* ਖੰਨਾ ਨੇ ਮੇਜਰ ਸਰਬਜੀਤ ਸਿੰਘ ਦੀ ਯਾਦ ‘ਚ ਬਾਸਕਟਬਾਲ ਮੈਦਾਨ ਦਾ ਨੀਂਹ ਪੱਥਰ ਰੱਖਿਆ
ਪਟਿਆਲਾ – ” ਪੰਜਾਬ ਸਰਕਾਰ ਦੀ ਸੁਚਾਰੂ ਖੇਡ ਨੀਤੀ ਸਦਕਾ ਜਿਥੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ ਉਥੇ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਜ ਸਰਕਾਰ ਨੇ ਇਨਾਮੀ ਐਵਾਰਡਾਂ ਦੇ ਗੱਫੇ ਪ੍ਰਦਾਨ ਕੀਤੇ ਹਨ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਵਿਖੇ ਬਾਸਕਟਬਾਲ ਦੇ ਸਭ ਤੋਂ ਪਹਿਲੇ ਅਰਜੁਨਾ ਐਵਾਰਡੀ ਅਤੇ ਪਟਿਆਲਾ ਦੇ ਜੰਮਪਲ ਮੇਜਰ ਸਰਬਜੀਤ ਸਿੰਘ ਦੀ ਯਾਦ ਵਿੱਚ ਸਕੂਲ ਵਿਖੇ ਤਿਆਰ ਕੀਤੇ ਜਾਣ ਵਾਲੇ ਬਾਸਕਟਬਾਲ ਦੇ ਆਧੁਨਿਕ ਖੇਡ ਮੈਦਾਨ ਦੇ ਨੀਂਹ ਪੱਥਰ ਰੱਖਣ ਮਗਰੋਂ ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਭਾਜਪਾ ਦੇ ਮਨੁੱਖੀ ਅਧਿਕਾਰ ਸੈਲ ਦੇ ਸੂਬਾ ਪ੍ਰਧਾਨ ਸ਼੍ਰੀ ਗੁਰਤੇਜ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਕਰਵਾਏ ਇਸ ਸਮਾਗਮ ਦੌਰਾਨ ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਮਿਆਰ ਨੂੰ ਹੋਰ ਉੱਚਾ ਚੁੱਕਦੇ ਹੋਏ ਇਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੁਰਨ ਤੋਂ ਰੋਕਣ ਲਈ ਖੇਡਾਂ ਨੂੰ ਪ੍ਰਫੁਲਿਤ ਕਰਨ ਵਿੱਚ ਰਾਜ ਸਰਕਾਰ ਦਾ ਵੱਡਾ ਤੇ ਅਹਿਮ ਯੋਗਦਾਨ ਹੈ ।
ਇਸ ਮੌਕੇ ਸ਼੍ਰੀ ਖੰਨਾ ਨੇ ਕਿਹਾ ਕਿ ਮੇਜਰ ਸਰਬਜੀਤ ਸਿੰਘ ਨੇ 1961 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਖੇਡਾਂ ਦਾ ਮਿਆਰੀ ਅਰਜੁਨਾ ਐਵਾਰਡ ਪ੍ਰਾਪਤ ਕਰਕੇ ਭਾਰਤ ਦਾ ਸਭ ਤੋਂ ਪਹਿਲਾ ਅਰਜੁਨਾ ਐਵਾਰਡੀ (ਬਾਸਕਟਬਾਲ) ਬਣਨ ਦਾ ਮਾਣ ਹਾਸਿਲ ਕੀਤਾ । ਉਨ੍ਹਾਂ ਕਿਹਾ ਕਿ ਖੇਡਾਂ ਨਾਲ ਬੱਚੇ ਜਿਥੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦੇ ਹਨ ਉਥੇ ਹੀ ਖੇਡਾਂ ਮਾਨਸਿਕ ਤੰਦਰੁਸਤੀ ਨੂੰ ਵੀ ਕਾਇਮ ਰੱਖਦੀਆਂ ਹਨ । ਇਸ ਮੌਕੇ ਸ਼੍ਰੀ ਖੰਨਾ ਨੇ ਸਕੂਲ ਦੇ ਬਾਸਕਟਬਾਲ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਬਾਦ ਵਿੱਚ ਸਕੂਲ ਦੇ ਪ੍ਰਿੰਸੀਪਲ ਸ. ਤੋਤਾ ਸਿੰਘ ਚਹਿਲ ਨੂੰ ਸਕੂਲ ਵਿੱਚ ਕਮਰੇ ਦੇ ਨਿਰਮਾਣ ਲਈ ਇੱਕ ਲੱਖ ਰੁਪਏ ਦਾ ਚੈਕ ਵੀ ਪ੍ਰਦਾਨ ਕੀਤਾ । ਉਨ੍ਹਾਂ ਸਕੂਲ ਵਿੱਚ ਬਣਨ ਵਾਲੇ ਬਾਸਕਟਬਾਲ ਮੈਦਾਨ ਲਈ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ । ਇਸ ਮੌਕੇ ਮਨੁੱਖੀ ਅਧਿਕਾਰ ਸੈਲ ਦੇ ਸੂਬਾ ਪ੍ਰਧਾਨ ਸ਼੍ਰੀ ਗੁਰਤੇਜ ਸਿੰਘ ਢਿੱਲੋਂ ਤੋਂ ਇਲਾਵਾ ਮੇਜਰ ਸਰਬਜੀਤ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਤੇ ਲੜਕੀ ਬੀਬੀ ਸੁਖਜਿੰਦਰ ਕੌਰ , ਬਾਸਕਟਬਾਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਸ਼੍ਰੀ ਗੁਰਪਾਲ ਸਿੰਘ ਚਹਿਲ, ਜਨਰਲ ਸਕੱਤਰ ਸ਼੍ਰੀ ਗੁਰਬੀਰ ਸਿੰਘ ਬੀਰੂ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰਮੋਦ ਕੁਮਾਰ, ਸਮਾਜ ਸੇਵਕ ਸ਼੍ਰੀ ਭਗਵਾਨ ਦਾਸ ਜੁਨੇਜਾ, ਸ਼੍ਰੀਮਤੀ ਅਨੂਪਇੰਦਰ ਕੌਰ ਸੰਧੂ, ਸਾਬਕਾ ਡਵੀਜ਼ਨ ਵਣ ਅਧਿਕਾਰੀ ਸ਼੍ਰੀ ਕਰਮਜੀਤ ਸਿੰਘ ਜਟਾਣਾ, ਸ਼੍ਰੀ ਅਮਰਜੋਤ ਸਿੰਘ, ਸ਼੍ਰੀ ਗੁਰਚਰਨ ਸਿੰਘ ਠੇਕੇਦਾਰ, ਸ਼੍ਰੀ ਭਰਪੂਰ ਸਿੰਘ ਲੌਟ ਸਮੇਤ ਵੱਡੀ ਗਿਣਤੀ ‘ਚ ਵਿਦਿਆਰਥੀ, ਸਕੂਲ ਸਟਾਫ ਤੇ ਸ਼ਹਿਰੀ ਪਤਵੰਤੇ ਮੌਜੂਦ ਸਨ ।