*ਵਿਰੁੱਧ ਅਮਰਿੰਦਰ ਤੇ ਭੱਠਲ ਵੀ ਮਮਤਾ ਬੈਨਰਜੀ ਵਾਂਗ ਆਪਣੀ ਚੁੱਪ ਤੋੜਨ-ਬਾਦਲ
* ਮੁੱਖ ਮੰਤਰੀ ਸੀਸ਼ ਮਹਿਲ ਵਿਖੇ ਕਰਾਫਟ ਮੇਲੇ ਵਿੱਚ ਪੁੱਜੇ
ਪਟਿਆਲਾ – ” ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਆਪਣੀ ਚੁੱਪ ਤੋੜਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜ਼ੀ ਵਾਂਗ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦੀ ਹੋਰ ਮਾਰ ਨਾ ਝੱਲਣੀ ਪਵੇ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਚੱਲ ਰਹੇ ਕਰਾਫਟ ਮੇਲੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਹਰ ਨਾਗਰਿਕ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਪਰ ਇਹਨਾਂ ਦੋਵੇਂ ਆਗੂਆਂ ਨੇ ਆਪਣੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਲਈ ਚੁੱਪ ਵੱਟੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ‘ਤੇ ਕਬੱਡੀ ਦੇ ਨਾਮ ‘ਤੇ ਪੈਸੇ ਲੁਟਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਨਸ਼ਿਆਂ ‘ਤੇ ਪੈਸੇ ਨਹੀਂ ਲੁਟਾਏ ਜਾ ਰਹੇ ਸਗੋਂ ਪੰਜਾਬ ਦੀ ਮਾਂ ਖੇਡ ਕਬੱਡੀ ਜੋ ਕਿ ਆਪਣੀ ਹੋਂਦ ਗਵਾ ਚੁੱਕੀ ਸੀ ਨੂੰ ਅੰਤਰ ਰਾਸ਼ਟਰੀ ਪੱੱਧਰ ‘ਤੇ ਲਿਜਾ ਕੇ ਉਸ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਦੂਜੀ ਵਾਰ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅਤੇ ਰਾਸ਼ਟਰੀ ਤੇ ਅੰਤਰ -ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਜਿਥੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਉਥੇ ਖੇਡਾਂ ਲਈ ਵੱਡਾ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੱਤਰਕਾਰਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਵਿੱਚ ਸੀਟਾਂ ਦੀ ਵੰਡ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਸਹਿਮਤੀ ਨਾਲ ਪਹਿਲਾਂ ਵਾਂਗ ਹੀ ਸੀਟਾਂ ਦੀ ਵੰਡ ਕੀਤੀ ਜਾਵੇਗੀ। ਗੈਲੰਟਰੀ ਐਵਾਰਡਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਨਕਦ ਰਾਸ਼ੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਖਚਾਖਚ ਭਰੇ ਕਰਾਫਟ ਮੇਲੇ ਵਿੱਚ ਲੱਗੇ ਵੱਖ-ਵੱਖ ਰਾਜਾਂ ਦੇ ਸਟਾਲਾਂ ‘ਤੇ ਵੀ ਗਏ ਅਤੇ ਉਹਨਾਂ ਨੇ ਜਿਥੇ ਕਸ਼ਮੀਰ ਦੇ ਸਟਾਲ ਤੋਂ ਕਾਹਵੇ ਦਾ ਆਨੰਦ ਮਾਣਿਆਂ ਉਥੇ ਹੀ ਪਿੰਡ ਬਾਦਲ ਵਿੱਚ ਬਣੇ ਯਤੀਮਖਾਨੇ ਦੀਆਂ ਬੱਚੀਆਂ ਲਈ ਕੱਪੜੇ ਅਤੇ ਸ਼ਾਲਾਂ ਦੀ ਖਰੀਦਦਾਰੀ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਕਰਾਫਟ ਮੇਲੇ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਦੇ ਹਨ ਤੇ ਜਿਥੇ ਇਹਨਾਂ ਕਰਾਫਟ ਮੇਲਿਆਂ ਨਾਲ ਦਸਤਕਾਰਾਂ ਦਾ ਆਰਥਿਕ ਪੱਧਰ ਉਚਾ ਹੁੰਦਾ ਹੈ ਉਥੇ ਹੀ ਵੱਖ-ਵੱਖ ਰਾਜਾਂ ਦੇ ਕਾਰੀਗਰਾਂ ਵੱਲੋਂ ਬਣਾਈਆਂ ਕਲਾ ਕ੍ਰਿਤੀਆਂ ਲੋਕਾਂ ਲਈ ਇਕੋ ਥਾਂ ‘ਤੇ ਉਪਲਬਧ ਹੁੰਦੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰ: ਹਰਿੰਦਰਪਾਲ ਸਿੰਘ ਹੈਰੀ ਮਾਨ, ਪ੍ਰਵਾਸੀ ਭਾਰਤੀ ਸ੍ਰ: ਦਰਸ਼ਨ ਸਿੰਘ ਧਾਲੀਵਾਲ, ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ੍ਰ: ਗੁਰਪ੍ਰੀਤ ਸਿੰਘ ਰਾਜੂ ਖੰਨਾਂ, ਪਨਸੀਡ ਪੰਜਾਬ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਅਬਲੋਵਾਲ, ਪ੍ਰੀਤ ਕੰਬਾਇਨ ਦੇ ਐਮ.ਡੀ. ਸ੍ਰ: ਹਰੀ ਸਿੰਘ, ਬਾਬਾ ਭੁਪਿੰਦਰ ਸਿੰਘ, ਡਾ: ਨਵੀਨ ਸਾਰੋਂਵਾਲ, ਆਈ.ਜੀ. ਪਟਿਆਲਾ ਜੋਨ ਸ਼੍ਰੀ ਐਸ.ਐਲ. ਗੱਖੜ, ਡੀ.ਆਈ.ਜੀ. ਪਟਿਆਲਾ ਰੇਂਜ ਸ਼੍ਰੀ ਐਲ.ਕੇ. ਯਾਦਵ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰ: ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿਨਦਿੱਤਾ ਮਿੱਤਰਾ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਿਲ ਗਰਗ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਗੁਰਪਾਲ ਸਿੰਘ ਚਹਿਲ, ਐਸ.ਪੀ. (ਡੀ) ਸ਼੍ਰੀ ਪ੍ਰਿਤਪਾਲ ਸਿੰਘ ਥਿੰਦ, ਐਸ.ਪੀ. (ਸਿਟੀ) ਸ੍ਰ: ਦਲਜੀਤ ਸਿੰਘ ਰਾਣਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰ: ਏ.ਪੀ. ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਸ਼ਹਿਰੀ ਪਤਵੰਤੇ ਵੀ ਹਾਜ਼ਰ ਸਨ। ਅੱਜ ਮੇਲੇ ਦੌਰਾਨ ਪਟਿਆਲਾ ਸ਼ਹਿਰ, ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੁੱਜੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆਂ।