ਕਪੂਰਥਲਾ, – ਪੰਜਾਬ ਵਿਧਾਨ ਸਭਾ ਚੋਣਾਂ 2012 ਦੇ ਸਬੰਧ ‘ਚ ਵੋਟਰ ਸੂਚੀਆਂ ਦੀ ਸੁਧਾਈ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਦੇ ਸੱਦਾ ਦਿੱਤਾ ਕਿ ਜ਼ਿਲ੍ਹੇ ‘ਚ 18 ਸਾਲ ਤੋਂ ਵੱਧ ਉਮਰ ਵਾਲਾ ਕੋਈ ਵਿਅਕਤੀ ਵੋਟ ਬਨਾਉਣ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਢਾਂਚੇ ‘ਚ ਵੋਟ ਬਨਾਉਣਾ ਸਭ ਤੋਂ ਪਵਿਤਰ ਕੰਮ ਹੈ ਅਤੇ ਇਸ ਨੂੰ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਾਵੇ। ਮੀਟਿੰਗ ਦੀ ਕਾਰਵਾਈ ਚਲਾਉਂਦੇ ਐਸ. ਡੀ. ਐਮ. ਕਪੂਰਥਲਾ ਸ੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਸਾਰੇ ਬੂਥਾਂ ਲਈ ਅਧਿਕਾਰੀ ਨਿਯੁੱਕਤ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਵੋਟਰ ਸੂਚੀਆਂ ਦੇ ਦਿੱਤੀਆਂ ਗਈਆਂ ਹਨ। ਵੋਟਾਂ ਸਬੰਧੀ ਕੋਈ ਵੀ ਦਾਅਵਾ ਜਾਂ ਇਤਰਾਜ਼ ਉਕਤ ਅਧਿਕਾਰੀਆਂ ਨੂੰ 4 ਅਕਤੂਬਰ ਤੋਂ 20 ਅਕਤੂਬਰ ਤੱਕ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ 1 ਜਨਵਰੀ 2012 ਤੱਕ 18 ਸਾਲ ਜਾਂ ਇਸ ਤੋਂ ਵੱਧ ਬਣਦੀ ਹੈ, ਉਹ ਵੋਟ ਬਨਾਉਣ ਦਾ ਹੱਕਦਾਰ ਹੈ। ਉਹ ਵੋਟ ਬਨਾਉਣ ਲਈ ਫਾਰਮ ਨੰਬਰ 6 ਭਰਕੇ ਉਸ ਨਾਲ ਉਮਰ ਤੇ ਰਿਹਾਇਸ਼ ਦਾ ਸਬੂਤ ਸਬੰਧਤ ਅਧਿਕਾਰੀ ਨੂੰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਸੁਧਾਈ ਲਈ ਵਿਸ਼ੇਸ਼ ਮੁਹਿੰਮ 9 ਤੋਂ 16 ਅਕਤੂਬਰ ਤੱਕ ਚਲਾਈ ਜਾਣੀ ਹੈ। ਗ੍ਰਾਮ ਸਭਾ, ਈ. ਓ. ਆਦਿ ਵੱਲੋਂ ਵੈਰੀਫੀਕੇਸ਼ਨ ਦਾ ਕੰਮ 7 ਤੋਂ 10 ਅਕਤੂਬਰ ਨੂੰ ਕੀਤਾ ਜਾਵੇਗਾ ਅਤੇ 2 ਜਨਵਰੀ 2012 ਨੂੰ ਨਵੀਂ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਬੰਧਤ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਨਾਉਣ ਕਿ ਸਾਰੇ ਬੀ. ਐਲ. ਓਜ਼ ਆਪਣੇ-ਆਪਣੇ ਬੂਥ ‘ਤ ਜਾ ਕੇ ਬੈਠਣ ਅਤੇ ਵੋਟਾਂ ਦੀ ਸੁਧਾਈ ਕਰਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਨਵੀਂ ਵੋਟ ਬਨਾਉਣੀ, ਗਲਤ ਵੋਟ ਕਟਾਉਣੀ, ਰਿਹਾਇਸ਼ ਦੀ ਬਦਲੀ, ਗਲਤ ਨਾਮ ਨੂੰ ਠੀਕ ਕਰਨਾ ਆਦਿ ਦੇ ਸਾਰੇ ਕੰਮ ਕੀਤੇ ਜਾਣੇ ਹਨ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁੰਮਾਇਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ‘ਚ ਪ੍ਰਸ਼ਾਸਨ ਦਾ ਸਾਥ ਦੇਣ, ਪਰ ਕਿਸੇ ‘ਤੇ ਗਲਤ ਦਬਾਅ ਨਾ ਬਨਾਉਣ, ਤਾਂ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਸਕਣ। ਅੱਜ ਦੀ ਇਸ ਮੀਟਿੰਗ ‘ਚ ਕੌਂਸਰਲ ਹਰਬੰਸ ਸਿੰਘ ਵਾਲੀਆ, ਮਨਮੋਹਨ ਸਿੰਘ ਵਾਲੀਆ, ਸੁਖਪਾਲ ਸਿੰਘ ਭਾਟੀਆ, ਮੁੱਖ ਖੇਤੀਬਾੜੀ ਅਧਿਕਾਰੀ ਮਨੋਹਰ ਸਿੰਘ, ਜ਼ਿਲ੍ਹਾ ਉਦਯੋਗ ਮੈਨੇਜਰ ਅਮਰਜੀਤ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਸੁਪਰਵਾਈਜ਼ਰ ਆਏ ਹੋਏ ਸਨ।