ਅੰਮ੍ਰਿਤਸਰ: 08 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਸਿੱਖ ਬਹੁਤ ਹੀ ਘੱਟ ਗਿਣਤੀ ਵਿਚ ਹਨ ਪਰ ਇਹ ਦੁਖ ਵਾਲੀ ਗੱਲ ਹੈ ਕਿ ਘੱਟ ਗਿਣਤੀ ਸਿੱਖ ਕੌਮ ਨੂੰ ਆਪਣੀ ਕਿਸੇ ਵੀ ਧਾਰਮਿਕ ਮੰਗ ਦੀ ਪੂਰਤੀ ਲਈ ਵੱਡਾ ਸੰਘਰਸ਼ ਕਰਨਾ ਪੈਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਨਾਲ ਸਮੇਂ ਸਮੇਂ ਗੱਲਬਾਤ ਕਰਕੇ ਮੰਗ ਕਰਦੀ ਆ ਰਹੀ ਹੈ ਕਿ ਸਿੱਖਾਂ ਦੇ ਬੱਚੇ ਬੱਚੀਆਂ ਦੇ ਵਿਆਹ ਦਰਜ ਕਰਨ ਲਈ ਮੁਕੰਮਲ ਰੂਪ ਵਿਚ ਅਨੰਦ ਮੈਰਿਜ ਐਕਟ 1909 ਵਿਚ ਸੋਧ ਕਰਕੇ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਇਕ ਵੱਖਰਾ ਸੁਤੰਤਰ ਤੇ ਸੰਪੂਰਨ ਧਰਮ ਹੈ, ਜਿਸ ਦੀ ਫਿਲਾਸਫੀ, ਜੀਵਨ ਜਾਂਚ, ਰਸਮੋਂ ਰਿਵਾਜ, ਧਰਮ ਗ੍ਰੰਥ ਤੇ ਨਿਸ਼ਾਨ ਆਦਿ ਬਾਕੀ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਸਿੱਖ ਗੁਰੂ ਸਾਹਿਬਾਨ ਦੇ ਮਹਾਨ ਉਪਦੇਸਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਧਾਰਿਤ ਹਨ। ਉਨ•ਾਂ ਕਿਹਾ ਕਿ ਅਨੰਦ ਮੈਰਿਜ ਐਕਟ ਦੀ ਪ੍ਰਾਪਤੀ ਲਈ ਸਿੱਖਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ ਸੀ। ਉਨ•ਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਬੜੇ ਲੰਬੇ ਚੋੜੇ ਤੇ ਖਰਚੀਲੇ ਰਸਮੋਂ ਰਿਵਾਜਾਂ ਦੀ ਥਾਂ ਬਿਲਕੁਲ ਸਾਦੇ ਢੰਗ ਨਾਲ ਜਿਸ ਵਿਚ ਵਿਆਹ ਸ਼ਾਦੀ ਲਈ ਅਨੰਦ ਕਾਰਜ ਦੀ ਰਸਮ ਸ਼ਾਮਲ ਹੈ ਸ਼ੁਰੂ ਕਰਵਾਏ। ਅੱਜ ਵੀ ਸਿੱਖ ਉਸੇ ਆਸ਼ੇ ਅਨੁਸਾਰ ਆਪਣੇ ਵਿਆਹ/ਸ਼ਾਦੀਆਂ ਕਰਦੇ ਹਨ ਪਰ ਉਨ•ਾਂ ਦੀ ਰਜਿਸਟ੍ਰੇਸ਼ਨ ਅਨੰਦ ਮੈਰਿਜ ਐਕਟ ਅਧੀਨ ਨਹੀਂ ਸਗੋਂ ਹਿੰਦੂ ਮੈਰਿਜ ਐਕਟ ਅਧੀਨ ਹੁੰਦੀ ਹੈ ਜੋ ਸਿੱਖਾਂ ਨਾਲ ਸਰਾਸਰ ਧੱਕਾ ਹੈ। ਜਥੇਦਾਰ ਅਵਤਾਰ ਸਿੰਘ ਨੇ ਜੋਰਦਾਰ ਸ਼ਬਦਾਂ ‘ਚ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਚਲਦੇ ਸੰਸਦ ਇਜਲਾਸ ਵਿਚ ਸਿੱਖ ਅਨੰਦ ਮੈਰਿਜ ਐਕਟ ਨੂੰ ਮੁਕੰਮਲ ਸੁਤੰਤਰ ਤੌਰ ਤੇ ਲਾਗੂ ਕਰਨ ਦੀ ਪ੍ਰਵਾਨਗੀ ਦੇਵੇ ਤਾਂ ਜੋ ਸਿੱਖ ਆਪਣੇ ਬੱਚੇ ਬੱਚੀਆਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਸਿੱਖ ਅਨੰਦ ਮੈਰਿਜ ਐਕਟ ਅਧੀਨ ਦਰਜ ਕਰਵਾ ਸਕਣ।
ਬਿਆਨ ਜਾਰੀ ਰੱਖਦਿਆਂ ਉਨ•ਾਂ ਕਿਹਾ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ 2008 ਵਿਚ ਉਕਤ ਐਕਟ ਵਿਚ ਸੋਧ ਕਰਕੇ ਪਾਕਿਸਤਾਨ ਵਸਦੇ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ 1909 ਤਹਿਤ ਦਰਜ ਕਰਵਾਉਣ ਦੀ ਪ੍ਰਵਾਨਗੀ ਦੇ ਕੇ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਪ੍ਰਸੰਸਾਂ ਖੱਟ ਸਕਦਾ ਹੈ ਤਾਂ ਫਿਰ ਭਾਰਤ ਸਰਕਾਰ ਨੂੰ ਅਜਿਹਾ ਕਰਨ ਵਿਚ ਕੀ ਮੁਸ਼ਕਲ ਹੈ। ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੁੱਚੇ ਸੰਸਾਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਤੇ ਅਗਵਾਈ ਕਰਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀਂ ਮੰਗ ਨੂੰ ਕੇਂਦਰ ਸਰਕਾਰ ਗੰਭੀਰਤਾ ਨਾਲ ਵਿਚਾਰੇ ਤੇ ਇਸ ਵੱਲ ਧਿਆਨ ਦੇ ਕੇ ਪੂਰਤੀ ਕਰੇ। ਉਨ•ਾਂ ਕਿਹਾ ਕਿ ਸਾਨੂੰ ਭਾਰਤ ਦੇ ਕਾਨੂੰਨ ਮੰਤਰੀ ਸ੍ਰੀ ਸਲਮਾਨ ਖੂਰਸ਼ੀਦਆਲਮ ਨੇ ਇਹ ਭਰੋਸਾ ਦਿੱਤਾ ਸੀ ਕਿ ਜਲਦ ਹੀ ਅਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਜਾਵੇਗਾ ਜਿਨਾਂ ਚਿਰ ਇਹ ਇਜਲਾਸ ਵਿਚ ਅਨੰਦ ਮੈਰਿਜ ਐਕਟ ਪ੍ਰਵਾਨ ਹੋ ਕੇ ਕਾਨੂੰਨ ਦੀ ਸਕਲ ‘ਚ ਲਾਗੂ ਨਹੀਂ ਹੋ ਜਾਂਦਾ ਉਨ•ਾਂ ਚਿਰ ਸਿੱਖ ਕੌਮ ਦੀ ਇਹ ਮੰਗ ਅਧੂਰੀ ਹੈ।