November 12, 2011 admin

ਦੋ-ਸ਼ਬਦ

        ਚੌਥੀ ਪੁਸਤਕ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਕੇ ਮੈਨੂੰ ਬੇਹੱਦ ਅੰਤਰੀਵੀ ਮਾਨਸਿਕ ਸਕੂਨ ਉਪਲਬਦ ਹੋ ਰਿਹਾ ਹੈ। 1978-79 ਦੇ ਦੋ ਕਹਾਣੀ ਸੰਗ੍ਰਹਿ ਜੋ ਅਜੀਤ ਭਵਨ ਜਧਰ ਵਿਖੇ ਡਾਕਟਰ ਸਾਧੂ ਸਿੰਘ ਹਮਦਰਦ ਦੇ ਸ਼ੁਭ ਹੱਥਾਂ ਨਾਲ ਰੀਲੀਜ਼ ਕੀਤੇ ਗਏ ਸਨ, ਬਾਰੇ ਅਲੋਚਨਾਤਮਕ ਪਰਚੇ ਅਤੇ ਫਿਰ ਅਲਚੋਨਾ ਤੇ ਅਲੋਚਨਾ ਕਿੰਨਾ ਚਿਰ ਅਖਬਾਰਾਂ ’ਚ ਛਪਦੀ ਰਹੀ ਸੀ, ਨੇ ਮੈਨੂੰ ਬੜਾ ਉਤਸ਼ਾਹ ਤੇ ਸਾਹਿਤਕ ਹੁਲਾਰਾ ਦਿਤਾ। ਮੇਰੀਆਂ ਕਹਾਣੀਆਂ ਡਰਾਮੇ ਤੇ ਕਵਿਤਾਵਾਂ ਕਈ ਅਖਬਾਰਾਂ ਤੇ ਰਸਾਲਿਆਂ ਵਿਚ ਛਪਦੀਆਂ ਰਹੀਆਂ ਹਨ। ਆਲ ਇੰਡੀਆਂ ਰੈਡੀਉ, ਜਧਰ ਤੇ ਪਟਿਆਲਾ ਤੋ ਮੇਰੇ ਕਈ ਡਰਾਮੇ ਤੇ ਕਹਾਣੀਆਂ ਪੇਸ਼ ਕੀਤੇ ਜਾ ਚੁਕੇ ਹਨ।

         ਕੁਝ ਸਰਕਾਰੀ, ਸਮਾਜਕ ਰੁਝੇਵਿਆਂ ਅਤੇ ਹੋਰ ਕਾਰਨਾਂ ਕਰਕੇ ਮੈਂ ਹੋਰ ਰਚਨਾਵਾਂ ਨੂੰ ਕਿਤਾਬੀ ਸ਼ਕਲ ਨਹ ਦੇ ਸਕਿਆ ਤੇ ਆਪਣੀ ਛਪਣ ਸਮਰੱਥਾ ਵਿਚ ਵੀ ਤੇਜੀ ਨਹ ਲਿਆ ਸਕਿਆ। ਕਿੰਨਾ ਕੁਝ ਲਿਖਿਆ ਪਿਆ ਹੈ। ਉਹਨਾ ਨੂੰ ਸ਼ੁਧ/ਸਾਫ ਰੂਪ ਵਿਚ ਲਿਖਣ ਲਈ ਸਮਾਂ ਨਾ ਕੱਢ ਸਕਿਆ। ਸਹੇ ਤੇ ਕੱਛੂਕੁੰਮੇਂ ਦੀ ਕਹਾਣੀ ਵਾਂਗ ਮੇਰੇ ਵਧੀਕ ਆਤਮ ਵਿਸ਼ਵਾਸ ਨੇ ਮੈਨੂੰ ਇਸ ਹੋੜ ਵਿਚ ਪਿਛਾੜ ਦਿਤਾ। ਮੇਰੇ ਨਾਲ ਦੇ ਸਮਕਾਲੀ ਜਿਹਨਾ ਨਾਲ ਮੈਂ 1969 ਵਿਚ ਇਹ ਸਾਹਿਤਕ ਸਫਰ ਸ਼ੁਰੂ ਕੀਤਾ ਤੇ ਉਹਨਾ ਨੂੰ ਸੁਣਦਾ/ਸੁਣਾਂਦਾ ਰਿਹਾ, ਨਾਲ ਛਪਦਾ ਰਿਹਾ, ਮੈਥੋਂ ਬਹੁਤ ਅੱਗੇ ਨਿਕਲ ਗਏ। ਮੈਨੂੰ ਆਪਣੀ ਇਸ  ਕਮਜੋਰੀ ਕਰਕੇ ਪਛਤਾਵਾ ਹੈ।

         ਮੈਂ ਡਾਕਟਰ ਜਗੀਰ ਸਿੰਘ ਨੂਰ, ਤਲਵਿੰਦਰ ਸਿੰਘ ਤੇ ਹਰਜੀਤ ਅਟਵਾਲ ਦਾ ਤਹਿ ਦਿਲੋਂ ਰਿਣੀ ਹਾਂ ਤੇ ਸ਼ੁਕਰ ਗੁਜਾਰ ਹਾਂ ਜਿਹਨਾ ਨੇ ਮੈਨੂੰ ਇਸ ਸਾਹਿਤਕ ਅਵੇਸਲੇਪਨ, ਤੇ ਖੜੋਤ ਤੋਂ ਹਲੂਣਾ ਦੇ ਕੇ ਜਗਾਇਆ। ਮੈਂ ਲਿਖਾਰੀ ਸਭਾ ਜਗਤਪੁਰ ਦਾ ਵੀ ਹਾਰਦਿਕ ਅਭਾਰੀ ਹਾਂ ਜਿਸ ਨੇ ਮੇਰੀ ਸਾਹਿਤਕ ਚਿਣਗ ਨੂੰ ਫੂਕਾਂ ਮਾਰ ਮਾਰ ਚਾਨਣ ਦਾ ਰੂਪ ਦੇਣ ਲਈ ਹਲਾਸ਼ੇਰੀ ਦਿਤੀ ਤੇ ਸਮੇ ਸਮੇਂ ਸਿਰ ਸਾਰਥਕ ਸੇਧ ਦੇ ਕੇ ਮੈਨੂੰ ਦੋਸ਼ਾਂਦਾ ਦੇ ਕੇ ਖੜਾ ਕੀਤਾ। ਨਵੰਬਰ 1999 ਦੇ ਉਹਨਾਂ ਦੇ ਦਿੱਤੇ ਸਾਹਿਤਕ ਸਨਮਾਨ ਨੇ ਮੇਰੇ ਔਜਾਰਾਂ ਨੂੰ ਸਾਣ ਤੇ ਲਾ ਕੇ ਪਾਣ ਚੜਾ ਦਿਤੀ। ਕਿਤਾਬ ਦੇ ਟਾਈਟਲ ਵਾਲੇ ਪਿਛਲੇ ਸਫੇ ਤੇ ਮੇਰੀ ਫੋਟੋ ਅਤੇ ਮਿਨੀ ਕਹਾਣੀ ਦੀ ਚੋਣ ਮੇਰੀ ਛੋਟੀ ਜਿਹੀ ਦੋਹਤਰੀ ਸਪਨਦੀਪ ਕੌਰ ਕਾਹਲੋਂ ਦੀ ਹੈ ਤੇ ਉਸ ਦੇ ਮੋਹ ਅਤੇ ਪਿਆਰੇ ਜਿਹੇ ਸੁਝਾਅ ਦੀ ਕਦਰ ਕਰਕੇ ਮੈਨੂੰ ਬਹੁਤ ਮਾਨਸਿਕ ਸੰਤੁਸ਼ਟੀ ਹੋਈ ਹੈ।

         ਮੇਰੀ ਕੋਸ਼ਿਸ ਰਹੀ ਹੈ ਕਿ ਕਹਾਣੀਆਂ ਦੀ ਸ਼ੈਲੀ ਤੇ ਸ਼ਬਦਾਵਲੀ ਸਰਲ ਤੇ ਠੇਠ ਪੰਜਾਬੀ ਹੋਵੇ ਜੋ ਜਨਸਾਧਾਰਨ ਪਾਠਕਾਂ ਦੀ ਸਮਝ  ਆ ਸਕੇ। ਮੈਂ ਕੁੰਡਲਾਂ ਵਾਲੀ ਪੰਡਤਾਊ ਭਾਸ਼ਾ ਨਹ ਵਰਤੀ, ਤੇ ਸ਼ਬਦਾਵਲੀ ਦੇ ਪੈਰਾਂ ਵਿਚ ਬਨਾਉਟੀ ਬਿੰਬ ਵਾਲੀਆਂ ਝਾਂਜਰਾਂ ਪਾਉਣ ਤੋਂ ਸੰਕੋਚ ਕੀਤਾ ਹੈ।

         ਮੇਰੀਆਂ ਬਹੁਤੀਆਂ ਕਹਾਣੀਆਂ ਪਾਤਰ ਪ੍ਰਧਾਨ ਹਨ। ਸਾਰੀਆਂ ਕਹਾਣੀਆਂ ਦੇ ਪਾਤਰ ਇਸ ਧਰਤੀ ਦੇ ਜੀਵ ਹਨ, ਸਾਡੇ ਇਸੇ ਸਮਾਜ ਦੇ ਪ੍ਰਾਣੀ ਹਨ, ਜੋ ਸਮਾਜਕ ਕਦਰਾਂ ਕੀਮਤਾਂ, ਲੋੜਾਂ, ਥੁੜਾਂ, ਉਦਰੇਵੇਂ, ਦੁਸ਼ਵਾਰੀਆਂ, ਮਜਬੂਰੀਆਂ ਤੇ ਬੇਇਨਸਾਫੀਆਂ ਨਾਲ ਜੂਝਣ ਲਈ ਸੰਘਰਸ਼ਸ਼ੀਲ ਹਨ। ਇਹ ਸਾਰੇ ਪਾਤਰ ਮੇਰੇ ਆਪਣੇ ਵੀ ਹਨ, ਤੁਹਾਡੇ ਵੀ ਹਨ। ਤੁਸੀ ਆਪ ਇਹਨਾਂ ਵਿਚੋਂ ਕੁਝ ਕੁਝ ਚਿਹਰੇ ਪਛਾਣ ਸਕੋਗੇ। ਤੇ ਉਹਨਾ ਨਾਲ ਹਮਦਰਦੀ ਪ੍ਰਗਟਾ ਸਕੋਗੇ ਤੇ ਇਹ ਮੇਰੀ ਇਸ ‘ਸੰਦਲ ਦਾ ਸ਼ਰਬਤ’ ਦੀ ਪ੍ਰਾਪਤੀ ਹੋਣਗੇ। ਮੇਰਾ ਇਹ ਯਕੀਨ ਹੈ।

ਚਰਨਜੀਤ ਸਿੰਘ ਪੰਨੂ

ਮਿਤੀ : 10-11-2000          ਪੰਨੂੁ ਕਾਟੇਜ-ਪ੍ਰੀਤ ਨਗਰ, ਫਗਵਾੜਾ

ਫੋਨ : 01823-70099

01824-62159

Translate »