ਜਲੰਧਰ- ਸੇਵਾ ਦਾ ਅਧਿਕਾਰ ਐਕਟ 2011 ਦੀ ਜਾਣਕਾਰੀ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਗਲੇ 2 ਦਿਨਾਂ ਦੇ ਅੰਦਰ ਅੰਦਰ ਲੋਕਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਸਮਾਂ ਸੀਮਾਂ ,ਡਿਜੀਗਨੇਟਿਡ ਅਫਸਰਾਂ ਅਤੇ ਐਪੀਲੇਟ ਅਥਾਰਟੀ ਸਬੰਧੀ ਜਾਣਕਾਰੀ ਦਿੰਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਗਾਉਣ ਨੂੰ ਯਕੀਨੀ ਬਣਾਉਣ। ਇਹ ਜਾਣਕਾਰੀ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਅੱਜ ਇਥੇ ਸੇਵਾ ਦਾ ਅਧਿਕਾਰ ਐਕਟ ਅਧੀਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਜਾਇਜ਼ੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਇਸ ਐਕਟ ਦੇ ਅਧੀਨ ਲੋਕਾਂ ਨੂੰ ਸੇਵਾਵਾਂ ਦੇਣ ਲਈ ਕਿਸੇ ਵੱਖਰੇ ਪ੍ਰੋਫਾਰਮੇ ਦੀ ਕੋਈ ਜਰੂਰਤ ਨਹੀਂ ਹੈ ਸਗੋਂ ਪਹਿਲਾਂ ਵਾਂਗ ਹੀ ਲੋਕਾਂ ਵਲੋਂ ਸੇਵਾ ਪ੍ਰਾਪਤ ਕਰਨ ਵਾਸਤੇ ਦਿੱਤੀਆਂ ਜਾ ਰਹੀਆਂ ਅਰਜ਼ੀਆਂ ਨੂੰ ਨਿਰਧਾਰਿਤ ਸਮਾ ਸੀਮਾਂ ਅੰਦਰ ਨਿਪਟਾਰਾ ਕੀਤਾ ਜਾਵੇ ਅਤੇ ਬਕਾਇਦਾ ਇਸ ਦਾ ਰਿਕਾਰਡ ਵੀ ਰੱਖਿਆ ਜਾਵੇ ਤਾਂ ਜੋ ਸਰਕਾਰ ਵਲੋਂ ਸਮੇਂ ਸਮੇਂ ਸਿਰ ਮੰਗੀ ਜਾਣ ਵਾਲੀ ਸੂਚਨਾ ਭੇਜਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਮਿਉਨੀਕੇਸ਼ਨ ਸਿਸਟਮ ਨੂੰ ਸੁਖਾਲਾ ਅਤੇ ਤੇਜ਼ ਕੀਤਾ ਜਾਵੇ ਇਸ ਵਾਸਤੇ ਉਹ ਅਪਣਾ ਈ ਮੇਲ ਆਈ.ਡੀ.ਬਣਾਉਣ ਤਾਂ ਜੋ ਪੱਤਰਾਂ ਵਿਚ ਹੋਣ ਵਾਲੀ ਬੇਲੋੜੀ ਦੇਰੀ ਤੋਂ ਬੱਚਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਐਕਟ ਰਾਹੀਂ ਨਿਰਧਾਰਿਤ ਸਮੇਂ ਵਿਚ ਸਬੰਧਿਤ ਬਿਨੈਕਾਰ ਨੂੰ ਸੇਵਾਵਾਂ ਨਾ ਦੇਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਨੂੰ ਐਕਟ ਦੇ ਅਨੁਸਾਰ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਜਿਸ ਨੂੰ ਧਿਆਨ ਵਿਚ ਰੱਖਦਿਆਂ ਸਬੰਧਿਤ ਅਧਿਕਾਰੀ ਅਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਕਰਨ ਦਾ ਯਤਨ ਕਰਨ।
ਇਸ ਮੌਕੇ ਸ੍ਰੀ ਇਕਬਾਲ ਸਿੰਘ ਐਸ.ਡੀ.ਐਮ.ਜਲੰਧਰ 1, ਕੈਪਟਨ ਕਰਨੈਲ ਸਿੰਘ ਡਿਪਟੀ ਡਾਇਰੈਕਟਰ ਲੋਕਲ ਬਾਡੀ, ਸ੍ਰੀ ਕੇਹਰ ਸਿੰਘ ਜ਼ਿਲ੍ਹਾ ਟਰਾਂਸਪੋਰਟ ਅਫਸਰ ਜਲੰਧਰ, ਸ੍ਰੀ ਪ੍ਰਨੀਤ ਸਿੰਘ ਜਨਰਲ ਮੇਨੈਜਰ ਪੰਜਾਬ ਰੋਡਵੇਜ, ਸ੍ਰੀ ਦਰਬਾਰਾ ਸਿੰਘ ਰੰਧਾਵਾ ਤਹਿਸੀਲਦਾਰ ਜਲੰਧਰ 2, ਸ੍ਰੀ ਯਸਪਾਲ ਸਰਮਾਂ ਤਹਿਸੀਲਦਾਰ ਜਲੰਧਰ 1, ਸ੍ਰੀ ਇੰਦਰਦੇਵ ਸਿੰਘ ਮਿਨਹਾਸ ਤਹਿਸੀਲਦਾਰ ਨਕੋਦਰ,ਸ੍ਰੀ ਸੰਦੀਪ ਕੁਮਾਰ ਇੰਚਾਰਜ ਸੁਵਿਧਾ ਕੇਂਦਰ ਅਤੇ ਇਸ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਇਸ ਮੌਕੇ ਤੇ ਹਾਜਰ ਸਨ।