Bharat Sandesh Online::
Translate to your language
News categories
Usefull links
Google

     

ਧਰਮ ਦੇ ਨਾਂ ਤੇ ਧੰਦਾ
13 Nov 2011

     ਗਿਆਨ ਸਿੰਘ ਕੋਟਲੀ ਵੈਨਕੂਵਰ

1

ਰੱਬ ਦੇ ਨਾ ਤੇ ਹੇਰਾ ਫੇਰੀ, ਚੰਗਾ ਚੱਜ ਅਚਾਰ ਨਹੀਂ ਹੈ ।  

ਧਰਮ ਦੇ ਨਾ ਤੇ ਧੰਦਾ ਠੱਗੀ, ਚੰਗਾ ਕਾਰੋਬਾਰ ਨਹੀਂ ਹੈ ।    

2

ਹੱਦਾਂ ਵੰਡੀਆਂ ਪਾੜੇ ਪਾਉਣੇ, ਆਪਸ ਵਿਚ ਲੜਾਉਣੇ ਲੋਕੀਂ, 

ਇਸ ਤੋਂ ਵਡਾ ਪਾਪ ਨਾ ਕੋਈ, ਏਦੂੰ ਭੈੜੀ ਕਾਰ ਨਹੀਂ ਹੈ ।    

3

ਆਪਣੀ ਰੋਟੀ ਸੇਕਣ ਖਾਤਿਰ, ਥਾਂ ਥਾਂ ਲੂਤੀ ਲਾਈ ਜਾਣੀ,               

ਇਹ ਤਾਂ ਸੁਹਣੇ ਸਾਊ ਸੁੱਚੇ ਬੰਦੇ ਦਾ ਬਿਓਹਾਰ ਨਹੀਂ ਹੈ ।      

4

ਰਸਮਾਂ ਭੇਖ ਪਖੰਡੀ ਲਾਰੇ, ਰੱਬੀ ਰਹਿਮਤ ਨਜ਼ਰ ਸੁਵੱਲੀ,    

ਇਹ ਹੈ ਸਾਰਾ ਗੋਰਖ ਧੰਦਾ, ਕੋਈ ਪਰਉਪਕਾਰ ਨਹੀਂ ਹੈ ।

 5

ਜਗਤ ਜਲੰਦੇ ਠੰਢ ਵਰਤਾਉਣੀ, ਪਿਆਰ ਸਚਾਈ ਮਾਨਵ ਸੇਵਾ,

ਏਦੂੰ ਵਧ ਕੇ ਸੁਹਣਾ ਸੁਰਗੀ, ਹੋਰ ਕੋਈ ਉਪਕਾਰ ਨਹੀਂ ਹੈ ।    

6

ਈਰਖਾ ਨਫਰਤ ਸਾੜਾ ਲਾਲਚ, ਹੈਂਕੜ ਹਉਮੇ ਮਤਲਬ ਖੋਰੀ,

ਬੰਦੇ ਦੀ ਇਸ ਘਾਣ-ਕਲਾ ਤੇ, ਭੋਰਾ ਵੀ ਇਤਵਾਰ ਨਹੀਂ ਹੈ ।

7

ਦੁੱਖ ਦੂਜੇ ਹੱਸ ਕੇ ਸਹਿਣਾ, ਹਰ ਪੀੜ ਨੂੰ ਆਪਣੀ ਕਹਿਣਾ,

ਇਸ ਤੋਂ ਵਧ ਕੇ ਸੁਹਣਾ ਕੋਈ, ਸੁੱਖਾਂ ਦਾ ਸੰਸਾਰ ਨਹੀਂ ਹੈ ।                 

8                  

ਅੰਦਰੋਂ ਹੋਰ ਤੇ ਬਾਹਰੋਂ ਹੋਰ, ਕਹਿਣੀ ਹੋਰ ਤੇ ਕਰਨੀ ਹੋਰ,

ਇਹਦੇ ਨਾਲ ਜੋ ਭਰਿਆ ਬੰਦਾ, ਉਹ ਯਾਰਾਂ ਦਾ ਯਾਰ ਨਹੀਂ ਹੈ ।

                   [604 5027151]

 

 

           ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਆਵਾਜ਼

              [ਗਿਆਨ ਸਿੰਘ ਕੋਟਲੀ ਵੈਨਕੂਵਰ ]

 

ਦੇਸ਼ ਵਾਸੀਓ ਅਸਾਂ ਦੇ ਖੂਨ ਬਦਲੇ, ਮਿਲੀਆਂ ਤੁਸਾਂ ਨੂੰ ਇਹ ਸਰਦਾਰੀਆਂ ਸਨ  ।

ਚੱਪੇ ਚੱਪੇ ਤੇ ਡੋਹਲਿਆ ਖੂਨ ਆਪਾਂ, ਝੱਲੀਆਂ ਸਿਰਾਂ ਤੇ ਬਹੁਤ ਖੁਆਰੀਆਂ ਸਨ ।

ਝੂਟੇ ਲਏ ਸੀ ਫਾਂਸੀ ਦੇ ਰੱਸਿਆਂ ਤੇ , ਚੜ੍ਹੀਆਂ ਅਸਾਂ ਨੂੰ ਅਜਬ ਖੁਮਾਰੀਆਂ ਸਨ ।

ਝੱਲੇ ਦੇਸ਼ ਦੇ ਲਈ ਸੀ ਕਸ਼ਟ ਲੱਖਾਂ, ਜਾਨਾਂ ਇਸ ਦੀ  ਭਗਤੀ ਤੋਂ ਵਾਰੀਆਂ ਸਨ ।

                  ਐਪਰ ਜੇਸ ਦੀ ਆਨ ਤੇ ਸ਼ਾਨ ਖਾਤਿਰ,                

                  ਰੋਮ ਰੋਮ ਸੀ ਅਸੀਂ ਕੁਰਬਾਨ ਕੀਤਾ ।                    

                ਓਸੇ ਦੇਸ਼ ਨੂੰ ਤੁਸਾਂ ਅੱਜ ਊਜ ਲਾਈ , 

                    ਓਸੇ ਦੇਸ਼ ਦਾ ਤੁਸਾਂ ਅਪਮਾਨ ਕੀਤਾ ।

2|                   

ਹੁਣ ਤੇ ਜਾਪਦਾ ਆਪਣੀ ਮਾਤ ਭੂਮੀ, ਪੁੱਤਰ ਸੂਰਮੇ ਆਪ ਹੀ ਖਾਈ ਜਾਂਦੀ ।

ਕਰਦੇ ਹੱਕ ਤੇ ਸੱਚ ਦੀ ਗੱਲ ਜਿਹੜੇੇ, ਤਾਲੇ ਉਨ੍ਹਾਂ ਦੇ ਮੂੰਹ ਤੇ ਲਾਈ ਜਾਂਦੀ ।  

ਸਾਜਿਸ਼ ਰਚ ਕੇ ਪੁਲਸ ਮੁਕਾਬਲੇ ਦੀ, ਮੇਰੇ ਵਾਰਸਾਂ  ਤਾਈਂ ਮੁਕਾਈ ਜਾਂਦੀ ।

ਖੂਨ ਡੋਲ੍ਹ ਕੇ ਦੇਸ਼ ਦੇ ਸੂਰਿਆਂ ਦਾ, ਘਾਟਾ  ਕੌਮੀ ਸਰਮਾਏ ਨੂੰ ਪਾਈ ਜਾਂਦੀ ।

                  ਇਹ ਉਹ ਸੂਰਮੇ ਪੁਤਲੇ ਕੁਰਬਾਨੀਆਂ ਦੇ,

                ਦਿੱਤਾ ਸਬਕ ਏ ਜਿਹਨਾਂ ਪਰਵਾਨਿਆਂ ਨੂੰ । 

                ਜਿਹਨਾਂ ਫਾਂਸੀ ਤੇ ਅਣਖ ਦੀ ਵਾਰ ਲਿਖੀ , 

                  ਲਿਖਿਆ ਤੇਗ ਤੇ ਜਿਹਨਾਂ ਤਰਾਨਿਆਂ ਨੂੰ ।

3|

ਦੇਖ ਦੇਖ  ਕੇ ਦਿਲ ਹੈ ਦੁਖੀ ਹੁੰਦਾ, ਮੇਰੇ ਵਤਨ ਦੇ  ਕਿਵੇਂ ਕਿਰਦਾਰ ਹੋਏ ।

ਕਿਵੇਂ ਮੱਚੀ ਏ ਧਾਂਦਲੀ ਚਾਰ ਪਾਸੇ, ਚਮਚੇ  ਪਿੱਠੂ ਨੇ ਕਿਵੇਂ ਸਰਦਾਰ ਹੋਏ ।

ਲੁੱਟ ਫੁੱਟ ਅਨਿਆਂ ਤੇ ਰਿਸ਼ਵਤਾਂ ਦੇ, ਲੋਕੀਂ ਵਿਲਕਦੇ ਕਿਵੇਂ ਸ਼ਿਕਾਰ ਹੋਏ ।

ਲਾਭ ਲੋਕਾਂ ਦਾ ਸੋਚਦਾ ਨਹੀਂ ਦਿਸਦਾ, ਕੋਈ ਆਗੂ ਤੇ ਕੋਈ ਸਰਕਾਰ ਹੋਏ ।

                       ਦੇਸ਼ ਵਾਸੀਓ ਲੀਡਰੋ ਦੇਸ਼ ਖਾਤਿਰ,

                       ਕਰੋ ਏਕੇ ਇਤਫਾਕ ਦੀ ਗੱਲ ਕੋਈ ।

                       ਛੱਡੋ ਵਿਤਕਰੇ ਨਿੱਜੀ ਸੁਆਰਥਾਂ ਦੇ,

                       ਲੱਭੋ ਦੇਸ਼ ਉਸਾਰੀ ਦਾ ਹੱਲ ਕੋਈ ।

 

                         [ਵੈਨਕੂਵਰ 604 5027151] 
 


No Comment posted
Name*
Email(Will not be published)*
Website




Can't read the image? click here to refresh

Enter the above Text*