ਧਨੌਲਾ (ਬਰਨਾਲਾ) – ਸਰਕਾਰੀ ਅਦਾਰਿਆਂ ਵਿੱਚ ਕਰਮਚਾਰੀਆਂ ਦੀ ਹਾਜ਼ਰੀ ਨੂੰ ਚੈੱਕ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਵੱਲੋਂ ਅੱਜ ਸਵੇਰੇ ਪਿੰਡ ਬਡਬਰ ਅਤੇ ਹਰੀਗੜ੍ਹ ਦੇ ਸਰਕਾਰੀ ਸਕੂਲਾਂ, ਸਿਵਲ ਅਤੇ ਪਸ਼ੂ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਦੌਰਾਨ ਸਕੂਲਾਂ ਅਤੇ ਹਸਪਤਾਲਾਂ ਵਿੱਚ ਸਾਰਾ ਸਟਾਫ ਡਿਊਟੀ `ਤੇ ਹਾਜ਼ਰ ਪਾਇਆ ਗਿਆ। ਅੱਜ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਬਰਨਾਲਾ ਪਿੰਡ ਬਡਬਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਪਹੁੰਚੇ ਜਿਥੇ ਉਹਨਾਂ ਨੇ ਸਕੂਲ ਦਾ ਹਾਜ਼ਰੀ ਰਜਿਸਟਰ ਅਤੇ ਹੋਰ ਦਫਤਰੀ ਰਿਕਾਰਡ ਚੈੱਕ ਕੀਤਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਦੇ ਵਿਦਿਆਰਥੀਆਂ ਦਾ ਟੈਸਟ ਲੈਣ ਦੇ ਨਾਲ-ਨਾਲ ਸਕੂਲ ਦੇ ਅਧਿਆਪਕਾਂ ਕੋਲੋਂ ਵੀ ਹਿਸਾਬ ਦੇ ਕੁਝ ਸਵਾਲ ਪੁਛੇ ਜਿਨਾਂ ਦਾ ਅਧਿਆਪਕਾਂ ਵੱਲੋਂ ਸਹੀ ਜੁਆਬ ਦਿੱਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਦੇ ਪਿਛਲੇ ਸਾਲ ਦਾ ਆਏ ਨਤੀਜੇ ਚੈੱਕ ਕੀਤੇ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਹੋਰ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਤਾਂ ਜੋ ਹੋਰ ਬੇਹਤਰ ਨਤੀਜੇ ਆ ਸਕਣ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਸਰਾਕਰੀ ਪ੍ਰਾਇਮਰੀ ਸਕੂਲ ਬਡਬਰ ਦਾ ਨਿਰੀਖਣ ਕੀਤਾ ਗਿਆ ਜਿਥੇ ਉਹਨਾਂ ਦਫਤਰੀ ਰਿਕਾਰਡ ਅਤੇ ਦੁਪਹਿਰ ਦੇ ਖਾਣੇ ਦੀ ਚੈਕਿੰਗ ਕੀਤੀ। ਇਸ ਸਕੂਲ਼ ਵਿੱਚ ਇੱਕ ਅਧਿਆਪਕ ਦੀ ਘਾਟ ਹੋਣ ਕਾਰਨ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੌਕੇ `ਤੇ ਹੀ ਹਦਾਇਤ ਕੀਤੀ ਕਿ ਨਾਲ ਦੇ ਪਿੰਡ ਰਾਜਗੜ੍ਹ ਤੋਂ ਇੱਕ ਅਧਿਆਪਕ ਇਥੇ ਤਾਇਨਾਤ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਧੀਆ ਢੰਗ ਨਾਲ ਹੋ ਸਕੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸਬਸਿਡਰੀ ਹੈਲਥ ਸੈਂਟਰ ਬਡਬਰ ਦਾ ਮੁਆਇਨਾਂ ਕੀਤਾ ਅਤੇ ਹਾਜ਼ਰ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਮਰੀਜਾਂ ਦੇ ਇਲਾਜ ਵਿੱਚ ਕੋਈ ਢਿੱਲ-ਮੱਠ ਨਾ ਵਰਤਣ। ਉਹਨਾਂ ਕਿਹਾ ਕਿ ਡਾਕਟਰ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਜਿਥੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਨੂੰ ਸੁਚਾਰੂ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਉਥੇ ਨਾਲ ਹੀ ਲਿੰਗ ਅਨੁਪਾਤ ਨੂੰ ਬਰਾਬਰ ਲਿਆਉਣ ਲਈ ਵੀ ਵਿਸ਼ੇਸ਼ ਯਤਨ ਕਰਨ ਅਤੇ ਹਰ ਗਰਬਵਤੀ ਮਹਿਲਾ ਦੀ ਰਜਿਸ਼ਟਰੇਸ਼ਨ ਕੀਤੀ ਜਾਵੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਹਰੀਗੜ੍ਹ ਦੇ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਦੀ ਵੀ ਚੈਕਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਨੇ ਇਸ ਗੱਲ `ਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ 100 ਫੀਸਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜੋ ਮੁਹਿੰਮ ਚਲਾਈ ਗਈ ਸੀ ਉਸ ਵਿੱਚ ਉਹਨਾਂ ਨੂੰ ਕਾਫੀ ਸਫਲਤਾ ਮਿਲੀ ਹੈ ਅਤੇ ਹੁਣ ਤਕਰੀਬਨ ਹਰ ਮਹਿਕਮੇ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਹੋ ਗਈ ਹੈ। ਉਹਨਾਂ ਨਾਲ ਹੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਅਤੇ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।