November 11, 2011 admin

ਦਲ ਦਲ ਨੂੰ ਸ. ਸਰਨਾ ਦੀ ਚੁਣੌਤੀ ਸਵੀਕਾਰ ਕਰਨ ‘ਚ ਝਿਝਕ ਕਿਉਂ?

-ਜਸਵਂਤ ਸਿੰਘ ‘ਅਜੀਤ’-
ਕੁਝ ਦਿਨ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਨੇ ਦਿੱਲੀ ਦੇ ਉਪ-ਰਾਜਪਾਲ ਅਤੇ ਕੈਗ ਦੇ ਮੁੱਖੀ ਨਾਲ ਵੱਖ-ਵੱਖ ਮੁਲਾਕਾਤਾਂ ਕਰ, ਉਨ੍ਹਾਂ ਪਾਸੋਂ ਮੰਗ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸਦੀਆਂ ਸੰਸਥਾਵਾਂ, ਉਸਦੇ ਮੁੱਖੀਆਂ, ਸਰਨਾ-ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਾਤਿਆਂ ਅਤੇ ਜਾਇਦਾਦਾਂ ਦੀ ਜਾਂਚ ਕਰਵਾਈ ਜਾਏ। ਇਹ ਮੰਗ ਉਨ੍ਹਾਂ ਪਹਿਲੀ ਵਾਰ ਨਹੀਂ ਕੀਤੀ। ਬੀਤੇ ਸਮੇਂ ਵਿੱਚ ਉਹ ਇਸ ਮੰਗ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਨੂੰ ਵੀ ਮਿਲ ਚੁਕੇ ਹਨ ਅਤੇ ਇਸ ਸਬੰਧ ਵਿੱਚ ਉਹ ਲਗਾਤਾਰ ਬਿਆਨ ਵੀ ਦਿੰਦੇ ਚਲੇ ਆ ਰਹੇ ਹਨ,ਞ। ਦਸਿਆ ਜਾਂਦਾ ਹੈ ਕਿ ਇਸ ਵਾਰ ਉਨ੍ਹਾਂ ਜੋ ਪਤ੍ਰ ਉਪ-ਰਾਜਪਾਲ ਅਤੇ ਕੈਗ ਦੇ ਮੁੱਖੀ ਨੂੰ ਦਿਤਾ ਹੈ, ਉਸ ਵਿੱਚ ਉਨ੍ਹਾਂ ਵਲੋਂ ਅਜਿਹੀ ਸਭਿਅਤਾਹੀਨ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜਿਸਤੋਂ ਆਹਤ ਹੋ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਇਸ ਰੇੜਕੇ ਨੂੰ ਸਦਾ ਲਈ ਮੁਕਾ ਦੇਣਾ ਚਾਹੁੰਦੇ ਹਨ। ਇਸ ਕਰਕੇ ਉਹ ਆਪ ਦਿੱਲੀ ਦੇ ਉਪ-ਰਾਜਪਾਲ, ਮੁੱਖ ਮੰਤਰੀ, ਅਤੇ ਕੈਗ ਦੇ ਮੁੱਖੀ ਨੂੰ ਮਿਲਣਗੇ ਤੇ, ਉਨ੍ਹਾਂ ਨੂੰ ਇਕ ਪਤ੍ਰ ਦੇਣਗੇ। ਜਿਸ ਵਿੱਚ ਉਹ ਬਾਦਲ ਦਲ ਦੇ ਪ੍ਰਦੇਸ਼ ਮੁੱਖੀਆਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ, ਉਸ ਦੀਆਂ ਸੰਸਥਾਵਾਂ ਅਤੇ ਉਸਦੇ ਮੁੱਖੀਆਂ ਦੇ ਖਾਤਿਆਂ ਤੇ ਜਾਇਦਾਦਾਂ ਦੀ ਜਾਂਚ ਕਰਵਾਏ ਜਾਣ ਦੀ ਕੀਤੀ ਗਈ ਹੋਈ ਮੰਗ ਨੂੰ ਸ਼ਰਤ ਸਹਿਤ ਸਵੀਕਾਰ ਕਰਨ ਦੀ ਪੇਸ਼ਕਸ਼ ਕਰਦਿਆਂ, ਉਨ੍ਹਾਂ ਨੂੰ ਚੁਣੌਤੀ ਦਿੰਦਿਆਂ ਇਹ ਮੰਗ ਕਰਨਗੇ ਕਿ ਉਸੇ ਹੀ ਏਜੰਸੀ ਪਾਸੋਂ ਅਜਿਹੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੀਆਂ ਸੰਸਥਾਵਾਂ, ਉਸਦੇ ਪ੍ਰਧਾਨ ਅਤੇ ਉਸਦੇ ਸੱਤਾਧਾਰੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਬਾਦਲ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁਖੀਆਂ ਦੀ ਵੀ ਕਰਵਾਈ ਜਾਏ। ਉਨ੍ਹਾਂ ਦਾ ਮੰਨਣਾ ਹੈ ਕਿ ਕਿਉਂਕਿ ਉਨ੍ਹਾਂ ਵਿਰੁਧ ਜਾਂਚ ਕਰਵਾਏ ਜਾਣ ਦੀ ਮੰਗ ਰਾਜਸੀ ਦਵੈਸ਼-ਭਾਵਨਾ ਦੇ ਅਧਾਰ ਕੀਤੀ ਜਾ ਰਹੀ ਹੈ, ਇਸ ਕਾਰਣ ਦੋਹਾਂ ਧਿਰਾਂ ਦੀ ਜਾਂਚ ਇਕੋ ਏਜੰਸੀ ਪਾਸੋਂ ਕਰਵਾ ਕੇ ਹੀ ‘ਦੂੱਧ ਅਤੇ ਪਾਣੀ’ ਦਾ ਨਿਤਾਰਾ ਕੀਤਾ ਜਾ ਸਕਦਾ ਹੈ। ਇਹ ਵੀ ਦਸਿਆ ਜਾਂਦਾ ਹੈ ਕਿ ਸ. ਸਰਨਾ ਇਸ ਸਬੰਧ ਵਿੱਚ ਦਬਾਉ ਬਨਾਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਖ਼ਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਸ. ਪਰਮਜੀਤ ਸਿੰਘ ਸਰਨਾ ਦੀ ਇਹ ਚੁਣੌਤੀ ਸਵੀਕਾਰ ਕਰਨ ਦੀ ਬਜਾਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮਕੱੜ ਵਲੋਂ ਸ਼੍ਰੋਮਣੀ ਕਮੇਟੀ ਦੇ ਦਿੱਲੀ ਤੋਂ ਬਾਦਲ ਦਲ ਦੇ ਦੋ ਮੈਂਬਰਾਂ ਦੇ ਨਾਂ ਅੰਮ੍ਰਿਤਸਰ ਤੋਂ ਇਕ ਬਿਆਨ ਜਾਰੀ ਕਰਵਾ ਆਪਣੇ-ਆਪਨੂੰ ਦੁੱਧ ਧੋਤਾ ਕਰਾਰ ਦਿੰਦਿਆਂ ਕੇਵਲ ਸ, ਸਰਨਾ ਤੇ ਦਿੱਲੀ ਕਮੇਟੀ ਦੀ ਹੀ ਜਾਂਚ ਕਰਵਾਏ ਜਾਣ ਦੀ ਮੰਗ ਦੁਹਰਾਈ ਹੈ। ਜਦਕਿ ਸੰਪਰਕ ਕੀਤੇ ਜਾਣ ਤੇ ਦੋਹਾਂ ਮੈਂਬਰਾਂ ਵਿਚੋਂ ਇਕ ਨੇ ਅਜਿਹੇ ਕਿਸੇ ਬਿਆਨ ਦੀ ਜਾਣਕਾਰੀ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਇਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਜ. ਮਕੱੜ ਅਤੇ ਬਾਦਲ ਦਲ ਦੇ ਮੁੱਖੀ ਆਪਣੇ ਬੰਦਿਆਂ ਦੇ ਕਹਿਣ ਅਨੁਸਾਰ ਇਤਨੇ ਹੀ ਇਮਾਨਦਾਰ ਹਨ ਤਾਂ ਜਿਸਤਰ੍ਹਾਂ ਉਨ੍ਹਾਂ ਵਲੋਂ ਕੀਤੀ ਗਈ ਜਾਂਚ ਦੀ ਮੰਗ ਨੂੰ ਸਵੀਕਾਰ ਕਰਨ ਦੀ ਦਲੇਰੀ ਸ. ਸਰਨਾ ਨੇ ਵਿਖਾਈ ਹੈ, ਉਹੋ ਜਿਹੀ ਦਲੇਰੀ ਦਿਖਾਣ ਦੀ ਬਜਾਏ ਉਹ ਭਜ ਕਿਉਂ ਰਹੇ ਹਨ?   
ਰਾਜਸੱਤਾ ਬਨਾਮ ਧਾਰਮਕ ਮਾਨਤਾਵਾਂ: ਅਜ ਹਾਲਤ ਇਹ ਹੈ ਕਿ ਧਰਮ ਤੇ ਰਾਜਨੀਤੀ ਦੀ ਸਾਂਝ ਦਾ ਦੁਹਾਈ ਦੇ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ, ਜਿਸ ਰਾਜਸੀ ਸੱਤਾ ਦੀ ਪ੍ਰਾਪਤ ਕੀਤੀ ਹੈ, ਉਸੇ ਸੱਤਾ ਨੂੰ ਕਾਇਮ ਰਖਣ ਦੀ ਲਾਲਸਾ ਦੇ ਸ਼ਿਕਾਰ ਹੋ, ਉਨ੍ਹਾਂ ਆਪਣੀਆਂ ਧਾਰਮਕ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਾਖੀ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਲੋਂ ਮੂੰਹ ਤਕ ਮੋੜ ਲਿਆ ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਉਹ ਸੱਤਾ ਵੀ ਉਨ੍ਹਾਂ ਦੇ ਆਪਣੇ ਪਾਸ ਨਾ ਰਹਿ ਕੇ, ਸਿੱਖੀ ਦੇ ਵਿਰੋਧੀਆਂ ਦੇ ਹਥਾਂ ਵਿਚ ਚਲੀ ਗਈ ਹੈ ਤੇ ਉਹ ਆਪ ਉਨ੍ਹਾਂ ਦੀ ਕਠਪੁਤਲੀ ਬਣ ਵਿਚਰਦੇ ਰਹਿ ਗਏ ਹਨ। ਉਹ ਨਾ ਤਾਂ ਆਪਣੇ ਧਰਮ (ਸਿੱਖੀ) ਦੀਆਂ ਮਾਨਤਾਵਾਂ ਦੀ ਰਖਿਆ ਕਰਨ ਅਤੇ ਉਸਦੇ ਆਦਰਸ਼ਾਂ ਦਾ ਪਾਲਣ ਕਰਨ ਪ੍ਰਤੀ ਈਮਾਨਦਾਰ ਰਹਿ ਸਕੇ ਹਨ ਅਤੇ ਨਾ ਹੀ ਰਾਜਸੀ ਖੇਤਰ ਵਿਚ ਆਪਣੀ ਵਖਰੀ ਤੇ ਸੁਤੰਤਰ ਹੋਂਦ ਸਥਾਪਤ ਰਖ ਪਾਣ ਵਿਚ ਹੀ ਸਫਲ ਹੋ ਸਕੇ ਹਨ।
ਇਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਜੋ ਮਨੋਰਥ ਅਤੇ ਸਿੱਖ ਪੰਥ ਲਈ ਜਿਸ ਪਾ੍ਰਪਤੀ ਦਾ ਨਿਸ਼ਾਨਾ ਮਿਥਿਆ ਗਿਆ ਸੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਰਾਜਸੀ ਲਾਲਸਾ ਦਾ ਸ਼ਿਕਾਰ ਹੋ, ਉਨ੍ਹਾਂ ਤੋਂ ਭਟਕ ਕੇ ਦਲ ਨੂੰ ਕਿਤੇ ਬਹੁਤ ਹੀ ਦੂਰ ਲੈ ਗਏ ਹਨ, ਜਿਥੋਂ ਉਨ੍ਹਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ। ਇਕ ਪਾਸੇ ਤਾਂ ਉਹ ਸਿੱਖੀ ਦੀਆਂ ਸਥਾਪਤ ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਵਿਚ ਸਫਲ ਨਹੀਂ ਹੋ ਸਕੇ ਤੇ ਦੂਜੇ ਪਾਸੇ ਉਨ੍ਹਾਂ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਆਪਣੀ ਤੇ ਸਿੱਖ ਪੰਥ ਦੀ ਸੁਤੰਤਰ ਹੋਂਦ ਨੂੰ ਵੀ ਸਿੱਖੀ-ਵਿਰੋਧੀ ਸ਼ਕਤੀਆਂ, ਭਾਜਪਾ-ਆਰ ਐਸ ਐਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਪਾਸ ਗਹਿਣੇ ਰਖ ਦਿਤਾ ਹੈ।
ਫਲਸਰੂਪ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰ ਅਕਾਲੀ ਆਗੂਆਂ ਨੇ ਨਾ ਤਾਂ ਧਾਰਮਕ ਮਾਨਤਾਵਾਂ ਕਾਇਮ ਰਹਿਣ ਦਿਤੀਆਂ ਹਨ ਅਤੇ ਨਾ ਹੀ ਉਹ ਰਾਜਸੀ ਖੇਤਰ ਵਿਚ ਆਪਣੀ ਸੁਤੰਤਰ ਹੋਂਦ ਕਾਇਮ ਰਖ ਸਕੇ ਹਨ।     
ਇਕ ਹੋਰ ਦੁਖਦਾਈ ਪਹਿਲੂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀਆਂ, ਦੋ ਸਰਵੁਚ ਧਾਰਮਕ ਜਥੇਬੰਦੀਆਂ ਸਵੀਕਾਰੀਆਂ ਜਾਂਦੀਆਂ ਹਨ। ਇਨ੍ਹਾਂ ਦੋਹਾਂ ਜਥੇਬੰਦੀਆਂ ਦਾ ਗਠਨ ਸਿੱਖ ਧਰਮ ਦੀਆਂ ਮਾਣ-ਮਰਿਅਦਾਵਾਂ ਨੂੰ ਕਾਇਮ ਰਖਣ ਅਤੇ ਸਿੱਖੀ ਦਾ ਫੈਲਾਅ ਕਰਨ ਵਿੱਚ ਆਪਣੀ ਜ਼ਿਮੇਂਦਾਰੀ ਨਿਭਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਭਾਵੇਂ ਇਨ੍ਹਾਂ ਧਾਰਮਕ ਜਥੇਬੰਦੀਆਂ ਦੀ ਸੱਤਾ ਤੇ ਕਾਬਜ਼ ਆਗੂਆਂ ਦੀਆਂ ਰਾਜਸੀ ਵਫ਼ਾਦਾਰੀਆਂ ਵੱਖ-ਵੱਖ ਹਨ, ਪ੍ਰੰਤੂ ਧਾਰਮਕ ਮਾਨਤਾਵਾਂ ਦੀ ਰਖਿਆ ਕਰਨ ਪ੍ਰਤੀ ਤਾਂ ਵਫ਼ਾਦਾਰੀ ਦੋਹਾਂ ਦੀ ਇਕੋ ਹੈ। ਇਸਲਈ ਚਾਹੀਦਾ ਤਾਂ ਇਹ ਸੀ ਕਿ ਧਾਰਮਕ ਖੇਤਰ ਵਿਚ ਇਹ ਦੋਵੇਂ ਸੰਸਥਾਵਾਂ ਆਪਸੀ ਸਹਿਯੋਗ ਨੂੰ ਕਾਇਮ ਰਖਦਿਆਂ, ਆਪੋ-ਆਪਣੀ ਜ਼ਿਮੇਂਦਾਰੀ ਨਿਭਾਉਂਦੀਆਂ, ਜਿਸ ਨਾਲ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਸੁਚਜੇ ਢੰਗ ਨਾਲ ਹੋ ਸਕਦਾ। ਪ੍ਰੰਤੂ ਦੁਖਦਾਈ ਪਹਿਲੂ ਇਹ ਹੈ ਕਿ ਦੋਹਾਂ ਜਥੇਬੰਦੀਆਂ ਦੇ ਆਗੂ ਆਪਸੀ ਸਹਿਯੋਗ ਦੀ ਰਾਹ ਤੇ ਚਲਣ ਦੀ ਬਜਾਏ, ਆਪੋ-ਆਪਣੀਆਂ ਰਾਜਸੀ ਵਫਾਦਾਰੀਆਂ ਪਾਲਦਿਆਂ, ਟਕਰਾਉ ਦੇ ਰਾਹ ਤੇ ਚਲ ਪਏ ਹੋਏ ਹਨ, ਜਿਸ ਕਾਰਣ ਨਾ ਕੇਵਲ ਉਨ੍ਹਾਂ ਵਿਚ ਆਪਸੀ ਦੂਰੀ ਵਧਦੀ ਜਾ ਰਹੀ ਹੈ, ਸਗੋਂ ਇਸਦਾ ਗ਼ੈਰ-ਸਿੱਖਾਂ ਦੇ ਨਾਲ-ਨਾਲ ਆਮ ਸਿੱਖਾਂ ਵਿਚ ਵੀ ਬਹੁਤ ਹੀ ਮਾੜਾ ਸੁਨੇਹਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਸਿੱਖਾਂ ਤੇ ਸਿੱਖੀ ਦੇ ਹਿਤ ਵਿਚ ਨਹੀਂ ਹੋ ਸਕਦਾ।
ਇਕ ਉਤਸਾਹੀ ਨੌਜਵਾਨ: ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਸਬੰਧ ਵਿੱਚ ਮੁਢਲੀ ਪ੍ਰਕ੍ਰਿਆ ਦੇ ਰੂਪ ਵਿੱਚ ਮਤਦਾਤਾ ਬਣਾਉਣ ਦੇ ਕਾਰਜ ਦੀ ਅਰੰਭਤਾ ਹੁੰਦਿਆਂ ਹੀ, ਜਿਥੇ ਕਈ ਸਿੱਖ ਮੁੱਖੀ ਅਤੇ ਜਥੇਬੰਦੀਆਂ ਗੁਰਦੁਆਰਾ ਚੋਣਾਂ ਦੇ ਲਈ ਮਤਦਾਤਾ ਬਣਾਏ ਜਾਣ ਲਈ ਤਿਆਰ ਕੀਤੇ ਗਏ ਹੋਏ ਫਾਰਮਾਂ ਵਿਚਲੀਆਂ ਗ਼ਲਤੀਆਂ ਨੂੰ ਲੈ ਕੇ ਇਤਰਾਜ਼ ਦਰਜ ਕਰਵਾਉਣ ਵਿੱਚ ਸਮਾਂ ਬਰਬਾਦ ਕਰਨ ਵਿੱਚ ਜੁਟ ਗਏ ਹਨ, ਉਥੇ ਹੀ ਇਕ ਉਤਸਾਹੀ ਨੌਜਵਾਨ ਸ. ਜਸਬੀਰ ਸਿੰਘ ਜੱਸੀ (ਇੰਦਰਾ ਵਿਹਾਰ) ਵਾਇਸ ਚੇਅਰਮੈਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਜੂਨੀਅਰ ਵਿੰਗ) ਨਿਰੰਕਾਰੀ ਕਾਲੌਨੀ, ਮਤਦਾਤਾ ਫਾਰਮ ਪੁਰ ਲਾਣ ਲਈ ਫੋਟੋ ਮੌਕੇ ਤੇ ਤਿਆਰ ਕਰਵਾਉਣ ਲਈ, ਕੈਮਰਾਮੈਨ ਨੂੰ ਆਪਣੇ ਨਾਲ ਲੈ ਅਤੇ ਮਤਦਾਤਾ ਬਣਾਉਣ ਦੇ ਫਾਰਮਾਂ ਦੇ ਬੰਡਲ ਚੁਕ, ਘਰ-ਘਰ ਜਾ ਮਤਦਾਤਾ ਬਣਾਉਣ ਦੇ ਕੰਮ ਵਿੱਚ ਰੁਝ ਗਿਆ ਹੈ। ਉਸਨੂੰ ਇਸ ਗਲ ਦੀ ਚਿੰਤਾ ਹੈ ਕਿ ਜੋ ਸਿੱਖ, ਮਤਦਾਤਾ ਬਣਨ ਦੀ ਯੋਗਤਾ ਰਖਦੇ ਹਨ, ਉਹ ਕਿਧਰੇ ਮਤਦਾਤਾ ਬਣਨੇ ਤੋਂ ਨਾ ਰਹਿ ਜਾਣ।
ਜਦੋਂ ਭੈਭੀਤ ਹੋ ਰਾਜਨੈਤਿਕ ਬਿਆਨਬਾਜ਼ੀ ਤੇ ਉਤਰਦੇ ਹਨ : ਕੁਝ ਇਕ ਲੋਕੀ ਇਹ ਮੰਨ ਕੇ ਨਕਾਰਾਤਮਕ ਬਿਆਨ-ਬਾਜ਼ੀ ਕਰਨ ਦੇ ਰਾਹ ਪੈ ਜਾਂਦੇ ਹਨ ਕਿ ਵਿਰੋਧੀ ਧਿਰ ਵਲੋਂ ਉਸ ਦਾ ਨੋਟਸ ਲਏ ਜਾਣ ਨਾਲ, ਉਨ੍ਹਾਂ ਦੇ ਸਮਾਜ ਵਿੱਚ ਇਕ ਵੱਡੇ ਨੇਤਾ ਦੇ ਰੂਪ ਵਿੱਚ ਸਥਾਪਤ ਹੋਣ ਦਾ ਰਾਹ ਖੁਲ੍ਹ ਜਾਇਗਾ। ਜਦੋਂ ਉਨ੍ਹਾਂ ਦੇ ਬਿਆਨ ਦਾ ਦੂਜੇ ਪਾਸੇ ਤੋਂ ਕੋਈ ਨੋਟਸ ਨਹੀਂ ਲਿਆ ਜਾਂਦਾ ਤਾਂ ਉਹ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਇਹ ਪ੍ਰਚਾਰ ਕਰ ਆਪਣੇ-ਆਪਨੂੰ ਤਸੱਲੀ ਦੇਣ ਲਗਦੇ ਹਨ ਕਿ ਉਨ੍ਹਾਂ ਦੇ ਇਕੋ ਬਿਆਨ ਨੇ ਵਿਰੋਧੀ ਦੀ ਬੋਲਤੀ ਬੰਦ ਕਰ ਦਿਤੀ ਹੈ। ਜਦਕਿ ਸਵਰਗਵਾਸੀ ਜ. ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਇਉਂ ਕਿਹਾ ਜਾਇਗਾ ਕਿ ਵਿਰੋਧੀ ਤਾਂ ਨਕਾਰ-ਆਤਮਕ ਬਿਆਨ-ਬਾਜ਼ੀ ਕਰ ਲੋਕਾਂ ਨੂੰ ਇਹ ਪ੍ਰਭਾਵ ਦਿੰਦੇ ਹਨ ਕਿ ਉਹ ਉਸ ਤੋਂ ਡਰਦੇ ਹਨ। ਇਸਲਈ ਉਹ ਕਿਉਂ ਉਨ੍ਹਾਂ ਵਿਰੁਧ ਕੋਈ ਬਿਆਨ ਦੇ ਕੇ, ਲੋਕਾਂ ਨੂੰ ਇਹੀ ਪ੍ਰਭਾਵ ਦੇਵੇ ਕਿ ਉਹ ਵੀ ਉਨ੍ਹਾਂ ਤੋਂ ਡਰਦਾ ਹੈ?                                                                   
…ਅਤੇ ਅੰਤ ਵਿਚ : ਕੁਝ ਦਿਨ ਹੋਏ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨਾਲ ਅਚਾਨਕ ਮੁਲਾਕਾਤ ਹੋ ਗਈ ਤਾਂ ਗਲਾਂ-ਗਲਾਂ ਵਿਚ ਸਿੱਖੀ ਦੇ ਸਿਕੁੜਦੇ ਜਾਣ ਦੀ ਚਰਚਾ ਛਿੜ ਪਈ। ਉਹ ਗੰਭੀਰ ਹੋ ਕਹਿਣ ਲਗੇ ਕਿ ਪਤਾ ਨਹੀਂ, ਸਿੱਖੀ ਵਿਚਲੀ ਉਦਾਰਤਾ ਕਿਥੇ ਚਲੀ ਗਈ ਹੈ ਅਤੇ ਉਸਦੀ ਥਾਂ ਸੰਕੀਰਣਤਾ ਨੇ ਲੈ ਲਈ ਹੈ। ਉਨ੍ਹਾਂ ਪੁਛਿਆ ਕਿ ਜੇ ਕੋਈ ਵਿਅਕਤੀ ਸਿੱਖੀ ਨੂੰ ਸਮਝ ਨਹੀਂ ਪਾ ਰਿਹਾ, ਤਾਂ ਉਸਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਦਾ ਉਪਰਾਲਾ ਕਰਨ ਦੀ ਬਜਾਏ, ਨਿਖੇੜ ਦਿਤਾ ਜਾਣਾ ਕਿਥੋਂ ਦੀ ਸਿਆਣਪ ਹੈ? ਫਿਰ ਜੇ ਕੋਈ ਇਹ ਆਖਦਾ ਹੈ ਕਿ ਉਹ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਰਖਦਾ ਹੈ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਪਨਾਉਂਦਾ ਹੈ। ਉਹ ਉਨ੍ਹਾਂ ਦਾ ਸਿੱਖ ਹੈ, ਤਾਂ ਕਿਸੇ ਨੂੰ ਕੀ ਹਕ ਹੈ ਕਿ ਉਹ ਉਸਨੂੰ ਸਿੱਖ ਮੰਨਣ ਤੋਂ ਇਨਕਾਰ ਕਰ ਦੇਵੇ?   
Mobile : + 91 98 68 91 77 31 
E-mail : jaswantsinghajit@gmail.com
Address : Jaswant Singh ‘Ajit’,  64-C, U&V/B, Shalimar Bagh, DELHI-110088


 

Translate »