October 17, 2011 admin

ਡਾ: ਗੁਰਬਚਨ ਸਿੰਘ ਦੀ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ ਤੇ ਡਾ:ਢਿੱਲੋਂ ਵੱਲੋਂ ਮੁਬਾਰਕਾਂ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ਸਲ ਵਿਗਿਆਨ ਡਾ: ਗੁਰਬਚਨ ਸਿੰਘ ਦੀ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ ਤੇ ਮੁਬਾਰਕਵਾਦ ਦਿੰਦਿਆਂ ਕਿਹਾ ਹੈ ਕਿ ਇਸ ਨਿਯੁਕਤੀ ਨਾਲ ਸਾਡੀ ਯੂਨੀਵਰਸਿਟੀ ਦਾ ਵਿਦਿਅਕ ਕੱਦ ਹੋਰ ਉੱਚਾ ਹੋਇਆ ਹੈ। ਦੇਸ਼ ਦੀ ਸਰਵੋਤਮ ਭਰਤੀ ਸੰਬੰਧੀ ਸੰਸਥਾ ਦੇ ਚੇਅਰਮੈਨ ਬਣਨ ਵਾਲੇ ਡਾ: ਗੁਰਬਚਨ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਵਿਦਿਆਰਥੀ ਹਨ। ਡਾ: ਸਿੰਘ ਹੁਣ ਤੀਕ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵਿੱਚ ਭਾਰਤ ਦੇ ਖੇਤੀਬਾੜੀ ਕਮਿਸ਼ਨਰ ਵਜੋਂ ਕਾਰਜਸ਼ੀਲ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦਾ ਅਨਾਜ ਉਤਪਾਦਨ 241.6 ਮਿਲੀਅਨ ਟਨ ਹੋਇਆ ਜੋ ਹੁਣ ਤੀਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਡਾ: ਗੁਰਬਚਨ ਸਿੰਘ ਦੀ ਅਗਵਾਈ ਹੇਠ ਹੀ ਦੇਸ਼ ਨੇ 18.1 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਕੀਤਾ। ਇਸ ਕੌਮੀ ਪਦਵੀ ਤੇ ਪਹੁੰਚਣ ਵਾਲੇ ਡਾ: ਗੁਰਬਚਨ ਸਿੰਘ ਪਹਿਲੇ ਪੰਜਾਬੀ ਵਿਗਿਆਨੀ ਬਣੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਢਿੱਲੋਂ ਨੇ ਦੱਸਿਆ ਕਿ ਡਾ: ਗੁਰਬਚਨ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ ਐਸ ਸੀ, ਐਮ ਐਸ ਸੀ ਅਤੇ ਪੀ ਅੱੈਚ ਡੀ ਤੀਕ ਦੀ ਪੜ੍ਹਾਈ ਕਰਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ਸੇਵਾ ਕਰਨ ਗਏ । ਜਿਸ ਭਰਤੀ ਬੋਰਡ ਦੇ ਉਹ ਚੇਅਰਮੈਨ ਬਣੇ ਹਨ ਉਸੇ ਰਾਹੀਂ ਹੀ ਉਹ ਖੁਦ ਚੁਣੇ ਗਏ ਸਨ ਅਤੇ ਲੰਮਾ ਸਮਾਂ ਕਰਨਾਲ ਸਥਿਤ ਕੇਂਦਰੀ ਭੂਮੀ ਖੋਜ ਸੰਸਥਾਨ ਵਿੱਚ ਸੀਨੀਅਰ ਵਿਗਿਆਨੀ ਵਜੋਂ ਕਾਰਜਸ਼ੀਲ ਰਹੇ। ਡਾ: ਸਿੰਘ ਦੀ ਯੋਗਤਾ ਨੇ ਹੀ ਉਨ੍ਹਾਂ ਨੂੰ ਪਹਿਲਾਂ ਵੱਖ ਵੱਖ ਉਚੇਰੇ ਅਹੁਦਿਆਂ ਤੇ ਪਹੁੰਚਾਇਆ ਅਤੇ ਪਿਛਲੇ ਸਾਲ ਹੀ ਉਹ ਖੇਤੀਬਾੜੀ ਕਮਿਸ਼ਨਰ ਬਣੇ। ਵਰਤਮਾਨ ਪਦਵੀ ਤੇ ਪਹੁੰਚਣਾ ਹਰ ਵਿਗਿਆਨੀ ਦਾ ਸੁਪਨਾ ਹੁੰਦਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਦੇ ਜੰਮਪਲ ਡਾ: ਗੁਰਬਚਨ ਸਿੰਘ ਨਿਰੋਲ ਖੇਤੀ ਕਰਦੇ ਪਰਿਵਾਰ ਵਿਚੋਂ ਹਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਵਿਦਿਆਰਥੀਆਂ ਅਤੇ ਵਿਗਿਆਨੀਆਂ ਵਿੱਚ ਉਹ ਬਹੁਤ ਸਤਿਕਾਰਯੋਗ ਰੁਤਬਾ ਰੱਖਦੇ ਹਨ।
ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਫਖ਼ਰ ਹੈ ਕਿ ਡਾ: ਗੁਰਬਚਨ ਸਿੰਘ ਉਨ੍ਹਾਂ ਦੇ ਕਾਲਜ ਦੇ ਹੀ ਵਿਦਿਆਰਥੀ ਰਹੇ ਹਨ ਅਤੇ ਆਪਣੇ 270 ਖੋਜ ਲੇਖਾਂ ਸਦਕਾ ਵਿਸ਼ਵ ਵਿਗਿਆਨੀ ਪਰਿਵਾਰ ਵਿੱਚ ਬਹੁਤ ਜਾਣੇ ਪਛਾਣੇ ਨਾਮ ਹਨ। ਕੌਮੀ ਪੱਧਰ ਤੇ ਹਰੀ ਓਮ ਆਸ਼ਰਮ ਟਰੱਸਟ ਐਵਾਰਡ 1989, ਡਾ: ਕੇ ਏ ਸ਼ੰਕਰਾ ਨਰਾਇਣ ਐਵਾਰਡ 1993-94, ਦਸਵਾਂ ਸੂਕੁਮਾਰਵਸੂ ਮੈਮੋਰੀਅਲ ਐਵਾਰਡ 1995-96, ਰਫੀ ਅਹਿਮਦ ਕਿਦਵਾਈ ਐਵਾਰਡ 1996-98, ਚੌਧਰੀ ਚਰਨ ਸਿੰਘ ਐਵਾਰਡ 2007, ਸ: ਪਟੇਲ ਆਈ ਸੀ ਆਰ ਇੰਸਟੀਚਿਊਟ ਐਵਾਰਡ 2009 ਅਤੇ ਕੌਮੀ ਖੇਤੀ ਵਿਗਿਆਨਕ ਅਕੈਡਮੀ ਐਵਾਰਡ ਹਾਸਿਲ ਕਰਨ ਤੋਂ ਇਲਾਵਾ ਉਹ ਪੀ ਏ ਯੂ ਓਲਡ ਸਟੂਡੈਂਟ ਐਸੋਸੀਏਸ਼ਨ ਵੱਲੋਂ ਵੀ ਪਿਛਲੇ ਸਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ। ਡਾ: ਗੁਰਬਚਨ ਸਿੰਘ ਨੇ ਆਪਣੀ ਨਵੀਂ ਜਿੰਮੇਂਵਾਰੀ ਦਾ ਅਹੁਦਾ ਸੰਭਾਲ ਲਿਆ ਹੈ।

Translate »