ਬਰਨਾਲਾ – ਡਾ| ਬਿੱਕਰ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਬਰਨਾਲਾ, ਇੰਸਟੀਚਿਊਟ ਆਫ ਗ੍ਰੇਨ ਸਟੋਰੇਜ਼ ਲੁਧਿਆਣਾ ਅਤੇ ਫੂਡ ਕਾਰਪੋਰੇਸ਼ਨ ਬਰਨਾਲਾ ਵੱਲੋਂ ਅਨਾਜ਼ ਦੀ ਸੰਭਾਲ ਸਬੰਧੀ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਕੀਤਾ। ਉਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਘੱਟੋ-ਘੱਟ ਜ਼ਹਿਰੀਲੀਆਂ ਦਵਾਈਆਂ ਦੀ ਵਰਤੋ ਕਰਕੇ ਨਵੀਆਂ ਤਕਨੀਕਾਂ ਰਾਹੀਂ ਦਾਣਿਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦੇਣ। ਇਹ ਬਰਨਾਲਾ ਸ਼ਹਿਰ ਦਾ ਪਹਿਲਾ ਅਜਿਹਾ ਕੈਂਪ ਸੀ ਜਿਸ ਵਿੱਚ ਔਰਤਾਂ ਦੀ ਗਿਣਤੀ 33% ਤੱਕ ਸੀ।
ਇਸ ਕੈਂਪ ਵਿੱਚ ਡਾ| ਏ|ਕੇ| ਅੱਗਰਵਾਲ, ਡਾ| ਜੀ|ਕੇ| ਗੁਪਤਾ ਜੀ ਨੇ ਅਨਾਜ਼ ਸੰਭਾਲ ਬਾਰੇ ਬੋਲਦਿਆਂ ਹੋਇਆਂ ਦੱਸਿਆ ਕਿ ਅਨਾਜ਼ ਦੀ ਚੰਗੀ ਤਰਾਂ ਸੰਭਾਲ ਨਾ ਕਰਕੇ ਅਸੀਂ ਅਨਾਜ਼ ਦੀ ਬਰਬਾਦੀ ਕਰ ਰਹੇ ਹਾਂ ਅਤੇ ਜੇਕਰ ਅਸੀਂ ਅਨਾਜ਼ ਦੀ ਬਰਬਾਦੀ ਇਸੇ ਤਰਾਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕਰੋੜ ਟਨਾਂ ਵਿੱਚ ਹੋਵੇਗੀ। ਉਨਾਂ ਦੱਸਿਆ ਕਿ ਅਨਾਜ਼ ਨੂੰ ਹਮੇਸ਼ਾ ਸਾਫ ਤੇ ਠੰਡਾ ਕਰਕੇ ਹੀ ਸਟੋਰ ਕੀਤਾ ਜਾਵੇ। ਨਮੀ ਅਨਾਜ਼ ਵਿੱਚ ਕੀੜੇ ਨੂੰ ਜਨਮ ਦਿੰਦੀ ਹੈ, ਜੇਕਰ ਅਸੀਂ ਭੰਡਾਰ ਬੋਰੀਆਂ ਵਿੱਚ ਕਰਨਾ ਹੋਵੇ ਤਾਂ ਬੋਰੀਆਂ ਦੇ ਥੱਲੇ ਲੱਕੜੀ ਦੇ ਕਰੇਟ ਰੱਖੇ ਜਾਣ ਤਾਂ ਕਿ ਬੋਰੀਆਂ ਨੂੰ ਸਿੱਲ ਤੋਂ ਬਚਾਇਆ ਜਾਵੇ। ਡਾ| ਅੱਗਰਵਾਲ ਨੇ ਦੱਸਿਆ ਕਿ ਅਸੀਂ ਕਿਸ ਤਰਾਂ ਬਾਹਰ ਪੱਕੀਆਂ ਕੋਠੀਆਂ ਬਣਾ ਕੇ ਅਨਾਜ਼ ਦਾ ਭੰਡਾਰ ਕਰ ਸਕਦੇ ਹਾਂ।
ਡਾ| ਡੀ|ਕੇ| ਵਾਸਨ ਨੇ ਮਨਜੂਰਸ਼ੁਦਾ ਗੋਦਾਮਾਂ ਬਾਰੇ ਦੱਸਿਆ ਕਿ ਕਿਸ ਤਰਾਂ ਕਿਸਾਨ ਭਰਾ ਆਪਣੇ ਅਨਾਜ਼ ਨੂੰ ਭੰਡਾਰ ਕਰਕੇ ਬਦਲੇ ਵਿੱਚ ਲੋਨ ਲੈ ਸਕਦੇ ਹਨ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀਆਂ ਹਨ। ਇਸ ਕੈਂਪ ਵਿੱਚ ਡਾ| ਸਾਹਿਬ ਨੇ ਕਿਸਾਨ ਭਰਾਵਾਂ ਤੇ ਬੀਬੀਆਂ ਨੂੰ ਅਨਾਜ਼ ਭੰਡਾਰ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਦੱਸਿਆ। ਕੈਂਪ ਵਿਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਬੈਗ, ਸਰਟੀਫਿਕੇਟ ਅਤੇ ਕਿਰਾਇਆ ਭਾੜਾ ਵੀ ਦਿੱਤਾ ਗਿਆ। ਡਾ| ਐਸ|ਕੇ| ਗੰਜੂ ਐਫ|ਸੀ|ਆਈ| ਬਰਨਾਲਾ ਤੇ ਡਾ| ਐਸ|ਪੀ| ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਰਨਾਲਾ ਨੇ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ।