November 12, 2011 admin

ਕਮਾਈ

ਬਾਬੇ ਦੇ ਡੇਰੇ ਤੋਂ ਨਿਕਲ ਉਹ ਮਾਵਾਂ-ਧੀਆਂ ਸਿੱਧੀਆਂ ਸੜਕ `ਤੇ ਹੋ ਤੁਰੀਆਂ। ਅੱਤ ਦੀ ਗਰਮੀ ਨੇ ਉਹਨਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ। ਰਿਕਸ਼ੇ ਵਾਲੇ ਵੱਲੋਂ ਦੁੱਗਣੇ ਪੈਸੇ ਮੰਗਣ `ਤੇ ਵੀ ਉਹ ਨਾਂਹ ਨਾ ਕਰ ਸਕੀਆਂ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਏ।

ਦਰਿਆ ਦੇ ਕੰਢੇ ਪਹੁੰਚ ਕੇ ਉਹਨਾਂ ਨੇ ਬਾਬੇ ਦੇ ਦੱਸੇ ਅਨੁਸਾਰ ਲਿਫ਼ਾਫ਼ੇ `ਚੋਂ ਸਾਰਾ ਸਾਮਾਨ ਕੱਢ ਕੇ ਉੱਥੇ ਰੱਖ ਦਿੱਤਾ ਤੇ ਕੁਝ ਦਰਿਆ `ਚ ਵਹਾ ਦਿੱਤਾ। ਕੁਝ ਦੇਰ ਮਗਰੋਂ ਉਹ ਫਿਰ ਉਸੇ ਰਿਕਸ਼ੇ `ਤੇ ਆ ਬੈਠੀਆਂ।

"ਹੁਣ ਜਿਹੜਾ ਕਿਸੇ ਬੰਨ੍ਹ ਪਾਇਆ, ਛੇਤੀ ਟੁੱਟ ਜੂ! ਮੇਰਾ ਭਾਰ ਛੇਤੀ ਸਿਰੋਂ ਲੱਥ ਜੂ! ਦੇਖੀਂ ਤੇਰਾ ਸਾਕ ਛੇਤੀ ਹੀ ਕਿਧਰੇ ਹੋ ਜਾਣਾ ਹੁਣ!" ਮਾਂ ਬੜੇ ਹੀ ਯਕੀਨ ਨਾਲ ਧੀ ਨੂੰ ਸਮਝਾਉਣ ਲੱਗੀ।

ਰਿਕਸ਼ੇ ਵਾਲਾ ਛੇਤੀ-ਛੇਤੀ ਉਹਨਾਂ ਨੂੰ ਬੱਸ-ਸਟੈਂਡ `ਤੇ ਛੱਡ ਫਿਰ ਹਮੇਸ਼ਾਂ ਵਾਂਗ ਦੁਬਾਰਾ ਦਰਿਆ ਦੇ ਕੰਢੇ `ਤੇ ਆ ਗਿਆ। ਉਸ ਨੇ ਖ਼ੁਸ਼ੀ `ਚ ਉਛਲਦਿਆਂ ਝਟ-ਪਟ ਸਾਰਾ ਸਾਮਾਨ ਸ਼ੀਸ਼ਾ, ਨਵਾਂ-ਨਕੋਰ ਸੂਟ, ਚੋੰਨੀ, ਚਾਂਦੀ ਦੀ ਮੁੰਦਰੀ ਤੇ ਹੋਰ ਬਹੁਤ ਕੁਝ ਇਕ ਲਿਫ਼ਾਫ਼ੇ `ਚ ਪਾਇਆ ਤੇ ਰੱਬ ਦਾ ਸ਼ੁਕਰ ਕਰਦਾ ਹੋਇਆ ਵਹੁਟੀ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਛੇਤੀ ਨਾਲ ਰਿਕਸ਼ੇ `ਤੇ ਬੈਠ ਕੇ ਉਸ ਨੇ ਆਪਣੇ ਘਰ ਦਾ ਰੁਖ਼ ਕਰ ਲਿਆ।

ਮਨਪ੍ਰੀਤ ਕੌਰ ਭਾਟੀਆ

Translate »