-ਜਸਵੰਤ ਸਿੰਘ ‘ਅਜੀਤ’-
ਇੱਕ ਸਮਾਂ ਸੀ, ਜਦੋਂ ਸਿੱਖ ਆਪਣੀਆਂ ਧਾਰਮਕ ਸੰਸਥਾਵਾਂ ਪੁਰ ਰਾਜਸੀ ਵਾਤਾਵਰਣ ਜਾਂ ਰਾਜਸੀ ਸ਼ਖਸੀਅਤਾਂ ਤਕ ਦਾ ਪਰਛਾਵਾਂ ਪੈਣਾ ਵੀ ਸਹਿਣ ਨਹੀਂ ਸੀ ਕਰ ਸਕਦੇ। ਇਸਦਾ ਕਾਰਣ ਇਹ ਸੀ ਕਿ ਜਿਥੇ ਦੂਸਰੇ ਧਰਮਾਂ ਨਾਲ ਸੰਬੰਧਤ ਸੰਸਥਾਵਾਂ ਕੇਵਲ ਇੱਕੋ ਧਰਮ ਵਿਸ਼ੇਸ਼ ਦੀਆਂ ਹੀ ਮੰਨੀਆਂ ਜਾਂਦੀਆਂ ਹਨ, ਉਥੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਗੁਰੂ ਸਹਿਬਾਨ ਦੀਆਂ ਸਿਖਿਆਵਾਂ ਅਤੇ ਉਪਦੇਸ਼ਾਂ ਅਨੁਸਾਰ ਸਰਬ-ਸਾਂਝੀਆਂ ਸਵੀਕਾਰ ਕੀਤੀਆਂ ਜਾਂਦੀਆਂ ਹਨ। ਇਸੇ ਕਾਰਣ ਹੀ ਸਿੱਖਾਂ ਨੇ ਕਦੀ ਵੀ ਨਹੀਂ ਸੀ ਚਾਹਿਆ ਕਿ ਅਜਿਹੇ ਲੋਕੀ ਗੁਰਧਾਮਾਂ ਪੁਰ ਹਾਵੀ ਹੋ ਜਾਣ, ਜੋ ਨਿਜ ਸੁਆਰਥ ਦਾ ਸ਼ਿਕਾਰ ਹੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ ਨੂੰ ਹੀ ਬਦਲ ਕੇ ਰਖ ਦੇਣ।
ਜਦੋਂ ਕਦੀ ਵੀ ਸਿੱਖਾਂ ਦੇ ਵੇਖਣ-ਸੁਣਨ ਵਿੱਚ ਇਹ ਆਉਂਦਾ ਕਿ ਉਨ੍ਹਾਂ ਦੀਆਂ ਧਾਰਮਕ ਸੰਸਥਾਵਾਂ, ਗੁਰਦੁਆਰਿਆਂ ਦੀ ਪਵਿਤ੍ਰਤਾ ਅਤੇ ਉਨ੍ਹਾਂ ਦੀ ਮਾਣ-ਮਰਿਆਦਾ ਕਾਇਮ ਰਖਣ ਦੇ ਜ਼ਿਮੇਂਦਾਰ ਵਿਅਕਤੀ ਰਾਜਨੈਤਿਕ ਸਰਪ੍ਰਸਤੀ ਪ੍ਰਾਪਤ ਕਰ ਆਪਣੀ ਜ਼ਿਮੇਂਦਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਬਜਾਏ, ਗੁਰ-ਅਸਥਾਨਾਂ ਦੀ ਨਿਜ ਹਿਤਾਂ ਲਈ ਵਰਤੋਂ ਕਰਨੀ ਸ਼ੁਰੂ ਕਰ ਉਨ੍ਹਾਂ ਦੀ ਪਵਿਤ੍ਰਤਾ ਭੰਗ ਕਰਨ ਦੇ ਨਾਲ ਹੀ ਦੁਰਾਚਾਰ ਵਿੱਚ ਲਿਪਤ ਹੁੰਦੇ ਜਾ ਰਹੇ ਹਨ, ਉਨ੍ਹਾਂ ਦੇ ਦਿਲ ਵਿੱਚ ਚੀਸਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਸਨ। ਇਹੀ ਕਾਰਣ ਸੀ ਕਿ ਉਨ੍ਹੀਵੀਂ ਸੱਦੀ ਦੇ ਅੰਤ ਅਤੇ ਵੀਹਵੀਂ ਸੱਦੀ ਦੇ ਅਰੰਭ ਵਿੱਚ ਜਦੋਂ ਇਹ ਸੁਣਨ ਅਤੇ ਵੇਖਣ ਵਿੱਚ ਆਉਣ ਲਗਾ ਕਿ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਸੰਭਾਲੀ ਚਲੇ ਆ ਰਹੇ ਮਹੰਤ ਆਚਰਣ-ਹੀਨਤਾ ਦੇ ਸ਼ਿਕਾਰ ਹੋ, ਦੁਰਾਚਾਰੀ ਬਣਦੇ ਜਾ ਰਹੇ ਹਨ ਅਤੇ ਦਿਨ-ਦੀਵੀਂ ਗੁਰਧਾਮਾਂ ਦੀ ਪਵਿਤ੍ਰਤਾ ਭੰਗ ਕਰਨ ਵਿੱਚ ਜੁਟ ਗਏ ਹੋਏ ਹਨ, ਤਾਂ ਜਿਸ ਸਿੱਖ ਨੇ ਵੀ ਇਹ ਸੁਣਿਆ ਤੇ ਵੇਖਿਆ ਉਸੇ ਦਾ ਹਿਰਦਾ ਛਲਨੀ-ਛਲਨੀ ਹੋ ਗਿਆ।
ਉਨ੍ਹਾਂ ਨੂੰ ਇਹ ਜਾਣਕੇ ਹੋਰ ਵੀ ਦੁੱਖ ਹੋਇਆ ਕਿ ਦੇਸ਼ ਦੇ ਹਾਕਮ ਅੰਗ੍ਰੇਜ਼ ਇਨ੍ਹਾਂ ਆਚਰਣ-ਹੀਨ ਤੇ ਦੁਰਾਚਾਰੀ ਮਹੰਤਾਂ ਨੂੰ ਰਾਜਸੀ ਸਰਪ੍ਰਸਤੀ ਦੇ ਰਹੇ ਹਨ। ਬਸ, ਫਿਰ ਕੀ ਸੀ? ਇਨ੍ਹਾਂ ਦੁਰਾਚਾਰੀ ਮਹੰਤਾਂ ਤੋਂ ਇਤਿਹਾਸਕ ਗੁਰਧਾਮਾਂ ਨੂੰ ਆਜ਼ਾਦ ਕਰਵਾਣ, ਉਨ੍ਹਾਂ ਦੀ ਪਵਿਤ੍ਰਤਾ ਅਤੇ ਮਾਣ-ਮਰਿਆਦਾ ਨੂੰ ਬਹਾਲ ਕਰਾਉਣ ਦਾ ਪ੍ਰਣ ਕਰ, ਪਰਿਵਾਰਕ ਸੁੱਖਾਂ ਦਾ ਤਿਆਗ ਕਰ ਸਿੱਖ ਘਰਾਂ ਵਿਚੋਂ ਨਿਕਲ ਤੁਰੇ।
ਇੱਕ ਲੰਮਾਂ ਸੰਘਰਸ਼, ਜਿਸਨੂੰ ‘ਗੁਰਦੁਆਰਾ ਸੁਧਾਰ ਲਹਿਰ’ ਦੇ ਨਾਂ ਨਾਲ ਅੱਜ ਵੀ ਯਾਦ ਕੀਤਾ ਜਾਂਦਾ ਹੈ, ਵਿਢਿਆ ਗਿਆ। ਇਸ ਸੰਘਰਸ਼ ਦੌਰਾਨ ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਅਨੇਕਾਂ ਅੰਗੈਜ਼ੀ ਸਾਮਰਾਜ ਦੀ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਸ਼ਹੀਦ ਅਤੇ ਅਨੇਕਾਂ ਲਾਠੀਆਂ ਦਾ ਸ਼ਿਕਾਰ ਹੋ ਸਦਾ ਲਈ ਅਪੰਗ ਹੋ ਕੇ ਰਹਿ ਗਏ। ਅਨੇਕਾਂ ਘਰ-ਘਾਟ ਜ਼ਬਤ ਕਰਵਾ ਬੈਠੇ, ਪਰ ਫਿਰ ਵੀ ਉਨ੍ਹਾਂ ਹਿੰਮਤ ਨਹੀਂ ਹਾਰੀ, ਕਿਉਂਕਿ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ, ਗੁਰਦੁਆਰਿਆਂ ਦੀ ਆਜ਼ਾਦੀ, ਪਵਿਤ੍ਰਤਾ ਅਤੇ ਮਰਿਆਦਾ ਉਨ੍ਹਾਂ ਨੂੰ ਆਪਣੀਆਂ ਜਾਨਾਂ ਅਤੇ ਜਾਇਦਾਦਾਂ ਨਾਲੋਂ ਵਧੇਰੇ ਪਿਆਰੀ ਸੀ। ਆਖਿਰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਨੂੰ ਫਲ ਲਗਾ। ਮਹੰਤਾਂ ਨੇ ਉਨ੍ਹਾਂ ਸਾਮ੍ਹਣੇ ਹਥਿਆਰ ਸੁੱਟ ਦਿੱਤੇ। ਸ਼ਕਤੀਸ਼ਾਲੀ ਅੰਗ੍ਰੇਜ਼ ਹਕੂਮਤ ਵੀ ਉਨ੍ਹਾਂ ਦੀ ਤਾਕਤ ਦਾ ਲੋਹਾ ਮੰਨ, ਝੁਕਣ ਤੇ ਮਜਬੂਰ ਹੋ ਗਈ। ਆਚਰਣ-ਹੀਨ ਤੇ ਦੁਰਾਚਾਰੀ ਮਹੰਤਾਂ ਦੇ ਪੰਜੇ ਵਿਚੋਂ ਗੁਰਧਾਮ ਆਜ਼ਾਦ ਹੋ ਗਏ। ਪੰਥ ਨੇ ਉਨ੍ਹਾਂ ਦਾ ਪ੍ਰਬੰਧ ਸੰਭਾਲ ਲਿਆ। ਅੰਗ੍ਰੇਜ਼ ਹਕੂਮਤ ਨੇ ਵੀ ਇਸ ਤਬਦੀਲੀ ਨੂੰ ਮਾਨਤਾ ਦੇਣ ਲਈ ਪੰਜਾਬ ਗੁਰਦੁਆਰਾ ਐਕਟ-੧੯੨੫ ਬਣਾ ਦਿੱਤਾ। ਇਸੇ ਐਕਟ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਸਿੱਖਾਂ ਦੇ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਨੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਚਲਾਣ, ਉਨ੍ਹਾਂ ਦੀ ਪਵਿਤ੍ਰਤਾ ਬਹਾਲ ਰਖਣ ਅਤੇ ਸਥਾਪਤ ਮਰਿਆਦਾਵਾਂ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਸੰਭਾਲ ਲਈ। ਇਸਤਰ੍ਹਾਂ ਗੁਰਦੁਆਰਾ ਪ੍ਰਬੰਧ ਦਾ ਨਵਾਂ ਦੌਰ ਅਰੰਭ ਹੋ ਗਿਆ।
ਫਿਰ ੧੯੭੦ ਵਿੱਚ ਵਾਪਰੀ ਇੱਕ ਨਾਟਕੀ ਘਟਨਾ ਦੇ ਫਲਸਰੂਪ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸਬੰਧਤ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-੧੯੭੧ ਹੋਂਦ ਵਿੱਚ ਆ ਗਿਆ। ਜਿਸਦੇ ਆਧਾਰ ਤੇ ੧੯੭੫ ਵਿੱਚ ਦਿੱਲੀ ਦੇ ਸਿੱਖਾਂ ਰਾਹੀਂ ਚੁਣੇ ਹੋਏ ਪ੍ਰਤੀਨਿਧੀਆਂ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋ ਗਿਆ। ਇਸਤਰ੍ਹਾਂ ਦੋਵੇਂ ਉੱਚ ਧਾਰਮਕ ਜਥੇਬੰਦੀਆਂ ਦਾ ਪ੍ਰਬੰਧ ਪੰਥਕ ਪ੍ਰਤੀਨਿਧੀਆਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ।
ਇਨ੍ਹਾਂ ਸਰਵੁੱਚ ਧਾਰਮਕ ਸੰਸਥਾਵਾਂ ਦੇ ਗਠਨ ਤੋਂ ਬਾਅਦ ਇਹ ਆਸ ਕੀਤੀ ਜਾਣ ਲਗੀ ਸੀ ਕਿ ਹੁਣ ਇਤਿਹਾਸਕ ਗੁਰਦੁਆਰਿਆਂ ਦੀ ਪਵਿਤ੍ਰਤਾ ਬਣੀ ਰਹੇਗੀ ਅਤੇ ਗੁਰੂ ਸਹਿਬ ਵਲੋਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਸੁਚਾਰੂ ਰੂਪ ਵਿੱਚ ਪਾਲਣ ਹੁੰਦਾ ਰਹਿ ਸਕੇਗਾ। ਇਹ ਆਸ ਵੀ ਕੇਵਲ ਕੁਝ ਹੀ ਸਮੇਂ ਤਕ ਹੀ ਬਣੀ ਰਹਿ ਸਕੀ। ਆਹਿਸਤਾ-ਆਹਿਸਤਾ ਇਨ੍ਹਾਂ ਧਾਰਮਕ ਸੰਸਥਾਵਾਂ ਨੂੰ ਰਾਜਨੈਤਿਕ ਗਲਿਆਰਿਆਂ ਤਕ ਪੁਜਣ ਲਈ ਪੌੜੀ ਵਜੋਂ ਇਸਤੇਮਾਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ।
ਗੁਰਦੁਆਰਾ ਪ੍ਰਬੰਧ ਵਿੱਚ ਰਾਜਨੈਤਿਕ ਦਖਲ ਨੂੰ ਜਾਇਜ਼ ਕਰਾਰ ਦੇਣ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣ ਦੀ ਉਦਾਹਰਣ ਦੇ ਕੇ ਇਹ ਕਿਹਾ ਜਾਣ ਲਗਾ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕਰ ਦਿੱਤਾ ਸੀ। ਪ੍ਰੰਤੂ ਕੋਈ ਇਸ ਸੁਆਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਹੋਇਆ ਕਿ ਜੇ ਉਨ੍ਹਾਂ ਦੋਹਾਂ, ਧਰਮ ਅਤੇ ਰਾਜਨੀਤੀ, ਨੂੰ ਰਲ-ਗੱਡ ਕੀਤਾ ਹੁੰਦਾ ਤਾਂ ਕੀ ਉਹ ਦੋਵੇਂ ਤਲਵਾਰਾਂ ਇੱਕੋ ਪਾਸੇ ਨਾ ਪਹਿਨਦੇ? ਉਨ੍ਹਾਂ ਤਾਂ ਇੱਕ ਸੱਜੇ ਪਹਿਨੀ ਅਤੇ ਦੂਜੀ ਖੱਬੇ।
ਫਿਰ ਅਜਿਹਾ ਸਮਾਂ ਆਇਆ, ਜਦੋਂ ਇਹ ਕਿਹਾ ਜਾਣਾ ਅਤੇ ਮੰਨਿਆ ਜਾਣ ਲਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਜਿਸ ਗੁੱਟ ਪਾਸ ਹੈ, ਉਸੇ ਗੁੱਟ ਦਾ ਅਕਾਲੀ ਦਲ, ਜੋ ਕਿ ਰਾਜਸੀ ਜਥੇਬੰਦੀ ਹੈ, ਹੀ ਅਸਲੀ ਹੈ। ਬਾਕੀ ਸਾਰੇ ਹੀ ਜਾਪਾਨੀ ਹਨ। ਜਿਸਦੇ ਫਲਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਲਈ ਹੋੜ ਜਿਹੀ ਲਗ ਗਈ।
ਇਸੇ ਹੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ, ਦਿੱਲੀ ਅਤੇ ਕੇਂਦਰ ਦੀਆਂ ਸਰਕਾਰਾਂ ਦੇ ਗਲਿਆਰਿਆਂ ਤੱਕ ਪੁਜਣ ਦੀ ਪੌੜੀ ਬਣਦਾ ਚਲਿਆ ਆਉਣ ਲਗਾ। ਇਸਦੀ ਸੱਤਾ ਪੁਰ ਕਬਜ਼ਾ ਕਰਨ ਲਈ ਪੰਥ ਦੇ ਚੁਣੇ ਹੋਏ ਮੈਂਬਰਾਂ ਨੂੰ ਅਗਵਾ ਕਰਨਾ, ਉਨ੍ਹਾਂ ਪੁਰ ਹਮਲੇ ਕਰਨੇ, ਉਨ੍ਹਾਂ ਦੀਆਂ ਪਗੜੀਆਂ ਉਤਾਰ ਪੈਰਾਂ ਹੇਠ ਰੋਲਣੀਆਂ ਅਤੇ ਉਨ੍ਹਾਂ ਦੀਆਂ ਜ਼ਮੀਰਾਂ ਖਰੀਦਣ ਲਈ ਲੱਖਾਂ ਦੀਆਂ ਬੋਲੀਆਂ ਲਾਉਣਾ ਆਮ ਗਲਾਂ ਹੋ ਗਈਆਂ।
ਧਰਮ ਅਸਥਾਨਾਂ ਪੁਰ ਕਾਬਜ਼ ਹੋਣ ਨੂੰ ਰਾਜਸੀ ਸੱਤਾ ਦੇ ਗਲਿਆਰਿਆਂ ਤੱਕ ਪੁਜਣ ਦੀ ਪੌੜੀ ਸਮਝੇ ਜਾਣ ਦਾ ਹੀ ਨਤੀਜਾ ਇਹ ਹੋਇਆ ਹੈ ਕਿ ਇਨ੍ਹਾਂ ਧਾਰਮਕ ਸੰਸਥਾਵਾਂ ਦਾ ਧਾਰਮਕ ਸਰੂਪ ਨਾਂ ਮਾਤ੍ਰ ਹੀ ਰਹਿ ਗਿਆ ਹੈ ਅਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਰਾਜਸੀਕਰਣ ਕਰ ਦਿੱਤਾ ਗਿਆ। ਹੁਣ ਤਾਂ ਇਸ ਤੋਂ ਕਈ ਕਦਮ ਅੱਗੇ ਵੱਧ ਇਨ੍ਹਾਂ ਸੰਸਥਾਵਾਂ ਦਾ ਇੱਕ ਨਵਾਂ ਹੀ ਸਰੂਪ ਉਭਰ ਕੇ ਸਾਮ੍ਹਣੇ ਆਉਣ ਲਗਾ ਹੈ। ਉਹ ਸਰੂਪ ਉਸੇ ਤਰ੍ਹਾਂ ਦਾ ਹੈ, ਜਿਸਤਰ੍ਹਾਂ ਰਾਜਨੈਤਿਕ ਖੇਤ੍ਰ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਲਈ, ਆਪ ਅਪਰਾਧੀ ਹੋਣਾ ਜਾਂ ਪ੍ਰਭਾਵਸ਼ਾਲੀ ਅਪਰਾਧੀਆਂ ਦਾ ਸਰਪ੍ਰਸਤ ਹੋਣਾ ਲਾਜ਼ਮੀ ਹੋਣ ਕਾਰਣ ਰਾਜਨੀਤਕ-ਅਪਰਾਧੀਕਰਣ ਸਰੂਪ ਉਭਰ ਕੇ ਸਾਮ੍ਹਣੇ ਆਉਣ ਲਗਾ ਹੈ।
ਬਿਲਕੁਲ ਇਸੇ ਤਰ੍ਹਾਂ ਹੀ ਧਾਰਮਕ ਸੰਸਥਾਵਾਂ ਦਾ ਮੁੱਖੀ ਜਾਂ ਮੈਂਬਰ ਹੋਣ ਦੇ ਸੰਬੰਧ ਵਿੱਚ ਵੀ ਆਪ ਅਪਰਾਧੀ ਜਾਂ ਫਿਰ ਅਪਰਾਧੀਆਂ ਦਾ ਸਰਪ੍ਰਸਤ ਹੋਣਾ ਲਾਜ਼ਮੀ ਹੁੰਦਾ ਜਾ ਰਿਹਾ ਹੈ। ਕਹਿਣ ਨੂੰ ਤਾਂ ਧਰਮ ਦੇ ਨਾਂ ਤੇ ਅਨੇਕਾਂ ਗਲਾਂ ਕੀਤੀਆਂ ਜਾਂਦੀਆਂ ਹਨ। ਪ੍ਰੰਤੂ ਉਨ੍ਹਾਂ ਪੁਰ ਅਮਲ ਕੇਵਲ ਦਿਖਾਵੇ ਦਾ ਹੀ ਹੁੰਦਾ ਹੈ ਅਤੇ ਉਹ ਵੀ ਧਰਮ ਦੀ ਆਪਣੇ ਵਲੋਂ ਨਿਸ਼ਚਿਤ ਕੀਤੀ ਗਈ ਪ੍ਰੀਭਾਸ਼ਾ ਅਨੁਸਾਰ ਹੀ ਹੁੰਦਾ ਹੈ।
ਅੱਜਕਲ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਉੱਚ ਧਾਰਮਕ ਅਸਥਾਨਾਂ ਦੇ ਉੱਚ ਅਹੁਦਿਆਂ ਪੁਰ ਅਜਿਹੇ ਵਿਅਕਤੀ ਥਾਪ ਕੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਜਾਣ ਲਗੀ ਹੈ, ਜਿਨ੍ਹਾਂ ਦੇ ਆਚਰਣ ਪੁਰ ਆਮ ਲੋਕਾਂ ਵਲੋਂ ਖੁਲ੍ਹੇ-ਆਮ ਉਂਗਲੀਆਂ ਉਠਾਈਆਂ ਜਾਂਦੀਆਂ ਹਨ। ਭਾਈ ਰਣਜੀਤ ਸਿੰਘ, ਜਿਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਿਆ ਗਿਆ, ਫਿਰ ਜਦੋਂ ਉਹ ਕਾਬੂ ਤੋਂ ਬਾਹਰ ਹੋਣ ਲਗੇ ਤਾਂ ਉਨ੍ਹਾਂ ਨੂੰ ਅਪਮਾਨਤ ਕਰ ਅਹੁਦੇ ਤੋਂ ਹਟਾ ਦਿੱਤਾ ਗਿਆ, ਪੁਰ ਖੁਲ੍ਹੇ-ਆਮ ਇਹ ਦੋਸ਼ ਲਗੇ ਕਿ ਉਨ੍ਹਾਂ ਅਕਾਲ ਤਖ਼ਤ ਨੂੰ ਪੁਲਿਸ ਚੌਕੀ ਬਣਾਕੇ ਰੱਖ ਦਿਤਾ ਹੈ। ਗਿਆਨੀ ਕੇਵਲ ਸਿੰਘ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰਨ ਅਤੇ ਆਪਣੀ ਨੂੰਹ ਨੂੰ ਕਤਲ ਕਰਨ ਦੇ ਦੋਸ਼ ਲਗੇ, ਉਨ੍ਹਾਂ ਦੀ ਤਦ ਤਕ ਸਰਪ੍ਰਸਤੀ ਕੀਤੀ ਜਾਂਦੀ ਰਹੀ, ਜਦੋਂ ਤੱਕ ਉਨ੍ਹਾਂ ਵਿਰੁੱਧ ਗ਼ੈਰ-ਜ਼ਮਾਨਤੀ ਵਰੰਟ ਨਹੀਂ ਜਾਰੀ ਹੋਏ। ਪ੍ਰੋ. ਮਨਜੀਤ ਸਿੰਘ, ਜੋ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰ ਦਾਨ ਵਿੱਚ ਹਾਸਲ ਕੀਤੀਆਂ ਜ਼ਮੀਨਾਂ ਵੇਚਣ ਅਤੇ ਪ੍ਰਾਪਰਟੀ ਡੀਲਰ ਬਣ ਜਾਣ ਦੇ ਦੋਸ਼ ਲਗੇ। ਬੀਬੀ ਜਗੀਰ ਕੌਰ, ਜਿਨ੍ਹਾਂ ਪੁਰ ਆਪਣੀ ਧੀ ਦਾ ਕਤਲ ਕਰਵਾਉਣ ਦਾ ਦੋਸ਼ ਲਗਾ, ਜਿਸਦਾ ਕੇਸ ਅਜੇ ਤਕ ਅਦਾਲਤ ਵਿੱਚ ਚਲ ਰਿਹਾ ਹੈ, ਨੂੰ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਬਣਾਈ ਰਖਿਆ ਗਿਆ, ਜਦੋਂ ਤਕ ਪਾਰਟੀ ਅੰਦਰੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਦਬਾਉ ਨਾ ਵਧਿਆ।
ਇਹ ਉਨ੍ਹਾਂ ਵਿਚੋਂ ਕੁਝ-ਕੁ ਹੀ ‘ਸਨਮਾਨਤ ਤੇ ਮਹਾਨ’ ਸ਼ਖਸੀਅਤਾਂ ਹਨ, ਜੋ ਸਿੱਖੀ ਦੇ ਪਹਿਰੇਦਾਰ, ਉਸਦੇ ਪ੍ਰਚਾਰਕ ਹੋਣ ਦੇ ਨਾਲ ਹੀ ਉਸਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਦੇ ਹਨ।
ਇਸਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਲ ਆਉਂਦੀ ਹੈ, ਜਿਸ ਪੁਰ ਕਬਜ਼ਾ ਕਰਨ ਅਤੇ ਕਬਜ਼ਾ ਬਣਾਈ ਰਖਣ ਲਈ ਮੈਂਬਰਾਂ ਦੀਆਂ ਜ਼ਮੀਰਾਂ ਦੀਆਂ ਇਸਤਰ੍ਹਾਂ ਖੁਲ੍ਹੇ-ਆਮ ਬੋਲੀਆਂ ਲਾਈਆਂ ਜਾਂਦੀਆਂ ਹਨ, ਜਿਵੇਂ ਉਹ ਪਹਿਲਾਂ ਹੀ ਗਲ ਵਿੱਚ ‘ਮਾਲ ਵਿਕਾਊ ਹੈ’ ਦੀ ਤਖ਼ਤੀ ਲਟਕਾਈ ਵਿਕਣ ਲਈ ਮੰਡੀ ਵਿੱਚ ਬੈਠੇ ਹੋਣ। ਭ੍ਰਿਸ਼ਟਾਚਾਰ ਕਰ ਆਪਣੇ ਘਰ ਭਰਨ ਲਈ ਮੈਂਬਰਾਂ ਨੂੰ ਖੁਲ੍ਹੀ ਛੁੱਟੀ ਦਿੱਤੀ ਜਾਂਦੀ ਹੈ। ਕੁਝ ਵਰ੍ਹੇ ਪਹਿਲਾਂ ਦੀ ਗਲ ਹੈ, ਲਖਾਂ ਰੁਪਏ ਲੈ ਕੇ ਜਿਨ੍ਹਾਂ ਮੈਂਬਰਾਂ ਨੇ ਆਪਣੀਆਂ ਜ਼ਮੀਰਾਂ ਵੇਚੀਆਂ, ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਿਜਾ, ਉਨ੍ਹਾਂ ਦੀ ਇਸ ‘ਪੰਥਕ-ਸੇਵਾ’ ਦਾ ਸਨਮਾਨ ਕਰਨ ਲਈ, ਅਕਾਲ ਤਖ਼ਤ ਤੋਂ ਸਿਰੋਪਾ ਦੀ ਬਖਸ਼ਸ਼ ਕਰਵਾਈ ਗਈ। ਇਹ ਬਖਸ਼ਸ਼ ਪ੍ਰਾਪਤ ਕਰ ਜਦੋਂ ਉਹ ਖੁਸ਼ੀ ਵਿੱਚ ਨਸ਼ਿਆਏ ਸ਼ਤਾਬਦੀ ਰਾਹੀਂ ਵਾਪਸ ਪਰਤੇ ਤਾਂ ਰਾਹ ਵਿੱਚ ਉਨ੍ਹਾਂ ਵਿਚੋਂ ਕਈਆਂ ਨੇ ਜਸ਼ਨ ਮੰਨਾਉਣ ਲਈ ਸ਼ਰਾਬ ਦੀਆਂ ਬੋਤਲਾਂ ਖੋਲ੍ਹ ਉਹ ਖਰੂਦ ਮਚਾਇਆ ਕਿ ਉਸ ਡੱਬੇ ਵਿੱਚ ਬੈਠੇ ਗ਼ੈਰ-ਸਿੱਖ ਤ੍ਰਾਹ-ਤ੍ਰਾਹ ਕਰ ਉਠੇ।
ਕੀ ਧਾਰਮਕ ਸੰਸਥਾਵਾਂ ਦੇ ਇਨ੍ਹਾਂ ਮੁੱਖੀਆਂ ਅਤੇ ਮੈਂਬਰਾਂ ਦੇ ਆਚਰਣ ਨੂੰ ਵੇਖ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਭ-ਕੁਝ ਉੱਚ ਧਾਰਮਕ ਸੰਸਥਾਵਾਂ ਦੇ ਅਪਰਾਧੀਕਰਣ ਵਲ ਵੱਧ ਰਹੇ ਕਦਮਾਂ ਦਾ ਸੰਕੇਤ ਹੈ?
…ਅਤੇ ਅੰਤ ਵਿੱਚ : ਇਸ ਆਚਰਣ ਦਾ ਸਨਮਾਨ ਕੀਤਿਆਂ ਜਾਂਦਿਆਂ ਰਹਿਣ ਦਾ ਹੀ ਨਤੀਜਾ ਹੈ ਕਿ ਜਿਥੇ ਅਗਲੇ ਮਹੀਨੇ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਪਰਾਧੀ ਬਿਰਤੀ ਦੇ ਕਈ ਉਮੀਦਵਾਰ ਮੈਦਾਨ ਵਿੱਚ ਨਿਤਰੇ ਹੋਏ ਦਸੇ ਜਾ ਰਹੇ ਹਨ, ਉਥੇ ਹੀ ਨਿਕਟ-ਭਵਿਖ ਵਿੱਚ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਿਸਾ ਲੈਣ ਲਈ ਵੀ ਅਜਿਹੀ ਬਿਰਤੀ ਦੇ ਹੀ ਵਿਅਕਤੀ ਵੱਡੀ ਗਿਣਤੀ ਵਿੱਚ ਚੋਣ ਲੜਨ ਦੀ ਤਿਆਰੀ ਕਰਨ ਵਿੱਚ ਰੁਝ ਗਏ ਹੋਏ ਨਜ਼ਰ ਆਉਣ ਲਗੇ ਹਨ।