December 15, 2011 admin

ਲੋਕਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਪੰਜਾਬ ਪੁਲਿਸ ਦਾ ਮੁੱਢਲਾ ਫਰਜ਼: ਡੀ.ਆਈ.ਜੀ.

ਪਟਿਆਲਾ, 15 ਦਸੰਬਰ : ” ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਪੁਲਿਸ ਅਧਿਕਾਰੀਆਂ ਦਾ ਮੁਢਲਾ ਫਰਜ ਹੈ ਇਸ ਲਈ ਪੁਲਿਸ ਅਤੇ ਲੋਕਾਂ ਵਿਚਾਲੇ ਸੁਖਾਵੇਂ ਸਬੰਧ ਸਥਾਪਿਤ ਕਰਨ ਲਈ ਪੁਲਿਸ ਵਿਭਾਗ ਲਗਾਤਾਰ ਸਰਗਰਮ ਹੈ  । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੀ.ਆਈ.ਜੀ ਪਟਿਆਲਾ ਰੇਂਜ ਸ਼੍ਰੀ ਐਲ.ਕੇ. ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸ਼ਿਕਾਇਤਾਂ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸਿੱਧੇ ਤੌਰ ‘ਤੇ ਮਿਲਣ ਦੀ ਬਜਾਏ ਪਹਿਲਾਂ ਸਬੰਧਤ ਪੁਲਿਸ ਥਾਣਿਆਂ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਨੂੰ ਤਰਜੀਹ ਦੇਣ ।
ਡੀ.ਆਈ.ਜੀ. ਸ਼੍ਰੀ ਯਾਦਵ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਸ਼ਿਕਾਇਤ ਦਾ ਨਿਪਟਾਰਾ ਥਾਣਾ ਪੱਧਰ ‘ਤੇ ਸਮੇਂ ਸਿਰ ਨਹੀਂ ਹੁੰਦਾ ਤਾਂ ਉਹ ਸਬੰਧਤ ਡੀ.ਐਸ.ਪੀ ਨੂੰ ਪਹੁੰਚ ਕਰ ਸਕਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਨੂੰ ਡੀ.ਐਸ.ਪੀ ਪੱਧਰ ‘ਤੇ ਵੀ ਤਸੱਲੀ ਨਹੀਂ ਹੁੰਦੀ ਤਾਂ ਉਹ ਐਸ.ਐਸ.ਪੀ. ਨਾਲ ਮਿਲ ਕੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ । ਸ਼੍ਰੀ ਯਾਦਵ ਨੇ ਦੱਸਿਆ ਕਿ ਜੇ ਕਿਸੇ ਮਾਮਲੇ ਦਾ ਐਸ.ਐਸ.ਪੀ ਪੱਧਰ ‘ਤੇ ਨਿਪਟਾਰਾ ਨਹੀਂ ਹੁੰਦਾ ਤਾਂ ਅਜਿਹੇ ਮਾਮਲੇ ਸਬੰਧੀ ਡੀ.ਆਈ.ਜੀ ਦਫ਼ਤਰ ਨੂੰ ਪਹੁੰਚ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਰੇਂਜ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿੱਚ ਸਾਂਝ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਲੋਕ ਆਪਣੀ ਸ਼ਿਕਾਇਤ ਜਾਂ ਸੁਝਾਅ ਦੇ ਸਕਦੇ ਹਨ ਅਤੇ ਬਿਨੈਕਾਰਾਂ ਨੂੰ ਸਬੰਧਤ ਕੇਂਦਰ ਵੱਲੋਂ ਮੌਕੇ ਤੇ ਹੀ ਰਸੀਦ ਦਿੱਤੀ ਜਾਂਦੀ ਹੈ । ਸ਼੍ਰੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਸਾਂਝ ਕੇਂਦਰਾਂ ਵਿੱਚ ਇਤਰਾਜ਼ਹੀਣਤਾ ਪ੍ਰਮਾਣ ਪੱਤਰ, ਹਥਿਆਰਾਂ ਸਬੰਧੀ ਲਾਇਸੰਸ, ਜਲੂਸ/ਜਲਸਾ/ਆਰਕੈਸਟਰਾ, ਲਾਊਡ ਸਪੀਕਰ ਆਦਿ ਦੀ ਪ੍ਰਵਾਨਗੀ, ਸੁਰੱਖਿਆ ਪ੍ਰਬੰਧਾਂ ਲਈ ਬਿਨੈ-ਪੱਤਰ, ਪਾਸਪੋਰਟ ਵੈਰੀਫਿਕੇਸ਼ਨ, ਕਿਰਾਏਦਾਰ ਰੱਖਣ ਲਈ ਵੈਰੀਫਿਕੇਸ਼ਨ, ਪ੍ਰਵਾਸੀ ਮਜ਼ਦੂਰ/ਘਰੇਲੂ ਨੌਕਰ ਰੱਖਣ ਲਈ ਵੈਰੀਫਿਕੇਸ਼ਨ, ਚਰਿੱਤਰ/ਸੇਵਾਵਾਂ ਅਤੇ ਵਾਹਨ ਰਜਿਸਟਰੇਸ਼ਨ ਵੈਰੀਫਿਕੇਸ਼ਨ, ਐਫ.ਆਰ.ਆਈ. ਦੀ ਕਾਪੀ, ਆਦਮਪਤਾ ਮੁਕੱਦਮਿਆਂ ਦੀ ਰਿਪੋਰਟ, ਅਪਰਾਧਿਕ ਮੁਕੱਦਮਿਆਂ ਦੀ ਤਫ਼ਤੀਸ਼ ਸਬੰਧੀ ਪ੍ਰਗਤੀ ਰਿਪੋਰਟ, ਪੈਰੋਲ ਸਬੰਧੀ, ਆਰਥਿਕ ਜ਼ੁਰਮ, ਧੋਖਾਧੜੀ ਅਤੇ ਜਾਅਲਸਾਜ਼ੀ, ਟਰੈਵਲ ਏਜੰਟਾਂ ਦੁਆਰਾ ਧੋਖਾਧੜੀ ਆਦਿ ਸਬੰਧੀ ਜਾਣਕਾਰੀ ਬਿਲਕੁਲ ਮੁਫ਼ਤ ਹਾਸਿਲ ਕੀਤੀ ਜਾ ਸਕਦੀ ਹੈ ।

Translate »