ਚੰਡੀਗੜ੍ਹ – ਪੰਜਾਬ ਸਰਕਾਰ ਨੇ ਸੂਬੇ ਵਿੱਚ ਤੰਬਾਕੂ ਦੇ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ ਜਿਸ ਲਈ ਟਾਸਕ ਫੋਰਸ ਬਣਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੱਤਪਾਲ ਗੋਸਾਈਂ ਨੇ ਦੱਸਿਆ ਕਿ ਤੰਬਾਕੂ ਐਕਟ ਦੀਆਂ ਧਾਰਾਵਾਂ ਨੂੰ ਸੂਬੇ ਵਿੱਚ ਸਖਤੀ ਨਾਲ ਲਾਗੂ ਕਰਨ ਲਈ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਸਿਹਤ ਮੰਤਰੀ ਸ੍ਰੀ ਗੋਸਾਈਂ ਨੇ ਦੱਸਿਆ ਕਿ ਤੰਬਾਕੂਨੁਸ਼ੀ ਰੋਕਣ ਲਈ ਸਰਕਾਰ ਨੇ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ ਜਿਹੜੀ ਜ਼ਿਲ੍ਹਿਆਂ ਵਿੱਚ ਤੰਬਾਕੂ ਐਕਟ ਦੀਆਂ ਧਾਰਾਵਾਂ ਨੂੰ ਲਾਗੂ ਕਰਨ ਲਈ ਯਕੀਨੀ ਬਣਾਏਗੀ। ਉਨ੍ਹਾਂ ਦੱਸਿਆ ਕਿ ਟਾਸਕ ਫੋਰਸ ਵਿੱਚ ਛੇ ਸਰਕਾਰੀ ਮੈਂਬਰ ਅਤੇ ਇਕ ਗੈਰ ਸਰਕਾਰੀ ਮੈਂਬਰ ਹੋਵੇਗਾ। ਸਰਕਾਰੀ ਮੈਂਬਰਾਂ ਵਿੱਚ ਡਿਪਟੀ ਕਮਿਸ਼ਨਰ ਜਾਂ ਉਨ੍ਹਾਂ ਦਾ ਅਧਿਕਾਰਤ ਨੁਮਾਇੰਦਾ, ਐਸ.ਐਸ.ਪੀ. ਜਾਂ ਉਨ੍ਹਾਂ ਦਾ ਅਧਿਕਾਰਤ ਨੁਮਾਇੰਦਾ (ਡੀ.ਐਸ.ਪੀ. ਦੇ ਅਹੁਦੇ ਤੋਂ ਘੱਟ ਨਾ ਹੋਵੇ), ਸਿਵਲ ਸਰਜਨ ਜਾਂ ਜ਼ਿਲ੍ਹਾ ਪੱਧਰ ਦਾ ਤੰਬਾਕੂ ਕੰਟਰੋਲ ਪ੍ਰੋਗਰਾਮ ਦਾ ਨੋਡਲ ਅਫਸਰ, ਡਰੱਗ ਇੰਸਪੈਕਟਰ, ਫੂਡ ਇੰਸਪੈਕਟਰ ਤੇ ਜ਼ਿਲ੍ਹਾ ਅਟਾਰਨੀ ਹੋਣਗੇ। ਗੈਰ ਸਰਕਾਰੀ ਸੰਸਥਾ (ਐਨ.ਜੀ.ਓ.) ਜਾਂ ਸਮਾਜ ਸੇਵੀ ਜਾਂ ਧਾਰਮਿਕ ਆਗੂ ਵਿੱਚੋਂ ਇਕ ਗੈਰ ਸਰਕਾਰੀ ਮੈਂਬਰ ਹੋਵੇਗਾ।
ਸ੍ਰੀ ਗੋਸਾਈਂ ਨੇ ਦੱਸਿਆ ਕਿ ਤੰਬਾਕੂ ਬਹੁਤ ਹੀ ਮਾੜੀ ਆਦਤ ਹੈ ਜਿਹੜੀ ਕੈਂਸਰ ਵਰਗੀਆਂ ਕਈ ਨਾਮੁਰਾਦ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਪੂਰੇ ਸਰੀਰ ‘ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਲਪੇਟ ਵਿੱਚ ਸਭ ਤੋਂ ਵੱਧ ਨੌਜਵਾਨ ਪੀੜੀ ਆ ਰਹੀ ਹੈ ਜਿਹੜੀ ਦੇਸ਼ ਦਾ ਭਵਿੱਖ ਹੈ। ਉਨ੍ਹਾਂ ਕਿਹਾ ਕਿ ਟਾਸਕ ਫੋਰਸ ਬਣਾਉਣ ਲਈ ਸੂਬੇ ਵਿੱਚ ਤੰਬਾਕੂਨੁਸ਼ੀ ਨੂੰ ਠੱਲ੍ਹ ਪਵੇਗੀ। ਉਨ੍ਹਾਂ ਸਿਹਤ ਵਿਭਾਗ ਨੂੰ ਸੁਚੇਤ ਕਰਦਿਆਂ ਇਸ ‘ਤੇ ਜਲਦੀ ਤੋਂ ਜਲਦੀ ਅਮਲ ਕਰਨ ਦੀ ਹਦਾਇਤ ਦਿੱਤੀ।