ਹੁਸ਼ਿਆਰਪੁਰ – ਕੁਦਰਤੀ ਪਾਣੀ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਅਤੇ ਉਸ ਦਾ ਸਦਉਪਯੋਗ ਕਰਨ ਲਈ ਪਿੰਡ ਨਾਰਾ ਵਿਖੇ ਜਲਦੀ ਹੀ ਚੈਕ ਡੈਮ ਬਣਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ 15 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਨਾਰਾ ਵਿਖੇ ਬਣਨ ਵਾਲੇ ਕਮਿਉਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਣ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਸੂਦ ਨੇ ਕਿਹਾ ਕਿ ਪਿੰਡ ਨਾਰਾ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਹੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਨਿਵਾਸੀਆਂ ਵੱਲੋਂ ਆਪਣੇ ਧਾਰਮਿਕ ਅਤੇ ਛੋਟੇ ਸਮਾਗਮਾਂ ਲਈ ਕੋਈ ਥਾਂ ਨਾ ਹੋਣ ਕਾਰਨ ਕਮਿਉਨਿਟੀ ਹਾਲ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਕਮਿਉਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਜਲਦੀ ਹੀ ਬਣਾ ਕੇ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਗਿਆਰਵੀਂ ਅਤੇ ਬਾਹਰਵੀਂ ਵਿੱਚ ਪੜਦੀਆਂ ਲੜਕੀਆਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ। ਇਸੇ ਸਕੀਮ ਤਹਿਤ ਅੱਜ ਸੀਨੀਅਰ ਸੈਕੰਡਰੀ ਸਕੂਲ ਨਾਰਾ ਦੀਆਂ ਲੜਕੀਆਂ ਨੂੰ 58 ਸਾਈਕਲ ਦਿੱਤੇ ਜਾ ਰਹੇ ਹਨ ਜਿਸ ਤੇ ਲਗਭਗ 1. 74 ਲੱਖ ਰੁਪਏ ਖਰਚ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤ ਚਾਰਦੀਵਾਰੀਆਂ ਦਾ ਨਵਨਿਰਮਾਣ ਕੀਤਾ ਜਾ ਰਿਹਾ ਹੈ । ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫ਼ਤ ਕਾਪੀਆਂ ਕਿਤਾਬਾਂ ਵੀ ਦਿੱਤੀਆ ਜਾ ਰਹੀਆਂ ਹਨ। ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਗਰੀਬ ਪ੍ਰੀਵਾਰਾਂ ਨੂੰ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਇਸ ਪਿੰਡ ਵਿੱਚ ਵੀ 36 ਲਾਭਪਾਤਰੀਆਂ ਨੂੰ ਪਖਾਨੇ ਬਣਾ ਕੇ ਦਿੱਤੇ ਗਏ ਹਨ ਜਿਸ ਤੇ 5. 40 ਲੱਖ ਰੁਪਏ ਖਰਚ ਆਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਪਿੰਡ ਵਿੱਚ ਜਿੰਮ ਖੋਲ੍ਹੇ ਜਾ ਰਹੇ ਹਨ। ਇਸ ਮੌਕੇ ਤੇ ਇਸ ਪਿੰਡ ਦੇ ਨੌਜਵਾਨਾਂ ਨੂੰ ਇੱਕ ਜਿੰਮ ਦਾ ਸਮਾਨ ਵੀ ਦਿੱਤਾ। ਇਸ ਮੌਕੇ ਤੇ ਸ੍ਰੀ ਸੂਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ ਦੇ ਨਵੇਂ ਕਮਰਿਆਂ ਦੇ ਨਿਰਮਾਣ ਲਈ 13,5000 ਰੁਪਏ ਅਤੇ ਪਿੰਡ ਦੀਆਂ ਗਲੀਆਂ-ਨਾਲੀਆਂ ਲਈ ਇੱਕ ਲੱਖ ਰੁਪਏ ਦਾ ਚੈਕ ਵੀ ਦਿੱਤਾ ।
ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪਿੰਡ ਦੇ ਸਰਪੰਚ ਗੁਰਬਖਸ਼ ਰਾਮ, ਪ੍ਰਿੰਸੀਪਲ ਜਤਿੰਦਰ ਸਿੰਘ ਮਾਨਕੂ, ਬਾਬਾ ਰਾਮ ਮੂਰਤੀ, ਰਮੇਸ਼ ਜਾਲਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਡਵੋਕੇਟ ਜਵੇਦ ਸੂਦ, ਡਾ. ਇੰਦਰਜੀਤ ਸ਼ਰਮਾ, ਅਸ਼ਵਨੀ ਕੁਮਾਰ, ਗੁਰਨਾਮ ਸਿੰਘ, ਸੰਦੀਪ ਪੁਰੀ, ਮਨੋਜ ਕੈਨੇਡੀ, ਸਰਪੰਚ ਚੱਕਸਾਧੂ ਰਾਜ ਕੁਮਾਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।