November 11, 2011 admin

ਜੋਗੀ ਉੱਡਦੇ ਬੱਦਲ਼ ਦੀ ਛਾਂ ਸੁੰਦਰਾਂ

ਦੱਸਦੇ ਹਨ ਕਿ  ਰਾਜਾ ਸਲਵਾਹਨ (ਸਲਵਾਨ) ੫੦ ਸਾਲ ਦੀ ਉਮਰੋਂ ਟੱਪ ਚੁੱਕਾ ਸੀ ਪਰ ਉਸਦੇ ਕੋਈ ਔਲਾਦ ਨਹੀਂ ਸੀ। ਸਲਵਾਨ ਤੇ ਉਸਦੀ ਰਾਣੀ ਇੱਛਰਾਂ ਅੱਗਾ ਨਾ ਵੱਧਦਾ ਵੇਖ ਕੇ ਕਾਫੀ ਪ੍ਰੇਸ਼ਾਨ ਸਨ। ਦੀਵਾਨ ਰੂਪੇ ਸ਼ਾਹ ਨੇ ਦੋਹਾਂ ਨੂੰ ਗੁਰੂ ਗੋਰਖ ਨਾਥ ਦੇ ਟਿੱਲੇ ਜਾਣ ਦਾ ਸੁਝਾਅ ਦਿੱਤਾ। ਦੌਲਤ ਰਾਮ ਲਿਖਦਾ ਹੈ:
ਹੋ ਜਾ ਟਿੱਲੇ ਨੂੰ ਹੁਣੇ ਤਿਆਰ ਸ਼ਾਹਾ ਐਪਰ ਇਛਰਾਂ ਨੂੰ ਲੈ ਕੇ ਨਾਲ਼ ਚੱਲੀਂ।
ਦੇਵੀਂ ਰਾਜ ਅਭਿਮਾਨ ਤਿਆਗ ਏਥੇ ਹੋ ਕੇ ਦਿਲੋਂ ਗਰੀਬ ਕੰਗਾਲ ਚੱਲੀਂ।
ਦੌਲਤ ਰਾਮ ਉਥੇ ਤੈਨੂੰ ਮਿਲ਼ੇ ਢੋਈ ਇਸ ਜਗ ਦਾ ਛੱਡ ਖਿਆਲ ਚੱਲੀਂ।
ਰਾਜਾ ਅਤੇ ਰਾਣੀ ਗੁਰੂ ਗੋਰਖ ਨਾਥ ਦੇ ਟਿੱਲੇ ‘ਤੇ ਜਾ ਪਹੁੰਚੇ। ਰਾਣੀ ਇਛਰਾਂ ਆਰਜਾ ਕਰਦੀ ਕਹਿਣ ਲੱਗੀ:
ਹੱਥ ਜੋੜ ਕੇ ਇਛਰਾਂ ਅਰਜ ਕਰਦੀ ਕਰੀਂ ਖਿਆਲ ਨਾਥਾ ਕਰੀਂ ਖਿਆਲ ਨਾਥਾ।
ਆਜਜ ਹੋ ਕੇ ਪਏ ਹਾਂ ਸ਼ਰਨ ਤੁਹਾਡੀ ਪਰਿਤਪਾਲ ਨਾਥਾ ਪਰਿਤਪਾਲ ਨਾਥਾ।
ਦੌਲਤ ਰਾਮ ਨਾ ਦੂਸਰਾ ਭੇਦ ਕੋਈ ਤੂੰ ਅਕਾਲ ਨਾਥਾ ਤੂੰ ਅਕਾਲ ਨਾਥਾ।
ਗੁਰੂ ਗੋਰਖ ਨਾਥ ਨੇ ਰਾਜੇ-ਰਾਣੀ ਦੇ ਅਰਜ ਕਰਨ ‘ਤੇ ਇਕ ਮਨ ਹੋ ਦਰਗਾਹੇ ਬਿਰਤੀਆਂ ਪਹੁੰਚਾ ਦਿੱਤੀਆਂ ਅਤੇ ਅਰਦਾਸ ਕਰ ਦਿੱਤੀ। ਅਰਦਾਸ ਪ੍ਰਵਾਨ ਹੋਈ ਅਤੇ ਸਲਵਾਨ ਦੇ ਘਰ ਪੁੱਤਰ ਦਾ ਜਨਮ ਹੋਇਆ। ਨਾ ਰੱਿਖਆ ਗਿਆ ਪੂਰਨ। ਸਾਰਾ ਨਗਰ ਖੁਸ਼ੀਆਂ ਨਾਲ਼ ਭਰ ਗਿਆ। ਖਜਾਨੇ ਦੇ ਦੁਆਰ ਖੋਲ਼੍ਹ ਦਿੱਤੇ ਗਏ।
ਟੇਵਾ ਲਾਉਣ ਲਈ ਪੰਡਿਤ ਚਤਰ ਦਾਸ ਤੇ ਦੁਰਗਾ ਦੱਤ ਨੂੰ ਸੱਦਿਆ ਗਿਆ। ਦੋਵੇਂ ਸ਼ਹਿਰ ਦੇ ਮਹਾਨ ਵਿਦਵਾਨ ਸਨ।ਪੰਡਤਾਂ ਨੇ ਰਾਜੇ ਨੂੰ ਦੱਸਿਆ ਕਿ ਬਾਰਾਂ ਸਾਲ ਪੁੱਤਰ ਦੇ ਮੱਥੇ ਨਾ ਲੱਗੀਂ। ਬਾਰਾਂ ਵਰ੍ਹੇ ਇਸਦੇ ਮੱਥੇ ਲੱਗਣਾ ਤੇਰੇ ਲਈ ਭਾਰਾ ਹੈ। ਅੰਤ ਸ਼ਹਿਰੋਂ ਬਾਹਰ ਭੋਰਾ ਬਣਵਾਇਆ ਗਿਆ।। ਜਦੋਂ ਬਾਰਾਂ ਸਾਲ ਬਾਅਦ ਪੂਰਨ ਭੋਰੇ ‘ਚੋਂ ਬਾਹਰ ਆਇਆ ਤਾਂ ਛੈਲ ਜੁਆਨ ਸੀ।ਉਸਦੇ ਚਿਹਰੇ ‘ਤੇ ਰਾਜਕੁਮਾਰਾਂ ਵਾਲ਼ਾ ਅਜਬ ਨੂਰ ਸੀ। ਉਸਨੂੰ ਵੇਖ ਸਭ ਦੀ ਭੁੱਖ ਲਹਿੰਦੀ ਸੀ।
ਇਕ ਦਿਨ ਸਿਆਲਕੋਟੋਂ ਰਾਜਾ ਸ਼ਿਕਾਰ ਖੇਡਣ ਚਮਿਆਰੀ ਪਿੰਡ ਰਾਵੀ ਦੇ ਕੰਢੇ ਘਾਟ ਦੇ ਕੋਲ਼ ਆ ਨਿਕਲਿਆ। ਲੂਣਾ ਨੂੰ ਵੇਖ ਉਸਤੇ ਮੋਹਿਤ ਹੋ ਗਿਆ ਤੇ ਵਿਆਹ ਕੇ ਲੈ ਆਇਆ। ਪਰ ਸਲਵਾਨ ਅਤੇ ਲੂਣਾ ਦਾ ਕੋਈ ਹਾਣ ਪਰਵਾਨ ਨਹੀ ਸੀ। ਸੁੰਦਰ ਅਤੇ ਜੁਆਨ ਲੂਣਾ ਭੁੱਢੇ ਰਾਜੇ ਤੋਂ ਭੋਰਾ ਖੁਸ਼ ਨਹੀ ਸੀ।
ਜਦੋਂ ਲੂਣਾ ਨੇ ਮਤਰੇਏ ਪੁੱਤਰ ਪੂਰਨ ਵੱਲ ਵੇਖਿਆ ਤਾਂ ਉਸਨੂੰ ਉਸ ‘ਚੋਂ ਆਪਣਾ ਹਾਣ ਨਜ਼ਰ ਆਉਣ ਲੱਗਾ। ਕਾਮਵੱਸ ਹੋ ਲੂਣਾ ਆਪਣੇ ਮਤਰੇਏ ਪੁੱਤਰ ਨਾਲ਼ ਇਸ਼ਕ ਦੀਆਂ ਪੀਘਾਂ ਝੂਟਣ ਦੇ ਸੁਫਨੇ ਵੇਖਣ ਲੱਗੀ।
ਦੌਲਤ ਰਾਮ ਕਾਮ ਨੇ ਮੱਤ ਮਾਰੀ ਹੁੰਦੇ ਦਿਹੁ ਅੰਦੇਰੜਾ ਪਾਇ ਦਿੱਤਾ।
ਅੰਤ ਲੂਣਾ ਨੇ ਇਕ ਦਿਨ ਮੌਕਾ ਤਾੜ ਕੇ ਪੂਰਨ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ।ਪਰ ਪੂਰਨ ਧਰਮ ਈਮਾਨ ਦਾ ਪੱਕਾ ਸੀ।ਪਰ ਲੂਣਾ ਦੇ ਮਨ ਦੀ ਸ਼ੈਤਾਨੀ ਅਵਸਥਾ ਹੁਣ ਛੁਪੀ ਨਹੀ ਸੀ ਰਹੀ। ਕਵੀ ਦੌਲਤ ਰਾਮ ਦਾ ਕਹਿਣਾ ਹੈ:
ਡਾਢੀ ਕਾਮ ਸਮੁੰਦਰ ਦੀ  ਲਹਿਰ ਲੋਕੋ ਕੌਣ ਨਿਕਲ਼ੇ ਏਸ ਤੂਫਾਨ ਵਿਚੋਂ।
ਆਕੇ ਪਾਪ ਨੇ ਚਿਤ ਨੂੰ ਤੰਗ ਕੀਤਾ ਸਿਹਮ ਗਈ ਕੰਬਖਤ ਦੀ ਜਾਨ ਵਿਚੋਂ।
ਦੌਲਤ ਰਾਮ ਕੀ ਉਨਾਂ ਦਾ ਰਿਹਾ ਬਾਕੀ ਨਿਕਲ ਗਏ ਜੋ ਧਰਮ ਈਮਾਨ ਵਿਚੋਂ
ਅਤੇ ਲੂਣਾ ਨੇ ਪੂਰਨ ਅੱਗੇ ਇਸ ਤਰ੍ਹਾਂ ਅਰਜ਼ੋਈ ਕੀਤੀ:
ਲੂਣਾ ਆਖੀ ਗੱਲ ਨਾ ਆਖਣੇ ਦੀ ਜਿਸਦੇ ਲਈ ਮੈਂ ਮੁੱਖ ਮਰੋੜਨੀਆਂ
ਤੇਰੇ ਇਸ਼ਕ ਵੱਲੋਂ ਵੈਰੀ ਚਿਤ ਮੇਰਾ ਮੁੜਦਾ ਨਹੀ ਬਹੁਤੇਰੜਾ ਮੋੜਨੀਆਂ
ਜਿਵੇਂ ਰਾਮ ਤੇ ਸੀਤਾ ਦਾ ਜੋੜ ਆਹਾ ਤੇਰੇ ਨਾਲ਼ ਜੋੜ ਜੋੜਨੀਆਂ
ਦੌਲਤ ਰਾਮ ਤੇਰੇ ਹੁਸਨ ਦੇ ਬਾਗ ਵਿਚੋਂ ਇਕ ਇਸ਼ਕ ਦਾ ਫੁੱਲ ਤਰੋੜਨੀਆਂ
ਅਤੇ ਪੂਰਨ ਲੂਣਾ ਨੂੰ ਜੁਆਬ ਦੇਣ ਲੱਗਾ:
ਪੂਰਨ ਆਖਦਾ ਲ਼ੂਣਾ ਨੂੰ ਚੁਪ ਹੋ ਜਾ ਬੋਲ ਮੁੱਖ ਸੰਭਾਲ ਕੇ ਵੈਂਨ ਮਾਤਾ।
ਬਾਰ ਬਾਰ  ਤੇਰੇ ਅੱਗੇ ਅਰਜ ਮੇਰੀ ਤੈਨੂੰ ਖੁਆਰ ਕਰਸੀ ਹਿਰਸ ਡੈਣ ਮਾਤਾ।
ਦੌਲਤ ਰਾਮ ਇਸ ਹਿਰਸ ਨੂੰ ਦੂਰ ਕਰਕੇ ਕੱਟ ਵਾਂਗ ਮੁਸਾਫਰਾਂ ਰੈਣ ਮਾਤਾ।
ਪੂਰਨ ਵੱਲੋਂ ਲੂਣਾ ਦਾ ਇਸ਼ਕ ਦਾ ਪ੍ਰਸਤਾਵ ਠੁਕਰਾਉਣ ਮਗਰੋਂ ਲੂਣਾ ਨੇ ਰਾਜੇ ਕੋਲ਼ ਪੂਰਨ ‘ਤੇ ਝੂਠਾ ਇਲਜ਼ਾਮ ਲਗਾ ਦਿੱਤਾ ਕਿ ਇਸਨੇ ਮੈਨੂੰ ਬੁਰੀ ਨਜ਼ਰ ਨਾਲ਼ ਵੇਖਿਆ ਅਤੇ ਮੇਰੀ ਇੱਜਤ ਨੂੰ ਹੱਥ ਪਾਇਆ ਹੈ। ਰਾਜੇ ਨੇ ਲੂਣਾ ਦੀ ਗੱਲ ਵਿਚ ਆ ਕੇ ਪੂਰਨ ਦੇ ਹੱਥ ਪੈਰ ਵਢਵਾ ਕੇ ਖੂਹ ਵਿਚ ਸੁਟਵਾ ਦਿੱਤਾ।ਜਦੋਂ ਗੁਰੂ ਗੋਰਖ ਨਾਥ ਆਪਣੇ ਚੇਲਿਆਂ ਸਮੇਤ ਉੱਥੋਂ ਦੀ ਲੰਘਿਆ ਤਾਂ ਚੇਲੇ ਦੀ ਨਜ਼ਰ ਪਾਣੀ ਭਰਦੇ ਸਮੇਂ ਖੂਹ ਵਿਚ ਪਏ ਪੂਰਨ ‘ਤੇ ਪੈ ਗਈ। ਸਾਧੂਆਂ ਨੇ ਪੂਰਨ ਨੂੰ ਕੱਢ ਲਿਆ ਤੇ ਗੁਰੂ ਗੋਰਖ ਨਾਥ ਨੇ ਤੰਤਰ ਵਿਦਿਆ ਰਾਹੀਂ ਪੂਰਨ ਦੇ ਅੰਗ ਸਲਾਮਤ ਕਰ ਦਿੱਤੇ। ਪੂਰਨ ਵੀ ਜੋਗ ਲੈ ਕੇ ਨਾਥਾਂ ਨਾਲ਼ ਰਲ਼ ਗਿਆ।
ਭ੍ਰਮਣ ਕਰਦਾ ਸਾਧੂਆਂ ਦਾ ਟੋਲਾ ਜਦੋਂ ਇਕ ਪਹਾੜੀ ਦੇਸ਼ ਅੰਦਰ ਗਿਆ। ਤਾਂ ਪੂਰਨ ਭਿਖਿਆ ਲੈਣ ਲਈ ਸ਼ਹਿਰ ਅੰਦਰ ਜਾ ਦਾਖਿਲ ਹੋਇਆ। ਰਾਣੀ ਸੁੰਦਰਾਂ ਇਕ ਰਾਜੇ ਦੀ ਵਿਧਵਾ ਸੀ। ਜਦੋਂ ਪੂਰਨ ਨੇ  ਭਿਖਿਆ ਲੈਣ ਲਈ ਸੁੰਦਰਾਂ ਦੇ ਮਹਿਲ ਅੱਗੇ ਅਲਖ ਜਗਾਈ ਤਾਂ ਮਹਿਲਾਂ ਦੀ ਛੱਤ ‘ਤੇ ਖੜੀ ਸੁੰਦਰਾਂ ਦੀ ਨਜ਼ਰ ਪੂਰਨ ‘ਤੇ ਪੈ ਗਈ। ਉਸਨੇ ਗੋਲੀ ਨੂੰ ਭੇਜ ਕੇ ਪੂਰਨ ਨੂੰ ਉੱਪਰ ਸੱਦ ਲਿਆ ਤੇ ਪੂਰਨ ‘ਤੇ ਮੋਹਿਤ ਹੋ ਗਈ। ਉਸਨੇ ਪੂਰਨ ਨੂੰ ਮਹਿਲਾਂ ਵਿਚ ਰਹਿਣ ਲਈਮਨਾਉਣਾ ਸ਼ੁਰੂ ਕਰ ਦਿੱਤਾ। ਪਰ ਪੂਰਨ ਜਤੀ ਇਨਕਾਰ ਕਰਕੇ ਵਾਪਿਸ ਆ ਗਿਆ। ਰਾਣੀ ਸੁੰਦਰਾਂ ਨੇ ਚਾਲ ਚੱਲੀ ਉਸਨੇ ਸਾਰੇ ਸਾਧੂ ਸੱਦ ਕੇ ਭੋਜਨ ਕਰਾਇਆ ਤੇ ਸਾਧੂਆਂ ਦੀ ਟਹਿਲ ਸੇਵਾ ਕੀਤੀ। ਖੁਸ਼ ਹੋ ਕੇ ਗੁਰੂ ਗੋਰਖ ਨਾਥ ਕਹਿਣ ਲੱਗਾ ਕਿ ਮੰਗ ਜੋ ਕੁਝ ਮੰਗਣਾ ਈ। ਰਾਣੀ ਸੁੰਦਰਾਂ ਨੇ ਪੂਰਨ ਮੰਗ ਲਿਆ। ਗੁਰੂ ਦਾ ਵਚਨ ਪੁਗਾਉਣਾ ਸੀ ਪੂਰਨ ਕਿਵੇਂ ਨਾਂਹ ਕਰਦਾ। ਪੂਰਨ ਸੁੰਦਰਾਂ ਦੇ ਮਹਿਲਾਂ ਵਿਚ ਰਹਿ ਪਿਆ। ਪੰਜਾਬੀ ਦਾ ਗੀਤ ਹੈ:
ਰਾਣੀ ਜਗ ਦੇ ਦਿਲਾਸੇ ਜਿਹੇ ਰਹਿਣ ਦੇ
ਵਾਂਗ ਪਾਣੀਆਂ ਦੇ ਜੋਗੀਆਂ ਨੂੰ ਵਹਿਣ ਦੇ
ਪਰ ਨਾਰੀ ਆ ਸਮਾਨ ਸਾਨੂੰ ਮਾਂ ਸੁੰਦਰਾਂ
ਜੋਗੀ ਉੱਡਦੇ ਬੱਦਲ਼ ਦੀ ਛਾਂ ਸੁੰਦਰਾਂ
ਪਰ ਜਦੋਂ ਸੁੰਦਰਾਂ ਨੇ ਪੂਰਨ ਨੂੰ ਉਸ ਨਾਲ਼ ਸੇਜ ਸਾਂਝੀ ਕਰਨ ਦੀ ਗੱਲ ਕਹੀ ਤਾਂ ਪੂਰਨ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਜਤ ਸਤ ਦਾ ਪੂਰਾ ਹਾਂ।ਪਰ ਸੁੰਦਰਾਂ ਵੱਲੋਂ ਮਜਬੂਰ ਕਰਨ ‘ਤੇ ਪੂਰਨ ਵਾਪਸ ਆ ਗਿਆ। ਰਾਣੀ ਸੁੰਦਰਾਂ ਨੇ ਪੂਰਨ ਦੇ ਵਿਯੋਗ ਵਿਚ ਮਹਿਲ ਦੀ ਛੱਤ ਤੋਂ ਛਾਲ਼ ਮਾਰ ਕੇ ਜਾਨ ਦੇ ਦਿੱਤੀ। ਪੂਰਨ ਨੂੰ ਵੇਖ ਕੇ ਗੁਰੂ ਉਸ ਨਾਲ਼ ਗੁੱਸੇ ਹੋ ਗਿਆ ਕਿ ਉਸਨੇ ਗੁਰੂ ਦੇ ਬਚਨ ਨੂੰ ਝੂਠਾ ਕਰ ਦਿੱਤਾ ਹੈ। ਗੁਰੂ ਨੇ ਪੂਰਨ ਨੂੰ ਛੇਕ ਦਿੱਤਾ।

ਬੁੱਢਾ ਰਾਜਾ ਲੂਣਾ ਦੀ ਕੁੱਖੋਂ ਵੀ ਪੁੱਤਰ ਚਾਹੁੰਦਾ ਸੀ। ਉਹ ਸਾਧੂ ਦੀ ਮਹਿਮਾ ਸੁਣ ਕੇ ਲੂਣਾ ਨੂੰ ਲੈ ਕੇ ਪੂਰਨ ਕੋਲ਼ ਗਿਆ ਪਰ ਪੂਰਨ ਨੂੰ ਪਛਾਣ ਨਾ ਸਕੇ। ਤਾਂ ਪੂਰਨ ਨੇ ਲੂਣਾ ਦੁਆਰਾ ਪੂਰਨ ਨਾਲ਼ ਕੀਤੀ ਕਰਤੂਤ ਦੱਸ ਦਿੱਤੀ। ਲੂਣਾ ਨੇ ਗੁਨਾਹ ਮੰਨ
ਲਿਆ। ਕ੍ਰੋਧਵਾਨ ਰਾਜਾ, ਲੂਣਾ ਤੇ ਉਸਦੀ ਝੂਠੀ ਗਵਾਹ ਹੀਰਾਂ ਬਾਂਦੀ ਨੂੰ ਕਤਲ ਕਰਨ ਲੱਗਾ ਤਾਂ ਪੂਰਨ ਨੇ ਰੋਕ ਦਿੱਤਾ। ਅਤੇ ਲੂਣਾ ਨੂੰ ਪੁੱਤਰ ਦਾ ਵਰ ਦਿੱਤਾ। ਰਾਜੇ ਨੇ ਪੂਰਨ ਦੇ ਕਹਿਣ ‘ਤੇ ਲੂਣਾ ਨੂੰ ਮੁਆਫ ਕਰ ਦਿੱਤਾ ਤੇ ਲੂਣਾ ਦੀ ਕੁੱਖੋਂ ਜਲਦੀ ਹੀ ਬਹਾਦਰ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਮ ਨਾਲ਼ ਪ੍ਰਸਿੱਧ ਹੋਇਆ।ਇਧਰ ਪੂਰਨ ਦੀ ਮਾਂ ਇਛਰਾਂ ਪੁੱਤਰ ਦੇ ਵਿਯੋਗ ਵਿਚ ਰੋ-ਰੋ ਅੰਨ੍ਹੀ ਹੋ ਗਈ। ਰਾਜੇ ਸਲਵਾਨ ਦੇ ਬਾਗ ਸੁੱਕ ਗਏ। ਪੂਰਨ ਨੇ ਫਿਰਦੇ-ਤੁਰਦੇ ਬਾਗ ਵਿਚ ਆਣ ਡੇਰਾ ਲਾਇਆ ਤਾਂ ਬਾਗ ਹਰਾ-ਭਰਾ ਹੋ ਗਿਆ। ਰਾਣੀ ਇਛਰਾਂ ਨੂੰ ਗੋਲੀਆਂ ਨੇ ਦੱਸਿਆ ਕਿ ਬਾਗ ਵਿਚ ਬੜਾ ਕਰਨੀ ਵਾਲ਼ਾ ਸਾਧੂ ਆਇਆ ਹੈ ਉਹ ਤੇਰੇ ਨੇਤਰਾਂ ਦੀ ਜੋਤ ਮੋੜ ਦੇਵੇਗਾ। ਰਾਣੀ ਇਛਰਾਂ ਜਦੋਂ ਬਾਗ ਵਿਚ ਗਈ ਤਾਂ ਉਸਨੇ ਪੂਰਨ ਦੀ ਅਵਾਜ ਪਛਾਣ ਲਈ ਮਮਤਾ ਵੱਸ ਉਸਦੀਆਂ ਛਾਤੀਆਂ ‘ਚੋਂ ਦੁੱਧ ਵਗਣ ਲੱਗਾ।ਉਸਦੀਆਂ ਅੱਖਾਂ ਦੀ ਜੋਤ ਵਾਪਿਸ ਆ ਗਈ। ਮਾਂ-ਪੁੱਤ ਦਾ ਮਿਲਾਪ ਵੇਖ ਰੱਬ ਵੀ ਦਿਲਗੀਰ ਹੋ ਗਿਆ।
ਪੂਰਨ ਦੀ ਮਾਂ ਨੇ ਉਸ ਨੂੰ  ਮਹਿਲਾਂ ਵਿਚ ਵਾਪਿਸ ਆਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਪਰ ਪੂਰਨ ਨੇ ਜੁਆਬ ਦਿੱਤਾ ਕਿ:
ਪੂਰਨ ਕਹੇ ਦੀਵਾਨ ਜੀ ਸੱਚ ਆਖਾਂ ਮੈਨੂੰ ਲੋੜ੍ਹ ਨਾ ਰਾਜ ਸਮਾਜ ਦੀ ਏ।
ਸੱਚ ਬੋਲਣਾ ਕੰਮ ਹੈ ਫੱਕਰਾਂ ਦਾ ਔਣੀ ਗੱਲ ਨਾ ਅਸਾਂ ਨੂੰ ਪਾਜ ਦੀ ਏ।
ਸਕਾ ਕੌਣ ਹੈ ਕਿਸੇ ਦਾ ਜੱਗ ਉੱਤੇ ਦੁਨੀਆਂ ਕੁਲ ਮਿਤਰ ਆਪਣੇ ਕਾਜ ਦੀ ਏ
ਅਤੇ ਮਾਤਾ ਕਹਿਣ ਲੱਗੀ:
ਮਾਤਾ ਆਖਦੀ ਗਿਆਨ ਨਾ ਦੱਸ ਬੇਟਾ ਬਿਰਹੋਂ ਨਾਲ਼ ਮੇਰੇ ਅੰਗ ਚੂਰ ਹੋ ਗਏ।
ਭੜਕੀ ਹਿਜ਼ਰ ਦੀ ਅੱਗ ਚੌਤਰਫ਼ ਆਕੇ  ਹੱਡ ਭੁੱਜ ਕੇ ਸਿਲ ਮਨੂਰ ਹੋ ਗਏ।
ਚੌਦਾਂ ਬਰਸ ਮੈਂ ਹਸ਼ਰ ਦੇ ਵਾਂਗ ਕੱਟੇ ਨੇਤਰ ਰੋਂਦਿਆਂ ਮੇਰੇ ਸੰਧੂਰ ਹੋ ਗਏ।
ਦੌਲਤ ਰਾਮ ਵਿਛੋੜੇ ਦੀ ਅੱਗ ਡਾਢੀ ਰੋਜ਼ ਕੱਟਣੇ ਮਿਸਲ ਤੰਦੂਰ ਹੋ ਗਏ।
ਪਰ ਪੂਰਨ ਨੇ ਜਗਤ ਦੀ ਨਾਸ਼ਵਾਨਤਾ ਬਾਰੇ ਦੱਸ ਕਿ ਮਾਂ ਦਾ ਧਿਆਨ ਪਰਮਾਰਥ ਵੱਲ ਜੋੜ ਦਿੱਤਾ ਤੇ ਖੁਦ ਵਿਦਾ ਲੈ ਲਈ।
ਇਹ ਕਿੱਸੇ ਪੰਜਾਬੀ ਸਾਹਿਤ ਦੀ ਜਿੰਦਜਾਨ ਹਨ। ਉਪਰੋਕਤ ਕਿੱਸਾ ਸਿਰਫ ਚਸਕਾ ਲੈ ਕੇ ਪੜ੍ਹਨ ਵਾਲ਼ਾ ਨਹੀ ਬਲਕਿ ਜਿੰਦਗੀ ਦੀ ਸੱਚਾਈ ਨਾਲ਼ ਭਰਿਆ ਪਿਆ ਹੈ। ਪੂਰਨ ਜਤ-ਸਤ ਸੰਤੋਖ ਅਤੇ ਉੱਚੇ ਆਦਰਸ਼ਾਂ ਦਾ ਪ੍ਰਤੀਕ ਹੈ। ਲੂਣਾ ਹਿਰਸ,ਕਾਮ ਅਤੇ ਵਾਸਨਾ ਦਾ ਪ੍ਰਤੀਕ ਹੈ। ਇਹਨਾਂ ਲਾਗਾਂ ਦੇ ਵੱਸ ਪਿਆ ਮਨੁੱਖ ਆਪ ਵੀ ਖੁਆਰ ਹੁੰਦਾ ਹੈ ਤੇ ਹੋਰਾਂ ਦੀ ਖੁਆਰੀ ਦਾ ਵੀ ਕਾਰਨ ਬਣਦਾ ਹੈ। ਰਾਜਾ ਸਲਵਾਨ ਕ੍ਰੋਧਵਾਨ ਅਤੇ ਹੰਕਾਰ ਦਾ ਮਾਰਿਆ ਹੈ । ਹੈਂਕੜ ਵਿਚ ਉਹ ਝੂਠ ਸੱਚ ਦਾ ਨਿਤਾਰਾ ਨਹੀ ਕਰ ਸਕਦਾ ਤੇ ਸਲਵਾਨ ਦਾ ਕ੍ਰੋਧ ਤੇ ਹੰਕਾਰ, ਲੂਣਾ ਦੇ ਕਾਮ ਅਤੇ ਹਿਰਸ ਦਾ ਸ਼ਿਕਾਰ ਹੁੰਦਾ ਹੈ। ਤੇ ਭੁਗਤਣੀ ਹਮੇਸ਼ਾਂ ਪੂਰਨ ਜਿਹੇ ਭੋਲੇਪਨ ਨੂੰ ਪਈ ਹੈ।ਤਿੰਨ ਬਿਮਾਰੀਆਂ ਸਲਵਾਨ ਦਾ ਹੰਕਾਰ, ਕ੍ਰੋਧ ਤੇ ਲੂਣਾ ਦਾ ਕਾਮ ਰਲ਼ ਗਏ। ਰਾਣੀ ਇੱਛਰਾਂ ਮੋਹ ਵਿਚ ਗ੍ਰਸੀ ਹੋਈ ਹੈ। ਪੁੱਤਰ ਮੋਹ ਵਿਚ ਉਹ ਸੰਸਾਰ ਦੀ ਹਰ ਮਾਂ ਵਾਂਗ ਗਲ਼-ਗਲ਼ ਤੱਕ ਡੁੱਬੀ ਹੋਈ ਹੈ।
ਇਕ ਹੋਰ ਕਿਰਦਾਰ ਜੁੜਦਾ ਹੈ ਰਾਣੀ ਇਛਰਾਂ ਦਾ। ਉਹ ਵੀ ਇਸ਼ਕ ਜਾਲ ਵਿਚ ਉਲਝਦੀ ਹੈ ਪਰ ਉਹ ਲੂਣਾ ਨਾਲ਼ੋਂ ਵੱਖ ਹੈ ਕਿਉਂਕਿ ਉਹ ਪੂਰਨ ਵੱਲੋਂ ਠੁਕਰਾਏ ਜਾਣ ਤੇ ਲੂਣਾ ਵਾਂਗ ਕੁਰਬਾਨੀ ਲੈਂਦੀ ਨਹੀ ਸਗੋਂ ਪਿਆਰ ਵਿਚ ਕੁਰਬਾਨੀ ਦੇ ਦਿੰਦੀ ਹੈ। ਸ਼ਾਇਦ ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਹੈ ਕਿ ਪਿਆਰ ਹਾਸਿਲ ਕਰਨ ਦਾ ਨਹੀ ਬਲਕਿ ਕੁਝ ਦੇਣ ਦਾ ਨਾਂਅ ਹੈ ਅਰਥਾਤ ਤਿਆਗ ਦਾ।
ਇਸ ਕਿੱਸੇ ਵਿਚਲੀ ਸੱਚਾਈ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ। ਤੇ ਮਨੁੱਖ ਕਦੀ ਜਤ-ਸਤ ਵਾਲ਼ਾ ਪੂਰਨ ਬਣਦਾ ਹੈ ਅਤੇ ਕਦੀ ਕਾਮਵੱਸ ਹੋ ਲੂਣਾ ਦਾ ਰੂਪ ਧਾਰਨ ਕਰ ਲੈਂਦਾ ਹੈ। ਕਦੀ ਅਸੀਂ ਹੰਕਾਰੇ ਅਤੇ ਆਕੜੇ ਹੋਏ ਅਕਲ ਦੇ ਦਰਵਾਜੇ ਬੰਦ ਕਰੀ ਬੈਠੇ ਸਲਵਾਨ ਹੁੰਦੇ ਹਾਂ ਤੇ ਕਦੀ ਮਮਤਾ, ਮੋਹ ਵਿਚ ਗ੍ਰਸਿਆ ਹੋਇਆ ਮਨੁੱਖ ਇਛਰਾਂ ਦਾ ਰੂਪ ਧਾਰਨ ਕਰਦਾ ਹੈ।
ਇਹ ਜੀਵਨ ਦੀਆਂ ਸੱਚਾਈਆਂ ਹਨ।
ਜਤਿੰਦਰ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ- 9815534653


 

Translate »