November 13, 2011 admin

ਭਾਰਤੀ ਕਬੱਡੀ ਟੀਮ ਨੇ ਲਾਇਆ ਜਿੱਤ ਦਾ ਚੌਕਾ

*ਅਫਗਾਨਸਿਤਾਨ ਨੇ ਵੀ ਖੋਲ੍ਹਿਆ ਖਾਤਾ
* ਭਾਰਤ ਨੇ ਇੰਗਲੈਂਡ ਨੂੰ 58-22  ਨਾਲ ਹਰਾਇਆ
* ਅਫਗਾਨਸਿਤਾਨ ਨੇ ਨੇਪਾਲ ਨੂੰ 48-41 ਨਾਲ ਹਰਾਇਆ

ਪਟਿਆਲਾ – ਵਿਸ਼ਵ ਕੱਪ ਕਬੱਡੀ ਦੀ ਜਨਮ ਭੂਮੀ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਅੱਜ ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ-2011 ਭਰ ਜੁਆਨੀ ਵਿੱਚ ਉਸ ਵੇਲੇ ਪਹੁੰਚ ਗਿਆ ਜਦੋਂ ਪੂਲ ‘ਏ’ ਦੇ ਪਹਿਲੇ ਮੈਚ ਵਿੱਚ ਹੀ ਫਸਵੇਂ ਮੁਕਾਬਲਿਆਂ ਵਿੱਚ ਭਾਰਤ ਨੇ ਇੰਗਲੈਂਡ ਨੂੰ 58-22 ਹਰਾ ਕੇ ਜਿੱਤ ਦਾ ਚੌਕਾ ਲਗਾਇਆ ਜਦੋਂ ਕਿ ਅਫਗਾਨਸਿਤਾਨ ਨੇ ਨੇਪਾਲ ਨੂੰ 48-41 ਹਰਾ ਕੇ ਵਿਸ਼ਵ ਕੱਪ ਵਿੱਚ ਆਪਣਾ ਖਾਤਾ ਖੋਲ੍ਹਿਆ। ਇਸੇ ਹੀ ਵਾਈ.ਪੀ.ਐਸ. ਸਟੇਡੀਅਮ ਵਿਖੇ ਪਿਛਲੇ ਸਾਲ 2010 ਵਿੱਚ ਪਹਿਲੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਕਬੱਡੀ ਮਹਾਂਕੁੰਭ ਦਾ ਜਨਮ ਹੋਇਆ ਸੀ।
ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੱਜ ਦੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ। ਸ. ਬਾਦਲ ਨੇ ਨੱਕੋ-ਨੱਕ ਭਰੇ ਸਟੇਡੀਅਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਹੋਰ ਵੀ ਖੁਸ਼ੀ ਦਾ ਹੈ ਕਿਉਂਕਿ ਇਰਾਨ ਤੋਂ ਕਬੱਡੀ ਅਤੇ ਓਲੰਪਿਕ ਫੈਡਰੇਸ਼ਨ ਦੇ ਅਹੁਦੇਦਾਰ ਉਚੇਚੇ ਤੌਰ ‘ਤੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਵਿਸ਼ੇਸ਼ ਖੇਡ ਨੀਤੀ ਬਣਾਈ। ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾ ਕੇ ਬਹੁਦੇਸ਼ੀ ਖੇਡ ਮੁਕਾਬਲੇ ਕਰਵਾਏ। ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾ ਨੂੰ ਹੁਲਾਰਾ ਦੇਣਾ ਬਹੁਤ ਜ਼ਰੂਰੀ ਸੀ ਅਤੇ ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਵੱਲ ਵਿਸ਼ੇਸ਼ ਕੰਮ ਕਰ ਰਹੀ ਹੈ।
ਓਲੰਪਿਕ ਫਾਊਂਡੇਸ਼ਨ ਆਫ ਏਸ਼ੀਆ ਦੇ ਮੀਤ ਪ੍ਰਧਾਨ ਮੁਹੰਮਦ ਅਲੀ ਅਬਾਦੀ  ਨੇ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਮੈਚ ਦੀ ਸ਼ੁਰੂਆਤ ਕੀਤੀ। ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਫਸਵੀਂ ਟੱਕਰ ਵਾਲਾ ਮੈਚ ਹੋਇਆ ਜਿਸ ਵਿੱਚ ਭਾਰਤ ਦੇ ਪ੍ਰਸਿੱਧ ਧਾਵੀਆਂ ਨੂੰ ਕੁਝ ਜੱਫੇ ਲੱਗੇ ਪਰ ਫਿਰ ਵੀ ਭਾਰਤ ਦੇ ਜਾਫੀਆਂ ਵੱਲੋਂ ਲਗਾਏ ਉਤੋਤੜੀ ਜੱਫਿਆਂ ਸਹਾਰੇ ਭਾਰਤੀ ਟੀਮ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਦਿਆਂ ਇੰਗਲੈਂਡ ਨੂੰ 58-22 ਨਾਲ ਹਰਾਇਆ। ਅੱਧੇ ਸਮੇਂ ਤੱਕ ਭਾਰਤੀ ਟੀਮ 29-11 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵੀ ਮੈਚ ਬਰਾਬਰ ਚੱਲਿਆ। ਭਾਰਤੀ ਟੀਮ ਨੇ ਪਹਿਲੇ ਤੇ ਦੂਜੇ ਅੱਧ ਵਿੱਚ 29-29 ਅਤੇ ਇੰਗਲੈਂਡ ਨੇ ਵੀ ਪਹਿਲੇ ਤੇ ਦੋਵੇਂ ਅੱਧ ਵਿੱਚ 11-11 ਅੰਕ ਹਾਸਲ ਕੀਤੇ। ਭਾਰਤੀ ਟੀਮ ਨੇ ਹੁਣ ਲੱਗਭੱਗ ਸੈਮੀ ਫਾਈਨਲ ਦੀ ਸੀਟ ਪੱਕੀ ਕਰ ਲਈ ਹੈ।
ਭਾਰਤ ਦੇ ਰੇਡਰ ਸੰਦੀਪ ਦਿੜ੍ਹਬਾ ਨੇ 8 ਅੰਕ, ਗੱਗੀ ਖੀਰਾਵਾਲੀ ਨੇ 7 ਅੰਕ ਅਤੇ ਸੁਖਬੀਰ ਸਿੰਘ ਸਰਾਵਾਂ, ਦੁੱਲਾ ਸੁਰਖਪੁਰੀਆ ਤੇ ਗੁਰਲਾਲ ਘਨੌਰ ਨੇ 6-6 ਅੰਕ ਬਟੋਰੇ ਜਦੋਂ ਕਿ ਭਾਰਤ ਦੇ ਜਾਫੀਆਂ ਵਿੱਚੋਂ ਏਕਮ ਹਠੂਰ ਨੇ 7, ਨਰਿੰਦਰ ਕੁਮਾਰ ਬਿੱਟੂ ਦੁਗਾਲ ਨੇ 5 ਅਤੇ ਜਗਦੀਪ ਕਾਕਾ ਨੇ 4 ਜੱਫੇ ਲਾਏ। ਇੰਗਲੈਂਡ ਵੱਲੋਂ ਰੇਡਰ ਜਸਪਾਲ ਸਿੰਘ ਪਾਲੀ ਖੋਜੇਵਾਲੀਆ ਨੇ 5 ਅੰਕ  ਅਤੇ  ਅਵਤਾਰ ਸਿੰਘ ਗੁਰਦਾਸਪੁਰ ਤੇ ਮੰਗਾ ਮਿੱਠਾਪੁਰੀਆ ਨੇ 4-4 ਅੰਕ ਲਏ। ਇੰਗਲੈਂਡ ਦੇ ਜਾਫੀ ਬਲਜੀਤ ਜੀਤੀ ਕੂੰਨਰ ਨੇ 3 ਜੱਫੇ ਲਾਏ।
ਇਸ ਤੋਂ ਪਹਿਲਾਂ ਖਚਾਖਚ ਭਰੇ ਵਾਈ.ਪੀ.ਐਸ. ਸਟੇਡੀਅਮ ਵਿੱਚ ਫਲੱਡ ਲਾਈਟਾਂ ਹੇਠ ਨੇਪਾਲ ਤੇ ਅਫਗਾਨਸਿਤਾਨ ਦੀਆਂ ਟੀਮਾਂ ਵਿਚਾਲੇ ਪਹਿਲਾ ਮੈਚ ਖੇਡਿਆ ਗਿਆ ਜਿਸ ਦਾ ਉਦਘਾਟਨ ਸਾਬਕਾ ਮੰਤਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਟੀਮਾਂ ਨਾਲ ਜਾਣ-ਪਛਾਣ ਕਰ ਕੇ ਕੀਤੀ। ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਬੀਬਾ ਅਮਰਜੀਤ ਕੌਰ, ਡਿਪਟੀ ਕਮਿਸ਼ਨਰ ਵਿਕਾਸ ਗਰਗ ਅਤੇ ਸੀਨੀਅਰ ਪੁਲਿਸ ਕਪਤਾਨ ਸ. ਗੁਰਪ੍ਰੀਤ ਸਿੰਘ ਗਰੇਵਾਲ ਹਾਜ਼ਰ ਸਨ।

ਨੇਪਾਲ ਦੀ ਟੀਮ ਨੇ ਸ਼ੁਰੂਆਤ ਵਿੱਚ ਲੀਡ ਲੈ ਲਈ ਅਤੇ ਇਕ ਵਾਰ 14-8 ਨਾਲ ਅੱਗੇ ਸੀ। ਅਫਗਾਨਸਿਤਾਨ ਨੇ ਵਾਪਸੀ ਕਰਦਿਆਂ ਅੱਧੇ ਸਮੇਂ ਤੱਕ ਬਰਾਬਰੀ ‘ਤੇ ਮੈਚ ਲੈ ਆਂਦਾ। ਅੱਧੇ ਸਮੇਂ ਤੱਕ ਨੇਪਾਲ ਦੀ ਲੀਡ 23-22 ਸੀ। ਦੂਜੇ ਅੱਧ ਵਿੱਚ ਅਫਗਾਨਸਿਤਾਨ ਦੇ ਰੇਡਰਾਂ ਤੇ ਜਾਫੀਆਂ ਨੇ ਬਰਾਬਰ ਜ਼ੋਰ ਲਾਉਂਦਿਆ ਲੀਡ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਆਖਰ ਅਫਗਾਨਸਿਤਾਨ ਨੇ ਨੇਪਾਲ ਨੂੰ 48-41 ਨੂੰ ਹਰਾ ਕੇ ਆਪਣਾ ਖਾਤਾ ਖੋਲ੍ਹ ਲਿਆ।

ਅਫਗਾਨਸਿਤਾਨ ਵੱਲੋਂ ਰੇਡਰ ਅਬਦੁੱਲਾ ਅਸੀਬ ਨੇ 15 ਅਤੇ ਸੈਫਉੱਲਾ ਏਮਨੀ ਨੇ 13 ਅੰਕ ਅਤੇ ਜਾਫੀਆਂ ਵਿੱਚੋਂ ਪਰਵੇਜ਼ ਸ਼ਖਜ਼ਾਦਾ ਨੇ 11 ਜੱਫੇ ਲਾਏ। ਨੇਪਾਲ ਵੱਲੋਂ ਮੁੰਨਾ ਪਟੇਲ ਨੇ 19 ਅੰਟ ਬਟੋਰੇ ਜਦੋਂ ਕਿ ਜਾਫੀ ਰਾਜਨ ਸ਼ਿਲਪਕਾਰ ਨੇ 4 ਜੱਫੇ ਲਾਏ।

Translate »