ ਅੰਬਾਂ ਕਾਰਨ ਕਰਦਾ ਸੀ ਜਾਂ ਛੁੱਟੀਆਂ ਤੋਂ ਅੱਗੋਂ-ਪਿੱਛੋਂ ਸਕੂਲ ਜਾਣ ਵੇਲੇ ਮੇਰੀ ਪੰਜੀ-ਦਸੀ ਮੰਗਣ ਦੀ ਹਰ – ਰੋਜ਼ ਦੀ ਆਦਤ ਨੂੰ ਸੁਧਾਰਨ ਦਾ ਹੀਲਾ-ਵਸੀਲਾ ਕਰਨ ਲਈ ।

 

ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ ......

ਦਸੀ ਪੰਜੀ ਮੰਗਣ ਦੀ ਇਲੱਕ ਮੈਨੂੰ ਉਸੇ ਵਰ੍ਹੇ ਲੱਗੀ ਸੀ , ਸੱਤਵੀਂ ਜਮਾਤੇ ਚੜ੍ਹਦਿਆਂ ਹਕੀਮਾਂ ਦੇ ਨੰਦੂ ਨਾਲ ਰਲ੍ਹ ਕੇ । ਪਿਛਲੇ ਬੈਂਚ ‘ਤੇ ਬੈਠਦਾ ਦੁਆਰਕੇ ਹਕੀਮ ਦਾ ਮੁੰਡਾ ਨੰਦੂ ,ਅੱਧੀ ਛੁੱਟੀ ਹੁੰਦਿਆਂ ਸਾਰ ਛਾਬੜੀ ਵਾਲੇ ਤੀਰਥੇ ਕੋਲ ਅੱਪੜ ਜਾਂਦਾ , ਦੁੜੰਗੇ ਮਾਰਦਾ । ਘੜੀ ਕੁ ਪਿੱਛੋਂ ਮੁੜੇ ਆਉਂਦੇ ਦੇ ਉਸਦੇ ਹੱਥ ‘ਚ ਕਦੀ ਗੁੜ ਦਾ ਮਰੂੰਡਾ ਹੁੰਦਾ , ਕਦੀ ਮਖਾਣੇ । ਕਦੀ ਉਸ ਦੀ ਮੁੱਠ ‘ਚ ਸੀਲ੍ਹ ਦੇ ਲੱਡੂ ਹੁੰਦੇ ,ਕਦੀ ਸੀਰਨੀ । ਉਸ ਨੂੰ ਹਪੜ-ਹਪੜ ਮੂੰਹ ਮਾਰਦੇ ਨੂੰ ਦੇਖਦੇ ਮੈਂ ਅਕਾਰਨ ਹੀ ਪਚਾਕੇ ਮਾਰਨ ਲੱਗਦਾ । ਮੇਰੀ ਜੀਭ ਮੇਰੇ ਮੂੰਹ ਅੰਦਰ ਅੱਗੇ –ਪਿੱਛੇ ਅੱਗੇ-ਪਿੱਛੇ ਘੁੰਮਣ ਲੱਗਦੀ । ਮੈਨੂੰ ਅਪਣੀ ਵਲ੍ਹ ਲਗਾਤਾਰ ਝਾਕਦਾ ਦੇਖ ਕੇ ਉਸਦੀਆਂ ਵਾਰ-ਵਾਰ ਝੱਪਕ ਹੁੰਦੀਆਂ ਅੱਖਾਂ ,ਮੇਰੇ ਤੋਂ ਪੁੱਛਦੀਆਂ ਰਹਿੰਦੀਆਂ – “ ਤੇਰੇ ਘਰ ਦੇ ਤੈਨੂੰ ਦਸੀ-ਪੰਜੀ ਵੀ ਨਈਂ ਦਿੰਦੇ ਖਰਚਣ ਨੂੰ ? “ ਵਿਚ-ਵਾਰ ਮੇਰੇ ‘ਤੇ ਤਰਸ ਜਿਹਾ ਖਾ ਕੇ ਉਹ ਗੁੜ ਦੇ ਮਰੂੰਡੇ ਦੀ ਚੱਪਰ ਦਾ ਕੰਢਾ ਭੋਰ ਕੇ , ਜਾਂ ਸੀਲ੍ਹ ਦੀ ਪਿੰਨੀ ਦੰਦਾਂ ਨਾਲ ਟੁੱਕ ਕੇ ਮੈਨੂੰ ‘ਖਾਣ’ ਨੂੰ ਦੇ ਦਿਆ ਕਰਦਾ । ਪਰ ਚਿੱਟੀ ਸੀਰਨੀ ਜਾਂ ਖੰਡ ਦੇ ਮਖਾਣੇ ਮੈਨੂੰ ਅਪਣੇ ਆਪ ਕਦੀ ਨਹੀਂ ਸੀ ਦਿੱਤੇ । ਸਾਡੇ ਘਰ ਕਦੀ-ਕਦਾਈਂ ਬਣਦੀ , ਪਰ ਬਾਗ਼ ਅੰਦਰ ਕਰੀਬ ਕਰੀਬ ਹਰ ਰੋਜ਼ ਰਿੱਝਦੀ ਗੁੜ ਦੀ ਚਾਹ ਤਾਂ ਮੈਂ ਬਹੁਤ ਵਾਰ ਪੀਤੀ ਸੀ , ਚੀਨੀ ਪਾ ਕੇ ਬਣਾਈ ਚਿੱਟੀ ਚਾਹ ਕਦੇ ਨਹੀਂ ਸੀ ਪੀਤੀ । ਹਾਂ ,ਛੇਵੀਂ ‘ਚ ਪੜ੍ਹਦਿਆਂ ਅੰਬਾਂ ਦਿਨੀਂ ਕਈ ਦਿਨ ਲਗਾਤਾਰ ਚੜ੍ਹਦੇ ਰਹੇ ਤਾਪ ਦੀ ਭਖ ਮੱਠੀ ਕਰਨ ਲਈ ਖੰਡ ਦਾ ਸ਼ਰਬਤ ਇਕ ਵਾਰ ਜ਼ਰੂਰ ਮਿਲਿਆ ਸੀ ਪੀਣ ਨੂੰ । ਉਸ ਦਿਨ ਦੁਆਰਕੇ ਹਕੀਮ ਤੋਂ ਪਿੱਤਲ ਦੀ ਕੌਲੀ ‘ਚ ਚੁਅਰਕਾ ਪੁਆ ਕੇ ਲਿਆਏ ਬਾਪੂ ਨੇ ਦੂਜੇ ਹੱਥ ‘ਚ ਸਾਂਭ ਕੇ ਲਿਆਂਦੀ ਕਾਗਜ਼ ਦੀ ਪੁੜੀ , ਕੁੱਲੀ ‘ਚ ਵਿਛੀ ਬੋਰੀ ‘ਤੇ ਨਿਢਾਲ ਪਏ ਦੇ ਲਾਗੇ ਬੈਠੀ ਬੀਬੀ ਨੂੰ ਫੜਾਉਂਦਿਆਂ ਕਿਹਾ ਸੀ – “ਹਕੀਮ ਆਂਦ੍ਹਾ ਸੀ ,ਦੁਆ ਕੌੜੀ-ਫੋਕਲੀ ਬਓਤੀ ਆ । ਆਹ ਖੰਡ ਦਾ ਚਮਚਾ ਕੁ ਘੋਲ੍ਹ ਕੇ ਪਲਾ ਦਈਂ ਪਿਛੋਂ ,ਮੂੰਹ ਸੁਆਦ ਹੋ ਜਊ । “

ਉਸ ਦਿਨ ਪੀਤੇ ਚੀਨੀ ਦੇ ਸ਼ਰਬਤ ਦੀ ਮਿਠਾਸ ਮੈਨੂੰ ਕਈ ਚਿਰ ਚੇਤੇ ਰਹਿ ਕੇ ਫਿਰ ਜਿਵੇਂ ਭੁੱਲ-ਭਲਾ ਹੀ ਗਈ ਸੀ । ਸੱਤਵੀਂ ‘ਚੋਂ ਫੇਲ੍ਹ ਨੰਦੂ ਨੇ ਪਿਛਲੇ ਬੈਂਚ ‘ਤੇ ਮੇਰੇ ਨਾਲ ਢੁੱਕ ਕੇ ਬੈਠਦੇ ਨੇ ਇਕ ਦਿਨ ਫਿਰ ਚੇਤੇ ਕਰਵਾ ਦਿੱਤੀ । ...ਭਰ ਗਰਮੀਆਂ ਦੀ ਇਕ ਢੁੱਲਦੀ ਦੁਪਹਿਰ ਛੁੱਟੀ ਵੇਲੇ ਨੰਦੂ ਮੈਨੂੰ ਅਪਣੇ ਨਾਲ ਹੀ ਲੈ ਗਿਆ , ਅਪਣੀ ਹੱਟੀ ‘ਤੇ । ਉਸਦਾ ਪਿਓ ਹੈ ਨਹੀਂ ਸੀ ਉਥੇ । ਗਿਆ ਹੋਇਆ ਸੀ ਕਿਧਰੇ ਦੂਰ-ਨੇੜੇ । ਨੰਦੂ ਦਾ ਜਾਣੋਂ ਹੋਰ ਦਾਅ ਲੱਗ ਗਿਆ । ਉਸ ਨੇ ਪਿਓ ਦੀ ਸੰਦੂਕੜੀ ‘ਚੋਂ ਚੁਆਨੀ ਕੱਢੀ ਘਸਮੈਲੀ ਜਿਹੀ । ਮੈਨੂੰ ਕਿਹਾ – “ ਜਾਅ ਜਾਗਰ ਦੀ ਹੱਟੀਓਂ ਖੰਡ ਲਿਆ ਸ਼ਰਬਤ ਪੀਏ । “ ਮੈਨੂੰ ਸ਼ਰਬਤ ਦਾ ਨਾਂ ਸੁਣ ਕੇ ਚਾਅ ਚੜ੍ਹ ਗਿਆ । ਅਪਣਾ ਬਸਤਾ ਉਥੇ ਹੀ ਛੱਡ ਕੇ ਮੈਂ ਦੁੜਕੀ ਪਿਆ , ਜਾਗਰ ਦੀ ਹੱਟੀ ਜਾ ਪੁੱਜਾ ਸੀ , ਪਿੰਡ ਦੇ ਅੱਧ-ਵਿਚਕਾਰ । ਗਲੀਓ-ਗਲੀ ਹੁੰਦਾ , ਮੈਂ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ ਸੀ,ਛੋਟੇ ਜਿਹੇ ਲਿਫਾਫੇ ‘ਚ ਲੱਪ ਭਰ ਚੀਨੀ ਸਾਂਭੀ । ਮੇਰੇ ਆਉਂਦੇ ਨੂੰ ਨੰਦੂ , ਪਿੱਤਲ ਦਾ ਵੱਡਾ ਕੰਗਣੀ ਵਾਲਾ ਗਿਲਾਸ ਪਾਣੀ ਦਾ ਭਰੀ ਬੈਠਾ ਸੀ , ਬੋਰੀ ਲਿੱਪਟੇ ਘੜੇ ‘ਚੋਂ । ਉਸ ਨੇ ਝਬੂਟੀ ਜਿਹੀ ਮਾਰ ਕੇ ਮੇਰੇ ਤੋਂ ਫੜਿਆ ਲਿਫਾਫਾ ਇਕ ਦਮ ਗਲਾਸ ‘ਚ ਉਲੱਟ ਦਿੱਤਾ ਸੀ ।ਅਰਕ ਕੱਢਣ ਵਾਲੀ ਤਾਂਬੇ ਦੀ ਪਤਲੀ ਜਿਹੀ ਨਾਲੀ ਪਾਣੀ ‘ਚ ਘੁਮਾਉਂਦੇ ਨੇ ਉਸ ਨੇ ਮੇਰੀ ਵਲ੍ਹ ਦੇਖਿਆ ਵੀ ਸੀ ਚਲਾਵਾਂ ਜਿਹਾ । ਫਿਰ ਝੱਟ ਹੀ ਦੋਨਾਂ ਹੱਥਾਂ ਨਾਲ ਫੜੇ ਗਲਾਸ ਨੂੰ ਡੀਕ ਲਾ ਕੇ ਪੀਂਦਿਆਂ , ਉਸ ਨੇ ਮੇਰੀ ਵਲ੍ਹ ਇਕ ਵਾਰ ਵੀ ਨਿਗਾਹ ਨਹੀਂ ਸੀ ਘੁਮਾਈ । ਮੇਰੀ ਆਸ-ਉਮੀਦ ਦੇ ਉਲਟ ਮੇਰੇ ਲਈ ਉਸ ਨੇ ਦੋ ਘੁੱਟ ਵੀ ਨਹੀਂ ਸੀ ਬਚਾਏ । ਚਿੱਟਾ ਸ਼ਰਬਤ ਪੀਣ ਦੇ ਚਾਅ ਨਾਲ ਮੂੰਹ ਅੰਦਰ ਗੇੜੇ ਕੱਢਦੀ ਰਹੀ ਮੇਰੀ ਜੀਭ ,ਖਾਲੀ ਹੋਏ ਗਲਾਸ ਵਲ੍ਹ ਦੇਖ ਕੇ ਜਿਵੇਂ ਸੁੱਸਰੀ ਵਾਂਗ ਸੌਂ ਗਈ ਸੀ । ਨਿਮੋਝਾਣ ਹੋਇਆ ਮੈਂ ਬਸਤਾ ਚੁੱਕ ਅਪਣੇ ਘਰ ਵਲ੍ਹ ਨੂੰ ਨਿਕਲ ਤੁਰਿਆ ਸੀ, ਪੈਰ ਘਸੀਟਦਾ । ਲਾਚਾਰ ਜਿਹਾ ਹੋਇਆ ਮੈਂ ਸ਼ਰਬਤ ਨਾ ਮਿਲਣ ਕਾਰਨ ਅੰਦਰੋਂ – ਬਾਹਰੋਂ ਹਾਰਿਆ-ਹੰਭਿਆ ਮਹਿਸੂਸ ਕਰਦਾ ਰਿਹਾ ਸੀ । ਇਵੇਂ ਦੀ ਹੇਠੀ ਮੇਰੀ ਖਾਲੀ-ਖਾਲੀ ਰਹਿੰਦੀ ਜੇਬ ਕਾਰਨ ਹੋਈ ਸੀ ਜਾਂ ਪੱਕੇ ਮਿੱਠੇ ਲਈ ਵਧੀ ਲਾਲਸਾ ਕਾਰਨ ,ਉਸ ਦਿਨ ਮੈਨੂੰ ਇਸ ਦੀ ਸਮਝ ਨਹੀਂ ਸੀ ਲੱਗੀ ।

ਉਸ ਦਿਨ ਘਰ ਵਲ੍ਹ ਨੂੰ ਤੁਰੇ ਜਾਂਦੇ ਦੇ ਇਕ-ਅੱਧ ਵਾਰ ਮੇਰੇ ਚਿੱਤ ‘ਚ ਆਈ ਵੀ ਕਿ ਅੱਧਾ ਕੁ ਸ਼ਰਬਤ ਰਹਿੰਦੇ ‘ਤੇ ਨੰਦੂ ਹੱਥੋਂ ਗਲਾਸ ਫੜਿਆ ਕਿਉਂ ਨਾ । ਅੱਧੀ ਛੁੱਟੀ ਵੇਲੇ ਵੀ ਤਾਂ ਟੋਟਾ ਕੁ ਸੀਲ੍ਹ ਦੀ ਪਿੰਨੀ , ਖੰਡ ਦੇ ਮਖਾਣੇ ਜਾਂ ਦੋ ਕੁ ਦਾਣੇ ਚਿੱਟੀ ਸੀਰਨੀ ਉਸ ਹੱਥੋਂ ਖੋਹਣ ਵਾਂਗ ਮੰਗ ਹੀ ਲਿਆ ਕਰਦਾ ਸੀ । ਨਾਂਹ-ਨੁੱਕਰ ਕਰਦਾ-ਕਰਦਾ ਵੀ ਉਹ ਅੜੀ ਛੱਡ ਕੇ ਮੇਰੀ ਮੰਗ ਦੀ ਪੂਰਤੀ ਕਰ ਦਿੰਦਾ । ਉਸ ਨੂੰ ਡਰ ਹੁੰਦਾ ਕਿ ਸਾਡੇ ਵਿਚਕਾਰ ਬਣਿਆ ਚੁੱਪ ਦਾ ਅਹਿਦਨਾਮਾਂ ਕਿਧਰੇ ਟੁੱਟ ਨਾ ਜਾਏ । ਲਿੱਖਣ-ਪੜ੍ਹਨ ਪੱਖੋਂ ਉਹ ਮੇਰੇ ਤੋਂ ਵੀ ਦੋ ਰੱਤੀਆਂ ਹੇਠਾਂ ਸੀ । ਉਸ ਨੂੰ ਮੇਰੇ ਤੋਂ ਵੀ ਵੱਧ ਮਾਰ ਪੈਂਦੀ । ਮੇਰੇ ਨਾਲ ਤਾਂ ਥੋੜ੍ਹੀ ਬਹੁਤ ਲਿਹਾਜ਼ਦਾਰੀ ਹੋ ਵੀ ਜਾਂਦੀ , ਪ੍ਰਾਰਥਨਾ ਵੇਲੇ ਨੌਂਵੀ ਦੇ ਸੁਰਜੀਤ ਨੂੰ ਵੱਡਾ ਢੋਲ ਬਜਾਉਣ ਦੀ ਵਾਰੀ ਦਵਾਉਣ ਕਰਕੇ । ਨੰਦੂ ‘ਤੇ ਕੋਈ ਵੀ ਅਧਿਆਪਕ ਤਰਸ ਨਹੀਂ ਸੀ ਕਰਦਾ । ਮੇਰੇ ਜੇ ਦੋ ਵੱਜਦੀਆਂ ਤਾਂ ਉਸਦੇ ਚਾਰ । ਇਹ ਭਾਣਾ ਦੂਜੇ ਚੌਥੇ ਵਰਤਿਆ ਹੀ ਰਹਿੰਦਾ । ਤਾਂ ਵੀ ਅਸੀਂ ਇਕ ਦੂਜੇ ਨੂੰ ਪਈ ਕੁੱਟ-ਮਾਰ , ਇਕ ਦੂਜੇ ਦੇ ਘਰ ਨਹੀਂ ਸੀ ਦੱਸਦੇ । ਸਗੋਂ ਹੋਰਨਾਂ ਦਿਨਾਂ ਨਾਲੋਂ ਵੀ ਵੱਧ ਗੁੱਟਕਦੇ । ਨੱਚਦੇ-ਟੱਪਦੇ । ਉਸ ਦਿਨ ਤਾਂ ਸਾਡੀ ਸੋਟੀ-ਸੇਵਾ ਦੋ ਵਾਰੀ ਹੋਈ ਸੀ ਦੋਨਾਂ ਦੀ । ਇਕ ਵਾਰ ਹਿਸਾਬ ਦੀ ਘੰਟੀ ,ਦੂਜੀ ਵਾਰ ਅੰਗਰੇਜ਼ੀ ਪੜ੍ਹਦਿਆਂ । ਤਾਂ ਵੀ ਮੇਰੇ ਤੋਂ ਨਾ ਨੱਚ-ਟੱਪ ਹੋਇਆ ਰਿਹਾ ਸੀ ,ਨਾ ਗੁੱਟਕਿਆ ਗਿਆ ਸੀ ਨੰਦੂ ਵਾਂਗ, ਤਰਕਾਰਾਂ ਤੱਕ ਮੈਂ ਸੁੰਨ-ਵੱਟਾ ਹੋਇਆ ਰਿਹਾ ਸੀ , ਬੁਝਿਆ-ਬੁਝਿਆ । ਲੋਢੇ ਵੇਲੇ ਤੋਤੇ-ਕਾਂ ਉਡਾਉਦੇ ਦੀ ਵੀ ਮੇਰੀ ਸੁਰਤੀ ਖੰਡ ਦੇ ਸ਼ਰਬਤ ਨੇ ਹੀ ਮੱਲੀ ਰੱਖੀ । ਨਾ ਮੇਰੇ ਤੋਂ ਠੀਕ ਤਰ੍ਹਾਂ ਪੀਪਾ ਬਜਾਇਆ ਗਿਆ , ਨਾ ਗੋਪੀਆ ਚਲਾਇਆ ਗਿਆ ।

ਸੂਰਜ ਡੁੱਬਦੇ ਕਰਦੇ ਨੂੰ ਬਾਪੂ ਬਾਗ਼ ‘ਚ ਪੁੱਜਾ ਤਾਂ ਪੱਕੇ , ਅੱਧੇ –ਪੱਕੇ ਅੰਬਾਂ ਦੇ ਹੋਏ ਨੁਕਸਾਨ ਨੇ ਉਸਦਾ ਪਾਰਾ ਫਿਰ ਸਤਵੇਂ ਅਸਮਾਨੇ ਚਾੜ੍ਹ ਦਿੱਤਾ । ਉਸਨੇ ਚੁਪੇੜਾਂ-ਚਾਂਟਾਂ ਮਾਰ ਮਾਰ ਕੇ ਮੇਰਾ ਜਿਵੇਂ ਮੂੰਹ ਭੰਨ ਦਿੱਤਾ । ਪਰ ,ਉਸ ਦਿਨ ਮੈਨੂੰ ਬਾਪੂ ਵੱਲੋਂ ਪਈ ਮਾਰ-ਕੁੱਟ ਦੀ ਪੀੜ-ਚੀਸ ਰਤੀ ਭਰ ਵੀ ਨਹੀਂ ਸੀ ਰੜਕੀ । ਨਾ ਮੈਂ ਰੋਇਆ-ਚੀਕਿਆ ਸੀ,ਨਾ ਅੱਖਾਂ ‘ਚੋਂ ਹੰਝੂ ਨਿਕਲੇ ਸਨ । ਮੇਰੀਆਂ ਅੱਖਾਂ ਅੰਦਰ ਤਾਂ ਜਿਵੇਂ ਨੰਦੂ ਲਈ ਜਾਗਰ ਦੀ ਹੱਟੀਉਂ ਲਿਆਂਦੀ ਚੀਨੀ ਦੀ ਮਿਠਾਸ ਘਰ ਬਣਾ ਕੇ ਬੈਠ ਗਈ ਸੀ । ਮੇਰਾ ਤਾਂ ਸਾਰੇ ਦ ਸਾਰਾ ਵਜੂਦ ਇਕ ਤਰ੍ਹਾਂ ਤੇ ਪਰਛਾਵੇਂ ਨੇ ਜਿਵੇਂ ਘੇਰ ਹੀ ਲਿਆ ਸੀ । ਅਪਣੇ ਆਪ ਨੂੰ ਮੈਂ ਵਾਰ-ਵਾਰ ਕੋਸੀ ਜਾਂਦਾ ਸੀ – “ ਕਿਉਂ ਭਲਾ ਮੈਂ ਲੱਪ ਭਰ ਚੀਨੀ ਸਾਰੀ ਦੀ ਸਾਰੀ ਨੰਦੂ ਤੱਕ ਅੱਪੜਦੀ ਕਰ ਦਿੱਤੀ ? ਕਿਉਂ ਨਾ ਮੈਂ ਇਸ ਵਿੱਚੋਂ ਇਕ ਦੋ ਫੱਕੇ ਗਲੀਓ-ਗਲੀ ਆਉਂਦੇ ਨੇ ਰਾਹ ਵਿਚ ਹੀ ਮਾਰ ਲਏ ?”

ਇਵੇਂ ਦੀ ,ਏਨੀ ਕੁ ‘ਚੋਰੀ’ ਕਰਨ ਦਾ ਵਿਚਾਰ ਮੇਰੇ ਮਨ ‘ਚ ਪਹਿਲੋਂ ਕਦੀ ਨਹੀਂ ਸੀ ਆਇਆ । ਹੁਣ ਜਦ ਆਇਆ ਹੀ ਆਇਆ ਸੀ ਤਾਂ ਇਹ ਮੇਰਾ ਖਹਿੜਾ ਨਹੀਂ ਸੀ ਛੱਡਦਾ ।

ਅਗਲੇ ਦਿਨ ਸਵੇਰੇ ਸਕੂਲ ਜਾਣ ਲੱਗੇ ਨੇ ਮੈਂ ਬੀਬੀ ਤੋਂ ਦਸੀ –ਪੰਜੀ ਮੰਗਣ ਦੀ ਜ਼ਿਦ ਨਹੀਂ ਸੀ ਕੀਤੀ । ਬਾਪੂ ਦੀ ਝਾੜ – ਝੰਭ ਸਹਿਣ ਦੀ ਲੋੜ ਵੀ ਨਹੀਂ ਸੀ ਪਈ । ਉਨ੍ਹਾਂ ਦੋਨਾਂ ਤੋਂ ਅੱਖਾਂ ਬਚਾ ਕੇ ਮੈਂ ਰਾਤੀਂ ਸੌਣ ਲੱਗਿਆਂ , ਕੁੱਲੀ ਦੀ ਛੱਤ ‘ਚ ਖਭੋ ਕੇ ਰੱਖੀ ਪੈਸਿਆਂ ਵਾਲੀ ਗੁੱਥਲੀ ਵਿਚੋਂ ਚਿੱਟੀ ਚਮਕਦਾਰ ਚੁਆਨੀ ਅਛੋਪਲੇ ਜਿਹੇ ਕੱਢ ਕੇ ਜਮੈਟਰੀ ਬਕਸ ਵਿੱਚ ਲਕੋ ਲਈ ਸੀ । ਚੀਨੀ ਦਾ ਚਿੱਟਾ ਸ਼ਰਬਤ ਪੀਣ ਲਈ । ਨੰਦੂ ਦੇ ਸਾਹਮਣੇ ਬੈਠ ਕੇ ।

ਅਪਣੀ ਇਸ ਪ੍ਰਾਪਤੀ ‘ਤੇ ਉਸ ਰਾਤ ਮੈ ਕਿੰਨਾ ਚਿਰ ਸੁੱਤਾ ਸਾਂ ਕਿੰਨਾ ਚਿਰ ਜਾਗਿਆ , ਇਸ ਦੀ ਮੈਨੂੰ ਬਿਲਕੁਲ ਸੁਰਤ ਨਹੀਂ ਸੀ ਰਹੀ ।

ਇੱਟ ਹਿੱਟ ਅਪਾਉਨ ਏ ਪਲੈਨ .....

ਸੌਣ-ਜਾਗਣ ਦਾ ਹਿਸਾਬ –ਕਿਤਾਬ ਤਾਂ ਮੇਰਾ ਹੁਣ ਵੀ ਐਸਾ-ਵੈਸਾ ਹੀ ਐਂ । ਦਸ ਸਾਢੇ-ਦਸ ਵਜੇ ਤਾਂ ਮਸਾਂ ਘਰ ਹੀ ਪੁੱਜਿਆ ਜਾਂਦਾ । ਫਿਰ ਗਈ ਰਾਤ ਤੱਕ ਮੈਂ ਅਪਣੇ ਕਮਰੇ ‘ਚ ਕੁਝ ਨਾ ਕੁਝ ਕਰਨ ‘ਚ ਰੁਝਿਆ ਹੁੰਨਾਂ । ਥੋੜ੍ਹੀ ਕੁ ਬੀਤੀ ਸ਼ਾਮ ਦੀ ਸਮੀਖਿਆ ਕਰਨੀ ਹੁੰਦੀ , ਤੇ ਬਹੁਤਾ ਅਗਲੇ ਦਿਨ ਦਾ ਲੈਸਨ ਤਿਆਰ ਕਰਨਾ ਹੁੰਦਾ । ਵੱਖ-ਵੱਖ ਚੈਨਲਾਂ ‘ਤੇ ਚਲਦੇ ਰੀਮਿਕਸ਼ ਸ਼ਾਟ ਦੇਖਣੇ ਹੁੰਦੇ । ਅੱਛੀਆਂ-ਅੱਛੀਆਂ ਮੁਦਰਾਵਾਂ ਦੀ ਚੋਣ ਕਰਨੀ ਹੁੰਦੀ , ਯੰਗਸਟਰਜ਼ ਦੇ ਐਪਟੀਚੂਡ ਅਨੁਸਾਰ । ਅੱਜ ਕਲ੍ਹ ਮੈਂ ਇਕ ਸੰਗੀਤ ਅਕਾਦਮੀ ਨਾਲ ਜੁੜਿਆ ਹੋਇਆਂ । ਇਹ ਅਕਾਦਮੀ ਸਿੱਖਿਆਰਥੀਆਂ ਦੀ ਲੈਸਨਿੰਗ ਵੀ ਕਰਦੀ ਐ ਤੇ ਮਨੋਰੰਜਨ ਵੀ । ਹਰ ਤਰ੍ਹਾਂ ਦਾ ਮਨੋਰੰਜਨ । ਬੜਾ ਖੁੱਲ੍ਹਾ-ਡੁੱਲ੍ਹਾ ਮਾਹੌਲ ਐ ਇਸ ਦਾ । ਡਾਂਸ , ਕੈਬਰੇ , ਆਰਕੈਸਟਰਾ , ਰੀਹਰਸਲ-ਰੂਮ, ਮੇਕ-&#


No Comment posted
Name*
Email(Will not be published)*
Website




Can't read the image? click here to refresh

Enter the above Text*