December 10, 2011 admin

ਦੂਜਿਆਂ ਦੇ ਅਧਿਕਾਰਾਂ ਨੂੰ ਵੀ ਪੂਰੀ ਮਹੱਤਤਾ ਦਿਓ- ਐਸ.ਪੀ. ਬਾਂਗੜ

ਲੁਧਿਆਣਾ, 10 ਦਸੰਬਰ  : ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸਥਾਨਕ ਜੀ ਐਮ ਟੀ ਕਾਲਜ ਆਫ ਐਜੂਕੇਸ਼ਨ ਵਿਖੇ ਇਕ ਸੈਮੀਨਾਰ ਦੌਰਾਨ ਬੋਲਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਪੀ. ਬਾਂਗੜ ਨੇ ਕਿਹਾ ਕਿ ਸਾਨੂੰ ਸਿਰਫ ਆਪਣੇ ਅਧਿਕਾਰਾਂ ਪ੍ਰਤੀ ਹੀ ਸੁਚੇਤ ਨਹੀਂ ਰਹਿਣਾ ਚਾਹੀਦਾ ਬਲਕਿ ਦੂਜਿਆਂ ਦੇ ਅਧਿਕਾਰਾਂ ਨੂੰ ਵੀ ਪੂਰੀ ਮਹੱਤਤਾ ਦੇਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਭਰੂਣ ਹੱਤਿਆ ਦੀ ਰੋਕਥਾਮ, ਨਸ਼ਿਆਂ ਦੀ ਰੋਕਥਾਮ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਵਾਤਾਵਰਣ ਦੀ ਸੰਭਾਲ ਆਦਿ ਬਾਰੇ ਵੀ ਚਾਨਣ ਪਾਇਆ। ਉਨ੍ਹਾਂ ਵਿਸਥਾਰ ਵਿਚ ਮਨੁੱਖੀ ਅਧਿਕਾਰ ਦਿਵਸ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।
                  ਇਸ ਮੌਕੇ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਰੀਤੂ ਜੈਨ ਵੱਲੋਂ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ ਅਤੇ ਸਥਾਈ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਦੀ ਸਕੀਮ ਬਾਰੇ ਜਾਣਕਾਰੀ ਦਿੱਤੀ। ਕਾਲਜ ਦੀ ਪ੍ਰਿੰਸੀਪਲ ਸ਼ਿਖਾ ਸੋਨੀ ਅਤੇ ਚੇਅਰਮੈਨ ਕਸ਼ਮੀਰਾ ਸਿੰਘ ਥਿੰਦ ਵੱਲੋਂ ਸ੍ਰੀ ਬਾਂਗੜ ਦਾ ਕਾਲਜ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਵਿਦਿਆਰਥੀਆਂ ਵੱਲੋਂ ਮਨੁੱਖੀ ਅਧਿਕਾਰ ਵਿਸ਼ੇ ‘ਤੇ  ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਐਡਵੋਕੇਟ ਰਾਕੇਸ਼ ਮਹਿਰਾ ਵੀ ਹਾਜ਼ਰ ਸਨ।
                  ਬਾਅਦ ਵਿਚ ਸ੍ਰੀ ਬਾਂਗੜ ਨੇ ਜੈਨ ਨਗਰ, ਸ਼ਿਵਪੁਰੀ ਰੋਡ ਸਥਿਤ ਰਾਮੇਸ਼ਵਰ ਵੈਲਫੇਅਰ ਟਰੱਸਟ (ਰਜਿ.) ਵਿਖੇ ਲੀਗਲ ਏਡ ਕਲੀਨਿਕ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੇ ਕਲੀਨਿਕ ਜ਼ਿਲ੍ਹੇ ਦੇ ਪਿੰਡਾਂ ਅਤੇ ਪੱਛੜੇ ਇਲਾਕਿਆਂ ਵਿਚ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕਾਨੂੰਨ ਅਤੇ ਸਕੀਮਾਂ ਦੀ ਜਾਣਕਾਰੀ ਤੇ ਸਲਾਹ ਮਿਲ ਸਕੇ। ਇਸ ਲੀਗਲ ਏਡ ਕਲੀਨਿਕ ‘ਚ ਐਡਵੋਕੇਟ ਪਵਨਜੀਤ ਕੌਰ ਨੂੰ ਕਾਨੂੰਨੀ ਸਲਾਹਕਾਰ ਦੇ ਤੌਰ ‘ਤੇ ਨਾਮਜ਼ਦ ਕੀਤਾ ਗਿਆ।

Translate »