November 10, 2011 admin

ਗੁਰਦੁਆਰਾ ਸੀਸਗੰਜ ਦਿੱਲੀ ਪੁਰ ਹੋਏ ਕਬਜ਼ੇ ਦੀ ਦਾਸਤਾਨ!

ਇਨ੍ਹਾਂ ਦਿਨਾਂ ਵਿੱਚ ਹੀ ਦਿੱਲੀ ਦੇ ਸਾਬਕਾ ਡੀ ਆਈ ਜੀ ਸ਼੍ਰੀ ਪਦਮ ਰੋਸ਼ਾ ਦਾ ਇਕ ਮਜ਼ਮੂਨ ‘ਜਦੋਂ ਗੁਰਦੁਆਰਾ ਸੀਸ ਗੰਜ ‘ਤੇ ਹਮਲਾ ਹੋਇਆ’ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿੱਚ ਉਨ੍ਹਾਂ ਮਈ-੭੧ ਵਿੱਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਪ੍ਰੰਤੂ ਉਨ੍ਹਾਂ ਆਪਣੇ ਇਸ ਮਜ਼ਮੂਨ ਵਿੱਚ ਇਸ ਘਟਨਾ ਦੇ ਪਿਛੋਕੜ ਵਿੱਚ ਕੰਮ ਕਰਨ ਵਾਲੀ ਨੀਤੀ ਅਤੇ ਰਣਨੀਤੀ ਤੋਂ ਪੜਦਾ ਚੁਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਹੈ। ਸ਼ਾਇਦ ਇਸਦਾ ਕਾਰਣ ਇਹ ਹੈ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ ਸੀ, ਉਹ ਉੱਚ ਸਰਕਾਰੀ ਅਹੁਦੇ ਪੁਰ ਤੈਨਾਤ ਸਨ, ਜਿਸ ਕਾਰਣ ਉਹ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰਖਣ ਦੇ ਪਾਬੰਧ ਹਨ। ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਨਾਲ ਸਬੰਧਤ ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।

ਇਥੇ ਇਹ ਗਲ ਵਰਨਣਯੋਗ ਹੈ ਕਿ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰਨ ਤੋਂ ਕੁਝ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਪੁਰ ਵੀ ਕਬਜ਼ਾ ਕੀਤਾ ਸੀ, ਪਰ ਉਥੇ ਉਨ੍ਹਾਂ ਵਲੋਂ ਕੀਤੇ ਗਏ ਕਬਜ਼ੇ ਵਾਲੇ ਹਿਸੇ ਵਿੱਚ ਜਨ-ਸਹੂਲਤਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ, ਉਨ੍ਹਾਂ ਨੂੰ ਬਾਰਾਂ ਘੰਟਿਆਂ ਵਿੱਚ ਹੀ ਕਬਜ਼ਾ ਛਡਣ ਤੇ ਮਜਬੂਰ ਹੋਣਾ ਪੈ ਗਿਆ ਸੀ। ਇਸਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਨੇ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰਨ ਦੀ ਰਣਨੀਤੀ ਅਪਨਾਈ।

ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿੱਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ਪੁਰ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰਖਿਆ ਜਾ ਸਕਿਆ।

ਪਿਛੋਕੜ ਦੀ ਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਇਕ ਪਾਸੇ ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤ੍ਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕਟੜ ਵਿਰੋਧੀਆਂ ਵਿੱਚੋਂ ਮੰਨੇ ਜਾਂਦੇ ਸਨ। ਉਧਰ ਦੂਜੇ ਪਾਸੇ ਜ. ਸੰਤੋਖ ਸਿੰਘ ਉਨ੍ਹਾਂ ਦੋਹਾਂ ਦੇ ਸਬੰਧਾਂ ਨੂੰ ਲੈ ਕੇ, ਜਨਤਕ ਤੋਰ ਤੇ ਉਨ੍ਹਾਂ ਪੁਰ ਤਿਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਣ ਉਹ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਸਨ।        

ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਬਾਬਾ ਵਿਰਸਾ ਸਿੰਘ ਨੂੰ ਰਾਜਨੈਤਿਕ ਖੇਤ੍ਰ ਵਿੱਚ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਣ ਦੇ ਬਾਵਜੂਦ, ਉਹ  ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ, ਕਿਉਂਕਿ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ ਹਾਸਲ ਹੋਈਆਂ ਪ੍ਰਾਪਤੀਆਂ ਕਾਰਣ, ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਹੋਣ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।

ਉਨ੍ਹਾਂ ਦਿਨਾਂ ਵਿੱਚ ਹੀ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿੱਚ ਦੂਰੀ ਪੈਦਾ ਹੋ ਗਈ। ਗਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ਪੁਰ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ੍ਰੀਮਤੀ ਇੰਦਰਾ ਗਾਂਧੀ ਨਾਲ ਪਰਿਵਾਰਕ ਨੇੜਤਾ ਦਾ ਲਾਭ ਉਠਾਂਦਿਆਂ, ਇਹ ਜ਼ਮੀਨ ਆਪਣੇ ਆਸ਼ਰਮ ਦੇ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੱੰਘ ਨੂੰ ਇਹ ਗਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਜੇ ਇਹ ਚੈਂਬਰੀਆਂ ਵਾਲੀ ਜਗ੍ਹਾ ਕਿਸੇ ਨੂੰ ਦਿਤੀ ਹੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਜੋੜੀ ਜਾਣੀ ਚਾਹੀਦੀ ਹੈ।

ਦਸਿਆ ਜਾਂਦਾ ਹੈ ਕਿ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੈਬਿਨਟ ਦੇ ਕੁਝ ਮੰਤਰੀ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤ੍ਰੀ ਸ਼੍ਰੀ ਵਾਈ ਬੀ ਚਵਾਨ ਵੀ ਸ਼ਾਮਲ ਸਨ, ਉਨ੍ਹਾਂ ਦੀ ਵੱਧ ਰਹੀ ਤਾਕਤ ਨੂੰ ਆਪਣੇ ਲਈ ਚੰਗਾ ਸ਼ਗਨ ਨਹੀਂ ਸੀ ਸਮਝਦੇ, ਉਨ੍ਹਾਂ ਨੇ ਜ. ਸੰਤੋਖ ਸਿੰਘ ਨੂੰ ਉਕਸਾਇਆ ਕਿ ਉਹ ਇਹ ਜਗ੍ਹਾ ਗੁਰਦੁਆਰਾ ਬੰਗਲਾ ਸਾਹਿਬ ਲਈ ਲੈਣ ਵਾਸਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ ਫੈਸਲੇ ਦੇ ਵਿਰੁਧ ਮੋਰਚਾ ਲਾ ਦੇਣ, ਉਹ ਉਨ੍ਹਾਂ ਦੀ ਪੂਰੀ ਮਦੱਦ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿੱਖਾਂ ਵਿੱਚ ਗਲ ਵੀ ਬਣੇਗੀ ਕਿ ਉਨ੍ਹਾਂ ਨੇ ਦਬਾਉ ਬਣਾ ਕੇ ਪ੍ਰਧਾਨ ਮੰਤ੍ਰੀ ਨੂੰ ਆਪਣਾ ਫੈਸਲਾ ਬਦਲਣ ਤੇ ਮਜਬੂਰ ਕਰ ਦਿਤਾ ਹੈ।

ਇੰਦਰਾ-ਵਿਰੋਧੀਆਂ ਦੀ ਇਸ ਉਕਸਾਹਟ ਦੇ ਵਿਰੁਧ, ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਨੇ ਜ. ਸੰਤੋਖ ਸਿੰਘ ਨੂੰ ਸਲਾਹ ਦਿਤੀ ਕਿ ਉਹ ਕੋਈ ਮੋਰਚਾ ਲਾਉਣ ਦੀ ਬਜਾਏ, ਦਿੱਲੀ ਦੇ ਸਿੱਖਾਂ ਵਲੋਂ ਇਕ ਰੋਸ-ਪਤ੍ਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇ ਕੇ ਮੰਗ ਕਰਨ ਕਿ ਇਹ ਜ਼ਮੀਨ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਹ ਗੁਰਦੁਆਰਾ ਸਾਹਿਬ ਲਈ ਦਿਤੀ ਜਾਏ ਤੇ ਬਦਲੇ ਵਿੱਚ ਯੋਗੀ ਧੀਰੇਂਦਰਾ ਬ੍ਰਹਮਚਾਰੀ ਨੂੰ ਕਿਧਰੇ ਹੋਰ ਉਪਯੁਕਤ ਜਗ੍ਹਾ ਅਲਾਟ ਕਰ ਦਿਤੀ ਜਾਏ। ਬਾਕੀ ਉਹ ਸੰਭਾਲ ਲੈਣਗੇ।

ਜ. ਸੰਤੋਖ ਸਿੰਘ ਇੰਦਰਾ-ਵਿਰੋਧੀਆਂ ਦੀ ਉਕਸਾਹਟ ਦਾ ਸ਼ਿਕਾਰ ਹੋ ਗਏ ਅਤੇ ਸ. ਇਕਬਾਲ ਸਿੰਘ ਦੀ ਸਲਾਹ ਨੂੰ ਅਣਗੋਲਿਆਂ ਕਰ, ਉਨ੍ਹਾਂ ਨੇ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੇਰੂ ਕਰ ਦਿਤੀ। ਇੰਦਰਾ-ਵਿਰੋਧੀ ਮੰਤ੍ਰੀਆਂ ਨੇ ਉਥੇ ਆ ਕੇ ਦਿਖਾਵੇ ਵਜੋਂ ਉਨ੍ਹਾਂ ਨੂੰ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਪਰ ਅਪ੍ਰਤਖ ਰੁਪ ਵਿੱਚ ਉਹ ਉਨ੍ਹਾਂ ਨੂੰ ਡਟੇ ਰਹਿਣ ਦੇ ਲਈ ਹਲਾਸ਼ੇਰੀ ਦੇ ਗਏ।

ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿੱਚ ਪੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ  ਕਿਤੇ ਵੱਧ, ਸਾਹਮਣੇ ਹੀ ਚੌਂਕ ਵਿਚ ਹੀ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ ਕੇ ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛਡਣਾ ਮਨਾ ਲਿਆ। ਇਸਤਰ੍ਹਾਂ ਜ. ਸੰਤੋਖ ਸਿੰਘ ਦੀ ਜਿਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਿਰੋਧੀਆਂ ਦੀ ਉਕਸਾਹਟ ਵਿੱਚ ਆ ਕੇ, ਉਨ੍ਹਾਂ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਅਤੇ ਉਨ੍ਹਾਂ ਤੋਂ ਦੂਰ ਹੋ ਗਏ।

ਇਸੇ ਮੌਕੇ ਦਾ ਫਾਇਦਾ ਉਠਾਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਭਰੋਸੇਯੋਗ ਵਿਅਕਤੀ ਦੇ ਸਹਿਯੋਗ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਵਿੱਚ ਲੈਕੇ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਹਰ ਰੋਜ਼ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।

ਦਸਿਆ ਜਾਂਦਾ ਹੈ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾਧਾਰੀਆਂ ਨੂੰ ਵਿਖਾਵੇ ਵਜੋਂ ਕਬਜ਼ਾ ਛੱਡਣ ਦੇ ਲਈ ਮੰਨਾਉਂਦੇ ਰਹਿੰਦੇ ਅਤੇ ਕਬਜ਼ਾ ਛੁਡਾਣ ਦੀ ਬਜਾਏ ਉਹ ਹਾਲਾਤ ਕਾਬੂ ਵਿੱਚ ਰਖਣ ਦੇ ਜਤਨ ਕਰਦੇ ਰਹਿੰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਦੇ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁਜਣ ਤੋਂ ਪਹਿਲਾਂ ਹੀ ਰੋਕ ਲੈਦੀ, ਅਤੇ ਇਸਦੇ ਨਾਲ ਹੀ ਕਬਜ਼ਾ ਛੱਡਣ ਲਈ ਦਬਾਉ ਬਨਾਣ ਦਾ ਨਾਟਕ ਕਰਦੀ ਰਹਿੰਦੀ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਦੇ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ ਕੇ ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਦੇ ਰਹਿੰਦੇ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਇਸ ਸਥਿਤੀ ਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਦੇ ਵਿਰੁਧ ਸਿੱਖਾਂ ਵਿੱਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸਦੇ ਵਿਰੁਧ ਸਿੱਖਾਂ ਵਿੱਚ ਕੋਈ ਪ੍ਰਤੀਕ੍ਰਿਆ ਨਾ ਹੋਵੇ।

ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਦਰੀ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ ਗੁਰਦੁਆਰਾ ਕਮੇਟੀ ਭੰਗ ਕਰ, ਉਸਦੀ ਥਾਂ ਇਕ ਪੰਜ ਮੈਂਬਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਗਠਤ ਕਰ, ਦਿੱਲ਼ੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਪ ਦਿਤਾ। ਇਸ ਪੰਜ ਮੈਂਬਰੀ ਬੋਰਡ ਵਿੱਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।

ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਤਕ ਪੁਜੀ, ਉਨ੍ਹਾਂ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।

…ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ ੧੯੭੧ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-੧੯੭੧ ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ ੧੯੭੫ ਵਿੱਚ ਜਾ ਕੇ, ਉਸ ਸਮੇਂ ਹੀ ਹੋਈਆਂ, ਜਦੋਂ ਮੁੜ ਜ. ਸੰਤੋਖ ਸਿੰਘ ਨੂੰ ਕਾਂਗ੍ਰਸ ਦੀ ਨੇੜਤਾ ਪ੍ਰਾਪਤ ਹੋ ਗਈ। ਦਸਿਆ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਜ. ਸੰਤੋਖ ਸਿੰਘ ਦੇ ਬਦਲ ਦੀ ਤਲਾਸ਼ ਲਗਾਤਾਰ ਜਾਰੀ ਰਹੀ। ਜਦੋਂ ਕੋਈ ਹੋਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਸੌਟੀ ਪੁਰ ਪੂਰਾ ਨਾ ਉਤਰ ਸਕਿਆ, ਤਾਂ ਆਖਿਰ ਜ. ਸੰਤੋਖ ਸਿੰਘ ਨੂੰ ਹੀ ਅਗੇ ਲਿਆਂਦਾ ਗਿਆ। ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਭਾਵੇਂ ਪੰਜਾਬ ਦੇ ਸ਼੍ਰੌਮਣੀ ਅਕਾਲੀ ਦਲ ਦੇ ਝੰਡੇ ਹੇਠ ਲੜੀਆਂ ਗeਆਿਂ ਸਨ, ਪਰ ਉਨ੍ਹਾਂ ਚੋਣਾਂ ਵਿੱਚ ਜਿਹੜੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ, ਉਨ੍ਹਾਂ ਵਿਚੋਂ ਬਹੁਤੇ ਕਾਂਗਰਸ ਵਲੋਂ ਦਿਤੀ ਗਈ ਸੂਚੀ ਵਿਚੋਂ ਹੀ ਲਏ ਗਏ ਹੋਏ ਸਨ। ਦਿਲਚਸਪ ਗਲ ਇਹ ਵੀ ਹੈ ਕਿ ਕਾਂਗ੍ਰਸ ਦੀ ਸੂਚੀ ਵਿਚੋਂ ਆਏ ਉਮੀਦਵਾਰਾਂ ਵਿਚੋਂ ਬਹੁਤਿਆਂ ਨੇ ਸਮਾਂ ਆਉਣ ਤੇ ਅਕਾਲੀ ਦਲ ਪ੍ਰਤੀ ਹੀ ਵਫਾਦਾਰੀ ਨਿਭਾਈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਵਿੱਚ ਜ. ਸੰਤੋਖ ਸਿੰਘ ਦੇ ਨਾਲ ਖੜੇ ਹੋਣ ਦੀ ਬਜਾਏ ਅਕਾਲੀ ਦਲ ਦੇ ਨਾਲ ਖੜੇ ਹੋਣ ਨੂੰ ਪਹਿਲ ਦਿਤੀ।

-ਜਸਵੰਤ ਸਿੰਘ ‘ਅਜੀਤ’

Translate »