ਆਏ ਸਾਲ ਲੱਖਾਂ ਸਮੁੰਦਰੀ ਕੱਛੂ ਕੁੰਮੇ ਪਲਾਸਟਿਕ ਦੇ ਲਿਫਾਫਿਆਂ ਕਾਰਣ ਮਰ ਜਾਂਦੇ ਹਨ
ਪਲਾਸਟਿਕ ਬਣਨ ਤੋਂ ਲੈ ਕੇ ਰਿਸਾਇਕਲਿੰਗ ਹੋਣ ਤੱਕ ਲਗਾਤਾਰ ਵਾਤਾਵਰਣ ਨੂੰ ਪ੍ਰਦੂਸ਼ਤ ਕਰਦਾ ਹੈ ਅਤੇ ਜੋ ਪਲਾਸਿਟਕ ਰਿਸਾਇਕਲ ਨਹੀਂ ਹੋ ਪਾਉਂਦਾ ਅਤੇ ਧਰਤੀ ਦੇ ਵਿੱਚ ਮਿਲ ਜਾਂਦਾ ਹੈ ਉਹ ਹਜਾਰਾਂ ਸਾਲ ਨਾਂ ਤਾਂ ਗੱਲਦਾ ਹੈ ਅਤੇ ਨਾਂ ਹੀ ਉਸ ਹਿੱਸੇ ਤੇ ਧਰਤੀ ਦੀ ਕੋਈ ਉਪਜ ਹੋਣ ਦਿੰਦਾ ਹੈ। ਪਲਾਸਟਿਕ ਨੂੰ ਬਣਾਉਣ ਲਈ ਅਜਿਹੇ ਰਸਾਇਣ ਵਰਤੇ ਜਾਂਦੇ ਹਨ ਜੋਕਿ ਬਹੁਤ ਹੀ ਜਹਰੀਲੇ ਹੁੰਦੇ ਹਨ ਤੇ ਧਰਤੀ ਦੇ ਸਾਰੇ ਹੀ ਜੀਵ ਜੰਤੁਆਂ ਲਈ ਹਾਨੀਕਾਰਕ ਹਨ। ਪਲਾਸਟਿਕ ਬਣਾਉਣ ਵਿੱਚ ਵਰਤੇ ਜਾਂਦੇ ਬੈਨਜੀਨ ਤੇ ਵੀਨਾਇਲ ਕਲੋਰਾਈਡ ਕਾਰਣ ਕੈਂਸਰ ਹੋ ਸਕਦਾ ਹੈ ਤੇ ਹੋਰ ਗੈਸਾਂ ਅਤੇ ਤਰਲ ਹਾਈਡਰੋਕਾਰਬਨ ਧਰਤੀ ਤੇ ਹਵਾ ਨੂੰ ਪ੍ਰਦੂਸ਼ਤ ਕਰਦੇ ਹਨ। ਪਲਾਸਟਿਕ ਬਣਾਉਣ ਸਮੇਂ ਇਸ ਚੋਂ ਨਿਕਲਦੇ ਜਹਰੀਲੇ ਤੱਤ ਨਾਂ ਸਿਰਫ ਸਾਡੇ ਨਾਜੁਕ ਵਾਤਾਵਰਣ ਤੇ ਬੁਰਾ ਅਸਰ ਪਾਉਂਦੇ ਹਨ ਪਰ ਮਨੁੱਖ ਅਤੇ ਜੀਵ ਜਗਤ ਤੇ ਵੀ ਬਿਮਾਰੀਆ ਦੇ ਰੂਪ ਵਿੱਚ ਅਸਰ ਪਾਉਂਦੇ ਹਨ। ਇਹ ਕੈਂਸਰ, ਦਿਮਾਗੀ ਰੋਗ, ਖੂਨ ਦੇ ਵਿਕਾਰ ਤੇ ਕਿਡਨੀਆਂ ਦੀਆਂ ਬਿਮਾਰੀਆਂ ਦੇ ਹੋਣ ਦਾ ਵੀ ਕਾਰਣ ਬਣ ਸਕਦੇ ਹਨ। ਅਜਿਹੇ ਹੀ ਕਈ ਹਾਨੀਕਾਰਕ ਤੱਤ ਪਲਾਸਟਿਕ ਦੀ ਰਿਸਾਈਕਲਿੰਗ ਵੇਲੇ ਵੀ ਨਿਕਲਦੇ ਹਨ। ਪਲਾਸਟਿਕ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਜੇਕਰ ਇਸਨੂੰ ਸਾੜਿਆ ਜਾਵੇ ਤਾਂ ਡਾਓਕਸਿਨ ਵਰਗੇ ਜਹਰੀਲੇ ਰਸਾਇਣ ਹਵਾ ਵਿੱਚ ਮਿਲ ਜਾਂਦੇ ਹਨ। ਇਸਦੀ ਰਿਸਾਈਕਲਿੰਗ ਵੇਲੇ ਇਸ ਚੋਂ ਨਿਕਲਦੇ ਜਹਰੀਲੇ ਰਸਾਇਣ ਉਥੇ ਲਗੇ ਲੋਕਾਂ ਦੇ ਵਿੱਚ ਚਮੜੀ ਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਣ ਬਣ ਸਕਦੇ ਹਨ।
ਪਲਾਸਟਿਕ ਦੇ ਫਾਇਦੇ ਘੱਟ ਨੁਕਸਾਨ ਜ਼ਿਆਦਾ ਹਨ। ਇਸ ਪਲਾਸਿਟਕ ਦਾ ਕੂੜਾ ਕਰਕਟ ਨਾਲੀਆਂ ਵਿੱਚ ਫੱਸ ਕੇ ਸੀਵਰੇਜ ਨੂੰ ਰੋਕ ਦਿੰਦਾ ਹੈ ਜੋਕਿ ਬਰਸਾਤਾਂ ਵਿੱਚ ਪਾਣੀ ਦੇ ਖੜਨ ਦਾ ਕਾਰਣ ਬਣਦਾ ਹੈ। ਨਦੀਆਂ, ਨਾਲਿਆਂ ਤੇ ਸਮੁੰਦਰਾਂ ਵਿੱਚ ਸੁੱਟਿਆ ਜਾਂਦਾ ਪਲਾਸਟਿਕ ਦਾ ਕੁੜਾ ਨਾ ਸਿਰਫ ਇਹਨਾਂ ਸੋਮਿਆ ਦੇ ਪਾਣੀ ਨੂੰ ਪ੍ਰਦੂਸ਼ਤ ਕਰਦਾ ਹੈ, ਇਹ ਪਾਣੀ ਦੇ ਜੀਵਾਂ ਦੀ ਜਾਨ ਲਈ ਵੀ ਖਤਰਾ ਬਣਦਾ ਹੈ। ਪਲਾਸਟਿਕ ਗੱਲਦਾ ਵੀ ਨਹੀਂ ਹੈ ਇਸ ਲਈ ਇਸਨੂੰ ਜਮੀਨ ਹੇਂਠ ਦਬਾ ਕੇ ਵੀ ਨਸ਼ਟ ਨਹੀਂ ਕੀਤਾ ਸਕਦਾ। ਜਿਸ ਨਾਲ ਇਹ ਨਾ ਸਿਰਫ ਧਰਤੀ ਹੇਂਠਲੇ ਪਾਣੀ ਨੂੰ ਪ੍ਰਦੂਸ਼ਤ ਕਰਦਾ ਹੈ ਇਹ ਧਰਤੀ ਹੇਂਠਲੇ ਪਾਣੀ ਦੇ ਬਹਾਅ ਵਿੱਚ ਵੀ ਰੁਕਾਵਟ ਪੈਦਾ ਕਰਦਾ ਹੈ ਤੇ ਧਰਤੀ ਤੇ ਪੈਦਾਵਾਰ ਵਿੱਚ ਵੀ ਫਰਕ ਪਾਉਂਦਾ ਹੈ। ਧਰਤੀ ਦੇ ਜਿਸ ਹਿੱਸੇ ਪਲਾਸਿਟਕ ਦੱਬ ਜਾਵੇਂ ਉਸ ਹਿੱਸੇ ਉਥੇ ਪੈਦਾਵਾਰ ਵਿੱਚ ਕਮੀ ਆ ਜਾਂਦੀ ਹੈ।
ਜਦੋਂ ਅਸੀਂ ਪਲਾਸਟਿਕ ਦੇ ਪ੍ਰਦੂਸ਼ਨ ਦੀ ਗੱਲ• ਕਰਦੇ ਹਾਂ ਤਾਂ ਸਾਡਾ ਮਤਲਬ ਪਲਾਸਟਿਕ ਦੇ ਲਿਫਾਫਿਆਂ ਤੋਂ ਹੁੰਦਾ ਹੈ ਪਰ ਪਲਾਸਟਿਕ ਕਈ ਰੂਪ ਵਿੱਚ ਅਸੀ ਰੋਜ ਵਰਤਦੇ ਹਾਂ ਜਿਵੇਂ ਪਲਾਸਟਿਕ ਦੀਆਂ ਬੋਤਲਾਂ, ਫਾਈਬਰ ਸ਼ੀਟ, ਪਲੇਟਾਂ, ਡੱਬੇ, ਫਰਨੀਚਰ, ਕੰਪਉਟਰ, ਮੋਬਾਇਲ ਆਦਿ ਤੇ ਅੱਜ ਕੱਲ• ਜਿਸ ਰੂਪ ਦੀ ਸਭ ਤੋਂ ਵੱਧ ਵਰਤੋਂ ਹੋ ਰਹੀ ਹੈ ਉਹ ਹੈ ਡਿਸਪੋਸੇਬਲ ਪਲਾਸਟਿਕ ਦੇ ਭਾਂਡੇ ਜਿਸਦੀ ਰੋਜ ਅਸੀ ਕਿਸੇ ਨਾ ਕਿਸੇ ਰੂਪ ਵਿੱਚ ਵਰਤੋਂ ਕਰ ਰਹੇ ਹਾਂ। ਪਲਾਸਟਿਕ ਦੇ ਹੋਣ ਕਾਰਣ ਇਹ ਨਸ਼ਟ ਨਹੀਂ ਕੀਤੇ ਜਾ ਸਕਦੇ ਅਤੇ ਜ਼ਿਆਦਤਰ ਲੋਕ ਇਸ ਨੂੰ ਜਲਾ ਦਿੰਦੇ ਹਨ ਪਰ ਇਸ ਨਾਲ ਇਹ ਵਾਤਾਵਰਨ ਨੂੰ ਪਦੂਸ਼ਿਤ ਕਰਦੇ ਹਨ। ਇੱਕ ਰਿਪੋਰਟ ਦੇ ਮੁਤਾਬਕ ਵਿਸ਼ਵ ਵਿੱਚ ਆਏ ਸਾਲ 10 ਕਰੋੜ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ ਤੇ ਭਾਰਤ ਵਿੱਚ ਇਸਦਾ ਅਨੁਪਾਤ 3 ਕਿਲੋ ਪਲਾਸਟਿਕ ਪ੍ਰਤੀ ਨਾਗਰਿਕ ਪੈਂਦਾ ਹੈ। ਇੱਕ ਅਨੁਮਾਨ ਮੁਤਾਬਕ ਆਏ ਸਾਲ ਭਾਰਤ ਵਿੱਚ 15 ਲੱਖ ਕੰਪਉਟਰ ਤੇ 30 ਲੱਖ ਮੋਬਾਇਲ ਨਸ਼ਟ ਕੀਤੇ ਜਾਂਦੇ ਹਨ। ਕੰਪਉਟਰ, ਮੋਬਾਇਲ ਤੇ ਬਿਜਲੀ ਦੇ ਹੋਰ ਉਪਕਰਣ ਖਤਰਨਾਕ ਈ-ਵੇਸਟ ਪੈਦਾ ਕਰਦੇ ਹਨ ਜਿਵੇਂਕਿ ਸਿੱਕਾ, ਕਰੋਮੀਅਮ ਆਦਿ ਜੋਕਿ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਕਾਰਣ ਬਣਦੇ ਹਨ। ਪਲਾਸਟਿਕ ਡਿਵੈਲਪਮੈਂਟ ਕੌਂਸਲ ਮੁਤਾਬਕ ਜਲਦੀ ਹੀ ਭਾਰਤ ਦੁਨੀਆ ਦੇ ਤੀਜੇ ਸਭ ਦੋਂ ਵੱਡੇ ਗਾਹਕ ਦੇ ਰੂਪ ਵਿੱਚ ਉਭਰ ਕੇ ਆਇਆ ਹੈ ਜਦਕਿ ਇੱਥੇ ਪਲਾਸਟਿਕ ਨੂੰ ਰੀਸਾਈਕਲ ਤੇ ਦਵਾਰਾ ਇਸਦੀ ਵਰਤੋਂ ਲਈ ਨਾਮਾਤਰ ਯਤਨ ਹੀ ਕੀਤੇ ਜਾ ਰਹੇ ਹਨ। ਪਲਾਸਟਿਕ ਦੇ ਲਿਫਾਫਿਆਂ ਨੂੰ ਰੀਸਾਈਕਲ ਕਰਨਾ ਕਾਫੀ ਮੰਿਹਗਾ ਪੈਂਦਾ ਹੈ ਜਿਸ ਨਾਲ ਇਸਨੂੰ ਕੁੜੇ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ ਜੋਕਿ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਪਲਾਸਟਿਕ ਸਸਤਾ ਤੇ ਟਿਕਾਉ ਹੋਣ ਕਾਰਣ ਵਰਤੋ ਵਿੱਚ ਜਿਆਦਾ ਵਰਤਿਆ ਜਾਂਦਾ ਹੈ ਪਰ ਇਹ ਕਈ ਬਿਮਾਰੀਆਂ ਦਾ ਘਰ ਹੈ। ਇਸ ਪਲਾਸਿਟਕ ਨਾਲ ਕੁੜੇ ਕਰਕਟ ਵਿੱਚ ਮੂੰਹ ਮਾਰਦੇ ਜਾਨਵਰ ਕਈ ਵਾਰ ਕੁੜੇ ਚੋਂ ਪਲਾਸਟਿਕ ਵੀ ਖਾ ਜਾਂਦੇ ਹਨ ਜੋਕਿ ਉਹਨਾਂ ਦੀਆਂ ਅੰਤੜੀਆਂ ਵਿੱਚ ਫੱਸ ਕੇ ਉਹਨਾਂ ਦੀ ਮੌਤ ਦਾ ਕਾਰਣ ਬਣਦਾ ਹੈ। ਆਏ ਸਾਲ ਕਿੰਨੇ ਹੀ ਜਾਨਵਰ ਇਸ ਪਲਾਸਟਿਕ ਦੇ ਲਿਫਾਫੇ ਖਾਣ ਕਾਰਣ ਮਰ ਜਾਂਦੇ ਹਨ।
ਪਲਾਸਟਿਕ ਦਾ ਪ੍ਰਦੂਸ਼ਨ ਸੰਮੁਦਰੀ ਜਨਜੀਵਨ ਲਈ ਵੀ ਇੱਕ ਵੱਡਾ ਖਤਰਾ ਬਣ ਕੇ ਉਭਰਿਆ ਹੈ। ਦੁਨੀਆ ਦੇ ਸਾਰੇ ਹੀ ਸਮੁੰਦਰਾਂ ਵਿੱਚ ਪਲਾਸਟਿਕ ਪ੍ਰਦੂਸ਼ਨ ਹੱਦੋਂ ਵੱਧ ਗਿਆ ਹੈ ਤੇ ਇਸ ਪਲਾਸਿਟਕ ਦਾ 80 ਫਿਸਦੀ ਹਿੱਸਾ ਧਰਤੀ ਤੋਂ ਆਉਂਦਾ ਹੈ। ਨਦੀ ਨਾਲਿਆਂ ਵਿੱਚ ਸੁੱਟੇ ਗਏ ਲਿਫਾਫੇ ਸਭ ਸਮੁੰਦਰ ਵਿੱਚ ਹੀ ਪਹੁੰਚ ਜਾਂਦੇ ਹਨ। ਸਮੁੰਦਰੀ ਜੀਵ ਸਾਫ ਪਲਾਸਟਿਕ ਦੇ ਲਿਫਾਫਿਆਂ ਨੂੰ ਜੈਲੀ ਫਿਸ਼ ਸਮਝ ਕੇ ਖਾ ਜਾਂਦੇ ਹਨ ਜੋਕਿ ਉਹਨਾਂ ਦੀ ਮੌਤ ਦਾ ਕਾਰਣ ਬਣਦੇ ਹਨ। ਇੱਕ ਰਿਪੋਰਟ ਮੁਤਾਬਕ ਆਏ ਸਾਲ ਇੱਕ ਲੱਖ ਸਮੁੰਦਰੀ ਕੱਛੂ ਕੁੰਮੇ ਪਲਾਸਟਿਕ ਦੇ ਲਿਫਾਫਿਆਂ ਕਾਰਣ ਮਰ ਜਾਂਦੇ ਹਨ। ਸਮੁੰਦਰ ਵਿੱਚ ਪਏ ਇਹ ਲਿਫਾਫੇ ਸਮੁੰਦਰੀ ਜਹਾਜਾਂ ਦੇ ਪਰੋਪੈਲਰ ਵਿੱਚ ਫੱਸ ਕੇ ਉਹਨਾਂ ਵਿੱਚ ਖਰਾਬੀ ਪੈਦਾ ਕਰ ਸਕਦੇ ਹਨ।
ਪਲਾਸਟਿਕ ਤੋਂ ਛੁਟਕਾਰਾ ਪਾਉਣ ਦਾ ਦਾ ਕੋਈ ਤਰੀਕਾ ਨਹੀਂ। ਇੱਕ ਵਾਰ ਜਿਹੜਾ ਪਲਾਸਟਿਕ ਬਣ ਗਿਆ ਉਹ ਸਦੀਆ ਤੱਕ ਲਈ ਬਣ ਗਿਆ। ਪਲਾਸਿਟਕ ਦੇ ਪ੍ਰਦੂਸ਼ਨ ਦੇ ਖਤਰੇ ਤੋਂ ਬਚਣ ਦਾ ਇੱਕ ਹੀ ਉਪਾਅ ਹੈ ਇਸਦੀ ਘਟੋ ਘੱਟ ਵਰਤੋਂ ਕੀਤੀ ਜਾਵੇ। ਸਮਾਨ ਲਆਉਣ ਲਜਾਉਣ ਲਈ ਜੂਟ ਜਾਂ ਕਪੜੇ ਦੇ ਬੈਗ ਦੀ ਵਰਤੋਂ ਕਰਣੀ ਚਾਹੀਦੀ ਹੈ।
ਪਲਾਸਟਿਕ ਦੇ ਇਸਤਮਾਲ ਸੰਬੰਧੀ ਕੁੱਝ ਰਾਜਾਂ ਵੱਲੋਂ ਐਕਟ ਬਣਾ ਕੇ ਇਸ ਦੇ ਮਾੜੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਪੰਜਾਬ 40 ਮਾਈਕਰੋਨ, ਮਹਾਰਾਸ਼ਟਰ 50 ਮਾਈਕਰੋਨ, ਦਿੱਲੀ 40 ਮਾਈਕਰੋਨ, ਰਾਜਸਥਾਨ 40 ਮਾਈਕਰੋਨ, ਹਿਮਾਚਲ ਪ੍ਰਦੇਸ਼ 70 ਮਾਈਕਰੋਨ ਅਤੇ ਪੱਛਮੀ ਬੰਗਾਲ ਵਿੱਚ 40 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਤੇ ਇਸਤੇਮਾਲ ਤੇ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਵਲੋਂ ਰਾਜਾਂ ਦੀਆਂ ਸਰਕਾਰਾਂ ਨੂੰ ਪਲਾਸਟਿਕ ਦਾ ਉਤਪਾਦਨ ਕਰਣ ਵਾਲੀਆਂ ਸਾਰੀਆਂ ਇਕਾਈਆਂ ਨੂੰ ਰਜਿਸਟਰ ਕਰਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਇਹਨਾ ਤੇ ਪੁਰੀ ਨਿਗਾਹ ਰੱਖੀ ਜਾ ਸਕੇ। ਹਿਮਾਚਲ ਪ੍ਰਦੇਸ਼ ਕੈਬੀਨੇਟ ਵਲੋਂ ਅਗਸਤ 2009 ਤੋਂ ਹੀ ਸਾਰੇ ਰਾਜ ਵਿੱਚ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ। ਪੱਛਮੀ ਬੰਗਾਲ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਸੁੰਦਰਬਨ ਦੇ ਇਲਾਕੇ, ਦਾਰਜਲਿੰਗ ਦੀਆਂ ਪਹਾੜੀਆਂ, ਜੰਗਲੀ ਇਲਾਕਿਆਂ, ਇਤਿਹਾਸਕ ਤੇ ਸੈਲਾਨੀ ਥਾਂਵਾ ਤੇ ਪਲਾਸਟਿਕ ਦੇ ਲਿਫਾਫਿਆਂ ਦੇ ਉਤਪਾਦਨ, ਵੇਚਣ ਅਤੇ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ। ਵਾਤਾਵਰਣ ਮੰਤਰਾਲੇ ਵਲੋਂ ਵੀ ਇਸੇ ਸਾਲ ਗੁਟਕੇ ਦੀ ਪਲਾਸਟਿਕ ਦੀ ਪੈਕਿੰਗ ਵਿੱਚ ਵਿਕਰੀ ਤੇ ਰੋਕ ਲਗਾਈ ਗਈ ਹੈ। ਲੋਕਾਂ ਵਿੱਚ ਇਸ ਸੰਬੰਧ ਵਿੱਚ ਜਿਆਦਾ ਤੋਂ ਜਿਆਦਾ ਜਾਗਰੁਕਤਾ ਲਿਆਉਣ ਦੀ ਲੋੜ ਹੈ ਕਿਉਂਕਿ ਕੋਈ ਵੀ ਨਿਯਮ ਜਾਂ ਕਾਨੂੰਨ ਉਦੋ ਤੱਕ ਸਫਲ ਨਹੀ ਹੋ ਸਕਦਾ ਜੱਦੋ ਤੱਕ ਉਸਨੂੰ ਲੋਕਾਂ ਦਾ ਸਮਰਥਨ ਤੇ ਸਹਿਯੋਗ ਪ੍ਰਾਪਤ ਨਾ ਹੋਵੇ।
ਲੇਖਕ
ਅਕੇਸ਼ ਕੁਮਾਰ
ਗੁਰੂ ਨਾਨਕ ਨਗਰ
ਗਲੀ ਨੰਬਰ 2
ਬੈਕਸਾਇਡ ਰਾਮਬਾਗ ਰੋਡ
ਬਰਨਾਲਾ