ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਾਲਾਨਾ ਯੁਵਕ ਮੇਲਾ 17 ਅਕਤੂਬਰ ਤੋਂ ਆਰੰਭ ਹੋ ਰਿਹਾ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜ ਭਾਗ ਲੈ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਸਕੱਤਰ ਡਾ: ਨਿਰਮਲ ਜੌੜਾ ਨੇ ਦੱਸਿਆ ਕਿ 17 ਅਕਤੂਬਰ ਨੂੰ ਕਲਾਜ਼ ਮੇਕਿੰਗ ਅਤੇ ਕਾਰਟੂਨਿੰਗ ਦੇ ਮੁਕਾਬਲੇ ਕਰਵਾਏ ਜਾਣਗੇ ਜਦ ਕਿ 18 ਅਕਤੂਬਰ ਨੂੰ ਪੋਸਟਰ ਮੇਕਿੰਗ, ਵਾਦ ਵਿਵਾਦ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਜਾਣਗੇ। ਖੁੱਲੇ ਮੰਚ ਵਿੱਚ ਸੰਗੀਤ ਦੇ ਮੁਕਾਬਲੇ 21 ਅਕਤੂਬਰ ਨੂੰ ਕਰਵਾਏ ਜਾਣਗੇ ਜਦ ਕਿ 22 ਅਕਤੂਬਰ ਨੂੰ ਸ਼ਬਦ ਅਤੇ ਭਜਨ ਗਾਇਨ, ਕਵਿਜ਼, ਸਕਿੱਟ, ਮੋਨੋ ਐਕਟਿੰਗ ਅਤੇ ਮਾਈਮ ਦੇ ਮੁਕਾਬਲੇ ਕਰਵਾਏ ਜਾਣਗੇ। ਯੁਵਕ ਮੇਲੇ ਦੌਰਾਨ ਨਾਟਕਾਂ ਅਤੇ ਮਮਿੱਕਰੀ ਦੇ ਮੁਕਾਬਲੇ 23 ਅਕਤੂਬਰ ਨੂੰ ਕਰਵਾਏ ਜਾਣਗੇ ਜਦ ਕਿ ਲੋਕ ਨਾਚਾਂ ਦੇ ਮੁਕਾਬਲੇ ਅਤੇ ਇਨਾਮ ਵੰਡ ਸਮਾਰੋਹ 24 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ।