October 13, 2011 admin

ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ 18600 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਅਤੇ ਪਿਛਲੇ ਸਾਲ ਦੇ 125 ਦੇ ਮੁਕਾਬਲੇ 133 ਲੱਖ ਮੀਟਰਿਕ ਟਨ ਝੋਨਾ ਖਰੀਦ ਕਰਨ ਦਾ ਟੀਚਾ ਰੱਖਿਆ -ਡੀ.ਐਸ.ਗੁਰੂ

*ਪੰਜਾਬ ਵਿੱਚ ਝੋਨੇ ਦੀ ਖਰੀਦ ਲਈ 1745 ਖਰੀਦ ਕੇਂਦਰ ਸਥਾਪਿਤ ਅਤੇ 8 ਲੱਖ ਬਾਰਦਾਨਾ ਗੱਠਾਂ ਦਾ ਪ੍ਰਬੰਧ
*ਹੁਣ ਤੱਕ ਪੰਜਾਬ ਵਿੱਚ 23.83 ਲੱਖ ਟਨ ਝੋਨੇ ਦੀ ਖਰੀਦ ਅਤੇ 1300 ਕਰੋੜ ਰੁਪਏ ਦੀ ਅਦਾਇਗੀ ਕੀਤੀ
ਜਲੰਧਰ – ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ 18600 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪਿਛਲੇ ਸਾਲ ਦੇ 125 ਲੱਖ ਮੀਟਰਿਕ ਟਨ ਦੇ ਝੋਨੇ ਦੀ ਖਰੀਦ ਦੇ ਮੁਕਾਬਲੇ ਇਸ ਸਾਲ 133 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਮੰਤਵ ਲਈ ਸੂਬੇ ਵਿਚ 1745 ਖਰੀਦ ਕੇਂਦਰ ਬਣਾਏ ਗਏ ਹਨ ਅਤੇ 8 ਲੱਖ ਬਾਰਦਾਨਾ ਗੱਠਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਜਾਣਕਾਰੀ ਸ੍ਰੀ ਦਰਬਾਰਾ ਸਿੰਘ ਗੁਰੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸੈਕਟਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ,ਪੰਜਾਬ ਨੇ ਅੱਜ ਇਥੇ ਜਲੰਧਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਮੌਕੇ ਦਿੱਤੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ੍ਰੀ ਅਨੁਰਾਗ ਵਰਮਾ ਡਵੀਜ਼ਨਲ ਕਮਿਸ਼ਨਰ ਜਲੰਧਰ ਡਵੀਜ਼ਨ, ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ , ਸ੍ਰੀ ਗੌਰਵ ਯਾਦਵ ਪੁਲਿਸ ਕਮਿਸ਼ਨਰ ਜਲੰਧਰ ਹਾਜਰ ਸਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸੁਚਾਰੂ ਖਰੀਦ ਵਾਸਤੇ ਪੰਜਾਬ ਦੇ 22 ਜਿਲ੍ਹਿਆਂ ਨੂੰ 6 ਜੋਨਾਂ ਵਿਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਜੋਨਾਂ ਵਿਚ ਚਾਰ ਡਵੀਜ਼ਨਲ ਕਮਿਸ਼ਨਰਾਂ ਅਤੇ 2 ਹੋਰ ਸੀਨੀਅਰ ਆਈ.ਏ.ਐਸ.ਆਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਹੜੇ ਕਿ ਝੋਨੇ ਦੀ ਖਰੀਦ ਸਬੰਧੀ ਉਨ੍ਹਾਂ ਨੂੰ ਨਿਰਧਾਰਿਤ ਕੀਤੇ ਗਏ ਜਿਲ੍ਹਿਆਂ ਵਿਚ ਕੋਈ ਕਮੀ ਪੇਸ਼ੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਉਹ ਦੂਰ ਕਰਵਾਉਣਗੇ।  ਪ੍ਰਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਖਰੀਦ ਦੇ ਜਾਇਜ਼ੇ ਵਾਸਤੇ ਉਹ ਪੂਰੇ ਪੰਜਾਬ ਦੇ ਸਾਰੇ ਜਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਝੋਨੇ ਦੀ ਖਰੀਦ ਵਿਚ ਆ ਰਹੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਵਾਉਣ ਦਾ ਯਤਨ ਕਰਨਗੇ।
  ਪ੍ਰਿੰਸੀਪਲ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਨੇ ਅੱਜ ਅਨਾਜ ਮੰਡੀ ਜਲੰਧਰ ਦੇ ਦੌਰੇ ਮੌਕੇ ਝੋਨੇ ਦੀ ਖਰੀਦ ਦੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਤੱਕ ਖਰੀਦ ਕੀਤੇ ਗਏ ਝੋਨੇ ਦੀ ਕੀਮਤ ਲੱਗਭਗ 1600 ਕਰੋੜ ਰੁਪਏ ਬਣਦੀ ਹੈ ਜਿਸ ਵਿਚੋਂ 1300 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ 48 ਘੰਟਿਆਂ ਅੰਦਰ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸ੍ਰੀ ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਝੋਨਾ ਵੇਚਣ ਵਿਚ ਕੋਈ ਮੁਸ਼ਕਲ ਨਾ ਆਵੇ ਅਤੇ ਮੰਡੀਆਂ ਵਿਚ ਆਇਆ ਝੋਨਾ ਸਾਫ ਸਫਾਈ ਕਰਵਾਉਣ ਉਪਰੰਤ ਖਰੀਦ ਏਜੰਸੀਆਂ ਵਲੋਂ ਨਿਰਧਾਰਿਤ ਕੀਮਤ ਤੇ ਤੁਰੰਤ ਖਰੀਦਿਆ ਜਾਵੇ । ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਡੀਆਂ ਵਿੱਚ ਅਚਨਚੇਤੀ ਚੈਕਿੰਗ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ। ਸ੍ਰੀ ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ 12 ਅਕਤੂਬਰ 2011 ਤੱਕ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ 25 ਲੱਖ ਮੀਟਰਿਕ ਟਨ ਝੋਨਾ ਆਇਆ ਸੀ ਜਿਸ ਵਿਚੋਂ 23 ਲੱਖ 83 ਹਜਾਰ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜਪੁਰ ਵਿੱਚ 287447 ਮੀਟਰਿਕ ਟਨ ਝੋਨੇ ਦੀ ਖਰੀਦ ਕਰਕੇ ਸਭ ਤੋਂ ਅਗੇ ਅਤੇ ਜਦਕਿ ਜਲੰਧਰ ਜ਼ਿਲ੍ਹਾ 277020 ਮੀਟਰਿਕ ਟਨ ਝੋਨਾ ਖਰੀਦ ਕਰਕੇ ਦੂਜੇ ਨੰਬਰ ਤੇ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਦਕਾ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਇਕ ਦਿਨ ਤੋਂ ਵੱਧ ਮੰਡੀ ਵਿਚ ਨਹੀਂ ਰਹਿਣਾ ਪਵੇਗਾ।
                              ਸ੍ਰੀ ਗੁਰੂ ਨੇ ਖਰੀਦ ਦੇ ਸੁਚੱਜੇ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਲੰਧਰ ਅਨਾਜ ਮੰਡੀ ਵਿਚ ਅੱਜ ਸਵੇਰੇ 04.00 ਵਜੇ ਝੋਨਾ ਲੈ ਕੇ ਆਏ ਕਿਸਾਨ ਦਾ ਝੋਨਾਂ ਸਵੇਰੇ 10.20 ਵਜੇ ਤੱਕ ਵਿੱਕ ਚੁੱਕਾ ਸੀ ਅਤੇ ਇਸੇ ਤਰ੍ਹਾਂ ਬਾਕੀ ਮੰਡੀਆਂ ਵਿਚ ਵੀ ਝੋਨੇ ਦੀ ਖਰੀਦ ਇਸੇ ਢੰਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿਚੋਂ 10 ਲੱਖ ਮੀਟਰਿਕ ਟਨ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਅਤੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਖਰੀਦ ਏਜੰਸੀਆਂ ਨੂੰ ਝੋਨੇ ਦੀ ਚੁਕਾਈ ਵੱਲ ਵਿਸ਼ੇਸ਼ ਧਿਆਨ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਅਨਾਜ ਮੰਡੀ ਜਲੰਧਰ ਤੋਂ ਬਾਅਦ ਪ੍ਰਤਾਪਪੁਰਾ ,ਨਕੋਦਰ,ਮਹਿਤਪੁਰ ਅਤੇ ਲੋਹੀਆਂ ਅਨਾਜ ਮੰਡੀਆਂ ਦਾ ਵੀ ਦੌਰਾ ਕੀਤਾ । ਪ੍ਰਿੰਸੀਪਲ ਸਕੱਤਰ ਨੇ ਅਨਾਜ ਮੰਡੀ ਪ੍ਰਤਾਪਪੁਰਾ  ਅਤੇ ਅਨਾਜ ਮੰਡੀ ਮਹਿਤਪੁਰ ਵਿਚ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਸਬੰਧੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਹੋਰ ਵਾਧੂ ਟਰੱਕ ਲਗਾਏ ਜਾਣ।  ਪ੍ਰਿੰਸੀਪਲ ਸਕੱਤਰ ਨੇ ਅਨਾਜ ਮੰਡੀਆਂ ਦੇ ਦੌਰੇ ਮੌਕੇ ਮੰਡੀਆਂ ਵਿੱਚ ਕਿਸਾਨਾਂ ਅਤੇ ਆੜਤੀਆਂ ਨੂੰ ਮਿਲ ਕੇ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਅਤੇ ਉਨ੍ਹਾਂ ਮੰਡੀ ਬੋਰਡ ਵਲੋਂ ਝੋਨੇ ਦੀ ਸਫਾਈ ਲਈ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਵੀ ਪ੍ਰਗਟ ਕੀਤੀ।
  ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸਨਰ ਜਲੰਧਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 2 ਲੱਖ 77 ਹਜਾਰ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸ ਤਰੀਕ ਤੱਕ 2 ਲੱਖ 90 ਹਜਾਰ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਦੀ 180 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਅਤੇ  1 ਲੱਖ 38 ਹਜਾਰ ਮੀਟਰਿਕ ਟਨ ਝੋਨਾ ਮੰਡੀਆਂ ਵਿਚੋਂ ਲਿਫਟ ਕੀਤਾ ਜਾ ਚੁੱਕਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਨਿਰਮਲ ਸਿੰਘ ਭਤੀਜਾ ਚੇਅਰਮੈਨ,ਸ੍ਰੀ ਰਾਜਪਾਲ ਸਿੰਘ ਧਾਲੀਵਾਲ ਡਵੀਜਨਲ ਜਨਰਲ ਮੇਨੈਜਰ ਪੰਜਾਬ ਮੰਡੀ ਬੋਰਡ, ਸ੍ਰੀ ਤਲਵਿੰਦਰ ਸਿੰਘ ਡੀ.ਐਸ.ਐਫ.ਸੀ, ਸ੍ਰੀ ਹਰਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਮੰਡੀ ਅਫਸਰ, ਸ੍ਰੀ ਐਮ.ਕੇ.ਸ਼ਰਮਾਂ ਡੀ.ਐਮ.ਪੰਜਾਬ ਐਗਰੋ, ਸ੍ਰੀ ਸਚਿਤ ਗਰਗ ਡੀ.ਐਮ.ਮਾਰਕਫੈਡ, ਸ੍ਰੀ ਚੂਹੜ ਸਿੰਘ ਡੀ.ਐਮ.ਪੰਜਾਬ ਵੇਅਰ ਹਾਊਸ, ਸ੍ਰੀ ਕਰਮਦੀਪ ਜੈਨ ਡੀ.ਐਮ.ਐਫ.ਸੀ.ਆਈ., ਸ੍ਰੀ ਜਸਵੀਰ ਸਿੰਘ ਡੀ.ਐਮ.ਪਨਸ਼ਪ , ਸ੍ਰੀ ਸੁਮਿਤ ਕੁਮਾਰ ਐਸ਼.ਡੀ.ਐਮ.ਨਕੋਦਰ, ਸ੍ਰੀ ਰਜਿੰਦਰ ਸਿੰਘ ਡੀ.ਐਸ.ਪੀ.ਨਕੋਦਰ ਅਤੇ ਹੋਰ ਅਧਿਕਾਰੀ ਇਸ ਮੌਕੇ ਤੇ ਹਾਜਰ ਸਨ।

Translate »