November 5, 2011 admin

ਫਲੱਡ ਲਾਈਟਾਂ ਵਾਲੇ ਸਟੇਡੀਅਮਾਂ ਨੇ ਕੀਤਾ ਮਝੈਲੀਆਂ ਨੂੰ ਚਕਾਚੌਂਧ

ਗੁਰਦਾਸਪੁਰ/ਚੰਡੀਗੜ੍ਹ, 5 ਨਵੰਬਰ –  ਗੁਰਦਾਸਪੁਰ ਵਿਖੇ ਨਵੇਂ ਬਣੇ ਫਲੱਡ ਲਾਈਟਾਂ ਵਾਲ ਸਪਰੋਟਸ ਸਟੇਡੀਅਮ ਵਿਖੇ ਬੀਤੀ ਰਾਤ ਦੂਧੀਆ ਰੌਸ਼ਨੀ ਵਿੱਚ ਹੋਏ ਮੈਚਾਂ ਨੇ ਮਾਝੇ ਦੇ ਲੋਕਾਂ ਨੂੰ ਚਕਾਚੌਂਧ ਕਰ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹਿਲੀ ਵਾਰ ਫਲੱਡ ਲਾਈਟਾਂ ਵਾਲਾ ਸਟੇਡੀਅਮ ਬਣਿਆ ਅਤੇ ਸਮੁੱਚੇ ਮਾਝੇ ਖੇਤਰ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਖੇਡ ਦਾ ਕੌਮਾਂਤਰੀ ਮੈਚ ਫਲੱਡ ਲਾਈਟਾਂ ਹੇਠ ਦੂਧੀਆ ਰੌਸ਼ਨੀ ਵਿੱਚ ਖੇਡਿਆ ਗਿਆ। ਰਾਤ ਸਵਾ ਦਸ ਵਜੇ ਤੱਕ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਦਰਸ਼ਕਾਂ ਨੇ ਕਬੱਡੀ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹਰਾ ਕੇ ਕੀਤਾ ਵੱਡਾ ਉਲਟ ਫੇਰ ਦਰਸ਼ਕਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਰਿਹਾ।

ਜਦੋਂ ਬਿੱਟੀ ਨੇ ਪਾਈਆਂ ‘ਕਬੱਡੀਆਂ’ :

ਗੁਰਦਾਸਪੁਰ ਵਿਖੇ ਵਿਸ਼ਵ ਕੱਪ ਦੇ ਮੈਚਾਂ ਦਾ ਦੌਰਾਨ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚਾਂ ਵਿਚਕਾਰ ਸਮੇਂ ਵਿੱਚ ਬਿੱਟੀ ਨੇ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾਂ ਮੰਤਰ ਮੁੰਗਧ ਕਰ ਦਿੱਤਾ। ਪਾਕਿਸਤਾਨ ਤੇ ਅਮਰੀਕਾ ਵਿਚਾਲੇ ਆਖਰੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਬੱਡੀ ਬੁਖਾਰ ਸਿਖਰ ‘ਤੇ ਸੀ ਤਾਂ ਬਿੱਟੀ ਗਾਉਂਦਿਆ ਸਟੇਜ ਤੋਂ ਉਤਰ ਆਈ। ਬਿੱਟੀ ਨੇ ਪੂਰੇ ਕਬੱਡੀ ਮੈਦਾਨ ਵਿੱਚ ਭੱਜ-ਭੱਜ ਕੇ ਗਾਣੇ ਗਾਏ ਅਤੇ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਖੂਬ ਦਾਦ ਦਿੱਤੀ।

ਵਿਦੇਸ਼ੀ ਖਿਡਾਰੀਆਂ ਨੇ ਦਿਲ ਜਿੱਤੇ:

ਗੁਰਦਾਸਪੁਰ ਵਿਖੇ ਮੈਚਾਂ ਦੌਰਾਨ ਵੱਖ-ਵੱਖ ਟੀਮਾਂ ਵਿੱਚ ਖੇਡ ਰਹੇ ਭਾਰਤੀ ਮੂਲ ਦੇ ਖਿਡਾਰੀਆਂ ਦੇ ਮੁਕਾਬਲੇ ਵਿਦੇਸ਼ੀ ਮੂਲ ਦੇ ਖਿਡਾਰੀਆਂ ਪ੍ਰਤੀ ਦਰਸ਼ਕਾਂ ਵਿੱੱਚ ਬਹੁਤ ਉਤਸ਼ਾਹ ਸੀ। ਅਰਜਨਟਾਈਨਾ, ਅਮਰੀਕਾ, ਪਾਕਿਸਤਾਨ ਮੂਲ ਦੇ ਖਿਡਾਰੀ ਲੋਕਾਂ ਵਿੱਚ ਛਾਏ ਰਹੇ। ਆਖਰੀ ਮੈਚ ਵਿੱਚ ਅਮਰੀਕੀ ਮੂਲ ਦੇ ਮੀਕ ਸਿਆਟਲ ਨੇ ਜੱਫਿਆਂ ਦੀ ਝੜੀ ਲਗਾ ਕੇ ਮੇਲਾ ਹੀ ਲੁੱਟ ਲਿਆ।

Translate »