November 14, 2011 admin

ਆਪਣੀਆਂ ਜੜ੍ਹਾਂ ਨਾਲ ਜੁੜੇ ਪਾਕਿਸਤਾਨ ਕਬੱਡੀ ਖਿਡਾਰੀ

ਚੰਡੀਗੜ੍ਹ, 14 ਨਵੰਬਰ – ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੁਰਸ਼ ਤੇ ਮਹਿਲਾ ਵਰਗ ਵਿੱਚ ਹਿੱਸਾ ਲੈਣ ਵਾਲੀਆਂ 15 ਮੁਲਕਾਂ ਦੀਆਂ ਟੀਮਾਂ ਵਿੱਚੋਂ ਸਭ ਤੋਂ ਵੱਧ ਖੁਸ਼ੀ ਪਾਕਿਸਤਾਨ ਟੀਮ ਨੂੰ ਹੋਈ ਹੈ। ਪਾਕਿਸਤਾਨ ਕਬੱਡੀ ਟੀਮ ਦੇ ਕੋਚ ਤੇ ਕਪਤਾਨ ਸਮੇਤ 8 ਖਿਡਾਰੀਆਂ ਦਾ ਪਿਛੋਕੜ ਚੜ੍ਹਦੇ ਪੰਜਾਬ ਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ‘ਤੇ ਆ ਕੇ ਬਹੁਤ ਸਕੂਨ ਤੇ ਅਥਾਹ ਖੁਸ਼ੀ ਮਿਲੀ ਹੈ। ਇਨ੍ਹਾਂ ਅੱਠ ਖਿਡਾਰੀਆਂ ਵਿੱਚੋਂ ਚਾਰ ਦਾ ਪਿਛੋਕੜ ਹੁਸ਼ਿਆਰਪੁਰ ਨਾਲ ਹੈ ਜਦੋਂ ਕਿ ਅੰਮ੍ਰਿਤਸਰ ਤੇ ਲੁਧਿਆਣਾ ਜ਼ਿਲ੍ਹੇ ਦੇ ਪਿਛੋਕੜ ਵਾਲੇ ਖਿਡਾਰੀ ਦੋ-ਦੋ ਹਨ।

ਪਾਕਿਸਤਾਨੀ ਖਿਡਾਰੀ ਚੜ੍ਹਦੇ ਪੰਜਾਬ ਵਿੱਚ ਮੈਚ ਖੇਡਣ ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਰਹਿੰਦੇ ਆਪਣੇ ਵੱਡੇ ਵਡੇਰਿਆਂ ਨਾਲ ਫੋਨ ‘ਤੇ ਗੱਲ ਕਰ ਕੇ ਉਨ੍ਹਾਂ ਦੀ ਜਨਮ ਭੂਮੀ ਦੱਸਦੇ ਹਨ। ਇਨ੍ਹਾਂ ਖਿਡਾਰੀਆਂ ਦੇ ਦਿਲਾਂ ਵਿੱਚ ਹਾਲੇ ਵੀ ਸੰਤਾਲੀ (1947) ਦੀ ਵੰਡ ਦੀ ਚੀਸ ਹੈ ਜਿਸ ਨਾਲ ਇਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਆਪਣੀ ਜਨਮ ਭੂਮੀ ਛੱਡਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਖਿਡਾਰੀਆਂ ਨੇ ਦੱਸਿਆ ਕਿ ਜਦੋਂ ਉਹ ਫੋਨ ‘ਤੇ ਚੜ੍ਹਦੇ ਪੰਜਾਬ ਦੇ ਸ਼ਹਿਰਾਂ ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ ਤੇ ਜਲੰਧਰ ਬਾਰੇ ਦੱਸਦੇ ਹਨ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੁਣ ਕੇ ਯਕੀਨ ਨਹੀਂ ਆਉਂਦਾ ਹੈ ਕਿ 64 ਸਾਲਾਂ ਵਿੱਚ ਇਹ ਸ਼ਹਿਰ ਇੰਨੇ ਬਦਲ ਗਏ ਹਨ।

ਪਾਕਿਸਤਾਨ ਦੇ ਕੋਚ ਮੁਹੰਮਦ ਹੁਸੈਨ ਦਾ ਪਿਛੋਕੜ ਹੁਸ਼ਿਆਰਪੁਰ ਦੇ ਪਿੰਡ ਡੱਲਿਆਂ ਵਾਲਾ ਦਾ ਹੈ। ਪਾਕਿਸਤਾਨ ਟੀਮ ਦੇ ਕਪਤਾਨ ਸਦੀਕ ਬੱਟ ਦੇ ਵੱਡੇ ਵਡੇਰਿਆਂ ਦਾ ਪਿਛਕੋੜ ਲੁਧਿਆਣਾ ਜ਼ਿਲ੍ਹੇ ਨਾਲ ਹੋਣ ਕਾਰਨ ਉਸ ਨੂੰ ਸਦੀਕ ਬੱਟ ਲੁਧਿਆਣਵੀ ਕਹਿ ਕੇ ਪੁਕਾਰਿਆ ਜਾਂਦਾ ਹੈ ਜਦੋਂ ਉਹ ਰੇਡ ਪਾਉਣ ਜਾਂਦਾ ਹੈ। ਪਾਕਿਸਤਾਨ ਟੀਮ ਵਿੱਚ ਦੋ ਇਸਮਾਇਲ ਭਰਾ ਖੇਡ ਰਹੇ ਜਿਨ੍ਹਾਂ ਦੇ ਵਾਲਦ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਨ। ਇਸਮਾਇਲ ਭਰਾਵਾਂ ਵਿੱਚੋਂ ਆਮਿਰ ਇਸਮਾਇਲ ਧਾਵੀ ਹੈ ਤੇ ਰਾਸ਼ਿਦ ਇਸਮਾਇਲ ਜਾਫੀ ਹੈ।

ਪਾਕਿਸਤਾਨ ਟੀਮ ਦਾ ਸਭ ਤੋਂ ਤਾਕਵਾਰ ਜਾਫੀ ਮੁਹੰਮਦ ਮੁਨਸ਼ਾ ਗੁੱਜਰ ਹੈ ਜਿਹੜਾ ਪ੍ਰਸਿੱਧ ਧਾਵੀਆਂ ਨੂੰ ਡੱਕਣ ਵਿੱਚ ਮਸ਼ਹੂਰ ਹੈ। ਮੁਹੰਮਦ ਮੁਨਸ਼ਾ ਦਾ ਪਰਿਵਾਰ 1947 ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਲਸਾ ਰਹਿੰਦਾ ਸੀ। ਇਸੇ ਤਰ੍ਹਾਂ ਪਾਕਿਸਤਾਨ ਦਾ ਧੱਕੜ ਧਾਵੀ ਲਾਲਾ ਉਬੈਦਉੱਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੂਹੀਆ ਜ਼ੈਲਦਾਰ ਵਾਲੀਆਂ ਦੇ ਪਿਛੋਕੜ ਦਾ ਹੈ। ਜਾਫੀ ਆਸਿਫ ਅਲੀ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਦ ਪਿੰਡ ਭੋਲੇਵਾਲ ਅਤੇ ਇਕ ਹੋਰ ਜਾਫੀ ਕਾਸਿਫ ਪਠਾਨ ਦਾ ਪਰਿਵਾਰ ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰੁੜਕੀ ਰਹਿੰਦਾ ਸੀ।

ਪਾਕਿਸਤਾਨ ਦੇ ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੇ ਬਹਾਨੇ ਉਹ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਿਜਦਾ ਕਰਨ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਜਨਮੀ ਕਬੱਡੀ ਖੇਡ ਨੇ ਜੇ ਤਰੱਕੀ ਕਰਨੀ ਹੈ ਤਾਂ ਦੋਵਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਮਿਲ ਕੇ ਚਲਣਾ ਹੋਵੇਗਾ। ਇਨ੍ਹਾਂ ਖਿਡਾਰੀਆਂ ਦੀ ਦਿਲੀ ਇੱਛਾ ਹੈ ਕਿ ਕਬੱਡੀ ਦਾ ਆਲਮੀ ਕੱਪ ਲਹਿੰਦੇ ਪੰਜਾਬ ਵਿੱਚ ਵੀ ਖੇਡਿਆ ਜਾਵੇ।

Translate »