October 21, 2011 admin

ਐਸ. ਡੀ. ਐਮ. ਵੱਲੋਂ ਕਬੱਡੀ ਮੈਚਾਂ ਦੀ ਤਿਆਰੀ ਸਬੰਧੀ ਮੀਟਿੰਗ

ਕਪੂਰਥਲਾ – ਕਪੂਰਥਲਾ ਵਿਖੇ 9 ਨਵੰਬਰ ਨੂੰ ਖੇਡੇ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਦੀ ਤਿਆਰੀ ਸਬੰਧੀ ਐਸ. ਡੀ. ਐਮ. ਅਨੁਪਮ ਕਲੇਰ ਨੇ ਜਾਇਜ਼ਾ ਲਿਆ। ਇਸ ਮੀਟਿੰਗ ‘ਚ ਉਨ੍ਹਾਂ ਖੇਡ ਮੈਦਾਨ ਦੀ ਤਿਆਰੀ, ਸਾਫ-ਸਫਾਈ, ਖਿਡਾਰੀਆਂ ਲਈ ਰਿਹਾਇਸ਼ ਅਤੇ ਖਾਣ-ਪੀਣ ਦੇ ਪ੍ਰਬੰਧਾਂ, ਡਾਕਟਰੀ ਸਹੂਲਤਾਂ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਇਸ ਟੂਰਨਾਮੈਂਟ ਨੂੰ ਯਾਦਗਾਰੀ ਬਨਾਉਣਾ ਚਾਹੁੰਦੇ ਹਨ, ਇਸ ਲਈ ਤਿਆਰੀਆਂ ‘ਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਸ੍ਰੀਮਤੀ ਕਲੇਰ ਨੇ ਦੱਸਿਆ ਕਿ ਉਸ ਦਿਨ ਤਿੰਨ ਮੈਚ ਹੋਣੇ ਹਨ, ਜਿੰਨ੍ਹਾਂ ਦਾ ਸਮਾਂ ਸਾਢੇ ਬਾਰਾਂ ਤੋਂ ਸਾਢੇ 5 ਵਜੇ ਦਰਮਿਆਨ ਰਹੇਗਾ। ਇਸ ਦੌਰਾਨ ਪ੍ਰਸਿਧ ਪੰਜਾਬੀ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਹਾਜ਼ਰ ਜ਼ਿਲ੍ਹਾ ਖੇਡ ਅਧਿਕਾਰੀ ਸ੍ਰੀ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਕੱਲ੍ਹ ਡਾਇਰੈਕਟਰ ਖੇਡਾਂ ਸ. ਪ੍ਰਗਟ ਸਿੰਘ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦਾ ਦੌਰਾ ਕਰ ਗਏ ਹਨ ਅਤੇ ਉਹ ਆਪ ਇਸ ਕੱਪ ‘ਚ ਸਿਰੇ ਚਾੜਨ ਲਈ ਸਿਰਤੋੜ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ ਦੀ ਨਿੱਜੀ ਦਿਲਚਸਪੀ ਨਾਲ ਮੈਚਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ। ਐਸ. ਡੀ. ਐਮ. ਨੇ ਇਨ੍ਹਾਂ ਮੈਚਾਂ ਦੇ ਸੱਦਾ ਪੱਤਰ ਬਨਾਉਣ ਲਈ ਕਿਹਾ, ਤਾਂ ਜੋ ਜ਼ਿਲ੍ਹੇ ਦੇ ਅਹਿਮ ਹਸਤੀਆਂ ਨੂੰ ਨਿੱਜੀ ਤੌਰ ‘ਤੇ ਪ੍ਰਸ਼ਾਸ਼ਨ ਵੱਲੋਂ ਮੈਚ ਵੇਖਣ ਲਈ ਸੱਦਾ ਦਿੱਤਾ ਜਾ ਸਕੇ।

Translate »