ਅੰਮ੍ਰਿਤਸਰ, 5 ਦਸੰਬਰ :ਖਾਲਸਾ ਪੰਥ ਦੇ ਸਰਬ-ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਜਗਤ ਦੀ ਨੁਮਾਇੰਦਾ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਅੱਜ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਸਜੇ ਖਾਲਸਾ ਪੰਥ ਦੇ ਵਿਸ਼ੇਸ਼ ਦੀਵਾਨ ਵਿੱਚ ਜੁੜੀਆਂ ਸਿੱਖ ਸੰਗਤਾਂ ਦੇ ਵੱਡੇ ਇਕੱਠ ਨੂੰ ਅਰਦਾਸ ਉਪਰੰਤ ਸੰਬੋਧਨ ਕਰਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਸਰਬ-ਉੱਚ ਅਸਥਾਨ ਤੋਂ ਗੁਰੂ ਘਰੋਂ ਵਰੋਸਾਈਆਂ ਸ਼ਖਸੀਅਤਾਂ ਨੂੰ ਸਤਿਕਾਰ ਦੇਣ ਦੀ ਮਰਿਆਦਾ ਤੇ ਪ੍ਰੰਪਰਾ ਬਹੁਤ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਇਸੇ ਪ੍ਰੰਪਰਾ ਅਨੁਸਾਰ ”ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੰਮੇਰਾ ਸਮਾਂ ਪ੍ਰਧਾਨ ਵਜੋਂ ਸੇਵਾ ਕਰ ਚੁੱਕੇ ਭਾਈ ਪਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਵਿਸ਼ੇਸ਼ ਕਰਕੇ ਸਿੱਖ ਵਿਰਾਸਤ ਦੀਆਂ ਸ਼ਹੀਦੀ ਯਾਦਗਾਰਾਂ ਨੂੰ ਸੰਭਾਲਣ ਵਜੋਂ ਸਤਿਕਾਰ ਕੀਤਾ ਜਾ ਰਿਹਾ ਹੈ।” ਸਿੰਘ ਸਾਹਿਬ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਮੋਰਚਿਆਂ ਵਿੱਚ ਲੰਮੀ ਜੇਲ੍ਹ ਯਾਤਰਾ ਕੀਤੀ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕਰਦਿਆਂ ਤਸ਼ੱਦਦ ਝੱਲੇ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਜਾਂਦੇ ਸਨਮਾਨ ਦੀ ਮਹੱਤਤਾ ਦਰਸਾਉਂਦਿਆਂ, ਜਥੇਦਾਰ ਸਾਹਿਬ ਨੇ ਕਿਹਾ, ”ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਪੰਥ ਵੱਲੋਂ ਸਨਮਾਨ ਸਤਿਕਾਰ ਰੂਪੀ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਵਿਅਕਤੀ ਦੀ ਗੁਰੂ ਗ੍ਰੰਥ, ਗੁਰੂ ਪੰਥ ਅਤੇ ਕੌਮ ਪ੍ਰਤੀ ਜ਼ਿੰਮੇਵਾਰੀ ਵਿੱਚ ਓੜਕਾਂ ਦਾ ਵਾਧਾ ਹੋ ਜਾਂਦਾ ਹੈ।”
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਨਾਂਦੇੜ ਸਾਹਿਬ ਦੇ ਮੀਤ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ, ਸਿਰੋਪਾਓ ਅਤੇ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਗਈ। ਅੱਜ ਸ. ਬਾਦਲ ਨੂੰ ਦਿੱਤੀ ਗਈ ਉਪਾਧੀ ਦੀ ਇਬਾਰਤ ਇਸ ਤਰ੍ਹਾਂ ਹੈ, ”ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋਏ ਸ. ਪਰਕਾਸ਼ ਸਿੰਘ ਬਾਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਤੇ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਵੱਲੋਂ ਲੰਮੇਰੇ ਪੰਥਕ ਤੇ ਸਿਆਸੀ ਜੀਵਨ ‘ਚ ਨਿਭਾਈਆਂ ਸੇਵਾਵਾਂ ਦੀ ਪ੍ਰਸੰਸਾ ਪ੍ਰਗਟ ਕਰਦਿਆਂ ਸਿਰੋਪਾਓ, ਸ੍ਰੀ ਸਾਹਿਬ ਤੇ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ ਬਖਸ਼ਿਸ਼ ਕੀਤੀ ਜਾਂਦੀ ਹੈ। ਕਰਤਾ ਪੁਰਖ ਰਹਿਮਤ ਕਰੇ ਸ. ਪਰਕਾਸ਼ ਸਿੰਘ ‘ਤੇ ਗੁਰੂ ਪੰਥ ਦੀਆਂ ਖੁਸ਼ੀਆਂ ਹੋਣ, ਇਨ੍ਹਾਂ ਦਾ ਸਿੱਖੀ ਸਿਦਕ ਭਰੋਸਾ ਕੇਸਾਂ-ਸਵਾਸਾਂ ਨਾਲ ਨਿਭੇ।”
ਨੁਮਾਇੰਦਾ ਸਿੱਖ ਜਥੇਬੰਦੀਆਂ, ਪੰਥਕ ਸੰਸਥਾਵਾਂ, ਸੰਪਰਦਾਵਾਂ, ਸੰਤ ਸਮਾਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਵੀ ਸ. ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਸਮੇਤ ਇਸ ਮੌਕੇ ‘ਤੇ ਕੈਬਨਿਟ ਮੰਤਰੀਆਂ ਡਾ. ਉਪਿੰਦਰਜੀਤ ਕੌਰ, ਸ. ਸੇਵਾ ਸਿੰਘ ਸੇਖਵਾਂ, ਸ. ਹੀਰਾ ਸਿੰਘ ਗਾਬੜੀਆ, ਸ. ਸੁੱਚਾ ਸਿੰਘ ਲੰਗਾਹ, ਸ. ਅਜੀਤ ਸਿੰਘ ਕੋਹਾੜ, ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ. ਜਨਮੇਜਾ ਸਿੰਘ ਸੇਖੋਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ. ਸਰਵਣ ਸਿੰਘ ਫਿਲੌਰ ਤੇ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਹਾਜ਼ਰੀ ਭਰੀ।
ਅੱਜ ਦੇ ਇਸ ਇਤਿਹਾਸਕ ਸਮਾਗਮ ਵਿੱਚ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਓਂਕਾਰ ਸਿੰਘ ਥਾਪਰ, ਸ. ਮਨਜੀਤ ਸਿੰਘ ਜੀ.ਕੇ., ਸ. ਵਰਿੰਦਰ ਸਿੰਘ ਬਾਜਵਾ, ਸ. ਵਿਰਸਾ ਸਿੰਘ ਵਲਟੋਹਾ, ਸ. ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਕੋਹਲੀ, ਸ. ਰਣਜੀਤ ਸਿੰਘ ਬਾਲੀਆਂ ਸਮੇਤ ਮੁੱਖ ਮੰਤਰੀ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਤੇ ਮੀਡੀਆ ਸਲਾਹਕਾਰ ਸ. ਹਰਚਰਨ ਬੈਂਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਵੀ ਹਾਜ਼ਰੀ ਭਰੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ, ਵੱਡੀ ਗਿਣਤੀ ਵਿੱਚ ਪਹੁੰਚੇ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਅਤੇ ਧਾਰਮਿਕ ਸ਼ਖਸੀਅਤਾਂ ਇਸ ਮਹੱਤਵਪੂਰਨ ਸਮਾਗਮ ਵਿੱਚ ਹਾਜ਼ਰ ਹੋਈਆਂ।