*ਤਲਵੰਡੀ ਸਾਬੋ ਵਿਖੇ ਰੱਖਿਆ ਅਕਾਲ ਯੂਨੀਵਰਸਿਟੀ ਦਾ ਨੀਂਹ ਪੱਥਰ
ਬਠਿੰਡਾ, 14 ਦਸੰਬਰ – ਕੇਂਦਰ ਦੀ ਯੂ.ਪੀ.ਏ ਸਰਕਾਰ ਨੂੰ ਪੂਰੀ ਤਰ੍ਹਾਂ ਦਿਸ਼ਾਹੀਣ ਤੇ ਮੁਲਕ ਦੇ ਭਵਿੱਖ ਨੂੰ ਅੱਖੋਂ ਪਰੋਖੇ ਕਰਨ ਵਾਲੀ ਕਰਾਰ ਦਿੰਦਿਆਂ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਤੇ ਇਸ ਵਿੱਚ ਭਾਈਵਾਲ ਪਾਰਟੀਆਂ ਦੀ ਆਪਸੀ ਖਿੱਚੋਤਾਣ ਨੂੰ ਵੇਖ ਕੇ ਇੰਜ ਜਾਪ ਰਿਹਾ ਹੈ ਜਿਵੇਂ ਕੇਂਦਰ ਵਿੱਚ ਕਿਸੇ ਸਰਕਾਰ ਦੀ ਹੋਂਦ ਹੀ ਨਾ ਹੋਵੇ। ਸ. ਬਾਦਲ ਨੇ ਕਿਹਾ ਕਿ ਕੇਂਦਰ ਦੀ ਏਜੰਡੇ ਤੋਂ ਵਿਰਵੀਂ ਤੇ ਦਿਸ਼ਾਹੀਣ ਸਰਕਾਰ ਤੇ ਇਸ ਦੇ ਭਾਈਵਾਲਾਂ ਵਿੱਚੋਂ ਹਰ ਮੁੱਦੇ ਉੱਪਰ ਕੋਈ ਕੁਝ ਕਹਿ ਰਿਹਾ ਹੈ ਤੇ ਕੋਈ ਕੁਝ ਤੇ ਇਸ ਆਪਸੀ ਖਿੱਚੋਤਾਣ ਵਿੱਚ ਮੁਲਕ ਦੇ ਲੋਕਾਂ ਨਾਲ ਸਬੰਧਤ ਅਸਲ ਮੁੱਦੇ ਅੱਖੋਂ ਪਰੋਖੇ ਹੋ ਰਹੇ ਹਨ। ਉੱਪ ਮੁੱਖ ਮੰਤਰੀ ਨੇ ਇਹ ਗੱਲ ਤਲਵੰਡੀ ਸਾਬੋ ਵਿਖੇ ਅਕਾਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਮੈਂਬਰ ਪਾਰਲੀਮੈਂਟ ਸ੍ਰੀ ਬਲਵਿੰਦਰ ਸਿੰਘ ਭੂੰਦੜ ਤੇ ਹਲਕਾ ਇੰਚਾਰਜ ਸ੍ਰੀ ਅਮਰਜੀਤ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।
ਪੰਜਾਬ ਦੇ ਆਲੂ ਉਤਪਾਦਕਾਂ ਤੇ ਬਾਸਮਤੀ ਬੀਜਣ ਵਾਲੇ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਹ ਸਭ ਕੁਝ ਕੇਂਦਰ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਫੈਸਲੇ ਨਾ ਲੈਣ ਕਰਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਨ੍ਹਾਂ ਫਸਲਾਂ ਲਈ ਨਿਰਯਾਤ ਖੋਲ੍ਹ ਦੇਵੇ ਤਾਂ ਕਿਸਾਨਾਂ ਨੂੰ ਅਜਿਹੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੂੰ ਨਿਰਯਾਤ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਇਨ੍ਹਾਂ ਫਸਲਾਂ ਦਾ ਸਹੀ ਮੁੱਲ ਮਿਲ ਸਕੇ।
ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਇਹ ਬਿਆਨ ਦੇਣ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਮੌਜੂਦਾ ਸਰਕਾਰ ਦੇ ਵਿਕਾਸ ਪ੍ਰਾਜੈਕਟ ਬੰਦ ਨਹੀਂ ਕੀਤੇ ਜਾਣਗੇ, ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਪ੍ਰਾਜੈਕਟਾਂ ਨੂੰ ਰੋਕਣ ਬਾਰੇ ਦਿੱਤੇ ਬਿਆਨ ਤੋਂ ਪਿੱਛੇ ਹੱਟ ਕੇ ਅਜਿਹਾ ਬਿਆਨ ਦੇਣਾ ਆਪਣੇ ਆਪ ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਪ੍ਰਾਪਤੀ ਹੈ।
Êਪੰਜਾਬ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਹਰ ਖੇਤਰ ਵਿੱਚ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹਾ ਜੋ ਕਿਸੇ ਸਮੇਂ ਵਿੱਦਿਆ ਦੇ ਖੇਤਰ ਵਿੱਚ ਪੱਛੜਿਆ ਹੋਇਆ ਸੀ ਕੇਂਦਰੀ ਯੂਨੀਵਰਸਿਟੀ ਦੀ ਸਥਾਪਤੀ, ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਮਨਜ਼ੂਰੀ ਮਿਲਣ ਤੇ ਹੁਣ ਅਕਾਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਵਿੱਦਿਆ ਦਾ ਇੱਕ ਅਹਿਮ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੂਨੀਵਰਸਿਟੀਆਂ ਤੋਂ ਇਲਾਵਾ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਅੰਦਰ ਹੋਰ ਵੀ ਕਈ ਅਹਿਮ ਵਿੱਦਿਅਕ ਸੰਸਥਾਨ ਸਥਾਪਤ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੀਤੇ ਜਾ ਰਹੇ ਵਿਕਾਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਰਕਾਰ ਨੂੰ ਇਕ ਮੌਕਾ ਹੋਰ ਦੇਣ ਤਾਂ ਜੋ ਪੰਜਾਬ ਦੇ ਵਿਕਾਸ ਦੀ ਇਸ ਗਤੀ ਨੂੰ ਹੋਰ ਤੇਜ਼ ਕਰਕੇ ਸੂਬੇ ਨੂੰ ਵਿਕਾਸ ਪੱਖੋਂ ਮਿਸਾਲੀ ਸੂਬਾ ਬਣਾਇਆ ਜਾ ਸਕੇ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨੀਂਹ ਪੱਥਰ ਦੇ ਸਬੰਧ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲ ਯੂਨੀਵਰਸਿਟੀ ਦੇ ਪੰਜਾਬ ਵਿੱਚ ਸਥਾਪਤੀ ਉਨ੍ਹਾਂ ਦੇ ਮਾਪਿਆਂ ਦਾ ਸੁਪਨਾ ਰਿਹਾ ਹੈ ਤੇ ਅੱਜ ਇਹ ਸੁਪਨਾ ਪੂਰਾ ਹੋਇਆ ਵੇਖਕੇ ਸੱਭ ਤੋਂ ਵੱਡੀ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਵਿੱਦਿਅਕ ਖੇਤਰ ਦੇ ਨਾਲ-ਨਾਲ ਸਿੱਖ ਕੌਮ ਨੂੰ ਵੀ ਵੱਡੀ ਦੇਣ ਹੋਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਕਲਗੀਧਰ ਟ੍ਰੱਸਟ ਬੜੂ ਸਾਹਿਬ ਵੱਲੋਂ ਅਕਾਲ ਯੂਨੀਵਰਸਿਟੀ ਦੀ ਹੋਣ ਵਾਲੀ ਸਥਾਪਨਾਂ ਨਾਲ ਇਹ ਖੇਤਰ ਪੂਰੇ ਵਿਸ਼ਵ ਵਿੱਚ ਵਿੱਦਿਅਕ ਕੇਂਦਰ ਵੱਜੋਂ ਸਥਾਪਤ ਹੋ ਗਿਆ ਹੈ। ਇਸ ਮੌਕੇ ਹਾਜ਼ਰ ਧਾਰਮਿਕ ਸ਼ਖਸੀਅਤਾਂ ਵੱਲੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਗਿਆ। ਇਸ ਯੂਨੀਵਰਸਿਟੀ ਲਈ ਸੰਤ ਬਾਬਾ ਮਿੱਠਾ ਸਿੰਘ ਜੀ ਲੰਗਰ ਬੁੰਗਾ ਮਸਤੂਆਣਾ ਅਤੇ ਸੰਤ ਸੇਵਕ ਜੱਥਾ ਸੰਤ ਅਤਰ ਸਿੰਘ ਜੀ ਦੁਆਰਾ 40 ਏਕੜ ਜ਼ਮੀਨ ਦਾਨ ਕੀਤੀ ਗਈ ਹੈ। ਇਸ ਸਮਾਗਮ ਵਿੱਚ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ, ਡਾ. ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ, ਕਥਾਵਾਚਕ ਗਿਆਨੀ ਨਛੱਤਰ ਸਿੰਘ ਦਮਦਮਾ ਸਾਹਿਬ, ਸੰਤ ਸਿਵਾ ਨੰਦ ਜੀ ਕਿਉਲ ਵਾਲੇ, ਬਾਬਾ ਹਰਦੀਪ ਸਿੰਘ, ਸੰਤ ਅਵਤਾਰ ਸਿੰਘ ਮਸਤੂਆਣੇ ਵਾਲੇ, ਸੰਤ ਪ੍ਰੀਤਮ ਸਿੰਘ ਮੱਲੜੀ ਵਾਲੇ, ਸੰਤ ਬਾਬਾ ਮਨੋਹਰ ਸਿੰਘ ਬਾਰਨਾਂ ਵਾਲੇ, ਸੰਤ ਕਸ਼ਮੀਰ ਸਿੰਘ ਮੁਕਤਸਰ ਸਾਹਿਬ ਤੇ ਹੋਰ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।