December 21, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਖੇਤੀ ਉਤਪਾਦਨ, ਭੋਜਨ ਪਦਾਰਥਾਂ ਦਾ ਫੈਲਾਅ ਅਤੇ ਖੁਰਾਕ ਸੁਰੱਖਿਆ ਬਾਰੇ ਭਾਸ਼ਣ

ਅੰਮ੍ਰਿਤਸਰ, 21 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ ਖੇਤੀ ਉਤਪਾਦਨ, ਭੋਜਨ ਪਦਾਰਥਾਂ ਦਾ ਫੈਲਾਅ ਅਤੇ ਖੁਰਾਕ ਸੁਰੱਖਿਆ ਬਾਰੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਭਾਸਣ ਕਰਵਾਇਆ ਗਿਆ।
         ਇਹ ਭਾਸਣ ਨੈਸ਼ਨਲ ਸੈਂਟਰ ਫਾਰ ਐਗਰੀਕਲਚਰਲ ਇਕਨਾਮਿਕਸ ਐਂਡ ਪਾਲਿਸੀ ਰੀਸਰਚ (ਐਮ.ਸੀ.ਏ.ਸੀ.), ਨਵੀਂ ਦਿੱਲੀ ਦੇ ਡਾਇਰੈਕਟਰ, ਡਾ. ਰਮੇਸ਼ ਚੰਦ ਵੱਲੋਂ ਦਿੱਤਾ ਗਿਆ ਜਦੋਂਕਿ ਕਿ ਇਸ ਭਾਸ਼ਣ ਦੀ ਪ੍ਰਧਾਨਗੀ ਡੀਨ, ਵਿਦਿਅਕ ਮਾਮਲੇ, ਡਾ. ਰਜਿੰਦਰਜੀਤ ਕੌਰ ਪੁਆਰ ਨੇ ਕੀਤੀ।
         ਆਪਣੇ ਭਾਸ਼ਣ ਦੌਰਾਨ ਡਾ. ਰਮੇਸ਼ ਚੰਦ ਨੇ 4 ਫੀਸਦ ਦੇ ਟੀਚੇ ਤੋਂ ਘੱਟ  ਰਹੀ ਖੇਤੀ ਦੀ ਵਿਕਾਸ ਦਰ, ਭੋਜਨ ਦੀ ਗੁਣਵਤਾ ਸਬੰਧੀ ਸੁਰੱਖਿਆ, ਕਿਸਾਨਾਂ ਦੀ ਆਮਦਨ ਆਰਥਿਕਤਾ ‘ਤੇ ਪੈ ਰਹੇ ਅਸਰ ਬਾਰੇ ਚਾਨਣਾ ਪਾਇਆ।
         ਡਾ. ਚੰਦ ਨੇ ਦੱਸਿਆ ਕਿ ਸਾਲ 1996-97 ਤੋਂ 2004-05 ਦੌਰਾਨ ਖੇਤੀ ਦੇ ਵਿਕਾਸ ਦੀ ਮੱਧਮ ਚਾਲ ਨੇ ਖੇਤੀ ਸੈਕਟਰ ਵਿਚ ਚੁਣੌਤੀਆਂ ਅਤੇ ਸਮੱਸਿਆਵਾਂ ‘ਚ ਵਾਧਾ ਕੀਤਾ ਹੈ। ਉਨ੍ਹਾਂ ਘੱਟ ਰਹੇ ਜ਼ਮੀਨ ਦੇ ਸੋਮਿਆਂ, ਖੇਤੀ ਉਤਪਾਦਾਂ ਦੀ ਪੈਦਾਵਾਰ ਸਬੰਧੀ ਜੋਖਿਮ ਅਤੇ ਇਨਾਂ੍ਹ ਦੇ ਮੰਡੀਕਰਣ ਨੂੰ ਲੈ ਕੇ ਕਿਸਾਨਾਂ ਦੇ ਵਧ ਰਹੇ ਤਣਾਅ ਬਾਰੇ ਦੱਸਿਆ। ਉਨਾਂ੍ਹ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੇਤੀ ਪ੍ਰਤੀ ਰੁਝਾਨ ਅਤੇ ਉਤਪਾਦਨ ‘ਚ ਵਾਧੇ ਲਈ ਖੇਤੀ ਉਤਪਾਦਾਂ ਦੀ ਸਹੀ ਕੀਮਤ ਮਿਲਣਾ ਜ਼ਰੂਰੀ ਹੈ। ਉਨਾਂ੍ਹ ਕਿਹਾ ਕਿ ਭਾਰਤੀ ਖੇਤੀ ਹੁਣ ਵਿਕਾਸ ਵੱਲ ਵਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਖੇਤੀ ਉਤਪਾਦਾਂ ਦੀਆਂ ਕੀਮਤਾਂ ‘ਚ ਵੱਡੇ ਪੱਧਰ ‘ਤੇ ਵਾਧੇ ਦੀ ਸੰਭਾਵਨਾ ਹੈ। ਉਨਾਂ੍ਹ ਇਹ ਵੀ ਕਿਹਾ ਕਿ ਇਸ ਨਾਲ ਉਤਪਾਦਨ ‘ਚ ਜਿੱਥੇ ਵਾਧਾ ਹੋਵੇਗਾ ਉਥੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਜਮਾਂਖੋਰੀ ਅਤੇ ਅਨਾਜ ਦੀ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਭੋਜਨ ਪਦਾਰਥਾਂ ਦੀਆਂ ਕੀਮਤਾਂ ‘ਚ ਆਮ ਕੀਮਤਾਂ ਨਾਲੋਂ ਕਮੀ ਕਰਕੇ ਇਸ ਦੀ ਸਮਰੱਥਾ ਵਧਾਉਣ ‘ਤੇ ਜ਼ੋਰ ਦਿੱਤਾ, ਜਿਸ ਨਾਲ ਉਤਪਾਦਨ ਦੀ ਕੀਮਤ ‘ਚ ਕਮੀ ਲਿਆਂਦੀ ਜਾ ਸਕਦੀ ਹੈ।
         ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡੀਨ, ਅਕਾਦਮਿਕ ਮਾਮਲੇ, ਡਾ. ਰਾਜਿੰਦਰਜੀਤ ਕੌਰ ਪੁਆਰ ਨੇ ਖੁਰਾਕ ਸੁਰੱਖਿਆ ਅਤੇ ਇਸਦੀ ਗੁਣਵਤਾ ‘ਤ ਜ਼ੋਰ ਦਿੰਦਿਆਂ ਕਿਹਾ ਕਿ ਇਸ ਮਾਮਲੇ ‘ਚ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਡਾ. ਚੰਦ ਨੇ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ ਪੁੱਛੇ ਸੁਆਲਾਂ ਦੇ ਉੱਤਰ ਦਿੰਦਿਆਂ ਖੇਤੀ ਸੁਧਾਰਾਂ ਬਾਰੇ ਆਪਣੇ ਸੁਝਾਅ ਵੀ ਦਿੱਤੇ।
         ਵਿਭਾਗ ਦੇ ਮੁਖੀ, ਪ੍ਰੋ. ਵਿਕਰਮ ਚੱਢਾ, ਪ੍ਰੋ. ਪਰਮਜੀਤ ਢੀਂਡਸਾ, ਡਾ. ਪਰਮਜੀਤ ਨੰਦਾ, ਪ੍ਰੋ. ਕੁਲਦੀਪ ਕੌਰ, ਪ੍ਰੋ. ਸਰਵਜੀਤ ਢਿੱਲੋਂ ਅਤੇ ਡਾ. ਅਮਰਜੀਤ ਸਿੰਘ ਸੇਠੀ ਇਸ ਮੌਕੇ ਹਾਜ਼ਰ ਸਨ।

Translate »