November 13, 2011 admin

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਲਿਤ ਵਰਗ ਦੇ ਹੱਕ ਹਮੇਸ਼ਾ ਹਾਂ ਦਾ ਨਾਅਰਾ ਮਾਰਿਆ : ਪ੍ਰੋ. ਚੰਦੂਮਾਜਰਾ

ਫ਼ਤਿਹਗੜ੍ਹ ਸਾਹਿਬ,-: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਿਰਤੀਆਂ ਤੇ ਕਾਮਿਆਂ ਨੂੰ ਹਮੇਸ਼ਾ ਮਾਣ ਬਖਸ਼ਿਆ ਹੈ ਅਤੇ ਦਲਿਤ ਵਰਗ ਲਈ ਹਾਂ ਦਾ ਨਾਅਰਾ ਮਾਰਿਆ। ਦਲਿਤ ਵਰਗ ਲਈ ਬਿਜਲੀ ਦੇ 200 ਯੂਨਿਟ ਮੁਆਫ਼ ਕਰਨੇ, ਗਰੀਬ ਬੱਚੀਆਂ ਦੇ ਵਿਆਹ ਲਈ ਸ਼ਗਨ ਸਕੀਮ ਲਾਗੂ ਕਰਨੀ, ਸਸਤਾ ਆਟਾ ਦਾਲ ਅਤੇ ਬੱਚੀਆਂ ਲਈ ਸਕੂਲ ਜਾਣ ਲਈ ਮੁਫ਼ਤ ਸਾਈਕਲ ਵੰਡਣ ਜਿਹੀਆਂ ਅਨੇਕਾਂ ਜ਼ਿਕਰਯੋਗ ਸਕੀਮਾਂ ਸ਼ੁਰੂ ਕਰਕੇ ਬਾਦਲ ਸਰਕਾਰ ਨੇ ਭਾਈ ਲਾਲੋਆਂ ਦੇ ਵਾਰਿਸ ਸਰਕਾਰ ਅਖਵਾਉਣ ਦਾ ਹੱਲ ਹਾਸਲ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਾਏ ਵਣਜਾਰਾ ਵਿਖੇ ਜਥੇਦਾਰ ਧਰਮ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਪ੍ਰੋ.ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਨੇ ਹਮੇਸ਼ਾ ਮਲਕ ਭਾਗੋਆਂ ਦੇ ਹਿੱਤ ਪੂਰੇ ਅਤੇ ਕਾਂਗਰਸ ਦੇ ਰਾਜ ਵਿਚ ਖਾਣ ਵਾਲਾ ਅਤੇ ਕਮਾਉਣ ਵਾਲਾ ਹਮੇਸ਼ਾ ਲੁੱਟਿਆ ਜਾਂਦਾ ਰਿਹੈ ਅਤੇ ਮਹਿੰਗਾਈ ਦੀ ਚੱਕੀ ਵਿਚ ਪਿਸਦਾ ਰਿਹੈ ਜਦੋਂ ਕਿ ਇਸਦੇ ਵਿਚੋਲੇ ਮਾਲਾਮਾਲ ਹੁੰਦੇ ਰਹੇ। ਉਨ੍ਹਾਂ ਆਖਿਆ ਕਿ ਦੇਸ਼ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਚੂਸ ਕੇ ਆਪਣੀਆਂ ਤਿਜ਼ੋਰੀਆਂ ਭਰਨ ਵਾਲੇ ਮਲਕ ਭਾਗੋ ਦੇ ਵਾਰਸ ਕਾਂਗਰਸੀਆਂ ਨੇ ਦੇਸ਼ ਦੇ ਲੋਕਾਂ ਦਾ ਲੁੱਟਿਆ ਸਰਮਾਇਆ ਦੇਸ਼ ਦੇ ਬੈਂਕਾਂ ਅੰਦਰ ਵੀ ਜਮ੍ਹਾਂ ਨਹੀਂ ਕਰਵਾਇਆ ਸਗੋਂ ਵਿਦੇਸ਼ਾਂ ਵਿਚ ਕਰਵਾਇਆ। ਉਨ੍ਹਾਂ ਆਖਿਆ ਕਿ  ਭਾਵੇਂ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਧਨ ਦੇ ਕਿੱਸੇ ਅੱਜ ਜਗ ਜਾਹਰ ਹੋ ਚੁੱਕੇ ਹਨ ਪਰ ਕਾਨੂੰਨੀ ਤੌਰ ‘ਤੇ ਭਾਰਤ ਸਰਕਾਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਹਾਲੇ ਤੱਕ ਖਰਬਾਂ ਰੁਪਏ ਨਾ ਹੀ ਭਾਰਤ ਵਿਚ ਵਾਪਸ ਲਿਆਉਣ ਲਈ ਤਿਆਰ ਹੈ, ਨਾ ਹੀ ਖਾਤਾਧਾਰਕਾਂ ਦੇ ਨਾਂ ਦੱਸਣ ਲਈ ਤਿਆਰ ਹੈ ਸਜ਼ਾ ਦੇਣਾ ਤਾਂ ਦੂਰ ਦੀ ਗੱਲ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕੇਂਦਰ ਦੀ ਇਸ ਮਾੜੀ ਨੀਤੀ ਵਿਰੁੱਧ ਉਠ ਰਹੀ ਆਵਾਜ਼ ਨੂੰ ਕੁਚਲਣ ਲਈ ਅੰਨਾ ਹਜ਼ਾਰੇ ਤੇ ਸੁਆਮੀ ਰਾਮਦੇਵ ਵਰਗੇ ਲੋਕਾਂ ਨੂੰ ਵੀ ਕਾਂਗਰਸ ਸਰਕਾਰ ਦੇ ਅੱਤਿਆਚਾਰ ਤੋਂ ਨਹੀਂ ਬਖਸ਼ਿਆ । ਉਨ੍ਹਾਂ ਆਖਿਆ ਕਿ ਕਾਂਗਰਸ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਦੀ ਬਦੌਲਤ ਕਾਂਗਰਸ ਦਾ ਜੋ ਅਕਸ ਅੱਜ ਦੇਸ਼ ਸਾਹਮਣੇ ਬਣਿਆ ਹੈ, ਉਸਦਾ ਨਤੀਜਾ ਪੰਜਾਬ ਅੰਦਰ ਕਾਂਗਰਸੀ ਲੀਡਰਸ਼ਿਪ ਦੁਆਰਾ ਚਲਾਈ ਗਈ ਅਖੌਤੀ ਪੰਜਾਬ ਬਚਾਓ ਯਾਤਰਾ ਨੂੰ ਕੋਈ ਭਰਵਾਂ ਹੁੰਗਾਰਾ ਨਹੀਂ ਮਿਲਿਆ ਬਲਕਿ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਦੀ ਬੇਰੁਖੀ ਦਾ ਸਾਹਮਣਾ ਕਰਨਾ ਪੈ ਰਿਹੈ। ਇਸੇ ਬੇਰੁਖੀ ਕਾਰਨ ਕਾਂਗਰਸੀ ਲੀਡਰਾਂ ਨੂੰ ਦਿਹਾੜੀ ‘ਤੇ ਬੰਦੇ ਲਿਆ ਕੇ ਆਪਣੇ ਭਾਸ਼ਣ ਸੁਣਾਉਣੇ ਪੈ ਰਹੇ ਹਨ। ਉਨ੍ਹਾਂ ਆਖਿਆ ਕਿ ਜਲੰਧਰ, ਪਟਿਆਲਾ ਸਣੇ ਹੋਰ ਕਈ ਥਾਵਾਂ ‘ਤੇ ਫਲਾਪ ਹੋਈਆਂ ਕਾਂਗਰਸੀ ਰੈਲੀਆਂ ਤੋਂ ਕਾਂਗਰਸੀ ਲੀਡਰਸ਼ਿਪ ਨੂੰ ਪੰਜਾਬ ਦੀ ਜਨਤਾ ਦੀ ਨਬਜ ਪਛਾਣ ਲੈਣੀ ਚਾਹੀਦੀ ਹੈ ਅਤੇ ਕੰਧ ‘ਤੇ ਲਿਖਿਆ ਪੜ੍ਹ ਕੇ ਚੁੱਪ ਚਾਪ ਘਰ ਬੈਠ ਜਾਣਾ ਚਾਹੀਦਾ ਹੈ। ਅਖੀਰ ਵਿਚ ਉਨ੍ਹਾਂ ਆਖਿਆ ਕਿ ਕਾਂਗਰਸੀ ਸੱਤਾ ਵਿਚ ਆਉਣ ਦੇ ਸੁਪਨੇ ਲੈਣਾ ਛੱਡ ਦੇਣ ਕਿਉਂਕਿ ਦੇਸ਼ ਦੀ ਜਨਤਾ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਤੋਂ ਭਲੀ ਭਾਂਤ ਜਾਣੂ ਹੋ ਚੁੱਕੀ ਹੈ।
ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਸ. ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਹਰਮੋਹਿੰਦਰ ਸਿੰਘ ਹਰਜੀ,  ਸ. ਸੁਖਬੀਰ ਸਿੰਘ ਅਬਲੋਵਾਲ ਪ੍ਰਧਾਨ ਯੂਥ ਵਿੰਗ ਬਾਜ਼ੀਗਰ ਸੇਵਾ ਦਲ, ਦਵਿੰਦਰ ਸਿੰਘ ਬਹਿਲੋਲਪੁਰ, ਹਰਬੰਸ ਲਾਲ ਉਤਮ, ਰਾਮ ਸਿੰਘ , ਰਣਜੀਤ ਸਿੰਘ ਰਾਣਾ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਅਰਜਨ ਸਿੰਘ ਤਲਾਣੀਆ, ਰਣਜੀਤ ਸਿੰਘ ਸਰਪੰਚ, ਜੈਮਲ ਸਿੰਘ ਸਣੇ ਵੱਡੀ ਗਿਣਤੀ ਵਿਚ ਬਾਜ਼ੀਗਰ ਭਾਈਚਾਰੇ ਦੇ ਲੋਕ ਹਾਜ਼ਰ ਸਨ।

Translate »